ਮਲਾਇਕਾ ਅਰੋੜਾ ਦੀ ਗੱਡੀ ਹਾਦਸਾਗ੍ਰਸਤ, ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਅਦਾਕਾਰਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਮਲਾਇਕਾ ਅਰੋੜਾ ਇੱਕ ਕਾਰ ਹਾਦਸੇ ਵਿੱਚ ਜ਼ਖਮੀ ਹੋ ਗਏ ਹਨ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਇਹ ਹਾਦਸਾ ਸ਼ਨੀਵਾਰ ਨੂੰ ਮੁੰਬਈ-ਪੁਣੇ ਐਕਸਪ੍ਰੈੱਸ ਵੇਅ 'ਤੇ ਖੋਪੋਲੀ ਨੇੜੇ ਵਾਪਰਿਆ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਾਮ ਲਗਭਗ 5 ਵਜੇ ਇੱਕ ਫੂਡ ਮਾਲ ਨੇੜੇ ਵਾਪਰੀ, ਜਦੋਂ ਅਦਾਕਰਾ ਪੁਣੇ ਤੋਂ ਮੁੰਬਈ ਪਰਤ ਰਹੇ ਸਨ।

ਉਨ੍ਹਾਂ ਅੱਗੇ ਦੱਸਿਆ, ਮਲਾਇਕਾ ਆਪਣੀ ਐੱਸਯੂਵੀ ਕਾਰ ਵਿੱਚ ਸਫ਼ਰ ਕਰ ਰਹੇ ਸਨ, ਫਿਰ ਇੱਕ ਬੱਸ ਅਤੇ ਦੋ ਕਾਰਾਂ ਦੀ ਟੱਕਰ ਹੋ ਗਈ ਅਤੇ ਉਨ੍ਹਾਂ ਵਿੱਚੋਂ ਇੱਕ ਵਾਹਨ ਅਦਾਕਾਰਾ ਦੀ ਐੱਸਯੂਵੀ ਨਾਲ ਟਕਰਾ ਗਿਆ। ਇਸ ਹਾਦਸੇ 'ਚ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਅਧਿਕਾਰੀ ਨੇ ਅੱਗੇ ਕਿਹਾ ਕਿ ਉਸੇ ਰਾਹ ਵੱਲ ਸਫ਼ਰ ਕਰ ਰਿਹਾ ਇੱਕ ਐੱਮਐੱਨਐੱਸ ਆਗੂ ਉਨ੍ਹਾਂ ਨੂੰ ਆਪਣੀ ਕਾਰ ਵਿੱਚ ਮੁੰਬਈ ਲੈ ਗਿਆ।

ਪਰਿਵਾਰ ਮੁਤਾਬਕ, ਮਲਾਇਕਾ ਨੂੰ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਮਲਾਇਕਾ ਦੀ ਭੈਣ ਅਤੇ ਅਦਾਕਰਾ ਅੰਮ੍ਰਿਤਾ ਅਰੋੜਾ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਮਲਾਇਕਾ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ।

ਇਹ ਵੀ ਪੜ੍ਹੋ:

ਹਰਿਆਣਾ 'ਚ ਹੁਣ ਜਨਤਕ ਥਾਵਾਂ 'ਤੇ ਮਾਸਕ ਲਾਜ਼ਮੀ ਨਹੀਂ, ਜ਼ੁਰਮਾਨਾ ਵੀ ਹਟਾਇਆ

ਪਹਿਲਾਂ ਮਹਾਰਾਸ਼ਟਰ, ਫਿਰ ਦਿੱਲੀ ਅਤੇ ਹੁਣ ਹਰਿਆਣਾ ਨੇ ਜਨਤਕ ਥਾਵਾਂ 'ਤੇ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਨੂੰ ਹਟਾ ਦਿੱਤਾ ਹੈ। ਇਸ ਸਬੰਧੀ ਅਧਿਕਾਰਤ ਹੁਕਮ 2 ਅਪ੍ਰੈਲ ਨੂੰ ਜਾਰੀ ਕੀਤੇ ਗਏ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸੂਬਾ ਸਰਕਾਰ ਵੱਲੋਂ ਜਾਰੀ ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ "ਜਨਤਕ ਸਥਾਨਾਂ ਅਤੇ ਕੰਮ ਵਾਲੀ ਥਾਂ 'ਤੇ ਹਰੇਕ ਵਿਅਕਤੀ ਦਾ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਸੀ, ਜਿਸ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ।''

ਹੁਕਮ 'ਚ ਅੱਗੇ ਕਿਹਾ ਗਿਆ ਹੈ, "ਜਨਤਕ ਜਾਂ ਕੰਮ ਵਾਲੀਆਂ ਥਾਵਾਂ 'ਤੇ ਮਾਸਕ ਨਾ ਪਹਿਨਣ ਲਈ 500 ਰੁਪਏ ਦਾ ਜ਼ੁਰਮਾਨਾ ਜਾਂ ਕੋਈ ਹੋਰ ਜ਼ੁਰਮਾਨਾ ਵੀ ਨਹੀਂ ਲਗਾਇਆ ਜਾਵੇਗਾ।''

ਇਸ ਤੋਂ ਪਹਿਲਾਂ, ਕੇਂਦਰ ਨੇ ਸੂਬਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਲਾਹ ਦਿੱਤੀ ਸੀ ਕਿ ਦੇਸ਼ ਵਿੱਚ ਲਾਗ ਦੇ ਤਾਜ਼ਾ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਹੋ ਰਹੀ ਗਿਰਾਵਟ ਦੇ ਮੱਦੇਨਜ਼ਰ ਕੋਵਿਡ ਰੋਕਥਾਮ ਉਪਾਵਾਂ ਨੂੰ ਹਟਾਉਣ ਬਾਰੇ ਵਿਚਾਰ ਕੀਤਾ ਜਾਵੇ।

ਭਾਰਤ ਸ਼੍ਰੀਲੰਕਾ ਨੂੰ ਭੇਜ ਰਿਹਾ ਪਹਿਲੀ ਵੱਡੀ ਖੁਰਾਕ ਸਹਾਇਤਾ

ਸ਼੍ਰੀਲੰਕਾ ਇਸ ਵੇਲੇ ਗੰਭੀਰ ਆਰਥਿਕ ਸੰਕਟ ਅਤੇ ਖਾਣੇ ਸਮੇਤ ਹੋਰ ਵਸਤਾਂ ਦੀ ਭਾਰੀ ਕਮੀ ਝੱਲ ਰਿਹਾ ਹੈ ਅਤੇ ਹੁਣ ਭਾਰਤ ਵੱਲੋਂ ਦੇਸ਼ ਨੂੰ ਪਹਿਲੀ ਵੱਡੀ ਖੁਰਾਕ ਸਹਾਇਤਾ ਭੇਜੀ ਜਾ ਰਹੀ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸ਼ਨੀਵਾਰ ਨੂੰ ਦੋ ਅਧਿਕਾਰੀਆਂ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਜਾਣਕਾਰੀ ਕਿ ਭਾਰਤੀ ਵਪਾਰੀਆਂ ਨੇ ਪਹਿਲੀ ਵੱਡੀ ਖੁਰਾਕ ਸਹਾਇਤਾ ਵਿੱਚ ਸ਼੍ਰੀਲੰਕਾ ਨੂੰ ਤੁਰੰਤ ਸ਼ਿਪਮੈਂਟ ਭੇਜਣ ਲਈ 40,000 ਟਨ ਚੌਲ ਲੋਡ ਕਰਨਾ ਸ਼ੁਰੂ ਕਰ ਦਿੱਤਾ ਹੈ।

2 ਕਰੋੜ 20 ਲੱਖ ਅਬਾਦੀ ਵਾਲੇ ਦੇਸ਼ ਸ਼੍ਰੀਲੰਕਾ ਵਿੱਚ, ਦੋ ਸਾਲਾਂ 'ਚ ਵਿਦੇਸ਼ੀ ਮੁਦਰਾ ਭੰਡਾਰ ਵਿੱਚ 70% ਦੀ ਗਿਰਾਵਟ ਆਈ ਹੈ, ਜਿਸ ਤੋਂ ਬਾਅਦ ਦੇਸ਼ ਜ਼ਰੂਰੀ ਆਯਾਤ ਲਈ ਭੁਗਤਾਨ ਕਰਨ ਲਈ ਸੰਘਰਸ਼ ਕਰ ਰਿਹਾ ਹੈ।

ਉੱਥੋਂ ਦੀ ਮੁਦਰਾ ਦੇ ਮੁੱਲ ਵਿੱਚ ਵੀ ਗਿਰਾਵਟ ਆਈ ਹੈ ਅਤੇ ਟਾਪੂ ਦੇਸ਼ ਹੁਣ ਗਲੋਬਲ ਆਗੂਆਂ ਤੋਂ ਮਦਦ ਲੈਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ।

ਦੇਸ਼ ਦੇ ਹਾਲਾਤਾਂ ਦੇ ਚੱਲਦਿਆਂ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਅਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)