ਭਾਰਤ ਨੇ ਪਾਕਿਸਤਾਨ ਵੱਲ 'ਗਲਤੀ ਨਾਲ ਮਿਜ਼ਾਇਲ ਦਾਗੀ', ਇਹ ਹੈ ਭਾਰਤ ਦੀ ਸਫ਼ਾਈ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਭਾਰਤ ਦੇ ਰੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਉਸ ਨੇ ਬੁੱਧਵਾਰ ਨੂੰ ਗਲਤੀ ਨਾਲ ਪਾਕਿਸਤਾਨ ਵੱਲ ਇੱਕ ਮਿਜ਼ਾਇਲ ਦਾਗ ਦਿੱਤੀ ਗਈ। ਭਾਰਤ ਦਾ ਕਹਿਣਾ ਹੈ ਕਿ ਘਟਨਾ ਰੁਟੀਨ ਸਾਂਭ-ਸੰਭਾਲ ਦੌਰਾਨ ਇੱਕ ''ਤਕਨੀਕੀ ਗੜਬੜੀ'' ਕਾਰਨ ਵਾਪਰੀ ਹੈ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ''ਬਹੁਤ ਅਫ਼ਸੋਸਜਨਕ'' ਘਟਨਾ ਸੀ ਅਤੇ ਭਾਰਤ ਨੇ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਾ ਹੋਣ ’ਤੇ ਸਕੂਨ ਦਾ ਪ੍ਰਗਟਾਵਾ ਕੀਤਾ ਹੈ।

ਪਾਕਿਸਤਾਨ ਨੇ ਕਿਹਾ ਹੈ ਕਿ ਇੱਕ ਤੇਜ਼ ਗਤੀ ਵਸਤੂ ਦੇਸ ਦੇ ਪੂਰਬੀ ਸ਼ਹਿਰ ਮੀਆਂ ਚੰਨੂੰ ਵਿੱਚ ਡਿੱਗੀ ਹੈ। ਇਸ ਨੇ ਰਸਤੇ ਵਿੱਚ ਪੈਣ ਵਾਲੀਆਂ ਯਾਤਰੀ ਉਡਾਣਾਂ ਨੂੰ ਖਤਰੇ ਵਿੱਚ ਪਾਇਆ।

ਜ਼ਿਕਰਯੋਗ ਹੈ ਕਿ ਦੋਵਾਂ ਦੇਸਾਂ ਕੋਲ ਪਰਮਾਣੂ ਹਥਿਆਰ ਹਨ।

ਆਪਣੇ ਬਿਆਨ ਵਿੱਚ ਭਾਰਤੀ ਰੱਖਿਆ ਮੰਤਰਾਲੇ ਨੇ ਕਿਹਾ,''ਨੌਂ ਮਾਰਚ 2022 ਨੂੰ, ਰੁਟੀਨ ਸਾਂਭ-ਸੰਭਾਲ ਦੇ ਦੌਰਾਨ, ਇੱਕ ਤਕਨੀਕੀ ਗੜਬੜੀ ਕਾਰਨ ਇੱਕ ਮਿਜ਼ਾਇਲ ਦਾਗੀ ਗਈ। ਭਾਰਤ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਉੱਚ ਪੱਧਰੀ ਕੋਰਟ ਆਫ਼ ਇਨਕੁਇਰੀ ਦਾ ਹੁਕਮ ਦਿੱਤਾ ਹੈ।''

ਇਸਲਾਮਾਬਾਦ ਨੇ ਦਿੱਲੀ ਨੂੰ ''ਅਜਿਹੀ ਲਾਪਰਵਾਹੀ ਦੇ ਨਤੀਜਿਆਂ ਤੋਂ ਆਗਾਹ'' ਰਹਿਣ ਅਤੇ ਮੁੜ ਨਾ ਦੁਹਰਾਉਣ ਲਈ ਕਿਹਾ ਹੈ।

ਇਹ ਕਿਹਾ ਗਿਆ ਹੈ ਕਿ ਮਿਜ਼ਾਇਲ ਹਰਿਆਣਾ ਦੇ ਸਿਰਸਾ ਤੋਂ ਦਾਗੀ ਗਈ ਸੀ।

ਪਾਕਿਸਤਾਨ ਦੀ ਹਵਾਈ ਸੈਨਾ ਨੇ ਕਿਹਾ ਕਿ ਮਿਜ਼ਾਇਲ ਨੇ ਡਿੱਗਣ ਤੋਂ ਪਹਿਲਾਂ ਪਾਕਿਸਤਾਨੀ ਅਕਾਸ਼ ਦੀ ਸੀਮਾ ਵਿੱਚ ਮੈਕ-3 (ਅਵਾਜ਼ ਤੋਂ ਤਿਗੁੱਣੀ ) ਗਤੀ 'ਤੇ 1,200 ਮੀਟਰ (40,000 ਫੁੱਟ) ਦੀ ਉਚਾਈ 'ਤੇ ਰਹਿੰਦਿਆਂ 124 ਕਿੱਲੋਮੀਟਰ (77 ਮੀਲ) ਦਾ ਸਫ਼ਰ ਤੈਅ ਕੀਤਾ।

ਪਾਕਿਸਤਾਨ ਮਿਲਟਰੀ ਦੇ ਬੁਲਾਰੇ ਮੇਜਰ ਜਨਰਲ ਬਾਬਰ ਅਫ਼ਤਿਖਾਰੂਨ ਨੇ ਵੀਰਵਾਰ ਨੂੰ ਕਿਹਾ,''ਆਪਣੇ ਰਸਤੇ ਵਿੱਚ ਇਸ ਨੇ ਦੋਵਾਂ ਦੇਸਾਂ ਭਾਰਤ ਅਤੇ ਪਾਕਿਸਤਾਨ ਵਿੱਚ ਕਈ ਦੇਸੀ ਅਤੇ ਕੌਮਾਂਤਰੀ ਯਾਤਰੀ ਜਹਾਜ਼ਾਂ ਅਤੇ ਮਨੁੱਖੀ ਜ਼ਿੰਦਗੀ ਤੇ ਜਾਇਦਾਦ ਨੂੰ ਖਤਰੇ ਵਿੱਚ ਪਾਇਆ।''

ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਸ ਨੇ ਭਾਰਤ ਦੇ ਚਾਰਜ ਡ'ਅਫੇਅਰ ਨੂੰ ਮਾਮਲੇ ਦੀ ਸ਼ਿਕਾਇਤ ਕਰਨ ਲਈ ਤਲਬ ਕੀਤਾ ਸੀ।

ਪਾਕਿਸਤਾਨ ਨੇ ਭਾਰਤ ਨੂੰ ਮਾਮਲੇ ਦੇ ਜਾਂਚ ਤੋਂ ਹਾਸਲ ਹੋਈ ਜਾਣਕਾਰੀ ਵੀ ਸਾਂਝੀ ਕਰਨ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)