ਗਾਂਧੀ ਨਾਲ ਜੁੜੀਆਂ ਕਿਹੜੀਆਂ ਚੀਜ਼ਾਂ ਦੀ ਨੀਲਾਮੀ ਹੋ ਰਹੀ, ਜਿਸ ਤੋਂ ਕਰੋੜਾਂ ਰੁਪਏ ਇਕੱਠੇ ਹੋਣ ਦੀ ਸੰਭਾਵਨਾ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਬ੍ਰਿਟੇਨ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਨਾਲ ਜੁੜੀਆਂ ਨਿੱਜੀ ਚੀਜ਼ਾਂ ਦੀ ਨੀਲਾਮੀ ਹੋਵੇਗੀ ਅਤੇ ਇਨ੍ਹਾਂ ਤੋਂ ਕਰੀਬ 5 ਕਰੋੜ ਰੁਪਏ ਇਕੱਠੇ ਹੋਣ ਦੀ ਸੰਭਾਵਨਾ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਗਾਂਧੀ ਨਾਲ ਜੁੜੀਆਂ ਲਗਭਗ 70 ਚੀਜ਼ਾਂ ਹਨ, ਜਿਨ੍ਹਾਂ ਵਿੱਚ ਹੱਥ ਨਾਲ ਬਣਿਆ ਖਾਦੀ ਦਾ ਕੱਪੜਾ, ਜੇਲ੍ਹ 'ਚ ਰਹਿੰਦਿਆਂ ਲਿਖੀਆਂ ਗਈਆਂ ਚਿੱਠੀਆਂ, ਧੁੱਪ ਵਾਲਾ ਚਸ਼ਮਾ, ਸਿਆਹੀ ਅਤੇ ਚਸ਼ਮੇ ਤੋਂ ਇਲਾਵਾ ਹੋਰ ਚੀਜ਼ਾਂ ਸ਼ਾਮਲ ਹਨ।

ਈਸਟ ਬ੍ਰਿਸਟਲ ਔਕਸ਼ਨਜ਼ ਯੂਕੇ ਵੱਲੋਂ ਇਨ੍ਹਾਂ ਚੀਜ਼ਾਂ ਦੀ ਆਨਲਾਈਨ ਸੇਲ ਰੱਖੀ ਗਈ ਹੈ ਜੋ 21 ਮਈ ਤੱਕ ਹੋਵੇਗੀ। ਨਿਲਾਮੀ ਕਰਨ ਵਾਲੀ ਇਸੇ ਕੰਪਨੀ ਨੇ 2020 ਵਿੱਚ ਕਰੀਬ ਢਾਈ ਕਰੋੜ ਰੁਪਏ ਵਿੱਚ ਗਾਂਧੀ ਦਾ ਇੱਕ ਚਸ਼ਮਾ ਨੀਲਾਮ ਕੀਤਾ ਸੀ।

ਨੀਲਾਮੀ ਲਈ ਰੱਖੀਆਂ ਗਈਆਂ ਗਾਂਧੀ ਨਾਲ ਜੁੜੀਆਂ ਇਨ੍ਹਾਂ ਚੀਜ਼ਾਂ ਨੂੰ 'ਦੁਨੀਆਂ ਦੇ ਇਤਿਹਾਸ ਲਈ ਅਹਿਮ' ਮੰਨਿਆ ਹੈ।

ਇਹ ਵੀ ਪੜ੍ਹੋ:

ਦੇਸ਼ਧ੍ਰੋਹ ਕਾਨੂੰਨ 'ਤੇ ਮੁੜ ਵਿਚਾਰ ਕਰਾਂਗੇ, ਤੁਸੀਂ ਸੁਣਵਾਈ ਟਾਲ ਦਿਓ - ਸੁਪਰੀਮ ਕੋਰਟ 'ਚ ਕੇਂਦਰ

ਕੇਂਦਰ ਨੇ ਇਹ ਦਾਅਵਾ ਕੀਤਾ ਕਿ ਉਹ ਦੇਸ਼ਧ੍ਰੋਹ ਕਾਨੂੰਨ 'ਤੇ ਪ੍ਰਗਟਾਏ ਜਾ ਰਹੇ ਵੱਖ-ਵੱਖ ਵਿਚਾਰਾਂ ਤੋਂ ਪੂਰੀ ਤਰ੍ਹਾਂ ਜਾਣੂ ਹਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਕੇਂਦਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਉਨ੍ਹਾਂ ਨੇ ਧਾਰਾ 124ਏ ਦੇ ਉਪਬੰਧਾਂ 'ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਇਸ ਨੂੰ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਸੁਣਵਾਈ ਨੂੰ ਮੁਲਤਵੀ ਕਰਨ ਦੀ ਤਾਕੀਦ ਕੀਤੀ।

ਇੱਕ ਸੰਖੇਪ ਹਲਫ਼ਨਾਮੇ ਵਿੱਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ "ਸਮੇਂ-ਸਮੇਂ 'ਤੇ, ਵੱਖ-ਵੱਖ ਫੋਰਮਾਂ ਵਿੱਚ, ਨਾਗਰਿਕ ਸੁਤੰਤਰਤਾ ਦੀ ਸੁਰੱਖਿਆ, ਮਨੁੱਖੀ ਅਧਿਕਾਰਾਂ ਦੇ ਸਨਮਾਨ ਦੇ ਹੱਕ ਵਿੱਚ, ਅਤੇ ਸੰਵਿਧਾਨਕ ਤੌਰ 'ਤੇ ਅਜ਼ਾਦੀ ਨੂੰ ਅਰਥ ਦੇਣ ਦੇ ਪੱਖ ਵਿੱਚ ਆਪਣੇ ਸਪੱਸ਼ਟ ਵਿਚਾਰ ਪ੍ਰਗਟ ਕੀਤੇ ਹਨ।''

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, "ਭਾਰਤ ਦੀ ਤਾਕਤ ਸਾਡੇ ਦੇਸ਼ ਵਿੱਚ ਵਿਭਿੰਨ ਵਿਚਾਰ ਧਾਰਾਵਾਂ ਹਨ ਜੋ ਸੁੰਦਰਤਾ ਨਾਲ ਵਧਦੀਆਂ ਹਨ।"

ਵਿਸ਼ੇਸ਼ ਲੋੜ ਵਾਲੇ ਬੱਚੇ ਨੂੰ ਜਹਾਜ਼ 'ਚ ਜਾਣ ਤੋਂ ਰੋਕਣ ਦੇ ਮਾਮਲੇ 'ਚ ਇੰਡੀਗੋ ਨੇ ਮੰਗੀ ਮਾਫ਼ੀ

ਸ਼ਨੀਵਾਰ ਨੂੰ ਰਾਂਚੀ ਏਅਰਪੋਰਟ 'ਤੇ ਸਪੈਸ਼ਲ ਨੀਡ ਵਾਲੇ ਬੱਚੇ ਨੂੰ ਜਹਾਜ਼ ਵਿੱਚ ਚੜ੍ਹਨ ਤੋਂ ਰੋਕਣ ਦੇ ਮਾਮਲੇ ਦੇ ਚਰਚਾ ਵਿੱਚ ਆਉਣ ਤੋਂ ਬਾਅਦ ਇੰਡੀਗੋ ਏਅਰਲਾਈਨਜ਼ ਨੇ ਮਾਫ਼ੀ ਮੰਗ ਲਈ ਹੈ।

ਇੰਡੀਗੋ ਦੇ ਸੀਈਓ ਰੋਨੋਜੋਏ ਦੱਤਾ ਵੱਲੋ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ''ਇੰਡੀਗੋ ਵਿੱਚ ਅਸੀਂ ਸਾਰੇ ਇਸ ਘਟਨਾ ਤੋਂ ਦੁਖੀ ਹਾਂ। ਅਪ੍ਰੈਲ ਤੋਂ ਲੈ ਕੇ ਹੁਣ ਤੱਕ ਸਾਡੀ ਏਅਰਲਾਈਨਜ਼ ਨੇ ਸਪੈਸ਼ਲ ਨੀਡ ਵਾਲੇ 75 ਹਜ਼ਾਰ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਇਆ ਹੈ।''

''ਸਾਡੇ ਕਰੂ ਅਤੇ ਏਅਰਪੋਰਟ ਸਟਾਫ਼ ਨੂੰ ਸਪੈਸ਼ਲ ਨੀਡ ਵਾਲੇ ਪੈਸੇਂਜਰਾਂ ਨੂੰ ਸੰਵੇਦਨਸ਼ੀਲਤਾ ਨਾਲ ਸਰਵਿਸ ਦੇਣ ਲਈ ਟ੍ਰੇਨਿੰਗ ਦਿੱਤੀ ਗਈ ਹੈ। ਇਸਦੇ ਬਾਵਜੂਦ ਇਹ ਮੰਦਭਾਗੀ ਘਟਨਾ ਹੈ।''

ਦੱਤਾ ਨੇ ਕਿਹਾ, 'ਚੈਕ-ਇਨ ਅਤੇ ਬੋਰਡਿੰਗ ਪ੍ਰਕਿਰਿਆ ਦੌਰਾਨ ਸਾਡਾ ਇਰਾਦਾ ਪਰਿਵਾਰ ਨੂੰ ਲੈ ਕੇ ਜਾਣ ਦਾ ਸੀ, ਹਾਲਾਂਕਿ ਬੋਰਡਿੰਗ ਏਰੀਆ ਵਿੱਚ ਟੀਨਏਜਰ ਦੀ ਘਰਬਰਾਹਟ ਦਿਖ ਰਹੀ ਸੀ। ਸੁਰੱਖਿਆ ਨਿਰਦੇਸ਼ਾਂ ਮੁਤਾਬਕ ਕਰਮਚਾਰੀਆਂ ਨੂੰ ਇੱਕ ਮੁਸ਼ਕਲ ਫ਼ੈਸਲਾ ਲੈਣ ਲਈ ਮਜਬੂਰ ਕਰ ਦਿੱਤਾ।''

ਉਨ੍ਹਾਂ ਨੇ ਅੱਗੇ ਕਿਹਾ, ''ਅਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਖ਼ਾਸ ਜ਼ਰੂਰਤਾਂ ਵਾਲੇ ਬੱਚਿਆਂ ਦੀ ਦੇਖਭਾਲ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਮਾਪੇ ਸਾਡੇ ਸਮਾਜ ਦੇ ਸੱਚੇ ਨਾਇਕ ਹਨ।''

''ਉਨ੍ਹਾਂ ਦੇ ਸਾਰੀ ਉਮਰ ਦੇ ਸਮਰਪਣ ਦੀ ਸਾਡੀ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ ਅਸੀਂ ਉਨ੍ਹਾਂ ਦੇ ਬੱਚੇ ਲਈ ਇੱਕ ਇਲੈਕਟ੍ਰਿਕ ਵ੍ਹੀਲਚੇਅਰ ਖਰੀਦਣ ਦੀ ਪੇਸ਼ਕਸ਼ ਕਰਨਾ ਚਾਹੁੰਦੇ ਹਾਂ।''

ਉਧਰ ਕੇਂਦਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿਤਿਆ ਸਿੰਧਿਆ ਨੇ ਏਅਰਲਾਈਨ ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ।

ਕੌਮੀ ਬਾਲ ਅਧਿਕਾਰ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੁਲਿਸ ਨੂੰ ਇੰਡੀਗੋ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਨੂੰ ਕਿਹਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)