ਹਰਭਜਨ ਸਿੰਘ: ਕ੍ਰਿਕਟ ਤੋਂ ਬਾਅਦ ਹੁਣ ਸਿਆਸੀ ਪਾਰੀ ਸ਼ੁਰੂ ਕਰ ਰਹੇ ਭੱਜੀ ਦਾ ਸਫ਼ਰ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਭਾਰਤੀ ਕ੍ਰਿਕਟ ਦੇ ਸਾਬਕਾ ਫਿਰਕੀ ਗੇਜ਼ਬਾਜ ਹਰਭਜਨ ਸਿੰਘ ਨੂੰ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ।

ਸੋਮਵਾਰ ਨੂੰ ਹਰਭਜਨ ਸਿੰਘ ਨੇ ਚੰਡੀਗੜ੍ਹ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਰਾਜ ਸਭਾ ਲਈ ਕਾਗਜ਼ ਦਾਖਲ ਕੀਤੇ। ਇਹ ਚੋਣ 31 ਮਾਰਚ ਨੂੰ ਹੋਣ ਜਾ ਰਹੀ ਹੈ।

ਸਰਗਰਮ ਸਿਆਸਤ ਵਿਚ ਦਾਖਲਾ

ਇਸ ਤੋਂ ਪਹਿਲਾਂ, ਲੰਘੇ ਸਾਲ ਉਨ੍ਹਾਂ ਦੀਆਂ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਵੀ ਆਈਆਂ ਸਨ, ਜਿਨ੍ਹਾਂ ਨੂੰ ਭੱਜੀ ਨੇ ਆਪ ਇੱਕ ਟਵੀਟ ਕਰਕੇ ਖਾਰਿਜ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਖ਼ਬਰਾਂ ਝੂਠੀਆਂ ਹਨ।

ਉਸ ਤੋਂ ਮਗਰੋਂ, ਦਸੰਬਰ 2021 ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ 'ਸੰਭਾਵਨਾਵਾਂ ਨਾਲ ਭਰੀ ਤਸਵੀਰ'।

ਜਿਸ ਤੋਂ ਬਾਅਦ ਭੱਜੀ ਦੇ ਸਿਆਸਤ ਵਿੱਚ ਆਉਣ ਬਾਰੇ ਕਿਆਸ ਹੋਰ ਵਧ ਗਏ ਸਨ।

ਕ੍ਰਿਕੇਟ ਤੋਂ ਰਿਟਾਇਰਮੈਂਟ ਦੀ ਘੋਸ਼ਣਾ ਤੋਂ ਬਾਅਦ ਉਨ੍ਹਾਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਕੋਲ ਵੱਖ-ਵੱਖ ਪਾਰਟੀਆਂ ਤੋਂ ਆਫ਼ਰ ਹਨ ਅਤੇ ਉਨ੍ਹਾਂ ਨੂੰ ਇਸ ਬਾਰੇ ਸੋਚ ਸਮਝ ਕੇ ਫੈਸਲਾ ਲੈਣਾ ਪਏਗਾ।

''ਇਹ ਤਾਂ ਰੱਬ ਹੀ ਜਾਣਦਾ ਹੈ ਕਿ ਹੁਣ ਮੇਰਾ ਅਗਲਾ ਕਦਮ ਸਿਆਸੀ ਹੋਵੇਗਾ ਜਾਂ ਕੁਝ ਹੋਰ। ਮੈਂ ਕਿਸੇ ਸਿਆਸੀ ਪਾਰਟੀ ਨਾਲ ਜੁੜਾਂਗਾ ਜਾਂ ਨਹੀਂ, ਤੁਹਾਨੂੰ ਜ਼ਰੂਰ ਦੱਸਾਂਗਾ।''

ਉਨ੍ਹਾਂ ਕਿਹਾ ਸੀ, ''ਮੈਂ ਦੇਸ਼ ਲਈ ਬਹੁਤ ਕ੍ਰਿਕੇਟ ਖੇਡੀ ਤੇ ਅੱਗੇ ਵੀ ਦੇਸ਼ ਦੀ ਸੇਵਾ ਕਰਾਂਗਾ, ਭਾਵੇਂ ਉਹ ਸਿਆਸੀ ਤੌਰ 'ਤੇ ਹੋਵੇ ਜਾਂ ਫਿਰ ਬਿਨਾਂ ਸਿਆਸਤ 'ਚ ਆਏ ਹੋਵੇ।''

''ਮੈਂ ਚਾਹਾਂਗਾ ਕਿ ਖੇਡਾਂ ਨੂੰ ਅੱਗੇ ਲਿਆਂਦਾ ਜਾਵੇ। ਮੈਨੂੰ ਕਦੇ ਅਜਿਹਾ ਮੌਕਾ ਮਿਲੇਗਾ ਜਦੋਂ ਮੈਨੂੰ ਲੱਗੇਗਾ ਕਿ ਮੈਂ ਕੋਈ ਬਦਲਾਅ ਲਿਆ ਸਕਦਾ ਹਾਂ ਤਾਂ ਜ਼ਰੂਰ ਲਿਆਵਾਂਗਾ, ਬਿਨਾਂ ਪਾਰਟੀ ਦੀ ਸੋਚੇ।''

ਪੰਜਾਬ 'ਚ ਖੇਡਾਂ ਦੀ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਸੀ, ''ਸਿਆਸੀ ਬੰਦੇ ਜਿਹੜੇ ਬਿੱਲ ਪਾਸ ਕਰਦੇ ਨੇ, ਉਹ ਥੋੜ੍ਹਾ ਜਿਹਾ ਬਿੱਲ ਵਧ ਦੇਣ, ਖੇਡਾਂ 'ਤੇ ਵਧੀਆਂ ਬੰਦਾ ਲਗਾ ਦੇਣ ਤਾਂ ਪੰਜਾਬ ਦਾ ਨਾਲ ਖੇਡਾਂ 'ਚ ਬਹੁਤ ਅੱਗੇ ਆ ਜਾਵੇਗਾ।''

ਇਹ ਵੀ ਪੜ੍ਹੋ:

ਮੁੱਖ ਮੰਤਰੀ ਭਗਵੰਤ ਮਾਨ ਨੂੰ ਇੰਝ ਦਿੱਤੀ ਸੀ ਵਧਾਈ

ਹਰਭਜਨ ਸਿੰਘ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਨਵਾਂ ਮੁੱਖ ਮੰਤਰੀ ਚੁਣੇ ਜਾਣ 'ਤੇ ਵਧਾਈ ਦਿੱਤੀ ਸੀ ਅਤੇ ਭਗਵੰਤ ਮਾਨ ਦੀ ਮਾਂ ਨੂੰ ਜੱਫੀ ਪਾਈ ਹੋਈ ਤਸਵੀਰ ਵੀ ਸ਼ੇਅਰ ਕੀਤੀ ਸੀ।

ਆਪਣੇ ਟਵੀਟ 'ਚ ਹਰਭਜਨ ਨੇ ਲਿਖਿਆ ਸੀ, "ਆਮ ਆਦਮੀ ਪਾਰਟੀ ਅਤੇ ਮੇਰੇ ਦੋਸਤ ਭਗਵੰਤ ਮਾਨ ਨੂੰ ਸਾਡੇ ਨਵੇਂ ਮੁੱਖ ਮੰਤਰੀ ਬਣਨ 'ਤੇ ਵਧਾਈਆਂ। ਇਹ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਉਹ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿਖੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।''

ਉਨ੍ਹਾਂ ਅੱਗੇ ਲਿਖਿਆ, ''ਵਾਹ, ਕੀ ਤਸਵੀਰ ਹੈ... ਮਾਤਾ ਜੀ ਲਈ ਮਾਣ ਵਾਲਾ ਪਲ''।

ਭਾਰਤੀ ਕ੍ਰਿਕੇਟ ਦਾ ਟਰਬਨੇਟਰ

3 ਜੁਲਾਈ 1980 ਨੂੰ ਜਲੰਧਰ, ਪੰਜਾਬ 'ਚ ਜੰਮੇ ਹਰਭਜਨ ਸਿੰਘ ਭਾਰਤੀ ਤੇ ਅੰਤਰਰਾਸ਼ਟਰੀ ਕ੍ਰਿਕੇਟ ਦਾ ਵੱਡਾ ਨਾਂਅ ਹਨ। ਕ੍ਰਿਕੇਟ ਦੀ ਦੁਨੀਆ ਵਿੱਚ ਉਨ੍ਹਾਂ ਨੂੰ ਭੱਜੀ ਅਤੇ ਟਰਬਨੇਟਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।

ਹਰਭਜਨ ਸਿੰਘ ਨੇ ਭਾਰਤ ਵੱਲੋਂ 103 ਟੈਸਟ ਮੈਚ ਅਤੇ 236 ਵਨਡੇਅ ਮੈਚ ਖੇਡੇ ਹਨ। 1998 ਵਿੱਚ ਪਹਿਲਾ ਟੈਸਟ ਆਸਟਰੇਲੀਆ ਅਤੇ ਇਸੇ ਸਾਲ ਨਿਊਜੀਲੈਂਡ ਖਿਲਾਫ਼ ਪਹਿਲਾ ਵਨਡੇਅ ਖੇਡਿਆ ਸੀ।

ਹਰਭਜਨ 2007 ਵਿੱਚ ਟੀ-20 ਵਿਸ਼ਵ ਕੱਪ ਟੀਮ ਅਤੇ 2011 ਦੀ ਵਨਡੇਅ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਵੀ ਸਨ।

ਭਾਰਤੀ ਟੀਮ ਦੇ ਸਟਾਰ ਸਪਿੱਨਰ ਰਹੇ ਹਰਭਜਨ ਸਿੰਘ ਨੇ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ ਅਤੇ ਖੇਡ ਦੇ ਸਾਰੇ ਫਾਰਮੈਸ ਤੋਂ ਰਿਟਾਇਰਮੈਂਟ ਲੈ ਲਈ ਹੈ।

ਭਾਰਤੀ ਕ੍ਰਿਕਟ ਟੀਮ ਤੋਂ ਬਾਹਰ ਹੋਣ ਤੋਂ ਬਾਅਦ, ਉਹ ਵੱਖ-ਵੱਖ ਟੀਵੀ ਚੈਨਲਾਂ 'ਤੇ ਇੱਕ ਮਾਹਰ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ ਅਤੇ ਆਪਣੀ ਬੇਬਾਕ ਟਿੱਪਣੀਆਂ ਲਈ ਵੀ ਜਾਣੇ ਜਾਂਦੇ ਹਨ।

ਵਿਵਾਦਾਂ ਦਾ ਵੀ ਰਿਹਾ ਸਾਥ

ਹਰਭਜਨ ਸਿੰਘ ਦਾ ਵਿਵਾਦਾਂ ਨਾਲ ਵੀ ਖਾਸਾ ਸਾਥ ਰਿਹਾ ਹੈ।

ਇਸ 'ਚ ਆਈਪੀਐੱਲ ਦੌਰਾਨ ਸ਼੍ਰੀਸੰਤ ਨੂੰ ਥੱਪੜ ਮਾਰਨ ਤੋਂ ਲੈ ਕੇ ਆਸਟਰੇਲੀਆਈ ਬੱਲੇਬਾਜ਼ ਐਂਡਰਿਊ ਸਾਇਮੰਡਸ ਨਾਲ ਭਿੜਨਾ ਸ਼ਾਮਲ ਹੈ।

ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ 'ਚ ਕਈ ਵਾਰ NCA ਭਾਵ ਰਾਸ਼ਟਰੀ ਕ੍ਰਿਕਟ ਅਕੈਡਮੀ 'ਚ ਵੀ ਭੇਜਿਆ ਗਿਆ ਸੀ ਤਾਂ ਜੋ ਉਹ ਆਪਣੇ ਆਚਰਣ 'ਚ ਸੁਧਾਰ ਕਰ ਸਕਣ।

ਸ਼੍ਰੀਸੰਤ ਨੂੰ ਥੱਪੜ ਮਾਰਨਾ ਉਨ੍ਹਾਂ ਨੂੰ ਕਾਫੀ ਮਹਿੰਗਾ ਪਿਆ ਸੀ ਜਦਕਿ ਆਸਟਰੇਲੀਆ ਦੇ ਐਂਡਰਿਊ ਸਾਇਮੰਡਜ਼ ਨਾਲ ਉਨ੍ਹਾਂ ਦਾ ਵਿਵਾਦ ਸਚਿਨ ਤੇਂਦੁਲਕਰ ਕਾਰਨ ਸੁਲਝ ਗਿਆ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)