ਨੁਪੁਰ ਸ਼ਰਮਾ ਵਿਵਾਦਤ ਟਿੱਪਣੀ: ਪ੍ਰਧਾਨ ਮੰਤਰੀ ਦੇ ਚੁੱਪੀ ਦੇ ਇਹ ਅਰਥ ਲੈ ਰਹੇ ਹਨ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ

ਤਸਵੀਰ ਸਰੋਤ, Getty images/PIB
- ਲੇਖਕ, ਇਕਬਾਲ ਅਹਿਮਦ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 5 ਮਿੰਟ
ਭਾਰਤ ਦੇ ਸਾਬਕਾ ਉਪ-ਰਾਸ਼ਟਰਪਤੀ ਮੁਹੰਮਦ ਹਾਮਿਦ ਅੰਸਾਰੀ ਨੇ ਕਿਹਾ ਹੈ ਕਿ ਪੈਗੰਬਰ ਹਜ਼ਰਤ ਮੁਹੰਮਦ ਸਬੰਧੀ ਦਿੱਤੇ ਗਏ ਬਿਆਨ ਤੋਂ ਬਾਅਦ ਪੈਦਾ ਹੋਏ ਵਿਵਾਦ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਕਿਸੇ ਕਾਰਨ ਕਰਕੇ ਨਹੀਂ ਹੈ ਬਲਕਿ ਇਸ ਦੇ ਪਿੱਛੇ ਕੋਈ ਖਾਸ ਮਕਸਦ ਲੁਕਿਆ ਹੋਇਆ ਹੈ।
ਭਾਰਤੀ ਜਨਤਾ ਪਾਰਟੀ ਦੀ ਤਰਜ਼ਮਾਨ ਨੁਪੁਰ ਸ਼ਰਮਾ, ਜਿਸ ਨੂੰ ਕਿ ਹੁਣ ਇਸ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ, ਨੇ 26 ਮਈ ਨੂੰ ਇੱਕ ਟੈਲੀਵਿਜ਼ਨ ਚੈਨਲ 'ਤੇ ਇਸਲਾਮ ਦੇ ਆਖ਼ਰੀ ਪੈਗੰਬਰ ਹਜ਼ਰਤ ਮੁਹੰਮਦ ਵਿਰੁੱਧ ਕੁੱਝ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।
ਨੁਪੁਰ ਸ਼ਰਮਾ ਤੋਂ ਇਲਾਵਾ ਭਾਜਪਾ ਦਿੱਲੀ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ, ਜਿਸ ਨੂੰ ਵੀ ਹੁਣ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ, ਨੇ ਹਜ਼ਰਤ ਮੁਹੰਮਦ ਬਾਰੇ ਵਿਵਾਦਿਤ ਟਵੀਟ ਕੀਤੇ ਸਨ।
ਇਸ ਘਟਨਾ ਦੇ ਤਕਰੀਬਨ ਦਸ ਦਿਨ ਬੀਤ ਜਾਣ ਤੋਂ ਬਾਅਦ ਅਰਬ ਦੇਸ਼ਾਂ ਦੇ ਨਾਲ-ਨਾਲ ਇੰਡੋਨੇਸ਼ੀਆ, ਮਲੇਸ਼ੀਆ, ਮਾਲਦੀਵ ਸਮੇਤ ਘੱਟ ਤੋਂ ਘੱਟ 15 ਇਸਲਾਮਿਕ ਦੇਸ਼ਾਂ ਨੇ ਭਾਰਤ ਖਿਲਾਫ਼ ਸਖ਼ਤ ਨਾਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਕਤਰ ਨੇ ਇਸ ਮਾਮਲੇ 'ਚ ਭਾਰਤ ਸਰਕਾਰ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।
ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਹ ਬਿਆਨ ਅਤੇ ਟਵੀਟ ਕਿਸੇ ਵੀ ਤਰ੍ਹਾਂ ਨਾਲ ਭਾਰਤ ਸਰਕਾਰ ਦੇ ਵਿਚਾਰਾਂ ਨੂੰ ਪੇਸ਼ ਨਹੀਂ ਕਰਦੇ ਹਨ।
ਇਹ ਸ਼ਰਾਰਤੀ ਅਨਸਰਾਂ ਦੇ ਆਪਣੇ ਵਿਚਾਰ ਹਨ ਅਤੇ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਗਈ ਹੈ।
ਇਸ ਪੂਰੇ ਮਾਮਲੇ 'ਚ ਹਾਮਿਦ ਅੰਸਾਰੀ ਨੇ ਬੀਬੀਸੀ ਨਾਲ ਖਾਸ ਗੱਲਬਾਤ ਕੀਤੀ।
''ਪ੍ਰਧਾਨ ਮੰਤਰੀ ਦੀ ਚੁੱਪੀ ਨਹੀਂ ਹੈ ਸੰਜੋਗ'
ਇਹ ਪੁੱਛੇ ਜਾਣ 'ਤੇ ਕਿ ਪ੍ਰਧਾਨ ਮੰਤਰੀ ਮੋਦੀ ਇਸ ਪੂਰੇ ਮਾਮਲੇ 'ਤੇ ਅਜੇ ਤੱਕ ਚੁੱਪ ਕਿਉਂ ਹਨ ਤਾਂ ਹਾਮਿਦ ਅੰਸਾਰੀ ਨੇ ਜਵਾਬ ਦਿੱਤਾ ਕਿ ਇਹ ਬਹੁਤ ਹੀ ਮਹੱਤਵਪੂਰਨ ਗੱਲ ਹੈ।
ਉਨ੍ਹਾਂ ਕਿਹਾ, " ਨਾ ਤਾਂ ਵਿਦੇਸ਼ ਮੰਤਰੀ, ਨਾ ਹੀ ਗ੍ਰਹਿ ਮੰਤਰੀ ਅਤੇ ਨਾ ਹੀ ਪ੍ਰਧਾਨ ਮੰਤਰੀ ਨੇ ਹੁਣ ਤੱਕ ਕੋਈ ਬਿਆਨ ਦਿੱਤਾ ਹੈ। ਇਹ ਉਹ ਲੋਕ ਹਨ, ਜਿਨ੍ਹਾਂ ਤੋਂ ਬਿਆਨ ਦੀ ਉਮੀਦ ਕੀਤੀ ਜਾ ਸਕਦੀ ਹੈ।"
ਹਾਮਿਦ ਅੰਸਾਰੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਅਰਬ ਦੇਸ਼ਾਂ ਨਾਲ ਸੰਬੰਧਾਂ ਦਾ ਹਵਾਲਾ ਦਿੰਦਿਆਂ ਕਿਹਾ, " ਮੌਜੂਦਾ ਪ੍ਰਧਾਨ ਮੰਤਰੀ, ਜਿਨ੍ਹਾਂ ਦੇ ਵਧੇਰੇਤਰ ਮੁਲਕਾਂ ਨਾਲ ਵਧੀਆ ਸਬੰਧ ਹਨ, ਉਨ੍ਹਾਂ ਦੀ ਇਸ ਮੁੱਦੇ 'ਤੇ ਚੁੱਪੀ ਅਰਥਪੂਰਨ ਹੈ ਨਾ ਕਿ ਕੋਈ ਸੰਜੋਗ।"
ਉਨ੍ਹਾਂ ਅੱਗੇ ਕਿਹਾ, "ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਸ ਸਭ ਨਾਲ ਸਹਿਮਤ ਹਨ, ਘੱਟ ਤੋਂ ਘੱਟ ਇੰਨਾ ਤਾਂ ਕਿਹਾ ਜਾ ਸਕਦਾ ਹੈ"

ਤਸਵੀਰ ਸਰੋਤ, SONDEEP SHANKAR
ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਦਾ ਬਿਆਨ ਵੀ ਅਜੇ ਤੱਕ ਇਸ ਲਈ ਨਹੀਂ ਆਇਆ ਕਿਉਂਕਿ ਮੰਤਰੀ ਨੂੰ ਵੀ ਤਾਂ ਕਿਸੇ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਹਾਮਿਦ ਅੰਸਾਰੀ ਨੇ ਕਿਹਾ ਕਿ ਇਹ ਮਾਮਲਾ ਇਸ ਲਈ ਵਧੇਰੇ ਵਧ ਗਿਆ ਹੈ ਕਿਉਂਕਿ ਹਰ ਧਰਮ ਦਾ ਇੱਕ ਸੰਵੇਦਨਸ਼ੀਲ ਬਿੰਦੂ ਹੁੰਦਾ ਹੈ ਅਤੇ ਉਨ੍ਹਾਂ ਅਨੁਸਾਰ ਇਸਲਾਮ ਲਈ ਹਜ਼ਰਤ ਮੁਹੰਮਦ ਦੀ ਸ਼ਖਸੀਅਤ ਵੀ ਅਜਿਹਾ ਹੀ ਸੰਵੇਦਨਸ਼ੀਲ ਮੁੱਦਾ ਹੈ, ਜਿਸ ਨੂੰ ਕੋਈ ਠੇਸ ਨਹੀਂ ਪਹੁੰਚਣੀ ਨਹੀਂ ਚਾਹੀਦੀ।
ਉਨ੍ਹਾਂ ਮੁਤਾਬਕ ਭਾਜਪਾ ਬੁਲਾਰਿਆਂ ਦਾ ਬਿਆਨ ਵੀ ਹਜ਼ਰਤ ਮੁਹੰਮਦ ਦੀ ਸ਼ਖਸੀਅਤ 'ਤੇ ਹਮਲਾ ਸੀ ਅਤੇ ਦੁਨੀਆ ਦਾ ਕੋਈ ਵੀ ਮੁਸਲਮਾਨ ਇਸ ਹਰਕਤ ਨੂੰ ਬਰਦਾਸ਼ਤ ਨਹੀਂ ਕਰੇਗਾ।
'ਸਭ ਕੁਝ ਇੱਕ ਨੀਤੀ ਤਹਿਤ ਹੋ ਰਿਹਾ ਹੈ'
ਹਾਮਿਦ ਅੰਸਾਰੀ ਮੁਤਾਬਕ ਇਸ ਨਾਲ ਪੂਰੀ ਦੁਨੀਆ ਦੇ ਮੁਸਲਮਾਨਾਂ ਨੂੰ ਠੇਸ ਪਹੁੰਚੀ ਹੈ ਅਤੇ ਸਰਕਾਰ ਵੱਲੋਂ ਸਿਰਫ ਇਹ ਕਿਹਾ ਜਾਣਾ ਕਿ ਸਰਕਾਰ ਉਨ੍ਹਾਂ ਬਿਆਨਾਂ ਨਾਲ ਸਹਿਮਤ ਨਹੀਂ , ਕਾਫ਼ੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਅਸਲ ਗੱਲ ਇਹ ਹੈ ਕਿ ਇਹ ਸਭ ਕੁਝ ਇੱਕ ਨੀਤੀ ਤਹਿਤ ਕੀਤਾ ਜਾ ਰਿਹਾ ਹੈ।
ਹਾਮਿਦ ਅੰਸਾਰੀ ਨੇ ਕਿਹਾ ਕਿ ਅਰਬ ਦੇਸ਼ਾਂ ਤੋਂ ਜੋ ਪ੍ਰਤੀਕਿਰਿਆ ਆਈ ਹੈ ਉਹ ਉੱਥੋਂ ਦੇ ਸਰਵਉੱਚ ਅਹੁਦਿਆਂ 'ਤੇ ਬਿਰਾਜਮਾਨ ਲੋਕਾਂ ਦੀ ਸਹਿਮਤੀ ਨਾਲ ਆਈ ਹੈ।
ਅਰਬ ਅਤੇ ਇਸਲਾਮੀ ਦੇਸ਼ਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਭਾਰਤ 'ਚ ਦੋ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ।

ਤਸਵੀਰ ਸਰੋਤ, Getty Images
ਇੱਕ ਤਬਕਾ ਇਹ ਕਹਿ ਰਿਹਾ ਹੈ ਕਿ ਅਰਬ ਦੇਸ਼ਾਂ ਨੇ ਭਾਰਤੀ ਮੁਸਲਮਾਨਾਂ ਦੀਆਂ ਸਮੱਸਿਆਵਾਂ 'ਤੇ ਕਦੇ ਵੀ ਕੋਈ ਬਿਆਨ ਨਹੀਂ ਦਿੱਤਾ ਹੈ ਜਦਕਿ ਦੂਜੇ ਵਰਗ ਦਾ ਕਹਿਣਾ ਹੈ ਕਿ ਅਰਬ ਦੇਸ਼ ਚੀਨ 'ਚ ਵੀਗਰ ਮੁਸਲਮਾਨਾਂ 'ਤੇ ਹੋ ਰਹੇ ਕਥਿਤ ਜੁਲਮਾਂ 'ਤੇ ਚੁੱਪ ਧਾਰੀ ਰੱਖਦੇ ਹਨ।
ਇਸੇ ਤਰ੍ਹਾਂ ਹੀ ਪਾਕਿਸਤਾਨ 'ਚ ਅਹਿਮਦੀਆ ਅਤੇ ਸ਼ਿਆ ਮੁਸਲਮਾਨਾਂ 'ਤੇ ਕਥਿਤ ਜੁਲਮ, ਅੱਤਿਆਚਾਰ 'ਤੇ ਵੀ ਅਰਬ ਅਤੇ ਇਸਲਾਮੀ ਦੇਸ਼ ਕੁਝ ਨਹੀਂ ਬੋਲਦੇ ਹਨ।
ਇਸ 'ਤੇ ਹਾਮਿਦ ਅੰਸਾਰੀ ਨੇ ਕਿਹਾ ਕਿ, "ਉਹ ਚੀਨ 'ਤੇ ਕਿਉਂ ਨਹੀਂ ਬੋਲਦੇ ਹਨ, ਇਹ ਸਵਾਲ ਬਿਲਕੁਲ ਸਹੀ ਹੈ, ਪਰ ਇਹ ਸਵਾਲ ਉਨ੍ਹਾਂ ਨੂੰ ਕਰੋ। ਅਸਲ ਗੱਲ ਇਹ ਹੈ ਕਿ ਇਹ ਅਜਿਹਾ ਸੰਵੇਦਨਸ਼ੀਲ ਮੁੱਦਾ ਹੈ, ਜਿਸ 'ਤੇ ਉਹ ਚੁੱਪ ਨਹੀਂ ਰਹਿ ਸਕਦੇ ਹਨ। ਉਨ੍ਹਾਂ ਦੀ ਆਪਣੀ ਜਨਤਾ ਇਸ ਤੋਂ ਨਾਰਾਜ਼ ਹੈ।"
ਕਤਰ ਨੇ ਤਾਂ ਇਸ ਮਾਮਲੇ 'ਚ ਭਾਰਤ ਤੋਂ ਮੁਆਫ਼ੀ ਦੀ ਮੰਗ ਕੀਤੀ ਹੈ।
'ਚੀਜ਼ਾਂ ਵਾਪਰ ਰਹੀਆਂ ਸਨ ਅਤੇ ਸਰਕਾਰ ਬਰਦਾਸ਼ਤ ਕਰ ਰਹੀ ਸੀ'
ਇਸ 'ਤੇ ਹਾਮਿਦ ਅੰਸਾਰੀ ਦਾ ਕਹਿਣਾ ਹੈ, " ਇਹ ਕਹਿਣਾ ਕਿ ਇਹ ਸਿਰਫ਼ ਇੱਕ ਅਜਿਹੇ ਵਿਅਕਤੀ ਦਾ ਬਿਆਨ ਸੀ ਜਿਸ ਦਾ ਕੋਈ ਰੁਤਬਾ ਨਹੀਂ ਸੀ,ਬਿਲਕੁਲ ਗਲਤ ਹੈ। ਸੱਤਾਧਾਰੀ ਪਾਰਟੀ ਦੇ ਅਧਿਕਾਰਤ ਤਰਜਮਾਨ ਵੱਲੋਂ ਕੋਈ ਵੀ ਬਿਆਨ ਇੰਝ ਹੀ ਨਹੀਂ ਦਿੱਤਾ ਜਾਂਦਾ ਹੈ।"
ਹਾਮਿਦ ਅੰਸਾਰੀ ਨੇ ਇਸ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਹ ਇੱਕਲਾ ਅਜਿਹਾ ਬਿਆਨ ਨਹੀਂ ਹੈ, ਸਗੋਂ ਪਿਛਲੇ ਕੁਝ ਮਹੀਨਿਆਂ ਤੋਂ ਅਜਿਹੇ ਕਈ ਬਿਆਨ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ :
- ਭਾਜਪਾ ਨੇ ਪਾਰਟੀ ਦੀ ਬੁਲਾਰਾ ਨੁਪੁਰ ਸ਼ਰਮਾ ਨੂੰ ਕੀਤਾ ਸਸਪੈਂਡ, ਜਾਣੋ ਪੂਰਾ ਮਾਮਲਾ
- ਨੁਪੁਰ ਸ਼ਰਮਾ : ਭਾਰਤ ਵਿਚ ਮੁਲਸਮਾਨਾਂ ਦੇ ਮੁੱਦਿਆਂ ਉੱਤੇ ਚੁੱਪ ਰਹੇ ਅਰਬ ਦੇਸ ਭਾਜਪਾ ਆਗੂ ਦੀ ਟਿੱਪਣੀ ਉੱਤੇ ਇੰਨੇ ਔਖੇ ਕਿਉਂ ਹੋਏ
- ਨੁਪੁਰ ਸ਼ਰਮਾ: ਭਾਜਪਾ ਆਗੂ ਕੌਣ ਹੈ ਜਿਸ ਦੀਆਂ ਟਿੱਪਣੀ ਨੇ ਅਰਬ ਮੁਲਕਾਂ ਵਿੱਚ ਮਚਾਈ ਤਰਥੱਲੀ
- ਨੁਪੁਰ ਸ਼ਰਮਾ : ਮੁਸਲਿਮ ਵਿਰੋਧੀ ਸਟੈਂਡ ਦੇ ਮੌਕੇ, ਜੋ ਮੋਦੀ ਰਾਜ ਦੌਰਾਨ ਭਾਰਤ ਲਈ ਨਮੋਸ਼ੀ ਦਾ ਕਾਰਨ ਬਣੇ
ਉਨ੍ਹਾਂ ਮੁਤਾਬਕ ਹਾਲ ਹੀ 'ਚ ਜਿੰਨੇ ਵੀ ਧਰਮ ਸੰਸਦ ਹੋਏ ਹਨ, ਉਨ੍ਹਾਂ ਸਾਰਿਆਂ 'ਚ ਹੀ ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਹਨ। ਹਾਂ, ਇਨ੍ਹਾਂ ਜਰੂਰ ਹੈ ਕਿ ਮੁਸਲਮਾਨਾਂ ਖਿਲਾਫ਼ ਵਰਤੇ ਗਏ ਸ਼ਬਦ ਜਰੂਰ ਕੁਝ ਹੋਰ ਸਨ।
ਸਰਕਾਰ ਚੁੱਪ ਰਹੀ ਹੈ ਅਤੇ ਜੇਕਰ ਕਾਰਵਾਈ ਕੀਤੀ ਵੀ ਹੈ ਤਾਂ ਉਹ ਵੀ ਬਹੁਤ ਸਮਾਂ ਲੰਘ ਜਾਣ ਤੋਂ ਬਾਅਦ, ਜਿਸ ਦਾ ਕੋਈ ਮਤਲਬ ਹੀ ਨਹੀਂ ਹੈ।
ਹਾਮਿਦ ਅੰਸਾਰੀ ਨੇ ਇਸ ਸਭ ਦੇ ਲਈ ਸਰਕਾਰ ਨੂੰ ਸਿੱਧੇ ਤੌਰ 'ਤੇ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ, "ਇਹ ਅਚਾਨਕ ਨਹੀਂ ਹੋਇਆ ਹੈ। ਚੀਜ਼ਾਂ ਵਾਪਰ ਰਹੀਆਂ ਸਨ ਅਤੇ ਸਰਕਾਰ ਬਰਦਾਸ਼ਤ ਕਰ ਰਹੀ ਸੀ ਕਿਉਂਕਿ ਸਰਕਾਰ ਦੀ ਇੱਕ ਨੀਤੀ ਹੈ, ਜਿਸ ਨੂੰ ਕਿ ਉਹ ਸਵੀਕਾਰ ਨਹੀਂ ਕਰੇਗੀ।"

ਪਰ ਕੀ ਭਾਰਤ ਸਰਕਾਰ ਨੂੰ ਇਸ ਮਾਮਲੇ 'ਚ ਮੁਆਫੀ ਮੰਗਣੀ ਚਾਹੀਦੀ ਹੈ ?
ਇਸ ਸਵਾਲ ਦੇ ਜਵਾਬ 'ਚ ਹਾਮਿਦ ਅੰਸਾਰੀ ਨੇ ਕਿਹਾ, "ਮੈਂ ਮੁਆਫੀ ਤੱਕ ਨਹੀਂ ਜਾਣਾ ਚਾਹੁੰਦਾ ਹਾਂ। ਮੁਆਫੀ ਤੋਂ ਪਹਿਲਾਂ ਹੀ ਬਹੁਤ ਸਾਰੇ ਅਜਿਹੇ ਪੜਾਅ ਹਨ। ਜਦੋਂ ਦੇਸ਼ਾਂ ਵਿਚਾਲੇ ਕੋਈ ਤਣਾਅ ਪੈਦਾ ਹੋ ਜਾਂਦਾ ਹੈ ਤਾਂ ਉਸ ਨਾਲ ਕੂਟਨੀਤੀ ਜ਼ਰੀਏ ਨਜਿੱਠਣ ਦੇ ਕਈ ਤਰੀਕੇ ਮੌਜੂਦ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ 'ਚ ਟੈਲੀਫੋਨ 'ਤੇ ਬਹੁਤ ਸਾਰੀਆਂ ਗੱਲਾਂ ਹੋ ਜਾਂਦੀਆਂ ਹਨ ਅਤੇ ਮਾਮਲਾ ਸੁਲਝ ਜਾਂਦਾ ਹੈ।
ਹਾਮਿਦ ਅੰਸਾਰੀ ਨੇ ਕਿਹਾ ਕਿ ਜੇਕਰ ਉਹ ਅੱਜ ਵਿਦੇਸ਼ ਸੇਵਾ 'ਚ ਹੁੰਦੇ ਤਾਂ ਵਿਦੇਸ਼ ਮੰਤਰੀ ਜਾਂ ਪ੍ਰਧਾਨ ਮੰਤਰੀ ਨਾਲ ਗੱਲ ਕਰਕੇ ਮਾਮਲੇ ਨੂੰ ਖਤਮ ਕਰਨ ਦੀ ਗੁਜ਼ਾਰਿਸ਼ ਕਰਦੇ।
ਨੁਪੁਰ ਸ਼ਰਮਾ ਦੇ ਬਿਆਨ ਤੋਂ ਬਾਅਦ ਭਾਰਤ ਦੇ ਕੁਝ ਮੁਸਲਮਾਨ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਬਿਲਕੁੱਲ ਹੀ ਚੁੱਪ ਰਹੀ ਅਤੇ ਅਰਬ ਦੇਸ਼ਾਂ ਦੇ ਬਿਆਨਾਂ ਤੋਂ ਬਾਅਦ ਹੀ ਹਰਕਤ 'ਚ ਆਈ ਹੈ।
ਇਸ ਸਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਕਰਕੇ ਭਾਰਤ ਸਰਕਾਰ ਭਾਰਤ ਦੇ ਮੁਸਲਮਾਨਾਂ ਨੂੰ ਦੂਜੇ ਇਸਲਾਮੀ ਦੇਸ਼ਾਂ ਵੱਲ ਵੇਖਣ ਲਈ ਮਜ਼ਬੂਰ ਕਰ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਇਸ ਨੂੰ ਨਕਾਰਦਿਆਂ ਹਾਮਿਦ ਅੰਸਾਰੀ ਨੇ ਕਿਹਾ, " ਅਸੀਂ ਇਸ ਦੇਸ਼ 'ਚ ਰਹਿੰਦੇ ਹਾਂ। ਇਸ ਦੇਸ਼ ਦੇ ਨਾਗਰਿਕ ਹਾਂ। ਇੱਥੇ ਸਾਡੇ ਅਧਿਕਾਰ ਹਨ। ਮੁਸਲਮਾਨ ਅੱਜ ਤੋਂ ਨਹੀਂ ਬਲਕਿ ਸੈਂਕੜੇ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਹਿੰਦੁਸਤਾਨੀ ਮੁਸਲਮਾਨਾਂ ਨੇ ਕਦੇ ਵੀ ਬਾਹਰੀ ਮਦਦ ਦੀ ਜ਼ਰੂਰਤ ਨਹੀਂ ਸਮਝੀ। ਉਹ ਆਪਣੇ ਹੱਕਾਂ ਲਈ ਖੁਦ ਲੜਦਾ ਹੈ ਅਤੇ ਕਿਸੇ ਹੱਦ ਤੱਕ ਉਨ੍ਹਾਂ ਨੂੰ ਹਾਸਲ ਵੀ ਕਰਦਾ ਹੈ।"
ਹਾਮਿਦ ਅੰਸਾਰੀ ਨੇ ਇਸ ਮਾਮਲੇ 'ਚ ਵਿਰੋਧੀ ਪਾਰਟੀਆਂ ਨੂੰ ਵੀ ਲੰਮੇ ਹੱਥੀ ਲਿਆ। ਇਸ ਪੂਰੇ ਮਾਮਲੇ 'ਤੇ ਲਗਭਗ ਸਾਰੀਆਂ ਹੀ ਵਿਰੋਧੀ ਪਾਰਟੀਆਂ ਨੇ ਆਪਣੇ ਮੂੰਹ ਬੰਦ ਰੱਖੇ। ਉਨ੍ਹਾਂ ਦਾ ਬਿਆਨ ਵੀ ਉਦੋਂ ਆਇਆ ਜਦੋਂ ਅਰਬ ਦੇਸ਼ਾਂ ਨੇ ਇਸ ਮੁੱਦੇ ਨੂੰ ਚੁੱਕਿਆ।
ਹਾਮਿਦ ਅੰਸਾਰੀ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਵਿਰੋਧੀ ਪਾਰਟੀਆਂ ਦੇ ਰਵੱਈਏ ਤੋਂ ਨਾਖੁਸ਼ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












