You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਮਹਾਂਮਾਰੀ ਦੇ ਪਹਿਲੇ ਸਾਲ ’ਚ ਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਬਾਰੇ ਸਰਕਾਰ ਨੇ ਇਹ ਅੰਕੜੇ ਦਿੱਤੇ - ਪ੍ਰੈੱਸ ਰਿਵਿਊ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਅਨੁਸਾਰ, ਹਾਲ ਦੇ ਪਿਛਲੇ ਸਾਲਾਂ ਦੌਰਾਨ ਮਹਾਂਮਾਰੀ ਦੇ ਪਹਿਲੇ ਸਾਲ 2020 'ਚ ਬੇਰੁਜ਼ਗਾਰਾਂ ਵੱਲੋਂ ਸਭ ਤੋਂ ਵੱਧ ਖੁਦਕੁਸ਼ੀਆਂ ਦੇ ਮਾਮਲੇ ਸਾਹਮਣੇ ਆਏ ਹਨ।
ਜਾਰੀ ਅੰਕੜਿਆਂ ਅਨੁਸਾਰ, ਪਹਿਲੀ ਵਾਰ ਬੇਰੁਜ਼ਗਾਰਾਂ ਦੀਆਂ ਖੁਦਕੁਸ਼ੀਆਂ ਦਾ ਇਹ ਅੰਕੜਾ 3,000 ਦੇ ਪਾਰ ਚਲਾ ਗਿਆ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਾਜ ਮੰਤਰੀ (ਗ੍ਰਹਿ) ਨਿਤਿਆਨੰਦ ਰਾਏ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਕਿਹਾ ਕਿ 2020 ਵਿੱਚ ਬੇਰੁਜ਼ਗਾਰੀ ਕਾਰਨ ਖੁਦਕੁਸ਼ੀ ਕਰਨ ਕਰਕੇ 3,548 ਲੋਕਾਂ ਦੀ ਮੌਤ ਹੋ ਗਈ।
ਉਸ ਸਾਲ ਖੁਦਕੁਸ਼ੀਆਂ ਦੀ ਕੁੱਲ ਗਿਣਤੀ 1.53 ਲੱਖ ਸੀ, ਜੋ ਕਿ 2019 ਵਿੱਚ 1.39 ਲੱਖ ਸੀ।
ਉਨ੍ਹਾਂ ਇਹ ਵੀ ਦੱਸਿਆ ਕਿ 2018 ਅਤੇ 2020 ਦੇ ਵਿਚਕਾਰ, 16,091 ਲੋਕਾਂ ਨੇ ਦੀਵਾਲੀਆਪਨ ਜਾਂ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ। ਸਾਲ 2018 ਵਿੱਚ ਇਹ ਅੰਕੜਾ 4,970; 2019 ਵਿੱਚ 5,908; ਅਤੇ 2020 ਵਿੱਚ 5,213 ਸੀ।
ਇਹ ਵੀ ਪੜ੍ਹੋ:-
ਲੋਕ ਸਭਾ 'ਚ ਬੋਲੇ ਤੇਜਸਵੀ ਸੂਰਿਆ: ਦੇਸ਼ 'ਚ ਕੋਈ ਬੇਰੁਜ਼ਗਾਰੀ ਨਹੀਂ, ਸਿਰਫ਼ ਕਾਂਗਰਸ ਦੇ ਰਾਜਕੁਮਾਰ ਹੀ ਬੇਰੁਜ਼ਗਾਰ
ਰਾਹੁਲ ਗਾਂਧੀ ਦੇ ਇਸ ਦਾਅਵੇ ਦਾ ਵਿਰੋਧ ਕਰਦੇ ਹੋਏ ਕਿ ਦੇਸ਼ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ, ਭਾਜਪਾ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਬੁੱਧਵਾਰ ਨੂੰ ਰਾਹੁਲ 'ਤੇ ਨਿਸ਼ਾਨਾ ਲਗਾਉਂਦਿਆਂ ਕਿਹਾ ਕਿ ਕਾਂਗਰਸ ਆਗੂ ਦਾ ਦਾਅਵਾ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਪ੍ਰਤਿਭਾਸ਼ਾਲੀ ਤੇ ਮਿਹਨਤੀ ਲੋਕਾਂ ਲਈ ਕਾਫ਼ੀ ਮੌਕੇ ਹਨ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਰਾਹੁਲ 'ਤੇ ਚੁਟਕੀ ਲੈਂਦਿਆਂ ਉਨ੍ਹਾਂ ਕਿਹਾ ਕਿ "ਇਕੱਲੇ ਬੇਰੁਜ਼ਗਾਰ ਵਿਅਕਤੀ ਕਾਂਗਰਸ ਪਾਰਟੀ ਦੇ ਰਾਜਕੁਮਾਰ ਹੀ ਹਨ"।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕੁਝ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ 'ਤੇ ਨਿਸ਼ਾਨਾ ਸਾਧਦੇ ਹੋਏ ਦੋ ਭਾਰਤ, ਇੱਕ ਬਹੁਤ ਅਮੀਰ ਅਤੇ ਦੂਜਾ ਗਰੀਬ ਹੋਣ ਦੀ ਗੱਲ ਕੀਤੀ ਸੀ। ਹੁਣ ਇਸੇ ਗੱਲ 'ਤੇ ਸੂਰਿਆ ਨੇ ਕਿਹਾ ਹੈ ਕਿ ਦੋ ਭਾਰਤ ਅਸਲ ਵਿੱਚ ਮੋਦੀ ਤੋਂ ਪਹਿਲਾਂ ਦਾ ਭਾਰਤ ਅਤੇ ਮੋਦੀ ਤੋਂ ਬਾਅਦ ਦਾ ਭਾਰਤ ਹਨ।
ਉਨ੍ਹਾਂ ਕਿਹਾ, ''ਮੋਦੀ ਤੋਂ ਪਹਿਲਾਂ ਮਹਿੰਗਾਈ ਦੋਹਰੇ ਅੰਕ 'ਚ ਸੀ। ਹੁਣ ਸਿੰਗਲ-ਡਿਜੀਟ ਮਹਿੰਗਾਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਜੀਡੀਪੀ ਦਾ ਆਕਾਰ 110 ਲੱਖ ਕਰੋੜ ਰੁਪਏ ਸੀ। ਮੋਦੀ ਤੋਂ ਬਾਅਦ ਜੀਡੀਪੀ ਦਾ ਆਕਾਰ 230 ਲੱਖ ਕਰੋੜ ਰੁਪਏ ਹੈ। ਮੋਦੀ ਤੋਂ ਪਹਿਲਾਂ ਭਾਰਤ ਦਾ ਨਿਰਯਾਤ (ਦਰਾਮਦ) 2.85 ਲੱਖ ਕਰੋੜ ਰੁਪਏ ਸੀ। ਮੋਦੀ ਤੋਂ ਬਾਅਦ, ਇਹ 4.7 ਲੱਖ ਕਰੋੜ ਰੁਪਏ ਹੈ।''
ਟਰੱਕਰਾਂ ਦੇ ਪ੍ਰਦਰਸ਼ਨ 'ਤੇ ਬੋਲੇ ਟਰੂਡੋ- 'ਅਸਵੀਕਾਰਯੋਗ, ਖਤਮ ਹੋਣਾ ਚਾਹੀਦਾ ਹੈ'
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰੱਕਰਾਂ ਦੇ ਅੰਦੋਲਨ ਨੂੰ "ਅਸਵੀਕਾਰਨਯੋਗ" ਕਰਾਰ ਦਿੱਤਾ ਹੈ। ਕੈਨੇਡਾ ਸਰਕਾਰ ਵੱਲੋਂ ਨਵੇਂ ਕੋਵਿਡ ਨਿਯਮਾਂ ਲਾਗੂ ਕਰਨ ਦੇ ਵਿਰੋਧ ਵਿੱਚ ਟਰੱਕਰਾਂ ਨੇ ਕੇਂਦਰੀ ਓਟਾਵਾ ਨੂੰ ਬੰਦ ਕਰ ਦਿੱਤਾ ਹੈ ਅਤੇ ਕੋਵਿਡ ਸਿਹਤ ਨਿਯਮਾਂ ਸਬੰਧੀ ਗੁੱਸੇ ਦੇ ਚੱਲਦਿਆਂ ਸਰਹੱਦ ਪਾਰ ਹੋਣ ਵਾਲੇ ਵਪਾਰ ਵਿੱਚ ਵਿਘਨ ਪਾਇਆ ਹੈ।
ਇਸ ਦੇ ਚੱਲਦਿਆਂ ਹੀ, ਕੈਨੇਡੀਅਨ ਪੁਲਿਸ ਨੇ ਬੁੱਧਵਾਰ ਨੂੰ ਪ੍ਰਦਰਸ਼ਨਕਾਰੀ ਟਰੱਕ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਵੀ ਦਿੱਤੀ।
ਏਐੱਫਪੀਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਿਕ, ਕੈਨੇਡਾ ਦੀ ਰਾਜਧਾਨੀ ਵਿੱਚ ਦੋ ਹਫ਼ਤਿਆਂ ਤੋਂ ਚੱਲ ਰਹੇ ਟਰੱਕਰਾਂ ਦੇ ਵਿਰੋਧ ਵਿੱਚ ਲੋਕ ਲਗਾਤਾਰ ਜੁੜਦੇ ਜਾ ਰਹੇ ਹਨ ਅਤੇ ਉਨ੍ਹਾਂ ਨੇ ਵਿੰਡਸਰ ਅਤੇ ਅਮਰੀਕਾ ਦੇ ਸ਼ਹਿਰ ਡੇਟਰਾਇਟ ਦੇ ਵਿਚਕਾਰ ਅੰਬੈਸਡਰ ਬ੍ਰਿਜ ਦੀ ਨਾਕਾਬੰਦੀ ਕਰ ਰੱਖੀ ਹੈ।
ਪ੍ਰਧਾਨ ਮੰਤਰੀ ਟਰੂਡੋ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਕਾਰਵਾਈ ਨਾਲ ਦੇਸ਼ ਦੇ ਆਰਥਿਕ ਸੁਧਾਰ ਨੂੰ ਖਤਰਾ ਹੈ।
ਟਰੂਡੋ ਨੇ ਹਾਊਸ ਆਫ਼ ਕਾਮਨਜ਼ ਵਿੱਚ ਕਿਹਾ, "ਨਾਕਾਬੰਦੀ, ਗੈਰ-ਕਾਨੂੰਨੀ ਪ੍ਰਦਰਸ਼ਨ ਅਸਵੀਕਾਰਨਯੋਗ ਹਨ ਅਤੇ ਕਾਰੋਬਾਰਾਂ ਤੇ ਨਿਰਮਾਤਾਵਾਂ ਨੂੰ ਨਕਾਰਾਤਮਕ ਤੌਰ 'ਤੇ ਪ੍ਰਭਾਵਿਤ ਕਰ ਰਹੇ ਹਨ। ਸਾਨੂੰ ਉਨ੍ਹਾਂ ਨੂੰ ਖਤਮ ਕਰਨ ਲਈ ਸਭ ਕੁਝ ਕਰਨਾ ਚਾਹੀਦਾ ਹੈ।"
ਇਹ ਵੀ ਪੜ੍ਹੋ:-
ਇਹ ਵੀ ਦੇਖੋ: