ਬਹਿਬਲ ਕਲਾਂ ਗੋਲੀਕਾਂਡ ਦਾ ਸ਼ਿਕਾਰ ਹੋਏ ਦੋ ਸਿੱਖਾਂ ਦੇ ਚਿੱਤਰ ਸਿੱਖ ਮਿਊਜ਼ਿਮ 'ਚ ਲਗਾਏ ਗਏ - ਪ੍ਰੈੱਸ ਰਿਵੀਊ

ਤਸਵੀਰ ਸਰੋਤ, FB/SGPC
ਦਰਬਾਰ ਸਾਹਿਬ 'ਚ ਬਣੇ ਸਿੱਖ ਮਿਊਜ਼ਿਮ 'ਚ ਬਹਿਬਲ ਕਲਾਂ ਦੇ ਦੋ ਪੀੜਤਾਂ ਦੇ ਚਿੱਤਰ ਲਗਾਏ ਗਏ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਤ ਵੱਖ-ਵੱਖ ਸਿੱਖ ਸ਼ਖ਼ਸੀਅਤਾਂ ਦੇ ਚਿੱਤਰਾਂ ਨੂੰ ਦਰਬਾਰ ਸਾਹਿਬ ਦੇ ਨੇੜੇ ਸੈਂਟਰਲ ਸਿੱਖ ਮਿਊਜ਼ਿਮ ਵਿੱਚ ਥਾਂ ਦਿੱਤੀ ਹੈ।
ਲਗਾਏ ਗਏ ਚਿੱਤਰਾਂ ਵਿੱਚ ਦੋ ਨਾਮ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਹਨ, ਜੋ ਬਹਿਬਲ ਕਲਾਂ ਗੋਲੀਕਾਂਡ ਵਿੱਚ ਮਾਰੇ ਗਏ ਸਨ।
ਸਿੱਖ ਮਿਊਜ਼ਿਮ ਵਿੱਚ ਸੱਤ ਚਿੱਤਰਾਂ ਤੋਂ ਪਰਦਾ ਚੁੱਕਦਿਆਂ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬਹਿਬਲ ਕਲਾਂ ਦੇ ਦੋਵੇਂ ਪੀੜਤਾਂ ਸਣੇ ਬਾਕੀ ਸਿੱਖਾਂ ਨੇ ਸਿੱਖੀ ਜਜ਼ਬੇ ਦੀ ਉਦਾਹਰਣ ਪੇਸ਼ ਕੀਤੀ ਹੈ।
ਜਿਨ੍ਹਾਂ ਸੱਤ ਸਿੱਖ ਸ਼ਖ਼ਸੀਅਤਾਂ ਦੇ ਚਿੱਤਰ ਸਿੱਖ ਮਿਊਜ਼ਿਮ ਵਿੱਚ ਲਗਾਏ ਗਏ ਹਨ, ਉਨ੍ਹਾਂ ਵਿੱਚ ਬਹਿਬਲ ਕਲਾਂ ਦੇ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਤੋਂ ਇਲਾਵਾ ਹਰਬੰਸ ਸਿੰਘ ਘੁੰਮਣ, ਪ੍ਰਿਥੀਪਾਲ ਸਿੰਘ, ਮਰਹੂਮ ਜਸਵੰਤ ਸਿੰਘ ਗਿੱਲ, ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਸੋਹਣ ਸਿੰਘ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ:
ਰਾਮ ਨੌਮੀ 'ਤੇ ਹੋਈਆਂ ਝੜਪਾਂ ਤੋਂ ਬਾਅਦ ਪ੍ਰਸ਼ਾਸਨ ਨੇ ਕਈ 'ਗ਼ੈਰ-ਕਾਨੂੰਨੀ' ਇਮਾਰਤਾਂ ਨੂੰ ਢਾਹਿਆ
ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਖਰਗੋਨ ਵਿੱਚ ਹੋਈ ਹਿੰਸਾ ਦੌਰਾਨ ਘੱਟੋ-ਘੱਟ 10 ਘਰਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਖਰਗੋਨ ਦੇ ਪੁਲਿਸ ਅਧਿਕਾਰੀ ਸਿਧਾਰਥ ਚੌਧਰੀ ਸਣੇ ਦੋ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।

ਤਸਵੀਰ ਸਰੋਤ, Getty Images
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਇਸ ਹਿੰਸਾ ਦੇ ਅਗਲੇ ਹੀ ਦਿਨ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ਦੇ ਪੰਜ ਇਲਾਕਿਆਂ ਵਿੱਚ 16 ਘਰਾਂ ਅਤੇ 29 ਦੁਕਾਨਾਂ ਨੂੰ ਢਾਹੁਣ ਦੀ ਮੁਹਿੰਮ ਚਲਾਈ।
ਉਧਰ ਖ਼ਬਰ ਮੁਤਾਬਕ ਭੋਪਾਲ ਵਿੱਚ ਸੂਬੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਕਲੇਮ ਟ੍ਰਿਬਿਉਨਲ ਦਾ ਗਠਨ ਕਰਕੇ ਦੰਗਾਈਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਦੂਜੇ ਪਾਸੇ ਸੂਬੇ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਚੇਤਾਵਨੀ ਦਿੰਦਿਆਂ ਕਿਹਾ, ''ਜਿਸ ਘਰ ਤੋਂ ਪੱਥਰ ਆਏ ਹਨ, ਉਸ ਘਰ ਨੂੰ ਹੀ ਪੱਥਰਾਂ ਦਾ ਢੇਰ ਬਣਾਵਾਂਗੇ।''
ਇੰਡੀਅਨ ਐਕਸਪ੍ਰੈੱਸ ਨਾਲ ਗੱਲ ਕਰਦਿਆਂ ਐੱਸਡੀਐੱਮ ਮਿਲਿੰਦ ਢੋਕੇ ਨੇ ਕਿਹਾ, ''ਹੁਣ ਤੱਕ ਜਿੰਨੇ ਵੀ ਘਰ ਅਤੇ ਦੁਕਾਨਾਂ ਨੂੰ ਢਾਹਿਆ ਗਿਆ ਹੈ, ਉਹ ਗ਼ੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਗਈਆਂ ਸਨ। ਇਨ੍ਹਾਂ ਇਲਾਕਿਆਂ ਤੋਂ ਪੱਥਰਬਾਜ਼ੀ ਦੀਆਂ ਰਿਪੋਰਟਾਂ ਸਨ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ।''
ਉਧਰ ਮੀਡੀਆ ਨਾਲ ਗੱਲ ਕਰਦਿਆਂ ਇੰਦੋਰ ਰੇਂਜ ਦੇ ਕਮਿਸ਼ਨਰ ਡਾ. ਪਵਨ ਕੁਮਾਰ ਸ਼ਰਮਾ ਨੇ ਕਿਹਾ, ''ਹੁਣ ਤੱਕ 84 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੀਆਂ ਗ਼ੈਰ ਕਾਨੂੰਨੀ ਜਾਇਦਾਦ ਅਤੇ ਅਤਿਕ੍ਰਮਣ ਨੂੰ ਢਾਹਿਆ ਜਾ ਰਿਹਾ ਹੈ, ਹੁਣ ਤੱਕ 50 ਥਾਂਵਾਂ ਦੀ ਪਛਾਣ ਕੀਤੀ ਗਈ ਹੈ ਅਤੇ ਕਾਰਵਾਈ ਜਾਰੀ ਹੈ।''
ਕੋਵਿਡ ਦਾ ਨਵਾਂ ਵੇਰੀਐਂਟ (XE) - 8 ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਕੁਅੰਰਟੀਨ ਲਈ ਭੇਜੇਗਾ ਇਹ ਸੂਬਾ
ਕਰਨਾਟਕ ਨੇ ਕੋਵਿਡ ਦੇ ਨਵੇਂ ਵੇਰੀਐਂਟ ਐਕਸ ਈ ਦੇ ਮੁੰਬਈ ਵਿੱਚ ਪਹਿਲਾ ਕੇਸ ਆਉਣ ਤੋਂ ਬਾਅਦ ਵਿਦੇਸ਼ੀ ਯਾਤਰੀਆਂ ਲਈ ਸੂਬੇ ਵਿੱਚ ਦਾਖਲ ਹੋਣ ਲਈ ਨਵੇਂ ਨਿਯਮਾਂ ਦੀ ਗੱਲ ਕੀਤੀ ਹੈ।

ਤਸਵੀਰ ਸਰੋਤ, Getty Images
ਦਿ ਨਿਊਜ਼ ਮਿਨਟ ਦੀ ਖ਼ਬਰ ਮੁਤਾਬਕ ਕਰਨਾਟਕ ਦੇ ਸਿਹਤ ਮੰਤਰੀ ਕੇ ਸੁਧਾਕਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਵਿਦੇਸ਼ੀ ਯਾਤਰੀਆਂ ਦੀ ਐਂਟਰੀ ਲਈ ਨਵੇਂ ਨਿਯਮ ਸੁਝਾਏ ਗਏ ਹਨ।
ਕਰਨਾਟਕ ਦੇ ਸਿਹਤ ਮੰਤਰੀ ਨੇ ਕੋਵਿਡ-19 ਟੈਕਨੀਕਲ ਐਡਵਾਇਜ਼ਰੀ ਕਮੇਟੀ ਨਾਲ ਮੀਟਿੰਗ ਤੋਂ ਬਾਅਦ ਕਿਹਾ ਕਿ ਇਹ ਨਵੇਂ ਨਿਯਮ ਅੱਠ ਮੁਲਕਾਂ ਤੋਂ ਆਉਣ ਵਾਲਿਆਂ ਉੱਤੇ ਲਾਗੂ ਹੋਣਗੇ, ਇਨ੍ਹਾਂ ਵਿੱਚ ਚੀਨ, ਹਾਂਗ ਕਾਂਗ, ਦੱਖਣੀ ਕੋਰੀਆ, ਯੂਕੇ ਅਤੇ ਜਰਮਨੀ ਸ਼ਾਮਲ ਹਨ। ਇਹ ਉਹ ਮੁਲਕ ਹਨ ਜਿਨ੍ਹਾਂ ਵਿੱਚ ਕੋਵਿਡ ਦੇ ਨਵੇਂ ਵੇਰੀਐਂਟ ਦੇ ਕੇਸ ਵੱਧ ਰਹੇ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਕਮੇਟੀ ਵੱਲੋਂ ਸੁਝਾਏ ਗਏ ਨਵੇਂ ਨਿਯਮਾਂ ਵਿੱਚ ਥਰਮਲ ਸਕ੍ਰੀਨਿੰਗ, ਸਖ਼ਤ ਜਾਂਚ ਅਤੇ ਲਾਜ਼ਮੀ ਕੁਆਰੰਟੀਨ ਸੱਤ ਤੋਂ ਦੱਸ ਦਿਨਾਂ ਲਈ ਸ਼ਾਮਲ ਹਨ।
ਉਨ੍ਹਾਂ ਮੁਤਾਬਕ ਇਸ ਬਾਬਤ ਸਰਕਾਰ ਜਲਦੀ ਹੀ ਗਾਈਡਲਾਈਨਜ਼ ਜਾਰੀ ਕਰੇਗੀ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












