You’re viewing a text-only version of this website that uses less data. View the main version of the website including all images and videos.
ਯੂਕਰੇਨ ਸੰਕਟ 'ਤੇ ਬੋਲੇ ਮਨੀਸ਼ ਤਿਵਾਰੀ, 'ਸਾਡੇ ਹਜ਼ਾਰਾਂ ਬੱਚੇ ਖ਼ਤਰੇ 'ਚ, ਚੰਨੀ ਤੇ ਸਿੱਧੂ ਕਿੱਥੇ ਹਨ, ਕੀ ਸੱਤਾ ਹੀ ਸਭ ਕੁਝ ਹੈ'- ਪ੍ਰੈੱਸ ਰਿਵੀਊ
ਕਾਂਗਰਸ ਪਾਰਟੀ ਦੇ ਆਗੂ ਅਤੇ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾਰੀ ਨੇ ਯੂਕਰੇਨ ਸੰਕਟ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਘੇਰਿਆ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਸ ਮਾਮਲੇ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਬੁੱਧਵਾਰ ਨੂੰ ਉਨ੍ਹਾਂ ਮੁੱਖ ਮੰਤਰੀ, ਸੂਬਾ ਕਾਂਗਰਸ ਪ੍ਰਧਾਨ ਸਮੇਤ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਾਂ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ ਕਿ ਸਿਰਫ ਸੰਸਦ ਮੈਂਬਰ ਹਨ ਜੋ ਭਾਰੀ ਲਿਫਟਿੰਗ ਕਰ ਰਹੇ ਹਨ, ਜਦਕਿ ਬਾਕੀ 'ਲਾਪਤਾ' ਹਨ।
ਆਪਣੇ ਟਵੀਟ ਵਿੱਚ ਉਨ੍ਹਾਂ ਲਿਖਿਆ ਕਿ ਉਹ ਹੈਰਾਨ ਹਨ ਕਿ ਪੰਜਾਬ ਕਾਂਗਰਸ ਦੇ ਮਹਾਨ ਆਗੂ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ "ਜਦਕਿ ਸਾਡੇ ਹਜ਼ਾਰਾਂ ਬੱਚੇ ਖ਼ਤਰੇ ਵਿੱਚ ਹਨ"।
"ਕੀ ਸਿਰਫ ਪੰਜਾਬ ਦੇ ਸੰਸਦ ਮੈਂਬਰ ਹੀ ਹਨ ਜਿਨ੍ਹਾਂ ਨੇ ਭਾਰੀ ਲਿਫਟਿੰਗ ਕਰਨੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਏਆਈਸੀਸੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਕਿੱਥੇ ਹਨ।"
"ਕੀ ਸੱਤਾ ਹੀ ਸਭ ਕੁਝ ਹੈ ਤੇ ਬਾਕੀ ਸਭ ਖਤਮ?''
ਹਾਲਾਂਕਿ 24 ਫਰਵਰੀ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜ਼ਰੂਰ ਇੱਕ ਟਵੀਟ ਕੀਤਾ ਸੀ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਸੀ,'' ਮੈਂ ਰੂਸ ਅਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਨੂੰ ਲੈ ਕੇ ਬਹੁਤ ਚਿੰਤਤ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਦਖ਼ਲ ਦੇ ਕੇ ਭਾਰਤੀ, ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਵੀ ਹਨ... ਉਨ੍ਹਾਂ ਨੂੰ ਵਾਪਿਸ ਲਿਆਉਣ।''
ਇਹ ਵੀ ਪੜ੍ਹੋ:
ਇਮਰਾਨ ਖ਼ਾਨ ਨੇ ਰੂਸ ਨਾਲ ਕੀਤਾ ਵੱਡਾ ਵਪਾਰਕ ਸਮਝੌਤਾ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਯੂਕਰੇਨ ਦੇ ਹਮਲੇ ਨੂੰ ਲੈ ਕੇ ਹੋ ਰਹੇ ਅੰਤਰਰਾਸ਼ਟਰੀ ਰੌਲ਼ੇ-ਰੱਪੇ ਦੇ ਬਾਵਜੂਦ ਰੂਸ ਤੋਂ ਕੁਦਰਤੀ ਗੈਸ ਦੇ ਆਯਾਤ (ਆਮਦ) ਲਈ ਇੱਕ ਵਪਾਰਕ ਸੌਦਾ ਕੀਤਾ ਹੈ।
ਇੱਕ ਪਾਸੇ ਜਿੱਥੇ ਦੁਨੀਆ ਦੇ ਕਈ ਦੇਸ਼ ਰੂਸ 'ਤੇ ਵੱਖੋ-ਵੱਖਰੀਆਂ ਪਾਬੰਦੀਆਂ ਲਗਾ ਕੇ ਵਲਾਦੀਮੀਰ ਪੁਤਿਨ ਨੂੰ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਇਮਰਾਨ ਖ਼ਾਨ ਅਜਿਹੇ ਪਹਿਲੇ ਆਗੂ ਬਣ ਗਏ ਹਨ, ਜਿਨ੍ਹਾਂ ਨੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਰੂਸ ਨਾਲ ਇੱਕ ਨਵੇਂ ਵਪਾਰਕ ਸੌਦੇ 'ਤੇ ਦਸਤਖ਼ਤ ਕੀਤੇ ਹਨ।
ਦਿ ਇੰਡੀਪੇਂਡੇਂਟ ਦੀ ਖ਼ਬਰ ਮੁਤਾਬਕ, ਇਮਰਾਨ ਖਾਨ ਨੇ ਕਿਹਾ ਕਿ ਪਿਛਲੇ ਹਫਤੇ ਉਨ੍ਹਾਂ ਦੀ ਮਾਸਕੋ ਫੇਰੀ ਦੌਰਾਨ ਦੋਵਾਂ ਵਿਚਕਾਰ "ਬਹੁਤ ਵਧੀਆ ਗੱਲਬਾਤ" ਹੋਈ।
ਉਨ੍ਹਾਂ ਨੇ ਇੱਕ ਦੁਵੱਲੇ ਸਮਝੌਤੇ 'ਤੇ ਦਸਤਖ਼ਤ ਕੀਤੇ ਅਤੇ ਇਮਰਾਨ ਖ਼ਾਨ ਨੇ ਰੂਸ ਤੋਂ 20 ਲੱਖ ਟਨ ਕਣਕ ਦੇ ਆਯਾਤ ਲਈ ਵੀ ਸਹਿਮਤੀ ਦਿੱਤੀ।
ਟੈਲੀਵਿਜ਼ਨ 'ਤੇ ਆਪਣੇ ਕੌਮੀ ਸੰਬੋਧਨ ਦੌਰਾਨ ਇਮਰਾਨ ਖ਼ਾਨ ਨੇ ਇਸ ਸੌਦੇ ਦਾ ਇਹ ਕਹਿੰਦੇ ਹੋਏ ਬਚਾਅ ਕੀਤਾ ਕਿ ਪਾਕਿਸਤਾਨ ਨੂੰ ਇਸਦੀ ਲੋੜ ਸੀ।
ਖ਼ਾਨ ਨੇ ਯੂਕਰੇਨ ਹਮਲੇ 'ਤੇ ਚਿੰਤਾ ਵੀ ਜ਼ਾਹਰ ਕੀਤੀ ਹੈ, ਪਰ ਇਸ ਦੀ ਨਿੰਦਾ ਕਰਨ ਤੋਂ ਇਨਕਾਰ ਕੀਤਾ ਹੈ।
'ਆਰਿਅਨ ਖਾਨ ਡਰੱਗ ਸਾਜ਼ਿਸ਼ ਦਾ ਹਿੱਸਾ ਨਹੀਂ ਸਨ'
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਜਾਂਚ ਟੀਮ (ਐਸਆਈਟੀ) ਨੇ ਪਾਇਆ ਹੈ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਕਿਸੇ ਵੱਡੀ ਡਰੱਗ ਸਾਜ਼ਿਸ਼ ਜਾਂ ਅੰਤਰਰਾਸ਼ਟਰੀ ਡਰੱਗ ਤਸਕਰੀ ਸਿੰਡੀਕੇਟ ਦਾ ਹਿੱਸਾ ਸਨ। ਮਾਮਲੇ ਤੋਂ ਜਾਣੂ ਲੋਕਾਂ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਇਹ ਜਾਣਕਾਰੀ ਦਿੱਤੀ ਹੈ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਨੇ ਹਿੰਦੂਸਤਾਨ ਟਾਈਮਜ਼ ਨਾਲ ਜੋ ਜਾਣਕਾਰੀ ਸਾਂਝਾ ਕੀਤੀ ਹੈ, ਉਸ ਮੁਤਾਬਕ ਐੱਨਸੀਬੀ ਦੀ ਮੁੰਬਈ ਯੂਨਿਟ ਦੇ ਦੋਸ਼ਾਂ ਦੇ ਉਲਟ, ਸਿੱਟ ਦੁਆਰਾ ਕੀਤੇ ਗਏ ਕੁਝ ਮੁੱਖ ਖੁਲਾਸੇ ਇਹ ਹਨ: ਆਰਿਅਨ ਖਾਨ ਡਰੱਗਜ਼ ਨਹੀਂ ਲੈਂਦੇ ਸਨ, ਇਸ ਲਈ ਉਨ੍ਹਾਂ ਦਾ ਫ਼ੋਨ ਲੈਣ ਅਤੇ ਚੈਟ ਦੀ ਜਾਂਚ ਕਰਨ ਦੀ ਕੋਈ ਲੋੜ ਨਹੀਂ ਸੀ।
ਗੱਲਬਾਤ ਇਹ ਸੁਝਾਅ ਨਹੀਂ ਦਿੰਦੀ ਹੈ ਕਿ ਖਾਨ ਕਿਸੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਹਿੱਸਾ ਸੀ; ਛਾਪੇਮਾਰੀ ਦੌਰਾਨ ਐੱਨਸੀਬੀ ਮੈਨੂਅਲ ਦੁਆਰਾ ਲਾਜ਼ਮੀ ਤੌਰ 'ਤੇ ਵੀਡੀਓ-ਰਿਕਾਰਡ ਨਹੀਂ ਕੀਤੀ ਗਈ ਸੀ ਅਤੇ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਕਈ ਮੁਲਜ਼ਮਾਂ ਤੋਂ ਬਰਾਮਦ ਕੀਤੇ ਨਸ਼ੀਲੇ ਪਦਾਰਥਾਂ ਨੂੰ ਸਿੰਗਲ ਰਿਕਵਰੀ ਵਜੋਂ ਦਰਸਾਇਆ ਗਿਆ ਹੈ।
ਹਾਲਾਂਕਿ ਐਸਆਈਟੀ ਦੀ ਜਾਂਚ ਪੂਰੀ ਨਹੀਂ ਹੋਈ ਹੈ ਅਤੇ ਐਨਸੀਬੀ ਦੇ ਡਾਇਰੈਕਟਰ ਜਨਰਲ ਐਸ ਐਨ ਪ੍ਰਧਾਨ ਨੂੰ ਆਪਣੀ ਅੰਤਿਮ ਰਿਪੋਰਟ ਸੌਂਪਣ ਵਿੱਚ ਕੁਝ ਮਹੀਨੇ ਲੱਗ ਸਕਦੇ ਹਨ।
ਰੋਮਾਨੀਆ ਵਿੱਚ ਹੈਲੀਕਾਪਟਰ ਹਾਦਸੇ 'ਚ 7 ਸੈਨਿਕਾਂ ਦੀ ਮੌਤ: ਰੱਖਿਆ ਮੰਤਰਾਲਾ
ਰੋਮਾਨੀਆ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਬੁੱਧਵਾਰ ਨੂੰ ਕਾਲੇ ਸਾਗਰ ਦੇ ਨੇੜੇ ਪੂਰਬੀ ਰੋਮਾਨੀਆ ਵਿੱਚ ਇੱਕ ਲਾਪਤਾ ਲੜਾਕੂ ਜਹਾਜ਼ ਅਤੇ ਉਸਦੇ ਪਾਇਲਟ ਦੀ ਭਾਲ ਕਰਦੇ ਹੋਏ ਉਨ੍ਹਾਂ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸੱਤ ਫੌਜੀ ਜਵਾਨਾਂ ਦੀ ਮੌਤ ਹੋ ਗਈ।
ਰੱਖਿਆ ਮੰਤਰਾਲੇ ਵੱਲੋਂ ਫੇਸਬੁੱਕ 'ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ ਗਿਆ, ''ਬੁੱਧਵਾਰ ਨੂੰ ਆਈਏਆਰ 330-ਪੂਮਾ ਹੈਲੀਕਾਪਟਰ ਦੇ ਹਵਾਈ ਹਾਦਸੇ ਵਿੱਚ ਸੱਤ ਫੌਜੀ ਜਵਾਨਾਂ ਦੀ ਮੌਤ ਹੋ ਗਈ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਆਈਏਆਰ 330-ਪੂਮਾ ਹੈਲੀਕਾਪਟਰ ਏਅਰਫੀਲਡ ਤੋਂ 11 ਕਿਲੋਮੀਟਰ ਦੂਰ ਗੁਰੂ ਡੋਬਰੋਗੇਈ ਖੇਤਰ ਵਿੱਚ ਕਰੈਸ਼ ਹੋ ਗਿਆ।
ਇਹ ਹੈਲੀਕਾਪਟਰ ਰੋਮਾਨੀਆ ਦੇ ਇੱਕ ਲੜਾਕੂ ਜਹਾਜ਼ ਦੀ ਭਾਲ ਕਰ ਰਿਹਾ ਸੀ। ਦਰਅਸਲ ਉਸ ਲੜਾਕੂ ਜਹਾਜ਼ ਦਾ ਸੰਪਰਕ ਕੰਟਰੋਲ ਟਾਵਰ ਨਾਲੋਂ ਟੁੱਟ ਗਿਆ ਸੀ ਅਤੇ ਉਹ ਰਾਡਾਰ ਤੋਂ ਗਾਇਬ ਹੋ ਗਿਆ ਸੀ।
ਮੰਤਰਾਲੇ ਦੇ ਬੁਲਾਰੇ ਜਨਰਲ ਕਾਂਸਟੈਂਟੀਨ ਸਪੈਨੂ ਨੇ ਦੱਸਿਆ ਕਿ ਪਾਇਲਟ ਨੇ ਮੌਸਮੀ ਗੜਬੜੀ ਦੀ ਜਾਣਕਾਰੀ ਦਿੱਤੀ ਸੀ ਅਤੇ ਉਸ ਨੂੰ ਬੇਸ 'ਤੇ ਵਾਪਸ ਜਾਣ ਦਾ ਆਦੇਸ਼ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ:
ਇਹ ਵੀ ਦੇਖੋ: