You’re viewing a text-only version of this website that uses less data. View the main version of the website including all images and videos.
ਚੰਡੀਗੜ੍ਹ : ਬਿਜਲੀ ਕਾਮਿਆ ਤੇ ਪ੍ਰਸਾਸ਼ਨ ਵਿਚਾਲੇ ਸਮਝੌਤਾ, ਲੋਕਾਂ ਲਿਆ ਸੁੱਖ ਦਾ ਸਾਹ
ਨਿੱਜੀਕਰਨ ਖਿਲਾਫ਼ 3 ਦਿਨਾਂ ਦੀ ਹੜਤਾਲ ਕਰ ਰਹੇ ਬਿਜਲੀ ਕਾਮਿਆਂ ਤੇ ਚੰਡੀਗੜ੍ਹ ਪ੍ਰਾਸਸ਼ਨ ਦਰਮਿਆਨ ਸਹਿਮਤੀ ਬਣ ਗਈ ਹੈ।
ਪ੍ਰਸ਼ਾਸ਼ਨ ਅਤੇ ਮੁਲਾਜ਼ਮ ਯੂਨੀਅਨ ਵਿਚਾਲੇ ਲਿਖਤੀ ਸਮਝੌਤਾ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਸੈਕਟਰ 17 ਵਿਚ ਚੱਲ ਰਿਹਾ ਧਰਨਾ ਖਤਮ ਕਰ ਦਿੱਤਾ ਗਿਆ ਹੈ।
ਮੁਲਾਜ਼ਮਾਂ ਦੇ ਕੰਮ ਉੱਤੇ ਪਰਤ ਆਉਣ ਤੋਂ ਬਾਅਦ ਸ਼ਹਿਰ ਵਿਚ ਬਿਜਲੀ ਸਪਲਾਈ ਵੀ ਦਰੁਸਤ ਹੋ ਗਈ ਹੈ।
ਚੰਡੀਗੜ੍ਹ ਦੇ ਲੋਕ ਸੰਪਰਕ ਵਿਭਾਗ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਹੜਤਾਲ ਖਤਮ ਹੋ ਗਈ ਹੈ ਅਤੇ ਮੁਲਾਜ਼ਮ ਕੰਮ ਉੱਤੇ ਵਾਪਸ ਆ ਗਏ ਹਨ।
ਬਿਆਨ ਮੁਤਾਬਕ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਵਿਚ ਬਿਜਲੀ ਸਪਲਾਈ ਵੀ ਆਮ ਹੋ ਗਈ ਹੈ।
ਉੱਧਰ ਚੰਡੀਗੜ੍ਹ ਦੇ ਪ੍ਰਸਾਸ਼ਕ ਤੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਆਪਣੇ ਸਲਾਹਕਾਰਾਂ ਨਾਲ ਬੈਠਕ ਕਰਕੇ ਹਾਲਾਤ ਦਾ ਜਾਇਜਾ ਲਿਆ।
ਉਨ੍ਹਾਂ ਪ੍ਰੈਸ ਬਿਆਨ ਵਿਚ ਕਿਹਾ ਕਿ 90 ਫੀਸਦ ਮੁਲਾਜ਼ਮ ਕੰਮ ਉੱਤੇ ਪਰਤ ਆਏ ਹਨ ਅਤੇ ਜੋ ਗੈਰਹਾਜ਼ਰ ਹਨ ਉਨ੍ਹਾਂ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਬਿਆਨ ਮੁਤਾਬਕ .ਯੂਨੀਅਨ ਨਾਲ ਹੋਈ ਗੱਲਬਾਤ ਵਿਚ ਪ੍ਰਸਾਸ਼ਨ ਨੇ ਬਿਜਲੀ ਮਹਿਕਮੇ ਸਬੰਧੀ ਆਪਣਾ ਫੈਸਲਾ 10 ਮਾਰਚ 2022 ਤੱਕ ਅੱਗੇ ਪਾ ਦਿੱਤਾ ਹੈ।
ਪ੍ਰਸਾਸ਼ਕ ਨੇ ਬਿਜਲੀ ਮੁਲਾਜ਼ਮਾਂ ਨੂੰ ਭਰੋਸਾ ਦੁਆਇਆ ਕਿ ਨਿੱਜੀਕਰਨ ਨਾਲ ਉਨ੍ਹਾਂ ਨੇ ਭੱਤਿਆ ਅਤੇ ਤਨਖਾਹਾਂ ਵਿਚ ਕੋਈ ਕਟੌਤੀ ਨਹੀਂ ਹੋਵੇਗੀ।
48 ਘੰਟੇ ਬਾਅਦ ਖਤਮ ਹੋਈ ਹੜਤਾਲ
ਚੰਡੀਗੜ੍ਹ ਵਿੱਚ ਬਿਜਲੀ ਗਾਇਬ ਹੋਇਆਂ 48 ਘੰਟੇ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਿੱਕਤਾਂ ਪੇਸ਼ ਆ ਰਹੀਆਂ ਹਨ।
ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਸ਼ਹਿਰ ਵਿੱਚ ਬਿਜਲੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਸਨ।
ਚੰਡੀਗੜ੍ਹ ਪੰਜਾਬ ਤੇ ਹਰਿਆਣਾ ਦੋ ਸੂਬਿਆਂ ਦੀ ਸਾਂਝੀ ਰਾਜਧਾਨੀ ਹੈ, ਪਰ ਇਸ ਦਾ ਪ੍ਰਬੰਧ ਕੇਂਦਰ ਸਾਸ਼ਿਤ ਪ੍ਰਦੇਸ਼ ਹੋਣ ਕਾਰਨ ਕੇਂਦਰ ਤਹਿਤ ਆਉਦਾ ਹੈ। ਪੰਜਾਬ ਦਾ ਰਾਜਪਾਲ ਸ਼ਹਿਰ ਦਾ ਮੁੱਖ ਪ੍ਰਬੰਧਕ ਵੀ ਹੁੰਦਾ ਹੈ।
ਇੱਥੇ ਬਿਜਲੀ ਕਾਮੇ ਪਿਛਲੇ ਕਾਫ਼ੀ ਸਮੇਂ ਤੋਂ ਚੰਡੀਗੜ੍ਹ ਬਿਜਲੀ ਬੋਰਡ ਦੇ ਨਿੱਜੀਕਰਨ ਦਾ ਵਿਰੋਧ ਕਰ ਰਹੇ ਸਨ। ਪਰ ਪ੍ਰਸਾਸ਼ਨ ਨੇ ਇਸ ਵਿਰੋਧ ਨੂੰ ਦਰਕਿਨਾਰ ਕਰਕੇ ਬੋਰਡ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਫੈਸਲਾ ਕਰ ਲਿਆ ਸੀ।
ਇਹੀ ਕਾਰਨ ਹੈ ਕਿ ਬਿਜਲੀ ਕਾਮੇ ਰੋਸ ਵਿਚ ਹਨ ਅਤੇ ਉਨ੍ਹਾਂ 72 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਨਹੀਂ ਹੈ ਅਤੇ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ :
'ਅਸੀਂ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਨਹੀਂ ਦੇਖ ਸਕਦੇ, ਇੰਨਾ ਹਨ੍ਹੇਰਾ ਹੈ ਇੱਥੇ'
ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਮੰਗਲਵਾਲ ਰਾਤੀਂ ਕਰੀਬ 10 ਵਜੇ ਅਤੇ ਬੁੱਧਵਾਰ ਸਵੇਰੇ ਚੰਡੀਗੜ੍ਹ ਦੇ ਲੋਕਾਂ ਨਾਲ ਉਨ੍ਹਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਬਾਰੇ ਗੱਲਬਾਤ ਕੀਤੀ ਸੀ ।
ਮਨੀਮਾਜਰੇ ਦੇ ਰਹਿਣ ਵਾਲੇ ਕਾਂਤਾ ਕਹਿੰਦੇ ਹਨ, ''ਲਾਈਟ ਮੰਗਲਵਾਰ ਰਾਤ 12 ਵਜੇ ਤੋਂ ਨਹੀਂ ਆਈ। ਆਰਓ ਨਹੀਂ ਚੱਲਿਆ, ਪਾਣੀ ਕਿਹੜਾ ਪੀਏ? ਜਾਂ ਤਾਂ ਬਿਸਲੇਰੀ ਪੀਏ। ਅਸੀਂ ਇੰਨਾ ਅਫ਼ੋਰਡ ਨਹੀਂ ਕਰ ਸਕਦੇ। ਨਹਾਉਣ ਦੀ ਦਿੱਕਤ ਆ ਰਹੀ ਹੈ। ਅਸੀਂ ਸੀਨੀਅਰ ਸਿਟੀਜ਼ਨ ਹਾਂ, ਠੰਡੇ ਪਾਣੀ ਨਾਲ ਨਹਾ ਨਹੀਂ ਸਕਦੇ ਅਸੀਂ। ਗੈਸ 'ਤੇ ਕਿੰਨਾ ਕੁ ਗਰਮ ਪਾਣੀ ਕਰਕੇ ਨਹਾਈਏ। ਫਰਿੱਜ ਨਹੀਂ ਚੱਲ ਰਿਹਾ ਤੇ ਸਾਰਾ ਸਾਡਾ ਸਮਾਨ ਦੁੱਧ, ਦਹੀਂ ਖਰਾਬ ਹੋ ਰਿਹਾ ਹੈ।''
ਚੰਡੀਗੜ੍ਹ ਦੇ ਮੌਡਰਨ ਕੰਪਲੈਕਸ ਸੈਕਟਰ 13 ਦੇ ਨਿਵਾਸੀ ਸੁਮਨ ਕਹਿੰਦੇ ਹਨ, ''ਸਾਡੇ ਇੱਥੇ 2 ਦਿਨ ਤੋਂ ਲਾਈਟ ਨਹੀਂ ਹੈ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। ਸਾਡੇ ਬੱਚੇ ਜਿਹੜੇ ਆਨਲਾਈਨ ਪੜ੍ਹ ਰਹੇ ਨੇ, ਉਹ ਕਲਾਸਾਂ ਨਹੀਂ ਲਗਾ ਪਾ ਰਹੇ। ਜਿਹੜੇ ਆਨਲਾਈਨ ਨੌਕਰੀ ਕਰ ਰਹੇ ਹਨ, ਉਨ੍ਹਾਂ ਦਾ ਕੰਮ ਰੁਕ ਗਿਆ ਹੈ। ਰਾਤ ਵੇਲੇ ਅਸੀਂ ਆਪਣੇ ਦਰਵਾਜ਼ੇ ਤੋਂ ਬਾਹਰ ਨਿੱਕਲ ਕੇ ਨਹੀਂ ਦੇਖ ਸਕਦੇ, ਇੰਨਾ ਹਨ੍ਹੇਰਾ ਹੈ ਇੱਥੇ।''
ਉਹ ਕਹਿੰਦੇ ਹਨ, ''ਸਾਨੂੰ ਇੱਥੇ ਰਹਿੰਦੇ 30 ਸਾਲ ਹੋ ਗਏ, ਕਦੇ ਅਜਿਹਾ ਨਹੀਂ ਹੋਇਆ। ਇਹ ਪਹਿਲੀ ਵਾਰ ਹੋ ਰਿਹਾ ਹੈ। ਕੱਲ ਸ਼ਾਮ ਤੋਂ ਇਨਵਰਟਰ ਵੀ ਬੰਦ ਹੋ ਗਿਆ ਹੈ, ਹੁਣ ਅਸੀਂ ਕੀ ਕਰਾਂਗੇ ਸਾਨੂੰ ਸਮਝ ਨਹੀਂ ਆਉਂਦੀ।''
ਸੁਮਨ ਕਹਿੰਦੇ ਨੇ, ''ਮੈਂ ਕਹਾਂਗੀ ਕਿ ਇਸ 'ਚ ਸਰਕਾਰ ਵੀ ਆਪਣੀ ਥਾਂ ਠੀਕ ਹੈ। ਬਿਜਲੀ ਵਿਭਾਗ ਵਾਲਿਆਂ ਨੂੰ ਚਾਹੀਦਾ ਸੀ ਕਿ ਸਰਕਾਰ ਨੂੰ ਸੁਣਾਉਣਾ ਹੈ ਤਾਂ ਕੋਈ ਹੋਰ ਤਰੀਕਾ ਵੇਖੋ, ਆਮ ਜਨਤਾ ਨੂੰ ਤੰਗ ਕਰਕੇ ਕੋਈ ਗੱਲ ਨਹੀਂ ਬਣਦੀ। ਬਾਕੀ ਨਿੱਜੀਕਰਨ ਹੋ ਰਿਹਾ ਹੈ ਤਾਂ ਮੇਰੇ ਹਿੱਸਾਬ ਨਾਲ ਬਹੁਤ ਚੰਗਾ ਹੋ ਰਿਹਾ ਹੈ। ਤਾਂ ਜੋ ਸਰਕਾਰੀ ਕਰਮਚਾਰੀਆਂ ਨੂੰ ਵੀ ਪਤਾ ਲੱਗੇ ਕਿ ਕੰਮ ਕਿਸ ਤਰ੍ਹਾਂ ਹੁੰਦਾ ਹੈ, ਕਿਸ ਤਰ੍ਹਾਂ ਨਹੀਂ।''
ਇਸੇ ਇਲਾਕੇ ਦੇ ਰਹਿਣ ਵਾਲੇ ਅਨਾਮਿਕਾ ਕਹਿੰਦੇ ਨੇ, ''ਸਾਡੀ ਸਾਰੀ ਜ਼ਿੰਦਗੀ ਦਾ ਰੂਟੀਨ ਹੀ ਲਾਈਟ 'ਤੇ ਹੈ। ਰਾਤ 9 ਵਜੇ ਹੀ ਸਾਰੀਆਂ ਲਾਈਟਾਂ ਬੰਦ, ਬੱਚੇ 9 ਵਜੇ ਬੈੱਡ 'ਤੇ ਸੀ। ਕਿਉਂਕਿ ਨਾ ਟੀਵੀ ਚੱਲ ਰਿਹਾ ਸੀ, ਨਾ ਫੋਨ ਸੀ। ਇੱਕ ਇਹ ਪਲੱਸ ਪੁਆਇੰਟ ਜ਼ਰੂਰ ਹੈ ਕਿ ਸਾਰੇ ਜਲਦੀ ਸੌਂ ਗਏ ਸੀ।''
ਅਨਿਲ ਟੰਡਨ ਕਹਿੰਦੇ ਹਨ, ''ਮੈਂ ਇੱਕ ਸੀਨੀਅਰ ਸਿਟੀਜ਼ਨ ਹਾਂ। ਸਰਕਾਰ ਪਾਸਿਓਂ ਇਹ ਬਿਲਕੁਲ ਫੇਲੀਅਰ ਹੈ। ਅੱਜ ਤੱਕ ਮੈਨੂੰ ਚੰਡੀਗੜ੍ਹ 'ਚ 40 ਸਾਲ ਹੋ ਗਏ ਰਹਿੰਦੀਆਂ। ਕੱਲ੍ਹ ਰਾਤ ਪੂਰੀ ਤਰ੍ਹਾਂ ਨਾਲ ਬਲੈਕਆਊਟ ਸੀ, ਗਲ਼ੀਆਂ 'ਚ ਕੁੱਤੇ ਭੌਂਕ ਰਹੇ ਸੀ। ਜਿਹੜਾ ਕੋਈ ਆ-ਜਾ ਰਿਹਾ ਹੈ, ਉਸਨੂੰ ਵੀ ਵੱਢ ਰਹੇ ਨੇ।''
''ਦੂਜੀ ਸਮੱਸਿਆ ਲਾਈਟ ਦੀ। ਮੈਂ ਸ਼ੂਗਰ ਦਾ ਮਰੀਜ਼ ਹਾਂ, ਠੰਢੇ ਪਾਣੀ ਨਾਲ ਨਹਾ ਨਹੀਂ ਸਕਦਾ। ਫੋਨ ਬੰਦ ਨੇ, ਮੈਂ ਫੋਨ ਕਰਕੇ ਦਵਾਈ ਨਹੀਂ ਮੰਗਵਾ ਸਕਦਾ। ਜੇ ਸਰਕਾਰ ਨੂੰ ਇਸ ਚੀਜ਼ ਦਾ ਪਤਾ ਸੀ ਤਾਂ ਕਦਮ ਕਿਉਂ ਨਹੀਂ ਚੁੱਕੇ?''
'ਅਜਿਹੇ ਹਾਲਾਤ ਚੰਡੀਗੜ੍ਹ ਵਿਚ ਕਦੇ ਨਹੀਂ ਦੇਖੇ'
ਮੈਂ ਪਿਛਲੇ 14 -15 ਸਾਲਾਂ ਤੋਂ ਚੰਡੀਗੜ੍ਹ ਵਿਚ ਕੰਮ ਕਰ ਰਿਹਾ ਹਾਂ, ਪਰ ਅਜਿਹੇ ਹਾਲਾਤ ਕਦੇ ਨਹੀਂ ਦੇਖੇ। ਇਹ ਕਹਿਣਾ ਸੀ ਸੈਕਟਰ 16 ਦੀ ਮਾਰਕੀਟ ਵਿਚ ਪਰੌਠਿਆਂ ਦੀ ਰੇਹੜੀ ਲਾਉਣ ਵਾਲੇ ਇੱਕ ਬਿਹਾਰੀ ਪਰਵਾਸੀ ਕਾਮੇ ਰਾਜੂ ਦਾ।
ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਦੇਰ ਸ਼ਾਮ ਕਰੀਬ 10 ਵਜੇ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਬਿਜਲੀ ਕਾਮਿਆਂ ਦੀ ਹੜਤਾਲ ਕਾਰਨ ਅੱਧਾ ਸ਼ਹਿਰ ਹਨ੍ਹੇਰੇ ਵਿਚ ਡੁੱਬ ਗਿਆ ਹੈ।
ਇਸ ਮੌਕੇ ਇੱਕ ਹੋਰ ਵਿਅਕਤੀ ਰਿੰਕੂ ਨਾਹਰ ਦਾ ਕਹਿਣਾ ਸੀ ਕਿ ਉਸ ਨੇ ਵੀ ਅਜਿਹੇ ਹਾਲਾਤ ਚੰਡੀਗੜ੍ਹ ਵਿਚ ਕਦੇ ਨਹੀਂ ਦੇਖੇ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਿਆ ਨੋਟਿਸ
ਹੜਤਾਲ ਤੋਂ ਬਾਅਦ ਸ਼ਹਿਰ ਵਿੱਚ ਬਿਜਲੀ ਦੇ ਸੰਕਟ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਲੈਂਦਿਆਂ ਮੁੱਖ ਇੰਜਨੀਅਰ ਨੂੰ ਤਲਬ ਕੀਤਾ ਹੈ।
ਅਦਾਲਤ ਨੇ ਆਖਿਆ ਹੈ ਕਿ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਨਾਲ ਨਾ ਕੇਵਲ ਨਾਗਰਿਕ ਬਲਕਿ ਹਸਪਤਾਲਾਂ ਵਿੱਚ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ ਵੀ ਪ੍ਰਭਾਵਿਤ ਹੋ ਸਕਦੇ ਹਨ।
ਇਸ ਦੇ ਨਾਲ ਹੀ ਮਹਾਂਮਾਰੀ ਕਾਰਨ ਘਰੋਂ ਇਮਤਿਹਾਨ ਦੇ ਰਹੇ ਵਿਦਿਆਰਥੀ ਅਤੇ ਉਨ੍ਹਾਂ ਦੀ ਪੜ੍ਹਾਈ ਵੀ ਪ੍ਰਭਾਵਿਤ ਹੋਵੇਗੀ।
ਅਦਾਲਤ ਨੇ ਇਹ ਵੀ ਆਖਿਆ ਕਿ ਕਈ ਮਾਮਲਿਆਂ ਵਿੱਚ ਅਦਾਲਤ ਦੀ ਸੁਣਵਾਈ ਵੀ ਇਸ ਕਾਰਨ ਪ੍ਰਭਾਵਿਤ ਹੋ ਸਕਦੀ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਬਿਜਲੀ ਕਾਮਿਆਂ ਦੀ ਹੜਤਾਲ ਉੱਤੇ ਅਗਲੇ ਛੇ ਮਹੀਨਿਆਂ ਲਈ ਰੋਕ ਲਗਾ ਦਿੱਤੀ ਹੈ।
ਚੰਡੀਗੜ੍ਹ ਦੇ ਮੇਅਰ ਨੇ ਬਿਜਲੀ ਦੀਆਂ ਸੇਵਾਵਾਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ 400 ਮੁਲਾਜ਼ਮ ਆਊਟ ਸੋਰਸਿੰਗ ਲਈ ਬੁਲਾਏ ਗਏ ਹਨ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਈ ਲੋਕਾਂ ਨੇ ਕਿਹਾ ਕਿ ਬਿਜਲੀ ਕਾਮੇ ਨਿੱਜੀਕਰਨ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਇਹ ਸਭ ਕੁਝ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਕਾਰਨ ਹੋ ਰਿਹਾ ਹੈ।
ਬੀਬੀਸੀ ਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਘਰਾਂ ਦੇ ਇੰਨਵਰਟਰ ਵੀ ਜਵਾਬ ਦੇ ਰਹੇ ਹਨ ਅਤੇ ਹੁਣ ਮੋਮਬੱਤੀਂਆਂ ਦਾ ਆਸਰਾ ਲੈਣਾ ਪੈ ਰਿਹਾ ਹੈ।
ਜਿਨ੍ਹਾਂ ਘਰਾਂ ਵਿਚ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਜਾਂ ਔਨਲਾਇਨ ਕਲਾਸਾਂ ਜਾਂ ਇਮਤਿਹਾਨ ਹੋ ਰਹੇ ਹਨ ਉੱਥੇ ਬਹੁਤ ਮਾੜਾ ਹਾਲ ਹੈ। ਚੰਡੀਗੜ੍ਹ ਤੋਂ ਕੁਝ ਬੱਚਿਆਂ ਨੂੰ ਪੜ੍ਹਨ ਲਈ ਅਤੇ ਪੇਪਰ ਦੇਣ ਲ਼ਈ ਪੰਜਾਬ ਅਤੇ ਹਰਿਆਣਾ ਦੇ ਖੇਤਰਾਂ ਵਿਚ ਜਾਣਾ ਪੈ ਰਿਹਾ ਹੈ।
ਬਜੁਰਗ ਅਤੇ ਮਰੀਜ਼ਾਂ ਵਾਲੇ ਘਰਾਂ ਲਈ ਵੀ ਇਹ ਹੜਤਾਲ ਵੱਡੀ ਸਮੱਸਿਆ ਬਣ ਕੇ ਆਈ ਹੈ।
ਹੈਰਾਨੀ ਇਸ ਗੱਲ ਦੀ ਹੈ ਕਿ ਇਹ ਹੜ੍ਤਾਲ ਅਚਾਨਕ ਨਹੀਂ ਹੋਈ ਹੈ। ਮੁਲਾਜ਼ਮਾਂ ਇਸ ਦਾ ਐਲਾਨ ਕਾਫ਼ੀ ਸਮਾਂ ਪਹਿਲਾਂ ਕੀਤਾ ਹੋਇਆ ਸੀ, ਪਰ ਫੇਰ ਵੀ ਪੁਖ਼ਤਾ ਪ੍ਰਬੰਧ ਨਹੀਂ ਹੋ ਸਕੇ।
ਸ਼ਹਿਰ ਦੇ ਮੰਦੇ ਹਾਲ ਦੀਆਂ ਕੁਝ ਤਸਵੀਰਾਂ :
ਇਹ ਵੀ ਪੜ੍ਹੋ:
ਇਹ ਵੀ ਦੇਖੋ: