You’re viewing a text-only version of this website that uses less data. View the main version of the website including all images and videos.
ਸਪਾਈਸਜੈੱਟ ਦੀਆਂ ਦੋ ਉਡਾਣਾਂ 'ਚ ਇੱਕ ਦਿਨ 'ਚ ਆਈ ਤਕਨੀਕੀ ਖ਼ਰਾਬੀ - ਪ੍ਰੈੱਸ ਰਿਵੀਊ
ਮੰਗਲਵਾਰ ਨੂੰ ਸਪਾਈਸਜੈੱਟ ਦੀਆਂ ਦੋ ਉਡਾਣਾਂ ਵਿੱਚ ਤਕਨੀਕੀ ਖ਼ਰਾਬੀ ਦੀਆਂ ਘਟਨਾਵਾਂ ਹੋਈਆਂ।
ਪਹਿਲੀ ਘਟਨਾ ਵਿੱਚ ਕਾਂਡਲਾ ਤੋਂ ਇੱਕ ਟਰਬੋ ਪ੍ਰੋਪ ਏਅਰਕ੍ਰਾਫਟ ਦੇ ਕਾਕਪਿਟ ਵਿੰਡਸ਼ੀਲਡ ਦਾ ਬਾਹਰੀ ਪੈਨ ਹਵਾ ਵਿੱਚ ਫਟ ਗਿਆ, ਜਿਸ ਨਾਲ ਪਾਇਲਟਾਂ ਨੂੰ ਮੁੰਬਈ ਵਿੱਚ ਤੁਰੰਤ ਲੈਂਡਿੰਗ ਕਰਨੀ ਪਈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਕੋ-ਪਾਇਲਟ ਦੇ ਸਾਈਡ 'ਤੇ ਕਾਕਪਿਟ ਦੀ ਖਿੜਕੀ ਦੇ ਬਾਹਰੀ ਪੈਨ ਵਿੱਚ ਤਰੇੜ ਆ ਗਈ ਸੀ।
ਦੂਜੀ ਘਟਨਾ ਵਿੱਚ, ਦਿੱਲੀ ਤੋਂ ਦੁਬਈ ਜਾ ਰਹੇ ਸਪੈਸਜੈੱਟ ਦੇ ਹੀ ਜਹਾਜ਼ 'ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਉਸ ਦੀ ਪਾਕਿਸਤਾਨ ਦੇ ਕਰਾਚੀ 'ਚ ਐਮਰਜੈਂਸੀ ਲੈਂਡਿੰਗ ਕਰਾਉਣੀ ਪਈ।
ਦਰਅਸਲ, ਇਸ ਜਹਾਜ਼ ਦੇ ਫਿਊਲ ਇੰਡੀਕੇਟਰ ਵਿੱਚ ਕੁੱਝ ਖਬਰਾਬੀ ਹੋ ਗਈ ਸੀ ਜਿਸ ਕਾਰਨ ਉਡਾਨ ਨੂੰ ਕਰਾਚੀ ਵੱਲ ਮੋੜਿਆ ਗਿਆ।
ਸਪਾਈਸਜੈੱਟ ਦੇ ਬੁਲਾਰੇ ਨੇ ਕਿਹਾ, "ਇੱਕ ਇੰਡੀਕੇਟਰ ਲਾਈਟ ਖਰਾਬ ਹੋ ਗਈ ਸੀ। ਕੋਈ ਐਮਰਜੈਂਸੀ ਘੋਸ਼ਿਤ ਨਹੀਂ ਕੀਤੀ ਗਈ ਸੀ ਅਤੇ ਜਹਾਜ਼ ਨੇ ਸਾਧਾਰਨ ਲੈਂਡਿੰਗ ਕੀਤੀ ਸੀ।"
ਡੀਜੀਸੀਏ ਦੇ ਇੱਕ ਅਧਿਕਾਰੀ ਅਨੁਸਾਰ, ਚਾਲਕ ਦਲ ਨੇ ਖੱਬੇ ਟੈਂਕ ਵਿੱਚ ਅਸਧਾਰਨ ਤਰੀਕੇ ਨਾਲ ਬਾਲਣ ਦੀ ਮਾਤਰਾ ਵਿੱਚ ਕਮੀ ਦੇਖੀ।
ਉਨ੍ਹਾਂ ਦੱਸਿਆ ਕਿ "ਪਾਇਲਟ-ਇਨ-ਕਮਾਂਡ ਨੇ ਜਹਾਜ਼ ਨੂੰ ਕਰਾਚੀ ਵੱਲ ਮੋੜਨ ਦਾ ਫੈਸਲਾ ਕੀਤਾ। ਉਡਾਣ ਤੋਂ ਬਾਅਦ ਦੇ ਨਿਰੀਖਣ ਵਿੱਚ, ਖੱਬੇ ਮੁੱਖ ਟੈਂਕ ਤੋਂ ਕੋਈ ਵਿਜ਼ੂਅਲ ਲੀਕ ਨਹੀਂ ਪਾਇਆ ਗਿਆ।''
ਇਸ ਤੋਂ ਪਹਿਲਾਂ ਵੀ 2 ਜੁਲਾਈ ਨੂੰ ਦਿੱਲੀ ਤੋਂ ਜਬਲਪੁਰ ਲਈ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਵਿੱਚ ਟੇਕ-ਆਫ ਤੋਂ ਬਾਅਦ ਕੈਬਿਨ ਵਿੱਚ ਧੂੰਆਂ ਦੇਖਿਆ ਗਿਆ ਸੀ, ਜਿਸ ਕਾਰਨ ਇਸ ਨੂੰ ਵਾਪਸ ਦਿੱਲੀ ਵੱਲ ਮੋੜਨਾ ਪਿਆ ਸੀ।
ਇਹ ਵੀ ਪੜ੍ਹੋ:
ਨੁਪੁਰ ਸ਼ਰਮਾ: ਹੁਣ ਸੁਪਰੀਮ ਕੋਰਟ ਦੀ ਟਿੱਪਣੀ ਨੂੰ ਲੈ ਕੇ ਛਿੜਿਆ ਨਵਾਂ ਵਿਵਾਦ
ਨੁਪੁਰ ਸ਼ਰਮਾ ਬਾਰੇ ਹਾਲ ਹੀ 'ਚ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਟਿੱਪਣੀ ਨੂੰ ਲੈ ਕੇ ਸਾਬਕਾ ਜੱਜਾਂ ਸਮੇਤ ਹੋਰ ਕਈ ਅਧਿਆਕਰੀਆਂ ਨੇ ਆਪਣਾ ਵਿਰੋਧ ਦਰਜ ਕਰਵਾਇਆ ਹੈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, 15 ਸਾਬਕਾ ਜੱਜਾਂ, 77 ਸਾਬਕਾ ਨੌਕਰਸ਼ਾਹਾਂ ਅਤੇ ਹਥਿਆਰਬੰਦ ਬਲਾਂ ਦੇ 25 ਸੇਵਾਮੁਕਤ ਅਧਿਕਾਰੀਆਂ ਨੇ ਮੁਅੱਤਲ ਭਾਜਪਾ ਆਗੂ ਨੁਪੁਰ ਸ਼ਰਮਾ ਵਿਰੁੱਧ ਹਾਲ ਹੀ ਦੀਆਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਦੀ ਆਲੋਚਨਾ ਕੀਤੀ ਹੈ।
ਇਸ ਸਬੰਧੀ ਉਨ੍ਹਾਂ ਨੇ ਭਾਰਤ ਦੇ ਚੀਫ਼ ਜਸਟਿਸ ਸੀਵੀ ਰਮਨਾ ਨੂੰ ਇੱਕ ਖੁੱਲ੍ਹੀ ਚਿੱਠੀ ਵੀ ਲਿਖੀ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਦੋ ਜੱਜਾਂ ਦੀ ਬੈਂਚ ਦੀ ਟਿੱਪਣੀ ਕਿ ਉਹ "ਦੇਸ਼ ਵਿੱਚ ਜੋ ਕੁਝ ਹੋ ਰਿਹਾ ਹੈ, ਉਸ ਲਈ (ਨੁਪੁਰ ਸ਼ਰਮਾ) ਇਕੱਲੇ ਹੀ ਜ਼ਿੰਮੇਵਾਰ ਹੈ"।
ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਬੈਂਚ ਦੀਆਂ ਉਹ "ਮੰਦਭਾਗੀ ਅਤੇ ਅਨੋਖੀਆਂ ਟਿੱਪਣੀਆਂ" "ਨਿਆਂਇਕ ਕਦਰਾਂ-ਕੀਮਤਾਂ ਨਾਲ ਮੇਲ ਨਹੀਂ ਖਾਂਦੀਆਂ।
ਪੱਤਰ ਮੁਤਾਬਕ, ਬੈਂਚ ਦੀਆਂ ਟਿੱਪਣੀਆਂ ਦਾ (ਸ਼ਰਮਾ ਦੀ) ਪਟੀਸ਼ਨ ਵਿੱਚ ਉਠਾਏ ਗਏ ਮੁੱਦੇ ਨਾਲ "ਕੋਈ ਸਬੰਧ" ਨਹੀਂ ਸੀ।
ਦੱਸ ਦੇਈਏ ਕਿ ਭਾਜਪਾ ਦੀ ਬੁਲਾਰਾ ਰਹੀ ਨੁਪੁਰ ਸ਼ਰਮਾ ਨੇ ਇੱਕ ਟੀਵੀ 'ਤੇ ਬਹਿਸ ਪ੍ਰੋਗਰਾਮ ਦੌਰਾਨ ਪੈਗੰਬਰ ਮੁਹੰਮਦ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਕਾਫ਼ੀ ਵਿਰੋਧ ਵੀ ਹੋਇਆ।
ਫਿਰ ਪਿਛਲੇ ਮਹੀਨੇ ਰਾਜਸਥਾਨ ਦੇ ਉਦੈਪੁਰ ਵਿੱਚ ਕਨ੍ਹਈਆ ਲਾਲ ਨਾਮ ਦੇ ਇੱਕ ਦਰਜ਼ੀ ਦਾ, ਨੁਪੁਰ ਸ਼ਰਮਾ ਦਾ ਸਮਰਥਨ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਕਾਰਨ ਦੋ ਵਿਅਕਤੀਆਂ ਨੇ ਕਤਲ ਕਰ ਦਿੱਤਾ ਗਿਆ।
ਵਿਵਾਦਿਤ ਟਿੱਪਣੀ ਨੂੰ ਲੈ ਕੇ ਸ਼ਰਮਾ ਦੇ ਖ਼ਿਲਾਫ਼ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਕਈ ਕੇਸ ਦਰਜ ਹੋਏ ਹਨ ਜਿਨ੍ਹਾਂ ਬਾਰੇ ਸ਼ਰਮਾ ਨੇ ਸੁਪਰੀਮ ਕੋਰਟ ਵਿੱਚ ਮੰਗ ਕੀਤੀ ਸੀ ਕਿ ਉਨ੍ਹਾਂ ਸਾਰੀਆਂ ਐਫਆਈਆਰਾਂ ਨੂੰ ਦਿੱਲੀ ਟਰਾਂਸਫਰ ਕਰ ਕੀਤਾ ਜਾਵੇ।
ਉਨ੍ਹਾਂ ਦੀ ਇਸ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ 1 ਜੁਲਾਈ ਨੂੰ ਪਟੀਸ਼ਨ ਨੂੰ ਰੱਦ ਕਰ ਦਿੱਤਾ ਅਤੇ ਕੁਝ ਤਿੱਖੀ ਟਿੱਪਣੀਆਂ ਕੀਤੀਆਂ। ਉਨ੍ਹਾਂ ਹੀ ਟਿੱਪਣੀਆਂ ਨੂੰ ਲੈ ਕੇ ਹੁਣ ਵਿਰੋਧ ਜਤਾਇਆ ਜਾ ਰਿਹਾ ਹੈ।
ਪੰਜਾਬ ਦੇ ਨਵੇਂ ਡੀਜੀਪੀ ਨੇ ਪਹਿਲੇ ਦੀ ਹੀ ਦਿਨ ਲਾਰੇਸ਼ ਬਿਸ਼ਨੋਈ ਤੋਂ ਕੀਤੀ ਪੁੱਛਗਿੱਛ
ਪੰਜਾਬ ਦੇ ਨਵੇਂ ਬਣੇ ਡੀਜੀਪੀ ਗੌਰਵ ਯਾਦਵ ਪਹਿਲੇ ਹੀ ਦਿਨ ਆਪਣਾ ਕਾਰਜਭਾਰ ਸੰਭਾਲਣ ਤੋਂ ਐਕਸ਼ਨ ਵਿੱਚ ਆ ਗਏ ਹਨ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਮੰਗਲਵਾਰ ਨੂੰ ਉਨ੍ਹਾਂ ਨੇ ਮੁਹਾਲੀ ਦੇ ਖਰੜ ਵਿੱਚ ਸੀਆਈਏ ਦੇ ਦਫ਼ਤਰ ਵਿਖੇ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕੀਤੀ। ਲਾਰੈਂਸ ਬਿਸ਼ਨੋਈ, ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਰਿਮਾਂਡ 'ਤੇ ਹੈ।
ਇਸ ਤੋਂ ਇਲਾਵਾਂ ਉਨ੍ਹਾਂ ਨੇ ਪੁਲਿਸ ਫੋਰਸ ਦੇ ਮੁੱਖ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੂਬੇ 'ਚੋਂ ਗੈਂਗਸਟਰ ਕਲਚਰ ਨੂੰ ਖ਼ਤਮ ਕਰਨ ਅਤੇ ਨਸ਼ਿਆਂ 'ਤੇ ਕਾਬੂ ਪਾਉਣ 'ਤੇ ਜ਼ੋਰ ਦਿੱਤਾ।
ਬੈਠਕ ਵਿੱਚ ਉਨ੍ਹਾਂ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਸੂਬੇ 'ਚ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ: