ਕੈਨੇਡਾ ਵਿੱਚ ਜਸਟਿਨ ਟਰੂਡੋ ਹੈਂਡਗਨ ਦੀ ਵਿਕਰੀ ਬਾਰੇ ਇਸ ਕਾਨੂੰਨ ਨੂੰ ਲਿਆਉਣ ਦੀ ਤਿਆਰੀ ਵਿੱਚ - ਪ੍ਰੈਸ ਰੀਵਿਊ

ਜਸਟਿਨ ਟਰੂਡੋ

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਸੋਮਵਾਰ ਨੂੰ ਆਪਣੇ ਸੰਬੋਧਨ ਦੌਰਾਨ ਟਰੂਡੋ ਨੇ ਮੰਨਿਆ ਕਿ ਬੰਦੂਕ ਵਾਲੀ ਹਿੰਸਾ ਲਗਾਤਾਰ ਵਧ ਰਹੀ ਹੈ।
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਵਿੱਚ ਹੈਂਡਗਨ ਦੀ ਮਾਲਕੀਅਤ 'ਤੇ ਪ੍ਰਸਤਾਵਿਤ ਪਾਬੰਦੀ ਦਾ ਐਲਾਨ ਕੀਤਾ ਹੈ ਜਿਸ ਨਾਲ ਦੇਸ਼ ਵਿੱਚ ਹੈਂਡਗਨ ਦੀ ਦਰਾਮਦਗੀ ਅਤੇ ਵਿਕਰੀ 'ਤੇ ਪ੍ਰਭਾਵੀ ਤੌਰ 'ਤੇ ਪਾਬੰਦੀ ਲੱਗ ਜਾਵੇਗੀ।

ਪ੍ਰਧਾਨ ਮੰਤਰੀ ਟਰੂਡੋ ਨੇ ਇਹ ਘੋਸ਼ਣਾ ਅਮਰੀਕਾ ਵਿੱਚ ਹਾਲ ਹੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ ਮੱਦੇਨਜ਼ਰ ਕੀਤੀ ਹੈ। ਹਾਲਾਂਕਿ, ਇਸ ਸਬੰਧੀ ਬਿੱਲ ਨੂੰ ਸੰਸਦ ਦੁਆਰਾ ਪਾਸ ਕੀਤਾ ਜਾਣਾ ਅਜੇ ਬਾਕੀ ਹੈ।

ਟਰੂਡੋ ਨੇ ਇਸ ਸਬੰਧੀ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਜਿਸ ਗੋਲੀਬਾਰੀ ਹਿੰਸਾ ਦੇ ਪੀੜਤ ਕਈ ਲੋਕਾਂ ਦੇ ਪਰਿਵਾਰ ਅਤੇ ਦੋਸਤ ਸ਼ਾਮਿਲ ਹੋਏ।

ਖ਼ਬਰ ਏਜੰਸੀ ਏਐੱਫਪੀ ਮੁਤਾਬਕ, ਇਸ ਦੌਰਾਨ ਉਨ੍ਹਾਂ ਕਿਹਾ ਕਿ "ਅਸੀਂ ਹੈਂਡਗਨ ਦੀ ਮਾਲਕੀ 'ਤੇ ਰਾਸ਼ਟਰੀ ਪਾਬੰਦੀ ਨੂੰ ਲਾਗੂ ਕਰਨ ਲਈ ਕਾਨੂੰਨ ਪੇਸ਼ ਕਰ ਰਹੇ ਹਾਂ।"

ਉਨ੍ਹਾਂ ਅੱਗੇ ਕਿਹਾ, "ਇਸ ਦਾ ਮਤਲਬ ਇਹ ਹੈ ਕਿ ਹੁਣ ਕੈਨੇਡਾ ਵਿੱਚ ਕਿਤੇ ਵੀ ਹੈਂਡਗਨ ਖਰੀਦਣਾ, ਵੇਚਣਾ, ਟ੍ਰਾਂਸਫਰ ਕਰਨਾ ਜਾਂ ਦਰਾਮਦ ਕਰਨਾ ਸੰਭਵ ਨਹੀਂ ਹੋਵੇਗਾ। ਦੂਜੇ ਸ਼ਬਦਾਂ ਵਿਚ, ਅਸੀਂ ਹੈਂਡਗਨ ਦੀ ਮਾਰਕੀਟ ਨੂੰ ਸੀਮਿਤ ਕਰ ਰਹੇ ਹਾਂ।''

ਪਿਛਲੇ ਹਫ਼ਤੇ ਕੈਨੇਡਾ ਦੀ ਸਰਕਾਰੀ ਅੰਕੜਾ ਏਜੰਸੀ ਦੁਆਰਾ ਸੌਂਪੀ ਗਈ ਇੱਕ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਵਿੱਚ ਹਥਿਆਰਾਂ ਨਾਲ ਸਬੰਧਤ ਹਿੰਸਕ ਅਪਰਾਧ, ਸਾਰੇ ਹਿੰਸਕ ਅਪਰਾਧਾਂ ਵਿੱਚੋਂ ਤਿੰਨ ਪ੍ਰਤੀਸ਼ਤ ਤੋਂ ਘੱਟ ਹਨ।

ਪਰ 2009 ਤੋਂ ਬਾਅਦ ਦੇਸ਼ 'ਚ ਬੰਦੂਕਾਂ ਦੀ ਪ੍ਰਤੀ ਵਿਅਕਤੀ ਦਰ ਲਗਭਗ ਤਿੰਨ ਗੁਣਾ ਵਧੀ ਹੈ, ਜਦਕਿ ਬੰਦੂਕ ਨੂੰ ਚਲਾਉਣ ਜਾਂ ਜ਼ਖਮੀ ਕਰਨ ਦੇ ਇਰਾਦੇ ਨਾਲ ਗੋਲੀਬਾਰੀ ਦੀ ਦਰ ਪੰਜ ਗੁਣਾ ਵਧੀ ਹੈ।

ਇਹ ਵੀ ਪੜ੍ਹੋ:

ਹਾਈ ਕੋਰਟ ਨੇ ਸਰਕਾਰ ਨੂੰ ਪੁੱਛਿਆ: ਦੱਸੋ ਕਿ ਕਿਸ ਆਧਾਰ 'ਤੇ ਸੁਰੱਖਿਆ ਘਟਾਈ

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਉਨ੍ਹਾਂ ਨੇ ਕਿਸ ਆਧਾਰ 'ਤੇ ਸੁਰੱਖਿਆ ਪ੍ਰਾਪਤ ਵਿਅਕਤੀਆਂ ਦੀ ਸੁਰੱਖਿਆ ਹਟਾਈ ਜਾਂ ਘਟਾਈ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਜੱਜ ਰਾਜ ਮੋਹਨ ਸਿੰਘ ਨੇ ਸਰਕਾਰ ਨੂੰ ਇਸ ਬਾਰੇ ਵੀ ਜਵਾਬ ਦੇਣ ਲਈ ਕਿਹਾ ਹੈ ਕਿ ਸੁਰੱਖਿਆ ਘਟਾਉਣ ਦੀ ਜਾਣਕਾਰੀ ਲੀਕ ਅਤੇ ਜਨਤਕ ਕਿਵੇਂ ਹੋਈ। ਅਦਾਲਤ ਨੇ ਇਸ ਸਬੰਧੀ ਜਾਣਕਾਰੀ ਦੇਣ ਲਈ ਸਰਕਾਰ ਨੂੰ ਦੋ ਦਿਨ, ਭਾਵ ਦੋ ਜੂਨ ਤੱਕ ਦਾ ਸਮਾਂ ਦਿੱਤਾ ਹੈ।

ਇਸ ਦੇ ਨਾਲ ਅਦਾਲਤ ਨੇ ਸਪਸ਼ਟ ਤੌਰ 'ਤੇ ਕਿਹਾ ਹੈ ਕਿ ਸੂਬਾ ਸਰਕਾਰ ਦੀ ਇਹ ਰਿਪੋਰਟ ਸੀਲ ਬੰਦ ਕਵਰ ਵਿੱਚ ਸੌਂਪੀ ਜਾਣੀ ਚਾਹੀਦੀ ਹੈ।

ਭਗਵੰਤ ਮਾਨ

ਤਸਵੀਰ ਸਰੋਤ, Bhagwant Mann/Facebook

ਤਸਵੀਰ ਕੈਪਸ਼ਨ, ਇਸ ਮਾਮਲੇ ਬਾਰੇ ਅਗਲੀ ਸੁਣਵਾਈ ਦੋ ਜੂਨ ਨੂੰ ਹੋਵੇਗੀ।

ਦਰਅਸਲ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੇ ਹੋਰ ਚੀਜ਼ਾਂ ਦੇ ਨਾਲ, ਆਪਣੀ ਸੁਰੱਖਿਆ ਨੂੰ ਘਟਾਉਣ ਸਬੰਧੀ ਅਦਾਲਤ 'ਚ ਪਟੀਸ਼ਨ ਦਾਇਰ ਕਰਕੇ 11 ਮਈ ਦੇ ਆਦੇਸ਼ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਇਸ ਆਦੇਸ਼ ਮੁਤਾਬਕ, ਉਨ੍ਹਾਂ ਦੀ ਸੁਰੱਖਿਆ ਨੂੰ "ਜ਼ੈੱਡ" ਸ਼੍ਰੇਣੀ ਤੋਂ ਘਟਾ ਦਿੱਤਾ ਗਿਆ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਵਾਪਸ ਬੁਲਾਇਆ ਗਿਆ ਸੀ।

ਇਸੇ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਸਰਕਾਰ ਨੂੰ ਆਪਣਾ ਜਵਾਬ ਦੇਣ ਲਈ ਕਿਹਾ ਹੈ।

ਸਰਕਾਰੀ ਬੱਸਾਂ 'ਚੋਂ ਤੇਲ ਚੋਰੀ ਹੋਣ ਦੀਆਂ ਸ਼ਿਕਾਇਤਾਂ, ਟ੍ਰਾਂਸਪੋਰਟ ਮੰਤਰੀ ਦੀ ਚਿਤਾਵਨੀ

ਪੰਜਾਬ ਦੀਆਂ ਸਰਕਾਰੀ ਬੱਸਾਂ 'ਚੋਂ ਤੇਲ ਚੋਰੀ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ। ਜਿਸ ਬਾਰੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਚਿਤਾਵਨੀ ਦਿੱਤੀ ਹੈ ਅਤੇ ਕਿਹਾ ਹੈ ਕਿ ਇਸ ਵਿੱਚ ਸ਼ਾਮਲ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਭੁੱਲਰ ਨੇ ਇਸ ਬਾਬਤ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਕੀਤੀ ਹੈ ਅਤੇ ਬੱਸਾਂ ਤੋਂ ਵੱਧ ਤੋਂ ਵੱਧ ਮਾਇਲੇਜ ਨੂੰ ਯਕੀਨੀ ਬਣਾਉਣ ਲਈ ਜਨਰਲ ਮੈਨੇਜਰਾਂ ਨੂੰ ਦਿੱਤੀਆਂ ਗਈਆਂ ਹਦਾਇਤਾਂ 'ਤੇ ਕੀਤੀ ਗਈ ਕਾਰਵਾਈ ਦੇ ਵੇਰਵੇ ਮੰਗੇ ਹਨ।

ਉਨ੍ਹਾਂ ਕਿਹਾ ਹੈ ਕਿ ਜਿਹੜੇ ਬੱਸ ਡਰਾਈਵਰ ਦੱਸੀ ਗਈ ਮਾਇਲੇਜ ਅਨੁਸਾਰ ਨਹੀਂ ਚੱਲਦੇ ਉਨ੍ਹਾਂ ਤੋਂ ਰਿਕਵਰੀ ਸਬੰਧੀ ਕਾਰਵਾਈ ਦੀਆਂ ਰਿਪੋਰਟਾਂ ਸਾਰੇ ਜਨਰਲ ਮੈਨੇਜਰਾਂ ਵਲੋਂ ਸੌਂਪੀਆਂ ਜਾਣੀਆਂ ਚਾਹੀਦੀਆਂ ਹਨ।

ਲਾਲਜੀਤ ਸਿੰਘ ਭੁੱਲਰ

ਤਸਵੀਰ ਸਰੋਤ, Laaljit Singh Bhullar/FB

ਤਸਵੀਰ ਕੈਪਸ਼ਨ, ਟ੍ਰਾਂਸਪੋਰਟ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਉਹ ਵਿਭਾਗ ਦੀ ਆਮਦਨ ਵਧਾਉਣ ਲਈ ਉਪਰਾਲੇ ਕਰਨ।

ਇਸ ਦੇ ਨਾਲ ਹੀ ਮੰਤਰੀ ਵੱਲੋਂ ਕਿਹਾ ਗਿਆ ਹੈ ਕਿ ਜਨਤਕ ਸੇਵਾ ਨੂੰ ਆਨਲਾਈਨ ਕਰਨ ਸਬੰਧੀ ਡਰਾਫਟ ਰਿਪੋਰਟ 15 ਦਿਨਾਂ ਵਿੱਚ ਤਿਆਰ ਕੀਤੀ ਜਾਵੇ ਤਾਂ ਜੋ ਲੋਕਾਂ ਲਈ ਆਸਾਨੀ ਹੋਵੇ ਅਤੇ ਆਵਾਜਾਈ ਸਬੰਧੀ ਪਰਮਿਟ ਆਦਿ ਦੇ ਮਾਮਲੇ ਵਿੱਚ ''ਬੱਸ ਮਾਫ਼ੀਆ'' 'ਤੇ ਵੀ ਰੋਕ ਲੱਗ ਸਕੇ।

ਗੁਰੂ ਗ੍ਰੰਥ ਸਾਹਿਬ ਦਾ ਸ਼ਾਹਮੁਖੀ 'ਚ ਲਿਖੇ ਪੁਰਾਤਨ ਸਰੂਪ ਗੁਰਦੁਆਰਾ ਰਕਾਬ ਗੰਜ ਪਹੁੰਚੇ

ਗੁਰੂ ਗ੍ਰੰਥ ਸਾਹਿਬ ਦਾ ਇੱਕ ਪੁਰਾਤਨ ਸਰੂਪ ਰਾਮ ਪ੍ਰਕਾਸ਼ ਕਵਤਰਾ ਦੇ ਪਰਿਵਾਰ ਕੋਲੋਂ ਪ੍ਰਾਪਤ ਹੋਇਆ ਹੈ, ਜਿਸ ਨੂੰ ਹੁਣ ਗੁਰੂਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਰਾਜਮਾਨ ਕੀਤਾ ਜਾਵੇਗਾ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਹ ਸਰੂਪ ਹਰਿ ਸਿੰਘ ਪ੍ਰਿੰਟਰਜ਼, ਲਾਹੌਰ ਦੁਆਰਾ ਛਾਪਿਆ ਹੋਇਆ ਹੈ।

ਇਹ ਸਰੂਪ ਸ਼ਾਹਮੁਖੀ ਵਿੱਚ ਲਿਖਿਆ ਹੋਇਆ ਹੈ ਅਤੇ ਕਵਤਰਾ ਪਰਿਵਾਰ ਦੇਸ਼ ਦੀ ਵੰਡ ਵੇਲੇ ਇਸ ਨੂੰ ਆਪਣੇ ਨਾਲ ਪਾਕਿਸਤਾਨ ਦੇ ਸਰਗੋਧਾ ਤੋਂ ਲੈ ਕੇ ਆਇਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ, ਜਦੋਂ ਤੱਕ ਰਾਮ ਪ੍ਰਕਾਸ਼ ਕਵਤਰਾ ਜਿਉਂਦੇ ਸਨ ਉਹ ਆਪ ਹੀ ਇਸ ਸਰੂਪ ਦੀ ਦੇਵਾ-ਸੰਭਾਲ ਕਰਦੇ ਸਨ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਵੀ ਸ਼ਾਹਮੁਖੀ ਪੜ੍ਹਨੀ ਨਹੀਂ ਆਉਂਦੀ। ਇਸ ਲਈ ਉਨ੍ਹਾਂ ਨੇ ਪੁੱਤਰ ਨੇ ਇਹ ਸਰੂਪ ਦਿੱਲੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਹੈ।

ਇਹ ਵੀ ਪੜ੍ਹੋ:

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।