You’re viewing a text-only version of this website that uses less data. View the main version of the website including all images and videos.
ਪੰਜਾਬ ਚੋਣਾਂ: ਭਾਜਪਾ ਆਗੂ ਨੇ ਕਿਹਾ, 'ਪੰਜਾਬ 'ਚ ਸਰਕਾਰ ਬਣਾਉਣ ਲਈ ਭਾਜਪਾ ਦੇ ਦਰਵਾਜ਼ੇ ਹਰ ਪਾਰਟੀ ਲਈ ਖੁੱਲ੍ਹੇ' - ਪ੍ਰੈੱਸ ਰਿਵੀਊ
ਪੰਜਾਬ ਚੋਣਾਂ ਦੇ ਆਉਣ ਵਾਲਿਆਂ ਨਤੀਜਿਆਂ ਦੇ ਮੱਦੇਨਜ਼ਰ ਭਾਜਪਾ ਦਾ ਕਹਿਣਾ ਹੈ ਕਿ ਉਹ ਹੋਰ ਪਾਰਟੀਆਂ ਨਾਲ ਗੱਠਜੋੜ ਦੇ ਵਿਰੋਧੀ ਨਹੀਂ ਹਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਸ੍ਰੀ ਗੰਗਾਨਗਰ ਵਿੱਚ ਭਾਜਪਾ ਦੇ ਕੌਮੀ ਸਕੱਤਰ ਪ੍ਰਦੁਮਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਬਣਾਉਣ ਲਈ ਉਨ੍ਹਾਂ ਦੇ ਦਰਵਾਜ਼ੇ ਹਰ ਪਾਰਟੀ ਲਈ ਖੁੱਲ੍ਹੇ ਹਨ।
ਉਨ੍ਹਾਂ ਇਹ ਵੀ ਕਿਹਾ ਪੰਜਾਬ ਚੋਣਾਂ ਲਈ ਮੁੰਹਿਮ ਦੌਰਾਨ ਭਾਜਪਾ ਨੂੰ ਲੋਕਾਂ ਦਾ ਚੰਗਾ ਸਾਥ ਮਿਲਿਆ ਹੈ।
ਖ਼ਬਰ ਮੁਤਾਬਕ ਉਨ੍ਹਾਂ ਕਿਹਾ, ''ਭਾਜਪਾ ਨੇ ਪੰਜਾਬ ਨਾਲ ਜੁੜੇ ਮੁੱਦੇ ਚੁੱਕੇ ਹਨ ਅਤੇ ਇਨ੍ਹਾਂ ਮੁੱਦਿਆਂ ਉੱਤੇ ਦੂਜੀਆਂ ਪਾਰਟੀਆਂ ਉੱਤੇ ਨਿਸ਼ਾਨਾ ਸਾਧਿਆ ਹੈ। ਹੁਣ, ਲੋਕਾਂ ਨੂੰ ਲਗਦਾ ਹੈ ਕਿ ਭਾਜਪਾ ਪੰਜਾਬ ਨੂੰ ਵਿਕਾਸ ਦੇ ਰਾਹ ਉੱਤੇ ਅੱਗੇ ਲੈ ਕੇ ਜਾ ਸਕਦੀ ਹੈ। ਪੀਐੱਮ ਨਰਿੰਦਰ ਮੋਦੀ ਦੀਆਂ ਰੈਲੀਆਂ ਚੰਗਾ ਨਤੀਜਾ ਦੇਣਗੀਆਂ।''
ਕੌਮੀ ਪੱਧਰ ਉੱਤੇ ਚੱਲੇ ਕਿਸਾਨ ਅੰਦੋਲਨ ਬਾਰੇ ਪ੍ਰਦੁਮਨ ਨੇ ਕਿਹਾ, ''ਨਾ ਸਿਰਫ਼ ਪੰਜਾਬ, ਸਗੋਂ ਪੂਰੇ ਦੇਸ਼ ਦੇ ਲੋਕਾਂ ਨੂੰ ਹੁਣ ਪਤਾ ਹੈ ਕਿ ਇਨ੍ਹਾਂ ਮੁਜ਼ਾਹਰਿਆਂ ਪਿੱਛੇ ਕੌਣ ਸੀ।''
''ਸਾਨੂੰ ਨਹੀਂ ਲੱਗਦਾ ਕਿ ਕਿਸਾਨ ਅੰਦੋਲਨ ਦਾ ਕੋਈ ਮਾੜਾ ਪ੍ਰਭਾਵ ਚੋਣ ਨਤੀਜਿਆਂ ਉੱਤੇ ਹੋਵੇਗਾ।''
ਦੱਸ ਦਈਏ ਕਿ ਪੰਜਾਬ ਵਿੱਚ ਭਾਜਪਾ ਦਾ ਗੱਠਜੋੜ ਪਹਿਲਾਂ ਹੀ ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਹੈ।
ਇਹ ਵੀ ਪੜ੍ਹੋ:
ਲਖੀਮਪੁਰ ਹਿੰਸਾ: ਪੀੜਤ ਪਰਿਵਾਰਾਂ ਵੱਲੋਂ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਨੂੰ ਸੁਪਰੀਮ ਕੋਰਟ 'ਚ ਚੁਣੌਤੀ
ਜਿਵੇਂ ਹੀ ਲਖੀਮਪੁਰ ਖੀਰੀ ਹਿੰਸਾ ਦੇ ਮੁਲਜ਼ਮ ਆਸ਼ੀਸ਼ ਮਿਸ਼ਰਾ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਏ ਤਾਂ ਪੀੜਤ ਪਰਿਵਾਰਾਂ ਵੱਲੋਂ ਇਸ ਜ਼ਮਾਨਤ ਨੂੰ ਚੁਣੌਤੀ ਦਿੱਤੀ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਖ਼ਬਰ ਏਜੰਸੀ ਏਐੱਨਆਈ ਨੇ ਇਹ ਖ਼ਬਰ ਰਿਪੋਰਟ ਕੀਤੀ ਹੈ।
ਪੀੜਤਾਂ ਦੇ ਪਰਿਵਾਰ ਅਲਾਹਾਬਾਦ ਹਾਈ ਕੋਰਟ ਵੱਲੋਂ 3 ਅਕਤੂਬਰ 2021 ਨੂੰ ਲਖੀਮਪੁਰ ਖੀਰੀ ਵਿੱਚ ਹੋਈ ਘਟਨਾ ਦੇ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਗਈ ਜ਼ਮਾਨਤ ਰੱਦ ਕਰਨ ਦੀ ਮੰਗ ਕਰ ਰਹੇ ਸਨ। ਇਸ ਘਟਨਾ ਵਿੱਚ ਕਥਿਤ ਤੌਰ ਉੱਤੇ ਇੱਕ ਐੱਸਯੂਵੀ ਗੱਡੀ ਨੇ 8 ਲੋਕਾਂ ਨੂੰ ਮਾਰ ਦਿੱਤਾ ਸੀ, ਜਿਸ ਵਿੱਚ ਮੁਜ਼ਾਹਰਾ ਕਰ ਰਹੇ ਕਿਸਾਨ ਵੀ ਸ਼ਾਮਲ ਸਨ।
ਜ਼ਮਾਨਤ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਵਿੱਚ ਪੀੜਤ ਪਰਿਵਾਰਾਂ ਵੱਲੋਂ ਅਰਜ਼ੀ ਵਕੀਲ ਪ੍ਰਸ਼ਾਂਤ ਭੂਸ਼ਣ ਦੇ ਰਾਹੀਂ ਪਾਈ ਗਈ ਹੈ।
ਆਸ਼ੀਸ਼ ਮਿਸ਼ਰਾ ਨੂੰ ਇਹ ਜ਼ਮਾਨਤ ਉੱਤਰ ਪ੍ਰਦੇਸ਼ ਵਿੱਚ ਚੱਲ ਰਹੀਆਂ ਚੋਣਾਂ ਦੌਰਾਨ ਮਿਲੀ ਹੈ ਅਤੇ ਵਿਰੋਧੀ ਸਿਆਸੀ ਪਾਰਟੀਆਂ ਨੇ ਇਸ ਜ਼ਮਾਨਤ ਦਾ ਮਕਸਦ ''ਬ੍ਰਾਹਮਣ ਵੋਟਾਂ'' ਵਿੱਚ ਲਾਭ ਲੈਣਾ ਦੱਸਿਆ ਹੈ।
ਪੰਜਾਬ 'ਚ 30 ਲੱਖ ਤੋਂ ਵੱਧ ਲੋਕ ਕਰਦੇ ਹਨ ਵੱਖ-ਵੱਖ ਨਸ਼ਿਆਂ ਨਾਲ ਜੁੜੀਆਂ ਚੀਜ਼ਾਂ ਦੀ ਵਰਤੋ - ਅਧਿਐਨ
ਪੀਜੀਆਈ ਚੰਡੀਗੜ੍ਹ ਦੇ ਇੱਕ ਅਧਿਐਨ ਮੁਤਾਬਕ ਪੰਜਾਬ ਵਿੱਚ 30 ਲੱਖ ਤੋਂ ਵੱਧ ਲੋਕ ਯਾਨੀ ਸੂਬੇ ਦੀ 15.4 ਫੀਸਦੀ ਆਬਾਦੀ ਕਿਸੇ ਨਾ ਕਿਸੇ ਤਰ੍ਹਾਂ ਦੇ ਨਸ਼ੇ ਦੀ ਵਰਤੋਂ ਕਰਦੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਨ੍ਹਾਂ ਵਿੱਚ ਸਭ ਤੋਂ ਵੱਧ ਖ਼ਪਤ ਸ਼ਰਾਬ ਦੀ ਹੈ, ਜੋ 20 ਲੱਖ ਤੋਂ ਵੱਧ ਲੋਕਾਂ ਵੱਲੋਂ ਪੀਤੀ ਜਾਂਦੀ ਹੈ।
ਇਹ ਅਧਿਐਨ ਪੀਜੀਆਈ ਚੰਡੀਗੜ੍ਹ ਦੇ ਕਮਿਊਨਿਟੀ ਮੈਡੀਸਨ ਵਿਭਾਗ ਨੇ ਕੀਤਾ ਹੈ। ਇਸ ਵਿਭਾਗ ਦੇ ਪ੍ਰੋਫ਼ੈਸਰ ਡਾ. ਜੇ ਐੱਸ ਠਾਕੁਰ ਦੀ ਕਿਤਾਬ 'ਰੋਡਮੈਪ ਫਾਰ ਪ੍ਰਿਵੈਨਸ਼ਨ ਐਂਡ ਕੰਟਰੋਲ ਆਫ਼ ਸਬਸਟੈਂਸ ਅਬਿਊਸ ਇਨ ਪੰਜਾਬ' ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਸਮਾਗਮ ਦੌਰਾਨ ਰੀਲੀਜ਼ ਕੀਤਾ।
ਇਸ ਕਿਤਾਬ ਵਿੱਚ ਦਰਜ ਅਧਿਐਨ ਭਾਰਤ ਅਤੇ ਪੰਜਾਬ ਵਿੱਚ ਵਰਤੇ ਜਾਂਦੇ ਨਸ਼ੇ ਅਤੇ ਇਸ ਨਾਲ ਜੁੜੀਆਂ ਹੋਰ ਵਸਤਾਂ ਬਾਰੇ ਜ਼ਿਕਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਉੱਤੇ ਕਾਬੂ ਪਾਉਣ ਲਈ ਵਿਉਂਤਬੰਦੀ, ਜ਼ਿਲ੍ਹਾ ਪੱਧਰ ਉੱਤੇ ਯੋਜਨਾ ਅਤੇ ਲਾਗੂ ਕਰਨ ਬਾਰੇ ਗੱਲ ਕੀਤੀ ਗਈ ਹੈ।
ਡਾ. ਜੇ ਐੱਸ ਠਾਕੁਰ ਨੇ ਦੱਸਿਆ ਕਿ ਪੰਜਾਬ ਦੀ 15.4 ਫੀਸਦੀ ਆਬਾਦੀ ਜਿਨ੍ਹਾਂ ਵਿੱਚ ਬਹੁਤੇ ਮਰਦ ਸ਼ਾਮਲ ਹਨ, ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਮੁਤਾਬਕ 20 ਲੱਖ ਤੋਂ ਵੱਧ ਲੋਕ ਸ਼ਰਾਬ ਦਾ ਸੇਵਨ ਕਰਦੇ ਹਨ, ਉਸ ਤੋਂ ਬਾਅਦ 15 ਲੱਖ ਤੋਂ ਵੱਧ ਤੰਬਾਕੂ ਦਾ ਸੇਵਨ ਕਰਦੇ ਹਨ।
ਇਸ ਤੋਂ ਇਲਾਵਾ 17 ਲੱਖ ਦੇ ਕਰੀਬ ਲੋਕ ਅਫ਼ੀਮ ਦਾ ਸੇਵਨ ਕਰਦੇ ਹਨ ਅਤੇ ਇਸ ਤੋਂ ਇਲਾਵਾ ਦਵਾਈਆਂ ਨਾਲ ਜੁੜੇ ਡਰੱਗਜ਼ ਇਸ ਵਿੱਚ ਸ਼ਾਮਲ ਹਨ।
ਇਹ ਵੀ ਪੜ੍ਹੋ:
ਇਹ ਵੀ ਦੇਖੋ: