You’re viewing a text-only version of this website that uses less data. View the main version of the website including all images and videos.
'ਦਿ ਕਸ਼ਮੀਰ ਫਾਈਲਜ਼' 'ਤੇ ਟਵੀਟ ਕਰਨ ਵਾਲੇ ਮੁਸਲਮਾਨ ਆਈਏਐੱਸ ਅਫ਼ਸਰ ਨੂੰ ਨੋਟਿਸ- ਪ੍ਰੈੱਸ ਰੀਵਿਊ
ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਸੂਬਾ ਸਰਕਾਰ ਆਈਏਐੱਸ ਅਧਿਕਾਰੀ ਨਿਆਜ਼ ਖਾਨ ਨੂੰ ਨੋਟਿਸ ਜਾਰੀ ਕਰੇਗੀ, ਜਿਨ੍ਹਾਂ ਨੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ "ਦਿ ਕਸ਼ਮੀਰ ਫਾਈਲਜ਼" 'ਤੇ ਵਿਵਾਦਿਤ ਟਵੀਟ ਪੋਸਟ ਕੀਤਾ ਸੀ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਨਿਆਜ਼ ਖਾਨ ਐੱਮਪੀ ਪਬਲਿਕ ਵਰਕਸ ਡਿਪਾਰਟਮੈਂਟ ਦੇ ਡਿਪਟੀ ਸੈਕਟਰੀ ਹਨ ਅਤੇ ਪਿਛਲੇ ਹਫ਼ਤੇ ਉਨ੍ਹਾਂ ਨੇ "ਦਿ ਕਸ਼ਮੀਰ ਫਾਈਲਜ਼" ਦੇ ਨਿਰਮਾਤਾਵਾਂ ਨੂੰ ਅਪੀਲ ਕੀਤੀ ਸੀ ਉਹ "ਕਈ ਸੂਬਿਆਂ ਵਿੱਚ ਵੱਡੀ ਗਿਣਤੀ 'ਚ ਮੁਸਲਮਾਨਾਂ ਦੀ ਹੱਤਿਆ" ਉੱਤੇ ਵੀ ਇੱਕ ਫਿਲਮ ਬਣਾਉਣ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਸੀ ਕਿ ਇਸ ਘੱਟ ਗਿਣਤੀ ਭਾਈਚਾਰੇ ਦੇ ਲੋਕ "ਕੀੜੇ-ਮਕੌੜੇ ਨਹੀਂ, ਸਗੋਂ ਦੇਸ਼ ਦੇ ਨਾਗਰਿਕ ਹਨ"।
ਗ੍ਰਹਿ ਮੰਤਰੀ ਮਿਸ਼ਰਾ ਨੇ ਕਿਹਾ, "ਮੈਂ ਖਾਨ ਦੇ ਟਵੀਟ ਦੇਖੇ ਹਨ। ਇਹ ਇੱਕ ਗੰਭੀਰ ਮੁੱਦਾ ਹੈ... ਉਹ (ਸਰਕਾਰੀ) ਅਧਿਕਾਰੀਆਂ ਲਈ ਨਿਰਧਾਰਤ ਲਕਸ਼ਮਣ ਰੇਖਾ (ਸੀਮਾ) ਨੂੰ ਪਾਰ ਕਰ ਰਹੇ ਹਨ। ਸੂਬਾ ਸਰਕਾਰ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਇਸ ਬਾਰੇ ਜਵਾਬ ਮੰਗੇਗੀ''।
ਨਿਆਜ਼ ਖਾਨ ਨੇ ਇਹ ਵੀ ਕਿਹਾ ਸੀ ਕਿ ਉਹ "ਮੁਸਲਮਾਨਾਂ ਦੇ ਕਤਲੇਆਮ" ਬਾਰੇ ਦੱਸਣ ਵਾਲੀ ਇੱਕ ਕਿਤਾਬ ਲਿਖਣ ਦੀ ਸੋਚ ਰਹੇ ਹਨ ਤਾਂ ਜੋ ਭਾਰਤੀਆਂ ਦੇ ਸਾਹਮਣੇ "ਘੱਟ ਗਿਣਤੀਆਂ ਦੇ ਦਰਦ ਅਤੇ ਪੀੜਾ" ਨੂੰ ਲਿਆਉਣ ਲਈ "ਦਿ ਕਸ਼ਮੀਰ ਫਾਈਲਜ਼" ਵਰਗੀ ਫਿਲਮ ਦਾ ਨਿਰਮਾਣ ਕੀਤਾ ਜਾ ਸਕੇ।
''ਦਿ ਕਸ਼ਮੀਰ ਫਾਈਲਜ਼'' ਦੇ ਡਾਇਰੈਕਟਰ ਨੇ ਵੀ ਟਵੀਟ ਕਰਕੇ ਨਿਆਜ਼ ਖ਼ਾਨ ਨੂੰ ਮਿਲ ਕੇ ਚਰਚਾ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ:
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬੋਲੇ- 'ਨਹੀਂ ਦੇਵਾਂਗੇ ਅਸਤੀਫ਼ਾ'
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਹ ਆਪਣੇ ਵਿਰੋਧੀ ਧਿਰ ਨੂੰ "ਹੈਰਾਨ" ਕਰਦੇ ਹੋਏ, ਉਨ੍ਹਾਂ ਖਿਲਾਫ "ਅਵਿਸ਼ਵਾਸ ਪ੍ਰਸਤਾਵ ਮੈਚ" ਵਿੱਚ ਜਿੱਤ ਪ੍ਰਾਪਤ ਕਰਨਗੇ।
ਪ੍ਰਧਾਨ ਮੰਤਰੀ ਦੀਆਂ ਇਹ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਦੋ ਦਿਨਾਂ ਬਾਅਦ ਨੈਸ਼ਨਲ ਅਸੈਂਬਲੀ (ਐੱਨਏ) ਦਾ ਸੈਸ਼ਨ ਹੈ ਜਿਸ ਵਿੱਚ ਇਮਰਾਨ ਖਾਨ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਕਰਨ ਵਾਲੇ ਸਾਂਝੇ ਵਿਰੋਧੀ ਧਿਰ ਦੇ ਮਤੇ 'ਤੇ ਵਿਚਾਰ-ਵਟਾਂਦਰਾ ਸ਼ੁਰੂ ਹੋਣਾ ਹੈ।
ਡਾਨ ਦੀ ਖ਼ਬਰ ਮੁਤਾਬਕ, ਇਮਰਾਨ ਖਾਨ ਦੀ ਪਾਰਟੀ ਵਿੱਚ ਅਸ਼ੰਤੁਸ਼ਟੀ ਦੀ ਸਥਿਤੀ ਬਣੀ ਹੋਈ ਹੈ ਅਤੇ ਸਹਿਯੋਗੀ ਵੀ ਵਿਰੋਧੀ ਧਿਰ ਦੇ ਪੱਖ ਵਿੱਚ ਜਾਣ ਦੇ ਸੰਕੇਤ ਦੇ ਰਹੇ ਹਨ ਪਰ ਇਸ ਦੇ ਬਾਵਜੂਦ, ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਚੇਤਾਵਨੀ ਦਿੱਤੀ ਕਿ ਉਹ "ਉਨ੍ਹਾਂ ਦੇ (ਵਿਰੋਧੀ ਧਿਰ ਆਪਣੇ ਹੀ) ਵੋਟਰਾਂ ਦੇ ਨੁਕਸਾਨ ਤੋਂ ਹੈਰਾਨ ਰਹਿ ਜਾਣਗੇ।''
ਖਾਨ ਨੇ ਕਿਹਾ ਕਿ "ਵਿਰੋਧੀ ਧਿਰ ਪਹਿਲਾਂ ਹੀ ਆਪਣੇ ਸਾਰੇ ਪੱਤੇ ਦਿਖਾ ਚੁੱਕੀ ਹੈ, ਉਨ੍ਹਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਮਿਲਣ ਵਾਲਾ ਹੈ''।
ਪ੍ਰਧਾਨ ਮੰਤਰੀ ਖਾਨ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਆਪਣਾ ਅਸਤੀਫਾ ਨਹੀਂ ਦੇਣਗੇ ਅਤੇ ਕਿਹਾ ਕਿ "ਕਿਸੇ ਦੀ ਇਹ ਧਾਰਨਾ ਗਲਤ ਹੋ ਸਕਦੀ ਹੈ ਕਿ ਮੈਂ ਘਰ ਬੈਠਾਂਗਾ"।
ਕੇਂਦਰ ਨੇ ਹੁਣ ਤੱਕ 320 ਮੋਬਾਈਲ ਐਪਸ ਕੀਤੀਆਂ ਬਲੌਕ
ਵਣਜ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਸੰਸਦ ਨੂੰ ਬੁੱਧਵਾਰ ਨੂੰ ਦੱਸਿਆ ਕਿ ਸਰਕਾਰ ਨੇ ਆਪਣੇ ਸਾਰੇ ਉਪਭੋਗਤਾਵਾਂ ਲਈ ਇੱਕ ਸੁਰੱਖਿਅਤ, ਭਰੋਸੇਮੰਦ ਅਤੇ ਜ਼ਿੰਮੇਵਾਰ (ਅਕਾਉਂਟੇਬਲ) ਇੰਟਰਨੈਟ ਯਕੀਨੀ ਬਣਾਉਣ ਲਈ ਸੂਚਨਾ ਤਕਨਾਲੋਜੀ (ਆਈਟੀ) ਐਕਟ ਦੇ ਇੱਕ ਪ੍ਰਬੰਧ ਦੇ ਤਹਿਤ ਹੁਣ ਤੱਕ 320 ਮੋਬਾਈਲ ਐਪਲੀਕੇਸ਼ਨਾਂ ਨੂੰ ਬਲੌਕ ਕੀਤਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ, ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਮੋਬਾਈਲ ਐਪਲੀਕੇਸ਼ਨਾਂ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ, ਰੱਖਿਆ ਅਤੇ ਸੁਰੱਖਿਆ ਦੇ ਹਿੱਤ ਵਿੱਚ ਬਲੌਕ ਕੀਤਾ ਗਿਆ ਹੈ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਕੁਝ ਐਪਸ ਨੂੰ ਰੀਬ੍ਰਾਂਡਿੰਗ ਤੋਂ ਬਾਅਦ ਦੁਬਾਰਾ ਲਾਂਚ ਕੀਤਾ ਗਿਆ ਸੀ ਅਤੇ ਫਰਵਰੀ ਵਿੱਚ ਅਜਿਹੀਆਂ 49 ਐਪਾਂ ਨੂੰ ਮੁੜ-ਬਲਾਕ ਕਰ ਦਿੱਤਾ ਗਿਆ।
ਇੱਕ ਹੋਰ ਲਿਖਤੀ ਜਵਾਬ ਵਿੱਚ ਉਨ੍ਹਾਂ ਜਾਣਕਾਰੀ ਦਿੱਤੀ ਕਿ ਭਾਰਤ ਨੂੰ ਅਪ੍ਰੈਲ 2000 ਤੋਂ ਦਸੰਬਰ 2021 ਦੌਰਾਨ ਚੀਨ ਤੋਂ ਸਿਰਫ 2.45 ਬਿਲੀਅਨ ਡਾਲਰ ਦਾ ਸਿੱਧਾ ਵਿਦੇਸ਼ੀ ਨਿਵੇਸ਼ (ਐੱਫਡੀਆਈ) ਪ੍ਰਾਪਤ ਹੋਇਆ ਹੈ।
ਇਹ ਵੀ ਪੜ੍ਹੋ: