ਪੰਜਾਬ ਵਿਧਾਨ ਸਭਾ 'ਚ ਭਗਤ ਸਿੰਘ, ਡਾ. ਅੰਬੇਦਕਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲੱਗਣਗੇ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਪੰਜਾਬ 'ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਵਿਧਾਨ ਸਭਾ ਸੈਸ਼ਨ ਦਾ ਅੱਜ ਤੀਜਾ ਤੇ ਅਖੀਰਲਾ ਦਿਨ ਸੀ। ਅੱਜ ਵਿਧਾਨ ਸਭਾ 'ਚ ਨਵੇਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਵੋਟ ਆਨ ਅਕਾਊਂਟ ਪੇਸ਼ ਕੀਤਾ ਜਿਸ ਵਿੱਚ ਮਾਨ ਸਰਕਾਰ ਨੇ ਅਗਲੇ ਕੁਝ ਮਹੀਨਿਆਂ ਤੱਕ ਖਰਚਾ ਚਲਾਉਣ ਲਈ ਵਿਧਾਨ ਸਭਾ ਤੋਂ ਮਨਜ਼ੂਰੀ ਮੰਗੀ।

ਸਦਨ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ।

ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਵਜੋਂ ਚੁਣਿਆ ਗਿਆ ਹੈ ਅਤੇ ਲੰਘੇ ਦਿਨੀਂ ਉਨ੍ਹਾਂ ਨੇ ਆਪਣਾ ਕਾਰਜਭਾਰ ਵੀ ਸਾਂਭ ਲਿਆ ਹੈ।

ਵਿਧਾਨ ਸਭਾ 'ਚ 'ਵੋਟ ਆਨ ਅਕਾਊਂਟ ਬਿੱਲ' ਪਾਸ

ਪੰਜਾਬ ਵਿਧਾਨ ਸਭ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਦੁਆਰਾ ਪੇਸ਼ ਕੀਤੇ 'ਵੋਟ ਆਨ ਅਕਾਊਂਟ ਬਿੱਲ' ਨੂੰ ਪਾਸ ਕਰ ਦਿੱਤਾ ਗਿਆ ਹੈ।

ਆਉਂਦੇ ਤਿੰਨ 3 ਮਹੀਨਿਆਂ, ਅਪ੍ਰੈਲ, ਮਈ ਅਤੇ ਜੂਨ ਲਈ ਸੂਬੇ ਵਾਸਤੇ 37 ਹਜ਼ਾਰ ਕਰੋੜ ਦਾ ਬਜਟ ਪਾਸ ਕੀਤਾ ਗਿਆ।

ਭਗਤ ਸਿੰਘ, ਡਾ. ਭੀਮਰਾਓ ਅੰਬੇਦਕਰ ਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਲੱਗਣਗੇ

ਪੰਜਾਬ ਵਿਧਾਨ ਸਭਾ ਵਿੱਚ ਪ੍ਰਸਤਾਵ ਪੇਸ਼ ਕੀਤਾ ਗਿਆ ਹੈ ਕਿ ਭਗਤ ਸਿੰਘ ਅਤੇ ਡਾ. ਭੀਮਰਾਓ ਅੰਬੇਦਕਰ ਦੇ ਬੁੱਤ ਪੰਜਾਬ ਵਿਧਾਨ ਸਭਾ 'ਚ ਲਗਾਏ ਜਾਣ। ਇਸ ਸਬੰਧੀ ਸਭਾ ਸਪੀਕਰ ਨੇ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ।

ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਬੁੱਤ ਲਗਾਉਣ ਦੀ ਗੱਲ 'ਤੇ ਰਾਇ ਦਿੰਦਿਆਂ ਕਿਹਾ ਕਿ ਇਸ ਸਬੰਧੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਯਾਦ ਕੀਤਾ ਜਾਵੇ।

ਵਿਧਾਨ ਸਭਾ 'ਚ ਬੋਲਦੇ ਹੋਏ ਸੀਐੱਮ ਭਗਵੰਤ ਮਾਨ ਨੇ ਐਲਾਨ ਕੀਤਾ, ''ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਪੰਜਾਬ ਵਿੱਚ ਛੁੱਟੀ ਹੋਵੇਗੀ। ਪਹਿਲਾਂ ਇਹ ਛੁੱਟੀ ਸਿਰਫ਼ ਨਵਾਂਸ਼ਹਿਰ ਵਿੱਚ ਹੀ ਹੁੰਦੀ ਸੀ।''

ਕਾਂਗਰਸ ਆਗੂ ਰਾਜਾ ਵੜਿੰਗ ਨੇ ਕਿਹਾ ਕਿ ਛੁੱਟੀ ਦੀ ਬਜਾਏ ਸਕੂਲ, ਕਾਲਜਾਂ 'ਚ ਬੱਚਿਆਂ ਨੂੰ ਭਗਤ ਸਿੰਘ ਦੇ ਜੀਵਨ ਅਤੇ ਕੁਰਬਾਨੀ ਬਾਰੇ ਦੱਸਿਆ ਜਾਵੇ।ਜਿਸ 'ਤੇ ਸੀਐੱਮ ਭਗਵੰਤ ਮਾਨ ਨੇ ਰਾਜਾ ਵੜਿੰਗ ਨੂੰ ਸਵਾਲ ਕੀਤਾ ਕਿ ਕੀ ਉਨ੍ਹਾਂ ਨੂੰ ਭਗਤ ਸਿੰਘ ਦੀ ਜਨਮ ਮਿਤੀ ਬਾਰੇ ਪਤਾ ਹੈ? ਉਨ੍ਹਾਂ ਕਿਹਾ ਕਿ ਬਹੁਤ ਮਾੜੀ ਗੱਲ ਹੈ ਕਿ ਰਾਜਾ ਵੜਿੰਗ ਨੂੰ ਇਹ ਮਿਤੀ ਨਹੀਂ ਪਤਾ।

ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਜਨਮ ਦਿਹਾੜੇ 'ਤੇ ਉਨ੍ਹਾਂ ਨਾਲ ਜੁੜੇ ਸਮਾਗਮ ਕਰਾਏ ਜਾਣਗੇ।

ਬਸਪਾ ਆਗੂ ਡਾ. ਨਛੱਤਰ ਪਾਲ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਛੁੱਟੀ ਐਲਾਨੇ ਜਾਣ ਲਈ ਧੰਨਵਾਦ ਕੀਤਾ।

ਇਹ ਵੀ ਪੜ੍ਹੋ:

ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ''ਸ਼ਹੀਦਾਂ ਨੂੰ ਅਸੀਂ ਬੰਨ੍ਹ ਕੇ ਨਹੀਂ ਰੱਖ ਸਕਦੇ। ਇਹ ਚੰਗਾ ਫੈਸਲਾ ਹੈ ਕਿ ਉਨ੍ਹਾਂ ਦਾ ਬੁੱਤ ਇੱਥੇ ਲਗਾਇਆ ਜਾਵੇ। ਪਰ ਬੁੱਤ ਕਾਫੀ ਨਹੀਂ ਹੈ। ਉਨ੍ਹਾਂ ਦੇ ਵਿਚਾਰ ਕਿਸੇ ਨਾਅਰੇ ਨਾਲ ਪੂਰੇ ਨਹੀਂ ਹੋਣੇ।''''ਅਸੀਂ ਹਾਊਸ ਦੇ ਅੰਦਰ ਇਨਕਲਾਬ ਜ਼ਿੰਦਾਬਾਦ ਬੋਲ ਦੇਈਏ, ਇਹ ਇਨਕਲਾਬ ਕਿਹੜਾ ਹੈ। ਮੈਨੂੰ ਲੱਗਦਾ ਹੈ ਕਿ ਡਿਬੇਟ ਨਹੀਂ ਹੋਣੀ ਚਾਹੀਦੀ ਸੀ।''

ਇਸਦੇ ਨਾਲ ਉਨ੍ਹਾਂ ਪ੍ਰਤਾਪ ਬਾਜਵਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਵਿਚਾਰ ਦਾ ਵੀ ਸਵਾਗਤ ਕੀਤਾ।

ਰਾਜ ਸਭਾ ਮੈਂਬਰਾਂ ਦੇ ਨਾਮ ਹੋਏ ਤੈਅ

ਲੰਘੇ ਦਿਨੀਂ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਵਗ ਆਮ ਆਦਮੀ ਪਾਰਟੀ ਨੇ 5 ਨਾਮ ਤੈਅ ਕਰ ਲਏ ਹਨ।

ਇਨ੍ਹਾਂ ਵਿੱਚ ਆਪ ਆਗੂ ਅਤੇ ਪੰਜਾਬ ਵਿੱਚ ਪਾਰਟੀ ਦੇ ਸਹਿ ਇੰਚਾਰਜ ਰਾਘਵ ਚੱਢਾ, ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਆਈਆਈਟੀ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਸੰਦੀਪ ਪਾਠਕ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਪੰਜਾਬ ਦੇ ਉਦਯੋਗਪਤੀ ਸੰਜੀਵ ਅਰੋੜਾ ਦੇ ਸ਼ਾਮਲ ਹਨ।

ਰਾਜ ਸਭਾ ਵਿੱਚ ਪੰਜਾਬ ਦੀਆਂ 7 ਸੀਟਾਂ ਹਨ। ਜਿਨ੍ਹਾਂ ਵਿੱਚੋਂ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ ਤੇ ਸ਼ਵੇਤ ਮਲਿਕ ਦਾ ਕਾਰਜਕਾਲ ਖਤਮ ਹੋਣ ਮਗਰੋਂ ਪੰਜ ਸੀਟਾਂ 9 ਅਪ੍ਰੈਲ ਨੂੰ ਖਾਲੀ ਹੋ ਰਹੀਆਂ ਹਨ।

ਬਾਕੀ ਦੋ ਸੀਟਾਂ ਲਈ ਬਲਵਿੰਦਰ ਸਿੰਘ ਭੂੰਦੜ ਅਤੇ ਅੰਬਿਕਾ ਸੋਨੀ ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋਵੇਗਾ ਅਤੇ ਇਨ੍ਹਾਂ ਸੀਟਾਂ ਲਈ ਲਈ ਚੋਣਾਂ ਵੀ ਬਾਅਦ 'ਚੋਂ ਹੋਣਗੀਆਂ।

ਕੈਬਨਿਟ ਮੰਤਰੀਆਂ ਨੇ ਚੁੱਕੀ ਸਹੁੰ

ਪੰਜਾਬ ਸਰਕਾਰ ਦੀ ਨਵੀਂ ਕੈਬਨਿਟ ਲਈ 10 ਮੰਤਰੀਆਂ ਨੇ ਵੀ ਸਹੁੰ ਚੁੱਕ ਲਈ ਹੈ ਅਤੇ ਲੰਘੇ ਦਿਨੀਂ ਉਨ੍ਹਾਂ ਨੂੰ ਮੰਤਰਾਲੇ ਵੀ ਸੌੰਪ ਦਿੱਤੇ ਗਏ ਹਨ।

ਇਸ ਕੈਬਨਿਟ ਵਿੱਚ ਸਿਰਫ਼ ਇੱਕ ਮਹਿਲਾ ਚਿਹਰੇ ਨੂੰ ਥਾਂ ਮਿਲੀ ਹੈ। ਇਹ ਹਨ ਨਾਮ:

  • ਹਰਪਾਲ ਸਿੰਘ ਚੀਮਾ- ਦਿੜਬਾ
  • ਡਾ. ਬਲਜੀਤ ਕੌਰ-ਮਲੋਟ
  • ਹਰਭਜਨ ਸਿੰਘ ਈਟੀਓ- ਜੰਡਿਆਲਾ
  • ਵਿਜੇ ਸਿੰਗਲਾ- ਮਾਨਸਾ
  • ਗੁਰਮੀਤ ਸਿੰਘ ਮੀਤ ਹੇਅਰ- ਬਰਨਾਲਾ
  • ਕੁਲਦੀਪ ਸਿੰਘ ਧਾਲੀਵਾਲ- ਅਜਨਾਲਾ
  • ਲਾਲਜੀਤ ਸਿੰਘ ਭੁੱਲਰ- ਪੱਟੀ
  • ਬ੍ਰਹਮ ਸ਼ੰਕਰ (ਜਿੰਪਾ)- ਹੁਸ਼ਿਆਰਪੁਰ
  • ਲਾਲ ਚੰਦ ਕਟਾਰੂਚੱਕ- ਭੋਆ
  • ਹਰਜੋਤ ਸਿੰਘ ਬੈਂਸ- ਆਨੰਦਪੁਰ ਸਾਹਿਬ

ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)