ਕੋਰੋਨਾਵਾਇਰਸ: ਕੇਂਦਰੀ ਸਿਹਤ ਮੰਤਰਾਲੇ ਨੇ ਭਾਰਤ ਵਿੱਚ ਕੋਵਿਡ-19 ਦੀ ਤੀਜੀ ਲਹਿਰ ਮੱਠੀ ਪੈਣ ਬਾਰੇ ਕੀ ਕਿਹਾ - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਕੇਂਦਰੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਪਿਛਲੇ ਦੋ ਹਫ਼ਤਿਆਂ ਤੋਂ ਘਟਾਅ ਵੱਲ ਜਾ ਰਹੀ ਹੈ ਅਤੇ ਦੇਸ਼ ਵਿੱਚ ਇੱਕ ਦਿਨ ਵਿੱਚ ਸਭ ਤੋਂ ਜ਼ਿਆਦਾ ਕੇਸ 414,188 ਆਏ ਸਨ, ਜਦਕਿ ਵੀਰਵਾਰ ਨੂੰ ਇਹ ਗਿਣਤੀ 347,245 ਸੀ।

ਬਿਜ਼ਨਸ ਸਟੈਂਡਰਡ ਦੀ ਖ਼ਬਰ ਮੁਤਾਬਕ ਕੇਂਦਰੀ ਸਿਹਤ ਸਕੱਤਰ ਲਵ ਅਗਰਵਾਲ ਨੇ ਕਿਹਾ, "ਅਸੀਂ ਲਹਿਰਾਂ ਦੀ ਗੱਲ ਨਹੀਂ ਕਰ ਰਹੇ ਪਰ ਡੇਟਾ ਪੇਸ਼ ਕਰ ਰਹੇ ਹਾਂ ਜਿਵੇਂ ਅਸੀਂ ਦੇਖਦੇ ਹਾਂ। ਰੋਜ਼ਾਨਾ ਦੇ ਕੇਸਾਂ ਵਿੱਚ ਕਮੀ ਆ ਰਹੀ ਹੈ ਪਰ ਇਹ ਅਜੇ ਵੀ ਇੱਕ ਲੱਖ ਤੋਂ ਜ਼ਿਆਦਾ ਹਨ ਇਸਦਾ ਮਤਲਬ ਹੈ ਕਿ ਸਾਨੂੰ ਸੁਚੇਤ ਰਹਿਣ ਦੀ ਲੋੜ ਹੈ।"

ਇਸ ਤੋਂ ਇਲਵਾ ਨੀਤੀ ਆਯੋਗ ਦੇ ਮੈਂਬਰ ਤੇ ਸਿਹਤ ਅਤੇ ਨੈਸ਼ਨਲ ਕੋਵਿਡ ਟਾਸਕ ਫੋਰਸ ਆਨ ਕੋਵਿਡ-19 ਦੇ ਮੁਖੀ ਵੀਕੇ ਪੌਲ ਨੇ ਮੌਜੂਦਾ ਬਜਟ ਵਿੱਚ ਵੈਕਸੀਨੇਸ਼ਨ ਲਈ ਫੰਡ ਘਟਾਏ ਜਾਣ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ।

ਉਨ੍ਹਾਂ ਨੇ ਕਿਹਾ, ਬਜਟ ਵਿੱਚ 2022-23 ਦੌਰਾਨ ਟੀਕਾਕਰਨ ਲਈ ਅਲਾਟ ਕੀਤਾ ਗਿਆ 5000 ਕਰੋੜ ਇੱਕ ਤਜਵੀਜ਼ ਸੀ।

ਕਿਹਾ ਗਿਆ ਸੀ ਕਿ ਲੋੜ ਮੁਤਾਬਕ ਹੋਰ ਸਾਧਨ ਵੀ ਜੁਟਾਏ ਜਾਣਗੇ। ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ ਟੀਕਾਕਰਨ ਲਈ 35,000 ਕਰੋੜ ਰਾਖਵੇਂ ਰੱਖੇ ਸਨ ਜੋ ਕਿ ਬਾਅਦ ਵਿੱਚ ਵਧਾਅ ਕੇ 39,000 ਕਰੋੜ ਰੁਪਏ ਕਰ ਦਿੱਤੇ ਗਏ ਸਨ।

ਇਹ ਵੀ ਪੜ੍ਹੋ:

ਭਾਰਤੀ ਸਿਆਸਤਦਾਨਾਂ ਉੱਪਰ ਇੰਨੇ ਅਪਰਾਧਿਕ ਮਾਮਲੇ ਸੁਣਵਾਈ ਅਧੀਨ

ਵੀਰਵਾਰ ਨੂੰ ਐਡਵੋਕੇਟ ਸਨੇਹਾ ਕਾਲੀਟਾ ਵੱਲੋਂ ਸੁਪਰੀਮ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਇੱਕ ਰਿਪੋਰਟ ਮੁਤਾਬਕ ਭਾਰਤੀ ਸਿਆਸਤਦਾਨਾਂ ਉੱਪਰ ਜਿੱਥੇ 'ਦਸੰਬਰ 2018 ਤੱਕ 4110 ਮਾਮਲੇ ਸੁਣਵਾਈ ਅਧੀਨ ਸਨ ਉੱਥੇ ਹੀ ਅਕਤੂਬਰ 2020 ਵਿੱਚ ਇਹ ਕੇਸ 4859 ਸਨ'।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਪਹਿਲੀ ਦਸੰਬਰ 2021 ਤੱਕ ਦੇਸ਼ ਦੀਆਂ ਵੱਖ-ਵੱਖ ਅਦਾਲਤਾਂ ਵਿੱਚ ਕੁੱਲ 4984 ਮਾਮਲੇ ਸੁਣਵਾਈ ਅਧੀਨ ਸਨ। ਇਹ ਡੇਟਾ ਸੁਪਰੀਮ ਕੋਰਟ ਦੇ ਮਦਦਗਾਰ ਵੱਲੋਂ ਉਸ ਮਾਮਲੇ ਵਿੱਚ ਇਕੱਠਾ ਕੀਤਾ ਗਿਆ ਹੈ ਜਿਸ ਵਿੱਚ ਅਦਾਲਤ ਵੱਲੋਂ ਸਾਂਸਦਾਂ ਤੇ ਵਿਧਾਇਕਾਂ ਖ਼ਿਲਾਫ਼ ਜਾਰੀ ਮੁਕੱਦਮਿਆਂ ਨੂੰ ਫਾਸਟ ਟਰੈਕ ਕਰਨ ਲਈ ਵਿਸ਼ੇਸ਼ ਅਦਾਲਤਾਂ ਕਾਇਮ ਕਰਨ ਦੇ ਹੁਕਮ ਦਿੱਤੇ ਗਏ ਸਨ।

ਐਮੀਕਸ ਕਿਉਰੇ ਸੀਨੀਅਰ ਐਡਵੋਕੇਟ ਵਿਜੇ ਹਨਸਾਰੀਆ ਵੱਲੋਂ ਪੇਸ਼ ਕੀਤੀ ਗਈ ਇਹ ਰਿਪੋਰਟ ਦੇਸ਼ ਦੀਆਂ ਵਿਭਿੰਨ ਹਾਈਕੋਰਟਾਂ ਵੱਲੋਂ ਮੁਹਈਆ ਕਰਵਾਏ ਗਏ ਡੇਟਾ ਉੱਪਰ ਅਧਾਰਿਤ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੁਪਰੀਮ ਕੋਰਟ ਦੀਆਂ ''ਵਾਰ-ਵਾਰ ਹਦਾਇਤਾਂ ਅਤੇ ਨਿਰੰਤਰ ਨਿਗਰਾਨੀ ਦੇ ਬਾਵਜੂਦ 4984 ਕੇਸ ਅਦਾਲਤਾਂ ਵਿੱਚ ਨਿਲੰਬਿਤ ਹਨ, ਜਿਨ੍ਹਾਂ ਵਿੱਚੋਂ 1899 ਕੇਸ ਪੰਜ ਸਾਲ ਤੋਂ ਜ਼ਿਆਦਾ ਪੁਰਾਣੇ ਹਨ।''

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਡੇਟਾ ਦਰਸਾਉਂਦਾ ਹੈ ਕਿ ''ਜ਼ਿਆਦਾ ਤੋਂ ਜ਼ਿਆਦਾ ਅਪਰਾਧਿਕ ਪਿਛੋਕੜ ਵਾਲੇ ਲੋਕ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਸੀਟਾਂ ਹਾਸਲ ਕਰ ਰਹੇ ਹਨ।''

ਵਿੰਟਰ ਓਲੰਪਿਕ: ਭਾਰਤ ਵੱਲੋਂ ਕੂਟਨੀਤਿਕ ਬਾਈਕਾਟ

ਚੀਨ ਦੀਆਂ ਮੀਡੀਆ ਰਿਪੋਰਟਾਂ ਵਿੱਚ ਗਲਵਾਨ ਘਾਟੀ ਵਿੱਚ ਭਾਰਤੀ ਫ਼ੌਜੀਆਂ ਨਾਲ ਝੜਪ ਵਿੱਚ ਸ਼ਾਮਲ ਇੱਕ ਰੈਜੀਮੈਂਟ ਕਮਾਂਡਰ ਨੂੰ ਓਲੰਪਿਕ ਮਸ਼ਾਲ ਧਾਰਕ ਬਣਾਏ ਜਾਣ ਦੀ ਖ਼ਬਰ ਆਉਣ ਤੋਂ ਬਾਅਦ ਭਾਰਤ ਨੇ ਖੇਡਾਂ ਦਾ ਕੂਟਨੀਤਿਕ ਬਾਈਕਾਟ ਕਰ ਦਿੱਤਾ ਹੈ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਕੀ ਫਬਾਓ ਨਾਮਕ ਇਹ ਕਮਾਂਡਰ ਭਾਰਤ ਨਾਲ ਗਲਵਾਨ ਘਾਟੀ ਵਿੱਚ ਸਾਲ 2020 ਵਿੱਚ ਹੋਈ ਝੜਪ ਵਿੱਚ ਜ਼ਖਮੀ ਵੀ ਹੋਏ ਸਨ ਅਤੇ ਉਨ੍ਹਾਂ ਨੂੰ ਫ਼ੌਜੀ ਸਨਮਾਨ ਵੀ ਦਿੱਤੇ ਗਏ ਸਨ।

ਭਾਰਤ ਵੱਲੋਂ ਓਲੰਪਿਕ ਖੇਡਾਂ ਦਾ ਇਹ ਪਹਿਲਾ ਕੂਟਨੀਤਿਕ ਬਾਈਕਾਟ ਹੈ। ਇਸ ਤੋਂ ਪਹਿਲਾਂ ਹਾਲਾਂਕਿ ਇੱਕ ਦਰਜਣ ਤੋਂ ਜ਼ਿਆਦਾ ਦੇਸ਼ਾਂ ਵੱਲੋਂ ਬਾਈਕਾਟ ਕੀਤੇ ਜਾਣ ਦੇ ਬਾਵਜੂਦ ਭਾਰਤ ਨੇ ਖੇਡਾਂ ਦੀ ਹਮਾਇਤ ਕੀਤੀ ਸੀ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਬੀਜਿੰਗ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਵਿੱਚ ਹਿੱਸਾ ਨਹੀਂ ਲੈਣਗੇ। ਇਸ ਤੋਂ ਇਲਾਵਾ ਦੂਰਦਰਸ਼ਨ-ਸਪੋਰਟਸ ਇਨ੍ਹਾਂ ਸਮਾਗਮਾਂ ਦਾ ਪ੍ਰਸਾਰਣ ਵੀ ਨਹੀਂ ਕਰੇਗਾ।

ਇਹ ਵੀ ਪੜ੍ਹੋ:

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)