You’re viewing a text-only version of this website that uses less data. View the main version of the website including all images and videos.
ਪੀਆਰਟੀਸੀ ਬੱਸ ਦੀ ਕਥਿਤ ਲੁੱਟ ਮਾਮਲੇ ਵਿਚ ਨਵਾਂ ਮੋੜ, ਪੁਲਿਸ ਕਮਿਸ਼ਨਰ ਨੇ ਕੀਤਾ ਇਹ ਖੁਲਾਸਾ
ਬੁੱਧਵਾਰ ਸਵੇਰੇ ਪੰਜਾਬ ਵਿੱਚ ਦਿਨ-ਦਿਹਾੜੇ ਇੱਕ ਬੱਸ ਕੰਡਕਟਰ ਨਾਲ ਲੁੱਟ-ਖੋਹ ਕਰਨ ਦਾ ਦਾਅਵੇ ਨਾਲ ਪੂਰੇ ਸੂਬੇ ਵਿਚ ਹੜਕੰਪ ਮੱਚ ਗਿਆ
ਅਸਲ ਵਿਚ ਪੰਜਾਬ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਦੇ ਕੰਡਕਟਰ ਨੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ 'ਤੇ ਬੱਸ ਨੂੰ ਘੇਰ ਕੇ ਕੁਝ ਲੋਕਾਂ ਵਲੋਂ ਲੁੱਟਣ ਦੇ ਇਲਜ਼ਾਮ ਲਾਏ।
ਬੀਬੀਸੀ ਸਹਿਯੋਗੀ ਗੁਰਮਿੰਦਰ ਸਿੰਘ ਗਰੇਵਾਲ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਕੰਡਕਟਰ ਨੇ ਦਾਅਵਾ ਕੀਤਾ ਕਿ ਲਾਡੋਵਾਲ ਟੋਲ ਪਲਾਜ਼ਾ 'ਤੇ ਸਵੇਰੇ 8 ਵਜੇ ਦੇ ਕਰੀਬ ਤਿੰਨ ਬਦਮਾਸ਼ਾਂ ਨੇ ਪਟਿਆਲਾ ਤੋਂ ਅੰਮ੍ਰਿਤਸਰ ਜਾ ਰਹੀ ਪੀਆਰਟੀਸੀ ਬੱਸ ਦੇ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ।
ਹਾਲਾਂਕਿ ਉਹ ਵਿਅਕਤੀ ਪੂਰੇ ਪੈਸੇ ਨਹੀਂ ਲੁੱਟ ਸਕੇ ਅਤੇ ਕੁਝ ਪੈਸੇ ਖੋਹ ਕੇ ਭੱਜ ਗਏ। ਪੁਲਿਸ ਨੇ ਮਾਮਲੇ ਦਾ ਕੇਸ ਦਰਜ ਕਰਕੇ ਜਾਂਚ ਕੀਤੀ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ।
ਭਾਵੇਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਪਰ ਸ਼ਾਮ ਹੋਣ ਤੱਕ ਪੁਲਿਸ ਨੇ ਇਸ ਭੇਦ ਤੋਂ ਪਰਦਾ ਚੁੱਕਿਆ।
ਲੁਧਿਆਣਾ ਦੇ ਐੱਸਐੱਸਪੀ ਦਾ ਦਾਅਵਾ
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਭੂਸ਼ਣ ਸ਼ਰਮਾ ਨੇ ਕਿਹਾ ਇਹ ਛੋਟੀ ਮੋਟੀ ਘਟਨਾ ਹੈ ਅਤੇ ਲੋਕਾਂ ਨੂੰ ਅਫ਼ਵਾਹਾਂ ਵਿੱਚ ਨਹੀਂ ਆਉਣਾ ਚਾਹੀਦਾ।
ਉਨ੍ਹਾਂ ਦੱਸਿਆ, ''ਅੱਜ ਸਵੇਰੇ, ਪੀਆਰਟੀਸੀ ਦੀ ਬੱਸ ਟੋਲਪਲਾਜ਼ਾ ਲਾਡੋਵਾਲ ਤੋਂ ਅੱਗੇ ਥੋੜ੍ਹੀ ਲੰਘੀ ਹੈ। ਉੱਥੇ ਦੋ ਨੌਜਵਾਨ ਸਨ, ਪੱਚੀ ਸਾਲ ਦੀ ਉਮਰ ਸੀ ਜਦਕਿ ਇੱਕ ਨੌਜਵਾਨ ਐਕਟਿਵਾ ਉੱਪਰ ਸੀ, ਜਿਸ ਦੀ ਉਮਰ 20-22 ਸਾਲ ਸੀ।''
ਪੁਲਿਸ ਵੱਲੋਂ ਜਾਂਚ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਦੋਂ, ''ਮੁੰਡੇ ਆਏ ਤਾਂ ਉਨ੍ਹਾਂ ਵੱਲੋਂ ਕੁਝ ਗਾਲੀ-ਗਲੋਚ ਕੀਤਾ ਗਿਆ। ਦੋਵਾਂ ਪਾਸਿਆਂ ਤੋਂ ਜਦੋਂ ਗਾਲੀ-ਗਲੋਚ ਸ਼ੁਰੂ ਹੋਈ ਤਾਂ ਬੱਸ ਨੂੰ ਰੋਕਿਆ ਗਿਆ।''
''ਉਸ ਤੋ ਬਾਅਦ ਲੜਕਿਆਂ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਡਰਾਈਵਰ ਅਤੇ ਕੰਡਕਟਰ ਨੂੰ ਨੀਚੇ ਉਤਾਰ ਕੇ ਗੱਲਬਾਤ ਕੀਤੀ ਜਾਵੇ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਵਿੱਚ ਇੱਕ-ਦੋ ਮਿੰਟ ਗਾਲੀ-ਗਲੋਚ ਤੇ ਹੱਥੋਪਾਈ ਹੋਈ ਹੈ।''
ਛੋਟੀ ਮੋਟੀ ਲੜਾਈ ਜਾਂ ਰੋਡਰੇਜ ਦੇ ਮਾਮਲੇ ਦਾ ਸ਼ੱਕ
''ਇਨ੍ਹਾਂ ਲੜਕਿਆਂ ਕੋਲ ਕੋਈ ਹਥਿਆਰ ਸਨ ਜਾਂ ਕੋਈ ਲੁੱਟਖੋਹ ਹੋਈ ਜਾਂ ਕੋਈ ਗੱਡੀ ਅਗਵਾ ਕੀਤੀ ਗਈ ਇਸ ਤਰ੍ਹਾਂ ਦੀ ਕੋਈ ਗੱਲ ਉੱਥੇ ਨਹੀਂ ਹੋਈ ਸੀ।''
ਐਸਐਸਪੀ ਨੇ ਦੱਸਿਆ, ''ਇਸ ਤੋਂ ਬਾਅਦ ਡਰਾਈਵਰ ਵੱਲੋਂ ਬੱਸ ਅੱਗੇ ਜਾ ਕੇ ਲਗਾ ਦਿੱਤੀ ਗਈ ਅਤੇ ਲੜਕੇ ਭੱਜ ਗਏ।''
ਉਨ੍ਹਾਂ ਨੇ ਕਿਹਾ ਕਿ ਇੱਕ ਲੜਕੇ ਦੀ ਪਛਾਣ ਪੁਲਿਸ ਵੱਲੋਂ ਕਰ ਲਈ ਗਈ ਹੈ ਜੋ ਕਿ ਲਾਡੋਵਾਲ ਪਿੰਡ ਦਾ ਹੀ ਰਹਿਣ ਵਾਲਾ ਹੈ, ਜੋਕਿ ਚੂਹੇਮਾਰ ਦਵਾਈ ਦਾ ਸੇਲਜ਼ਮੈਨ ਸੀ।
ਉਨ੍ਹਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜੋ ਅਫ਼ਵਾਹਾਂ ਫੈਲਾਅ ਕੇ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ''ਕੋਲ ਹਥਿਆਰ ਸਨ ਜਾਂ ਲੁੱਟਖੋਹ ਹੋਈ ਹੈ, ਅਜਿਹਾ ਕੁਝ ਨਹੀਂ ਹੈ।''
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਵਿੱਚ ਨਾ ਆਉਣ। ''ਇਹ ਛੋਟੀ ਮੋਟੀ ਘਟਨਾ ਹੈ, ਜੋ ਗਾਲੀਗਲੋਚ ਅਤੇ ਰੋਡਰੇਜ ਦਾ ਮਾਮਲਾ ਵੀ ਹੋ ਸਕਦਾ ਹੈ।''
ਬੱਸ ਕੰਡਕਟਰ ਨੇ ਕੀ ਕੀਤਾ ਸੀ ਦਾਅਵਾ
ਘਟਨਾ ਦਾ ਸ਼ਿਕਾਰ ਹੋਏ ਬੱਸ ਕੰਡਕਟ ਦਾ ਨਾਮ ਸਾਹਿਲ ਹੈ ਅਤੇ ਉਹ ਪਟਿਆਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੱਸਿਆ ਸੀ, ''ਉਹ ਬਰਾਬਰ ਆ ਕੇ ਗਾਲ਼ਾਂ ਕੱਢਣ ਲੱਗ ਗਿਆ। ਮੈਂ ਬਾਰੀ 'ਚ ਜਾ ਕੇ ਪੁੱਛਿਆ ਕਿ ਵੀਰੇ ਕੀ ਹੋ ਗਿਆ। ਉਹ (ਬਦਮਾਸ਼) ਆ ਕੇ ਮੇਰੀ ਚੇਨ ਖਿੱਚਣ ਲੱਗ ਪਿਆ ਤੇ ਮੇਰੇ ਥੱਪੜ ਮਾਰੇ।''
ਕੰਡਕਟਰ ਨੇ ਦੱਸਿਆ ਸੀ ''ਉਨ੍ਹਾਂ 'ਚੋਂ ਇੱਕ ਵਿਅਕਤੀ ਸਕੂਟੀ 'ਤੇ ਸੀ ਅਤੇ ਦੋ ਮੋਟਰਸਾਈਕਲ 'ਤੇ ਸਨ। ਉਨ੍ਹਾਂ ਕੋਲ ਦੋ ਕੱਟੇ ਵੀ ਸਨ।''
ਉਨ੍ਹਾਂ ਅੱਗੇ ਦੱਸਿਆ ਸੀ ਕਿ ਬਦਮਾਸ਼ਾਂ ਨੇ ਸਾਨੂੰ ਪਿਸਟਲ ਦਿਖਾ ਕੇ ਡਰਾਇਆ ਕਿ ਜੇ ਅਸੀਂ ਨੇੜੇ ਗਏ ਤਾਂ ਉਹ ਸਾਨੂੰ ਮਾਰ ਦੇਣਗੇ। ਜਿਸ ਕਾਰਨ ਉਹ ਪਿੱਛੇ ਹਟ ਗਏ ਅਤੇ ਇੰਨੇ 'ਚ ਬਦਮਾਸ਼ ਭੱਜ ਗਏ।
ਘਟਨਾ ਅਤੇ ਸੁਰੱਖਿਆ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ ਕਿ 'ਮੇਰੇ ਨਹੀਂ ਤਾਂ ਕਿਸੇ ਸਵਾਰੀ ਦੇ ਮਾਰ ਦਿੰਦੇ, ਇੰਨੀਆਂ ਸਵਾਰੀਆਂ ਸੀ, ਗੱਡੀ ਭਰੀ ਹੋਈ ਸੀ।''
ਕਥਿਤ ਲੁੱਟ ਬਾਰੇ ਸਾਹਿਲ ਨੇ ਇਹ ਵੀ ਦੱਸਿਆ ਸੀ ਕਿ ''ਚੇਨ ਅਤੇ 10 ਹਜ਼ਾਰ ਰੁਪਏ ਸਨ, ਬਾਕੀ ਮੇਰੇ ਪੈਸੇ ਕੋਲ ਹੀ ਹਨ । ਚੇਨ ਪਤਾ ਨਹੀਂ ਡਿੱਗ ਗਈ ਉੱਥੇ, ਪਤਾ ਨਹੀਂ ਲੈ ਗਏ। ਇਹ ਭੇਦ ਨਹੀਂ ਲੱਗਿਆ।''
ਇਹ ਵੀ ਪੜ੍ਹੋ:
ਪੁਲਿਸ ਨੇ ਕੀ ਕਿਹਾ
ਇਸ ਪੂਰੇ ਮਾਮਲੇ ਬਾਰੇ ਪੁਲਿਸ ਦਾ ਪਹਿਲਾ ਕਹਿਣਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇਗੀ।
ਸਵੇਰੇ ਪੁਲਿਸ ਅਧਿਕਾਰੀ ਹਰੀਸ਼ ਬਹਿਲ ਨੇ ਵੀ ਕਿਹਾ ਸੀ ਕਿ ਕੰਡਕਟਰ ਦੇ ਦੱਸਣ ਮੁਤਾਬਕ, ਇਸ ਘਟਨਾ ਵਿੱਚ ਉਸ ਦੀ ਚੇਨ ਜਾਂ ਤਾਂ ਉਹ ਲੈ ਗਏ ਜਾਂ ਕਿਤੇ ਡਿੱਗ ਪਈ ਹੈ ਅਤੇ ਉਸ ਕੋਲ ਕੁਲੈਕਸ਼ਨ ਦੇ ਦਸ ਹਜ਼ਾਰ ਰੁਪਏ ਵੀ ਸਨ, ਉਹ ਵੀ ਲੈ ਗਏ ਹਨ।
ਅਧਿਕਾਰੀ ਨੇ ਕਿਹਾ ਸੀ ਕਿ ''ਇਹ ਸਾਡੇ ਕੋਲ ਇੰਟੀਮੇਸ਼ਨ ਹੁਣ ਲੈ ਕੇ ਆਏ ਹਨ, ਜੇ ਇਹ ਪਹਿਲਾਂ ਹੀ ਦੱਸ ਦਿੰਦੇ ਤਾਂ ਅਸੀਂ ਉਸ ਦੇ ਮੁਤਾਬਕ ਉਸੇ ਸਮੇਂ ਕਾਰਵਾਈ ਕਰ ਦਿੰਦੇ।''
ਪੁਲਿਸ ਦਾ ਕਹਿਣਾ ਸੀ ਕਿ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਫਰਾਰ ਹਨ ਅਤੇ ਪੁਲਿਸ ਵੱਲੋਂ ਕੇਸ ਦਰਜ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੌਕੇ ਤੋਂ ਸੀਸੀਟੀਵੀ ਫੁਟੇਜ ਵੀ ਲਈ ਜਾ ਰਹੀ ਹੈ ਅਤੇ ''ਜਾਂਚ ਕਰਕੇ ਜਲਦੀ ਬੰਦਿਆਂ ਨੂੰ ਕਾਬੂ ਕਰ ਲਵਾਂਗੇ।''
ਡਰਾਈਵਰ ਨੇ ਕਥਿਤ ਲੁੱਟ ਤੋਂ ਬਾਅਦ ਕੀ ਕਿਹਾ ਸੀ
ਬੱਸ ਦੇ ਡਰਾਈਵਰ ਹਰਜਿੰਦਰ ਸਿੰਘ ਨੇ ਦੱਸਿਆ ਸੀ , ''ਟੋਲ ਪਲਾਜ਼ਾ 'ਤੇ ਪਰਚੀ ਕਟਵਾਉਣ ਤੋਂ ਬਾਅਦ ਗੱਡੀ ਹੌਲੀ ਸੀ। ਉਸ ਤੋਂ ਬਾਅਦ ਤਿੰਨ ਮੁੰਡੇ ਆਏ, ਇੱਕ ਐਕਟਿਵਾ 'ਤੇ ਅਤੇ ਦੋ ਸਪਲੈਂਡਰ ਮੋਟਰਸਾਇਕਲ 'ਤੇ। ਉਨ੍ਹਾਂ ਨੇ ਮੇਰੇ ਕੰਡਕਟਰ ਨੂੰ ਕਿਹਾ ਕਿ ਗੱਡੀ ਰੋਕ।''
''ਕੰਡਕਟਰ ਨੇ ਪੁੱਛਿਆ ਕਿ ਕੀ ਗੱਲ ਹੈ ਤਾਂ ਉਨ੍ਹਾਂ ਨੇ ਗਾਲ਼ ਕੱਢ ਦਿੱਤੀ। ਮੇਰਾ ਕੰਡਕਟਰ ਖਿੜਕੀ ਕੋਲ ਆ ਗਿਆ ਕਿ ਗਾਲ਼ ਕਿਉਂ ਕੱਢ ਰਹੇ ਹੋ।''
''ਉਹ ਦੋ ਵਿਅਕਤੀ ਕੰਡਕਟਰ ਤੋਂ ਪੈਸਿਆਂ ਵਾਲਾ ਬੈਗ ਖਿੱਚਣ ਲੱਗ ਪਏ ਜੋ ਉਸ ਨੇ ਖਿੱਚਣ ਨਹੀਂ ਦਿੱਤਾ।''
''ਪਰ ਜੋ ਗਲ਼ 'ਚ ਚੇਨ ਪਹਿਨੀ ਹੋਈ ਸੀ ਉਹ ਕੱਢ ਕੇ ਲੈ ਗਏ।''
''ਉਸ ਤੋਂ ਬਾਅਦ ਮੈਂ ਫਿਲੌਰ ਪੁਲ ਕੋਲ ਗੱਡੀ ਟੇਢੀ ਕਰ ਕੇ ਲਗਾ ਦਿੱਤੀ, ਜਾਮ ਲਗਾ ਦਿੱਤਾ ਉਸੇ ਵੇਲੇ। ਫਿਰ ਮੈਂ ਗੱਡੀ ਤੋਂ ਉੱਤਰ ਕੇ ਹੇਠਾਂ ਗਿਆ ਤੇ ਕਿਹਾ ਕਿ ਜੇ ਮਾਂ ਦਾ ਦੁੱਧ ਪੀਤਾ ਹੈ ਤਾਂ ਆਓ ਸਾਹਮਣੇ।''
''ਦੋ ਮੁੰਡਿਆਂ ਨੇ ਰਿਵਾਲਵਰ ਕੱਢੇ 'ਤੇ ਸਾਡੇ ਵੱਲ ਕਰ ਦਿੱਤੇ। ਤਿੰਨ-ਚਾਰ ਡਰਾਈਵਰ ਇੱਕਦਮ ਇਕੱਠੇ ਹੋ ਗਏ।''
''ਜਦੋਂ ਉਨ੍ਹਾਂ ਨੇ ਦੇਖਿਆ ਕਿ ਆਵਾਜਾਈ ਜ਼ਿਆਦਾ ਹੋ ਰਹੀ ਹੈ, ਉਸੇ ਸਮੇਂ ਉਹ ਮੋਟਰਸਾਈਕਲ ਲੈ ਕੇ ਭੱਜ ਗਏ। ਉਸ ਤੋਂ ਪੌਣੇ ਘੰਟੇ ਬਾਅਦ ਪੁਲਿਸ ਆਈ ਹੈ। ਜੋ ਪੁਲਿਸ ਵਾਲੇ ਉੱਥੇ (ਟੋਲ 'ਤੇ) ਬੈਠੇ ਸਨ ਉਹ ਵੀ 20 ਮਿੰਟਾਂ ਬਾਅਦ ਆਏ ਹਨ ਕਿ ਜਾਮ ਕਿਉਂ ਲੱਗਿਆ ਹੈ।''
ਸੁਰੱਖਿਆ ਦੀ ਗੱਲ ਕਰਦਿਆਂ ਹਰਜਿੰਦਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਨਾਲ ''ਸਾਡੇ ਲਈ ਮੁਸ਼ਕਿਲ ਹੋਵੇਗੀ। ਕੱਲ੍ਹ ਨੂੰ ਕੋਈ ਮਹਿਲਾ ਇੱਕਲੀ ਨਹੀਂ ਜਾ ਸਕੇਗੀ, ਕੋਈ ਪੁਰਸ਼ ਨਹੀਂ ਜਾ ਸਕੇਗਾ, ਨਾ ਕੋਈ ਭੈਣ-ਭਾਈ, ਪਤੀ-ਪਤਨੀ ਜਾ ਸਕਣਗੇ।''
ਸਿਆਸੀ ਵਿਰੋਧੀਆਂ ਨੇ 'ਆਪ' 'ਤੇ ਸਾਧਿਆ ਨਿਸ਼ਾਨਾ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਾਮਲੇ ਬਾਰੇ ਟਵੀਟ ਕਰਦਿਆਂ 'ਆਪ' ਸਰਕਾਰ 'ਤੇ ਤਿੱਖਾ ਹਮਲਾ ਬੋਲਿਆ ਹੈ।
ਆਪਣੇ ਟਵੀਟ ਵਿੱਚ ਕੈਪਟਨ ਨੇ ਲਿਖਿਆ, ''ਪੰਜਾਬ 'ਚ ਜੰਗਲ ਰਾਜ!''
''ਪਿਛਲੇ 2 ਦਿਨਾਂ 'ਚ 9 ਕਤਲ। ਅੱਜ ਲੁਧਿਆਣਾ ਲਾਗੇ ਇੱਕ ਬੱਸ ਨੂੰ ਦਿਨ ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਹਾਈਜੈਕ ਕਰ ਲਿਆ ਅਤੇ ਲੁੱਟ ਲਿਆ।''
ਆਪਣੇ ਟਵੀਟ 'ਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ''ਭਗਵੰਤ ਮਾਨ ਸਰਕਾਰ ਪੰਜਾਬ ਲਈ ਬਰਬਾਦੀ ਵਾਲੀ ਸਾਬਿਤ ਹੁੰਦੀ ਜਾ ਰਹੀ ਹੈ। ਪੰਜਾਬ 'ਚ ਡਰ ਦਾ ਮਾਹੌਲ ਹੈ।''
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਲਿਖਿਆ ਕਿ ''ਪੂਰੀ ਤਰ੍ਹਾਂ ਅਵਿਵਸਥਾ''।
ਉਨ੍ਹਾਂ ਆਪਣੇ ਟਵੀਟ 'ਚ ਕਿਹਾ ਕਿ ਦਿਨ-ਦਿਹਾੜੇ ਬੰਦੂਕ ਦੀ ਨੋਕ 'ਤੇ ਲੁੱਟ ਹੋਈ ਹੈ। ''ਆਮ ਆਦਮੀ ਡਰ ਨਾਲ ਕੰਬ ਰਿਹਾ ਹੈ ਤੇ ਅਪਰਾਧੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ।''
''ਭਗਵੰਤ ਮਾਨ ਜੰਗਲ ਰਾਜ ਦਾ ਸ਼ਾਸਨ ਕਰ ਰਹੇ ਹਨ।''
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਤੋਂ ਬਾਅਦ ਇੱਕ, ਤਿੰਨ ਟਵੀਟ ਕੀਤੇ ਅਤੇ ਪੰਜਾਬ 'ਚ ਪਿਛਲੇ ਦਿਨੀਂ ਵਾਪਰੀਆਂ ਘਟਾਵਾਂ ਦਾ ਜ਼ਿਕਰ ਕਰਦੇ ਹੋਏ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਲਿਖਿਆ, ''ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੋਹਾਲੀ ਵਿਖੇ ਆਰਪੀਜੀ ਬੰਬ ਧਮਾਕਾ, ਫ਼ੇਰ ਪਟਿਆਲਾ ਵਿਖੇ ਦੋ ਭਾਈਚਾਰਿਆਂ 'ਚ ਟਕਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋਲ਼ੀਆਂ ਮਾਰ ਕੇ ਦਿਨ-ਦਿਹਾੜੇ ਕਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁਟੇਰਿਆਂ ਵੱਲੋਂ ਬੰਦੂਕ ਦੀ ਨੋਕ 'ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱਟ।''
ਅਮਨ-ਕਨੂੰਨ ਦੇ ਮੂੰਹ 'ਤੇ ਚਪੇੜ ਮਾਰਦੀਆਂ ਅਜਿਹੀਆਂ ਘਟਨਾਵਾਂ ਪੰਜਾਬ 'ਚ ਹਰ ਰੋਜ਼ ਵਾਪਰ ਰਹੀਆਂ ਹਨ, ਅਤੇ ਅਜਿਹੇ ਅਰਾਜਕਤਾ ਭਰੇ ਦੌਰ 'ਚੋਂ ਪੰਜਾਬ ਪਹਿਲੀ ਵਾਰ ਲੰਘਣ ਨੂੰ ਮਜਬੂਰ ਹੋਇਆ ਹੈ, ਜਿਸ ਦਾ ਸਿੱਧਾ ਕਾਰਨ ਹੈ ਭਗਵੰਤ ਮਾਨ ਦੀ 'ਫ਼ਰਜ਼ੀ' ਸਰਕਾਰ ਉੱਤੇ ਦਿੱਲੀ ਬੈਠੇ ਕੇਜਰੀਵਾਲ ਦਾ ਰਿਮੋਟ ਕੰਟਰੋਲ।''
ਉਨ੍ਹਾਂ ਕੇਜਰੀਵਾਲ ਅਤੇ ਭਗਵੰਤ ਮਾਨ ਸਵਾਲ ਕੀਤਾ ਕਿ ਕੀ ਇਹੀ ਉਹ 'ਬਦਲਾਅ' ਹੈ ਜਿਸ ਦਾ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: