You’re viewing a text-only version of this website that uses less data. View the main version of the website including all images and videos.
ਜਦੋਂ ਮੁਹੰਮਦ ਮਹਿਬੂਬ ਨੇ ਚੱਲਦੀ ਮਾਲਗੱਡੀ ਥੱਲੇ ਜਾ ਕੇ ਬਚਾਈ ਕੁੜੀ ਦੀ ਜਾਨ
- ਲੇਖਕ, ਸ਼ੁਰੈ ਨਿਆਜ਼ੀ
- ਰੋਲ, ਭੋਪਾਲ ਤੋਂ ਬੀਬੀਸੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 4 ਮਿੰਟ
ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੇ 37 ਸਾਲਾ ਮੁਹੰਮਦ ਮਹਿਬੂਬ ਪੇਸ਼ੇ ਤੋਂ ਤਰਖਾਣ ਹਨ ਅਤੇ ਸ਼ਹਿਰ ਦੇ ਬਰਖੇੜੀ ਇਲਾਕੇ ਵਿੱਚ ਇੱਕ ਦੁਕਾਨ 'ਤੇ ਕੰਮ ਕਰਦੇ ਹਨ।
ਪਿਛਲੇ ਕੁਝ ਦਿਨਾਂ ਵਿੱਚ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਬਦਲ ਦਿੱਤਾ ਹੈ। ਕਈ ਜਗ੍ਹਾ ਉਨ੍ਹਾਂ ਨੂੰ ਮਾਣ ਸਨਮਾਨ ਮਿਲ ਰਿਹਾ ਹੈ ਅਤੇ ਵਧਾਈ ਦੇਣ ਵਾਲੇ ਲੋਕ ਲਗਾਤਾਰ ਘਰ ਪਹੁੰਚ ਰਹੇ ਹਨ।
ਮਹਿਬੂਬ ਨੇ ਪੰਜ ਫਰਵਰੀ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਰੇਲਵੇ ਟ੍ਰੈਕ 'ਤੇ ਫਸੀ ਇੱਕ ਕੁੜੀ ਦੀ ਜਾਨ ਬਚਾਈ ਹੈ। ਇਹ ਕੁੜੀ ਰੇਲਵੇ ਟਰੈਕ ਉਪਰ ਖੜ੍ਹੀ ਮਾਲ ਗੱਡੀ ਦੇ ਹੇਠੋਂ ਨਿਕਲ ਰਹੀ ਸੀ ਕਿ ਮਾਲਗੱਡੀ ਚੱਲ ਪਈ।
ਕੁੜੀ ਨੇ ਗੁਹਾਰ ਲਗਾਈ ਅਤੇ ਕੋਲ ਮੌਜੂਦ ਮਹਿਬੂਬ ਫਟਾਫਟ ਟ੍ਰੇਨ ਦੇ ਥੱਲੇ ਚਲੇ ਗਏ ਅਤੇ ਕੁੜੀ ਨੂੰ ਉੱਥੇ ਦੱਬ ਕੇ ਰੱਖਿਆ। ਇਸ ਦੌਰਾਨ ਮਾਲ ਗੱਡੀ ਦੇ ਕਈ ਡੱਬੇ ਗੁਜ਼ਰੇ। ਟ੍ਰੇਨ ਦੇ ਜਾਣ ਤੋਂ ਬਾਅਦ ਮਹਿਬੂਬ ਅਤੇ ਕੁੜੀ ਦੋਵੇਂ ਸਹੀ ਸਲਾਮਤ ਸਨ।
ਮਹਿਬੂਬ ਨੇ ਦੱਸਿਆ, "ਇਹ ਕੰਮ ਬਸ ਅੱਲ੍ਹਾ ਨੇ ਕਰਵਾ ਦਿੱਤਾ। ਜਦੋਂ ਕੁੜੀ ਨੇ ਸਹਾਇਤਾ ਮੰਗੀ ਤਾਂ ਮੈਂ ਉਸ ਤੋਂ 30 ਫੁੱਟ ਦੂਰ ਖੜ੍ਹਾ ਸੀ। ਉਸ ਵੇਲੇ ਉਥੇ 30-40 ਲੋਕ ਮੌਜੂਦ ਸਨ। ਮੈਨੂੰ ਲੱਗਿਆ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ ਅਤੇ ਮੈਂ ਉਹੀ ਕੀਤਾ।"
ਉਨ੍ਹਾਂ ਮੁਤਾਬਕ ਇਹ ਘਟਨਾ ਪੰਜ ਫਰਵਰੀ ਦੀ ਹੈ ਪਰ ਬਹੁਤ ਘੱਟ ਲੋਕਾਂ ਨੂੰ ਉਨ੍ਹਾਂ ਨੇ ਇਸ ਬਾਰੇ ਦੱਸਿਆ। ਉਹ ਨਹੀਂ ਚਾਹੁੰਦੇ ਸਨ ਕਿ ਕਿਸੇ ਨੂੰ ਇਸ ਬਾਰੇ ਪਤਾ ਲੱਗੇ।
ਉਨ੍ਹਾਂ ਦੀ ਬਹਾਦਰੀ ਬਾਰੇ ਸ਼ਾਇਦ ਲੋਕਾਂ ਨੂੰ ਪਤਾ ਨਾ ਲਗਦਾ ਜੇਕਰ ਇਹ ਵੀਡੀਓ ਵਾਇਰਲ ਨਾ ਹੁੰਦੀ।
ਇਹ ਵੀ ਪੜ੍ਹੋ:
ਵੀਡੀਓ ਹੋਈ ਵਾਇਰਲ
ਉੱਥੇ ਭੀੜ ਵਿੱਚ ਮੌਜੂਦ ਕਿਸੇ ਨੇ ਵੀਡੀਓ ਬਣਾ ਕੇ 11 ਫਰਵਰੀ ਨੂੰ ਇੰਟਰਨੈੱਟ 'ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਵੀਡੀਓ ਫੈਲ ਗਈ। ਇਸ ਦੇ ਫੈਲਣ ਦੇ ਨਾਲ ਹੀ ਭੋਪਾਲ ਵਿੱਚ ਮਹਿਬੂਬ ਲੋਕਾਂ ਦੀ ਚਰਚਾ ਦਾ ਵਿਸ਼ਾ ਬਣ ਗਏ।
ਤਿੰਨ ਸਾਲਾਂ ਦੀ ਧੀ ਦੇ ਪਿਤਾ ਮਹਿਬੂਬ ਆਪਣੇ ਮਾਤਾ ਪਿਤਾ ਨਾਲ ਰਹਿੰਦੇ ਹਨ। ਉਨ੍ਹਾਂ ਦੇ ਪਰਿਵਾਰ ਨੇ ਇਸ ਕੰਮ ਦੀ ਸਰਾਹਨਾ ਕੀਤੀ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਲੱਗਿਆ ਕਿ ਇਹ ਬਹੁਤ ਵੱਡਾ ਕੰਮ ਸੀ।
ਮਹਿਬੂਬ ਦੀ ਪਤਨੀ ਰੂਹੀ ਅੰਸਾਰੀ ਨੇ ਦੱਸਿਆ, "ਸਾਡੇ ਮਜ਼ਹਬ ਵਿੱਚ ਹੈ ਕਿ ਲੋਕਾਂ ਦੀ ਸਹਾਇਤਾ ਕੀਤੀ ਜਾਵੇ।"
ਮਹਿਬੂਬ ਉਸ ਦਿਨ ਦੀਆਂ ਘਟਨਾਵਾਂ ਨੂੰ ਯਾਦ ਕਰਦੇ ਆਖਦੇ ਹਨ, "ਮੈਂ ਪਟੜੀ ਉੱਤੇ ਲੇਟਿਆ ਸੀ ਅਤੇ ਮੈਂ ਉਸ ਕੁੜੀ ਦੇ ਸਿਰ ਨੂੰ ਆਪਣੇ ਹੱਥ ਨਾਲ ਦੱਬ ਕੇ ਰੱਖਿਆ ਸੀ। ਉਹ ਵਾਰ ਵਾਰ ਘਬਰਾਹਟ ਵਿੱਚ ਸਿਰ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਨੂੰ ਡਰ ਸੀ ਕਿਤੇ ਉਹ ਆਪਣਾ ਸਿਰ ਨਾ ਚੁੱਕ ਲਵੇ।
ਘਟਨਾ ਤੋਂ ਬਾਅਦ ਕੁੜੀ ਆਪਣੇ ਭਰਾ ਨਾਲ ਚਲੀ ਗਈ। ਮਹਿਬੂਬਾ ਆਖਦੇ ਹਨ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਸਨੇਹਾ ਦੀ ਸਹਾਇਤਾ ਕਰ ਸਕੇ। ਇਸ ਦੌਰਾਨ ਉਸ ਦੀ ਜਾਨ ਵੀ ਜਾ ਸਕਦੀ ਸੀ।
ਮਹਿਬੂਬ ਉਸ ਵੇਲੇ ਈਸ਼ਾ (ਰਾਤ ਨੂੰ ਹੋਣ ਵਾਲੀ) ਨਮਾਜ਼ ਪੜ੍ਹ ਕੇ ਘਰ ਵਾਪਸ ਆ ਰਹੇ ਸਨ ਅਤੇ ਸ਼ਹਿਰ ਦੇ ਬਰਖੇੜੀ ਫਾਟਕ ਕੋਲ ਇਹ ਘਟਨਾ ਵਾਪਰੀ।
ਉਸ ਵੇਲੇ ਕੀ ਚੱਲ ਰਿਹਾ ਸੀ ਦਿਮਾਗ ਵਿੱਚ
ਟਰੈਕ 'ਤੇ ਲੇਟੇ ਰਹਿਣ ਸਮੇਂ ਮਹਿਬੂਬ ਇਹੀ ਸੋਚਦੇ ਸਨ ਕਿ ਟ੍ਰੇਨ ਦਾ ਕੋਈ ਹਿੱਸਾ ਉਨ੍ਹਾਂ ਦੇ ਜਾਂ ਕੁੜੀ ਦੇ ਸਿਰ ਉੱਪਰ ਆ ਕੇ ਨਾ ਵੱਜੇ।
ਜਿਸ ਕੁੜੀ ਨੂੰ ਮਹਿਬੂਬ ਨੇ ਬਚਾਇਆ ਹੈ, ਉਸ ਦਾ ਨਾਮ ਸਨੇਹਾ ਗੌੜ ਹੈ ਅਤੇ ਉਹ ਭੋਪਾਲ ਦੀ ਇੱਕ ਨਿੱਜੀ ਕੰਪਨੀ ਵਿੱਚ ਸੇਲਜ਼ ਦਾ ਕੰਮ ਕਰਦੀ ਹੈ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਸਨੇਹਾ ਹੁਣ ਤੱਕ ਮਹਿਬੂਬ ਨੂੰ ਮਿਲੀ ਨਹੀਂ ਹੈ ਪਰ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਮਹਿਬੂਬ ਨੇ ਹੀ ਉਸ ਦੀ ਜਾਨ ਬਚਾਈ ਹੈ।
ਸਨੇਹਾ ਗੌੜ ਨੂੰ ਲੈਣ ਉਨ੍ਹਾਂ ਦਾ ਭਰਾ ਆਇਆ ਸੀ, ਜੋ ਟ੍ਰੈਕ ਦੇ ਦੂਜੇ ਪਾਸੇ ਖੜ੍ਹਾ ਸੀ। ਸਨੇਹਾ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਨੂੰ ਦੱਸਣਾ ਚਾਹ ਰਹੀ ਸੀ ਕਿ ਉਹ ਸੁਰੱਖਿਅਤ ਹੈ, ਇਸ ਲਈ ਵਾਰ ਵਾਰ ਆਪਣਾ ਸਿਰ ਚੁੱਕ ਰਹੀ ਸੀ।
ਮਹਿਬੂਬ ਕੋਲ ਹੁਣ ਤੱਕ ਮੋਬਾਈਲ ਵੀ ਨਹੀਂ ਸੀ ਪਰ ਸ਼ਹਿਰ ਦੇ ਕਈ ਸੰਗਠਨ ਮਹਿਬੂਬ ਦਾ ਸਾਮਾਨ ਕਰ ਰਹੇ ਹਨ। ਇਨ੍ਹਾਂ ਵਿੱਚੋਂ ਇੱਕ ਸਥਾਨਕ ਸੰਸਥਾ ਬੀਬੀਐੱਮ ਦੇ ਸੰਚਾਲਕ ਸ਼ੋਏਬ ਹਾਸ਼ਮੀ ਨੇ ਉਨ੍ਹਾਂ ਨੂੰ ਮੋਬਾਇਲ ਫੋਨ ਦਿੱਤਾ ਹੈ।
ਸ਼ੋਏਬ ਹਾਸ਼ਮੀ ਦੱਸਦੇ ਹਨ, "ਮਹਿਬੂਬ ਨੂੰ ਆਦਰ ਸਨਮਾਨ ਮਿਲਣਾ ਚਾਹੀਦਾ ਹੈ। ਆਪਣੀ ਜਾਨ 'ਤੇ ਖੇਡ ਕੇ ਉਨ੍ਹਾਂ ਨੇ ਇੱਕ ਜਾਨ ਬਚਾਈ ਹੈ।"
ਇਲਾਕੇ ਦੇ ਪੁਲਿਸ ਅਧਿਕਾਰੀਆਂ ਨੇ ਵੀ ਮਹਿਬੂਬ ਨੂੰ ਸਨਮਾਨਿਤ ਕੀਤਾ ਹੈ।
ਇਸੇ ਇਲਾਕੇ ਵਿੱਚ ਕੰਮ ਕਰਨ ਵਾਲੇ ਜ਼ੀਸ਼ਾਨ ਕੁਰੈਸ਼ੀ ਵੀ ਘਟਨਾ ਦੇ ਸਮੇਂ ਮੌਜੂਦ ਸਨ।
ਉਹ ਆਖਦੇ ਹਨ, "ਮੈਂ ਸਾਹਮਣੇ ਹੀ ਖੜ੍ਹਾ ਸੀ, ਮੈਨੂੰ ਬਹੁਤ ਹੈਰਾਨੀ ਹੋਈ ਜਦੋਂ ਇਨ੍ਹਾਂ ਨੇ ਇਹ ਖਤਰਾ ਮੁੱਲ ਲਿਆ। ਇਸ ਦੌਰਾਨ ਜਾਨ ਵੀ ਜਾ ਸਕਦੀ ਸੀ।"
ਫੁੱਟ ਓਵਰਬ੍ਰਿਜ ਦੀ ਮੰਗ
ਉਨ੍ਹਾਂ ਨੇ ਦੱਸਿਆ ਕਿ ਮਹਿਬੂਬ ਨੇ ਬਹੁਤ ਵੱਡਾ ਕੰਮ ਕੀਤਾ ਹੈ।
"ਟ੍ਰੇਨ ਦੇ ਜਾਣ ਤੋਂ ਬਾਅਦ ਕੁੜੀ ਉੱਠੀ। ਉਹ ਕਾਫ਼ੀ ਘਬਰਾਈ ਹੋਈ ਸੀ ਅਤੇ ਰੋਂਦੇ ਰੋਂਦੇ ਸਿੱਧੇ ਉੱਥੇ ਮੌਜੂਦ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਚਲੀ ਗਈ।"
ਸ਼ਹਿਰ ਦੇ ਭੀੜ ਭਰੇ ਇਲਾਕੇ ਵਿੱਚ ਸਥਿਤ ਬਰਖੇੜੀ ਫਾਟਕ ਦੇ ਕੋਲ ਕੋਈ ਫੁੱਟਓਵਰ ਬ੍ਰਿਜ ਨਹੀਂ ਹੈ। ਪਹਿਲਾਂ ਇੱਥੇ ਫੁੱਟ ਓਵਰਬ੍ਰਿਜ ਮੌਜੂਦ ਸੀ ਪਰ ਸਥਾਨਕ ਲੋਕਾਂ ਮੁਤਾਬਕ ਸੱਤ ਸਾਲ ਪਹਿਲਾਂ ਉਸ ਨੂੰ ਬੰਦ ਕਰ ਦਿੱਤਾ ਗਿਆ।
ਹੁਣ ਛੋਟੀ ਜਿਹੀ ਜਗ੍ਹਾ ਹੈ ਤੇ ਖੇਤਰ ਦੇ ਲਗਭਗ ਦਸ ਹਜ਼ਾਰ ਦੀ ਆਬਾਦੀ ਦੇ ਲੋਕ ਇਸ ਤਰ੍ਹਾਂ ਟਰੈਕ ਨੂੰ ਪਾਰ ਕਰਦੇ ਹਨ।
ਇਸ ਇਲਾਕੇ ਦੇ ਨਿਵਾਸੀ ਅਲਮਾਸ ਅਲੀ ਨੇ ਦੱਸਿਆ, "ਉਸ ਜਗ੍ਹਾ ਤੀਜੀ ਲਾਈਨ ਬਣਨ ਦੇ ਕਾਰਨ ਲਗਭਗ ਹਰ ਰੋਜ਼ ਮਾਲ ਗੱਡੀ ਉੱਥੇ ਖੜ੍ਹੀ ਰਹਿੰਦੀ ਹੈ। ਕਈ ਵਾਰ ਮਾਲ ਗੱਡੀ ਅੱਧਾ ਘੰਟਾ ਵੀ ਰੁਕਦੀ ਹੈ। ਇਹੀ ਕਾਰਨ ਹੈ ਕਿ ਮਜਬੂਰੀ ਵਿੱਚ ਲੋਕ ਟਰੈਕ ਨੂੰ ਇਸ ਤਰ੍ਹਾਂ ਪਾਰ ਕਰਦੇ ਹਨ।
ਦੂਜੇ ਪਾਸੇ ਜਾਣ ਲਈ ਜੋ ਸੜਕ ਬਣੀ ਹੈ ਉਹ ਕਾਫੀ ਦੂਰ ਹੈ ਅਤੇ ਇਸੇ ਲਈ ਲੋਕ ਇਹ ਖ਼ਤਰਾ ਮੁੱਲ ਲੈਂਦੇ ਹਨ। ਇਸ ਜਗ੍ਹਾ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ।
ਰੇਲਵੇ ਪੁਲਿਸ ਮੁਤਾਬਕ ਪਿਛਲੇ ਸਾਲ ਇੱਥੇ 18 ਲੋਕਾਂ ਦੀ ਮੌਤ ਹੋਈ ਹੈ।
ਲੋਕਾਂ ਨੇ ਫੁੱਟਓਵਰ ਬ੍ਰਿਜ ਦੀ ਮੰਗ ਕਈ ਵਾਰ ਕੀਤੀ ਹੈ। ਹੁਣ ਇਸ ਹਾਦਸੇ ਤੋਂ ਬਾਅਦ ਰੇਲਵੇ ਨੇ ਫੁੱਟਓਵਰ ਬ੍ਰਿਜ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਨੂੰ ਬਣਨ ਵਿੱਚ ਡੇਢ ਸਾਲ ਦਾ ਸਮਾਂ ਲੱਗ ਸਕਦਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: