‘ਕੇਂਦਰੀ ਕੈਬਨਿਟ ’ਚ ਸਿੱਖ ਵਿਰੋਧੀ ਫੈਸਲੇ ਲੈਣ’ ਦੇ ਇਸ ਵੀਡੀਓ ਨੂੰ ਭਾਰਤ ਸਰਕਾਰ ਨੇ ਦੱਸਿਆ ‘ਝੂਠਾ’-ਪ੍ਰੈੱਸ ਰਿਵਿਉ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਯੂਨਿਟ ਤੇ ਭਾਰਤ ਸਰਕਾਰ ਵੱਲੋਂ ਇੱਕ ਵੀਡੀਓ ਨੂੰ ਝੂਠਾ ਕਰਾਰ ਦਿੱਤਾ ਗਿਆ ਹੈ ਜਿਸ ਜ਼ਰੀਏ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਫੌਜ ਵਿੱਚੋਂ ਸਿੱਖਾਂ ਨੂੰ ਕੱਢ ਰਹੀ ਹੈ।

ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ, ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਤੇ ਰੱਖਿਆ ਮੰਤਰੀ ਸਮੇਤ ਹੋਰ ਮੰਤਰੀਆਂ ਨਾਲ ਬੈਠਕ ਕਰਦੇ ਦਿਖਾਈ ਦੇ ਰਹੇ ਹਨ ਅਤੇ ਵੀਡੀਓ ਵਿੱਚ ਸਿੱਖ ਭਾਈਚਾਰੇ ਵਿਰੋਧੀ ਗੱਲ ਕੀਤੀ ਜਾ ਰਹੀ ਸੀ।

ਭਾਰਤ ਸਰਕਾਰ ਦੀ ਪੀਆਈਬੀ ਦੀ ਫੈਕਟ ਚੈੱਕ ਯੂਨਿਟ ਨੇ ਟਵਿੱਟਰ ’ਤੇ ਇਸ ਵੀਡੀਓ ਨੂੰ ਪੂਰੇ ਤਰੀਕੇ ਨਾਲ ਝੂਠਾ ਕਰਾਰ ਦਿੱਤਾ ਹੈ।

ਦਿੱਲੀ ਪੁਲਿਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਯੂਨਿਟ/ਐੱਫਐੱਸਓ ਡੀਸੀਪੀ ਕੇਪੀਐੱਸ ਮਲਹੋਤਰਾ ਨੇ ਟਵਿੱਟਰ ਰਾਹੀਂ ਵੀਡੀਓ ਜਾਰੀ ਕਰਕੇ ਇਸ ਸਬੰਧੀ ਇੱਕ ਅਧਿਕਾਰਿਤ ਬਿਆਨ ਜਾਰੀ ਕੀਤਾ ਹੈ।

ਵੀਡੀਓ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ''ਸੋਸ਼ਲ ਮੀਡੀਆ ਮੋਨੀਟਰਿੰਗ ਦੇ ਦੌਰਾਨ ਸਾਡੀ ਯੂਨਿਟ ਨੇ ਧਿਆਨ ਦਿੱਤਾ ਕਿ ਸੋਸ਼ਲ ਮੀਡੀਆ 'ਤੇ ਕੁਝ ਟਵੀਟ ਵਾਇਰਲ ਹੋ ਰਹੇ ਹਨ (ਟਵਿੱਟਰ 'ਤੇ)। ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਸਰਕਾਰ ਸਿੱਖ ਕਮਿਊਨਿਟੀ ਦੇ ਵਿਰੁੱਧ ਫੈਸਲਾ ਲੈਣ ਜਾ ਰਹੀ ਹੈ।''

''ਕਥਿਤ ਵੀਡੀਓ ਦੀ ਜਾਂਚ ਕੀਤੀ ਗਈ ਅਤੇ ਪਤਾ ਲੱਗਾ ਕਿ ਉਹ ਮੌਰਫ਼ਡ ਸੀ ਅਤੇ ਉਸ 'ਚ ਇੱਕ ਵਾਇਸ ਓਵਰ ਕੀਤਾ ਗਿਆ ਸੀ। ਅਸਲ ਵਿੱਚ ਉਹ ਵੀਡੀਓ ਉਸ ਦਿਨ ਨਾਲ ਸਬੰਧਿਤ ਹੈ ਜਦੋਂ ਹਾਈ ਲੈਵਲ ਪਾਵਰ ਕਮੇਟੀ ਸੀਡੀਐੱਸ ਜਨਰਲ ਰਾਵਤ ਦੇ ਦੇਹਾਂਤ ਬਾਰੇ ਮਾਣਯੋਗ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੀ ਸੀ।''

''ਇਹ ਕਾਰਵਾਈ ਵੈਰ-ਭਾਵ ਪੈਦਾ ਕਰਨ ਦੀ ਅਤੇ ਵੱਖ-ਵੱਖ ਧਰਮਾਂ ਵਿਚਕਾਰ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਜਾਪਦੀ ਹੈ''

''ਇਸ ਨੂੰ ਧਿਆਨ ਵਿੱਚ ਲੈਂਦੇ ਹੋਏ, ਅਸੀਂ ਆਈਪੀਸੀ ਦੀ ਧਾਰਾ ਸੈਕਸ਼ਨ 153 ਏ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਪ੍ਰੈੱਸ ਇੰਫ਼ੋਰਮੇਸ਼ਨ ਬਿਊਰੋ ਆਫ਼ ਇੰਡਿਆ ਤੋਂ ਵੀ ਇਸ ਤੱਥ ਸਬੰਧੀ ਜਾਣਕਾਰੀ ਲਈ ਗਈ ਹੈ ਅਤੇ ਪਾਇਆ ਗਿਆ ਕਿ ਵੀਡੀਓ ਝੂਠਾ ਹੈ ਅਤੇ ਭੜਕਾਊ ਸਮੱਗਰੀ ਵਾਲਾ ਹੈ।''

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਸਭ ਦੋ ਟਵਿੱਟਰ ਹੈਂਡਲਾਂ ਤੋਂ ਸ਼ੁਰੂ ਹੋਇਆ ਸੀ।

ਇਹ ਵੀ ਪੜ੍ਹੋ:

‘ਤੁਹਾਡੀ ਚੁੱਪੀ ਨਫ਼ਰਤ ਭਰੀਆਂ ਆਵਾਜ਼ਾਂ ਨੂੰ ਉਤਸ਼ਾਹਿਤ ਕਰਦੀ ਹੈ’

ਬੈਂਗਲੁਰੂ ਅਤੇ ਅਹਿਮਦਾਬਾਦ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਇੱਕ ਸਮੂਹ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੁੱਕਰਵਾਰ ਨੂੰ ਇੱਕ ਪੱਤਰ ਲਿਖਿਆ।

ਇਸ ਪੱਤਰ ਵਿੱਚ ਉਨ੍ਹਾਂ ਨੇ ਨਫ਼ਰਤ ਭਰੇ ਭਾਸ਼ਣ ਅਤੇ ਘੱਟ ਗਿਣਤੀਆਂ 'ਤੇ ਹਮਲਿਆਂ ਬਾਰੇ ਗੱਲ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਦੀ ਚੁੱਪ ਨਫ਼ਰਤ ਭਰੀਆਂ ਆਵਾਜ਼ਾਂ ਨੂੰ "ਉਤਸ਼ਾਹਤ'' ਕਰਦੀ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਪ੍ਰਧਾਨ ਮੰਤਰੀ ਦਫ਼ਤਰ ਨੂੰ ਭੇਜੇ ਗਏ ਇਸ ਪੱਤਰ ਵਿੱਚ 183 ਹਸਤਾਖਰਕਰਤਾ ਹਨ, ਜਿਨ੍ਹਾਂ ਵਿੱਚ ਆਈਆਈਐੱਮ ਬੰਗਲੌਰ ਦੇ 13 ਅਤੇ ਆਈਆਈਐੱਮ ਅਹਿਮਦਾਬਾਦ ਦੇ ਤਿੰਨ ਫੈਕਲਟੀ ਮੈਂਬਰ ਸ਼ਾਮਲ ਹਨ।

ਇਸ ਪੱਤਰ ਵਿੱਚ ਕਿਹਾ ਗਿਆ ਹੈ, "ਮਾਣਯੋਗ ਪ੍ਰਧਾਨ ਮੰਤਰੀ, ਸਾਡੇ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ 'ਤੇ ਤੁਹਾਡੀ ਚੁੱਪੀ, ਸਾਡੇ ਸਾਰਿਆਂ ਲਈ ਨਿਰਾਸ਼ਾਜਨਕ ਹੈ ਜੋ ਕਿ ਸਾਡੇ ਦੇਸ਼ ਦੇ ਬਹੁ-ਸੱਭਿਆਚਾਰਕ ਤਾਣੇ-ਬਾਣੇ ਦੀ ਕਦਰ ਕਰਦੇ ਹਨ।''

ਇਸ ਵਿੱਚ ਅੱਗੇ ਕਿਹਾ ਗਿਆ ਹੈ, ''ਮਾਣਯੋਗ ਪ੍ਰਧਾਨ ਮੰਤਰੀ, ਤੁਹਾਡੀ ਚੁੱਪ, ਨਫ਼ਰਤ ਭਰੀਆਂ ਆਵਾਜ਼ਾਂ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਖਤਰਾ ਪੈਦਾ ਕਰਦੀ ਹੈ।''

ਇਸ ਚਿੱਠੀ ਵਿੱਚ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੇਸ਼ ਨੂੰ ਅਜਿਹਾ ਤਾਕਤਾਂ ਤੋਂ ਦੂਰ ਰੱਖਣ ਜੋ ਕਿ ''ਸਾਨੂੰ ਵੰਡਣ ਦੀ ਕੋਸ਼ਿਸ਼'' ਕਰਦੀਆਂ ਹਨ।''

ਚਿੱਠੀ ਵਿੱਚ ਹਸਤਾਖ਼ਰ ਕਰਨ ਵਾਲੇ ਇੱਕ ਅਸਿਸਟੈਂਟ ਪ੍ਰੋਫੈਸਰ ਪ੍ਰਤੀਕ ਰਾਜ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਫੈਕਲਟੀ ਦੇ ਇੱਕ ਸਮੂਹ ਨੇ ਇਹ ਮਹਿਸੂਸ ਕਰਨ ਤੋਂ ਬਾਅਦ ਪਹਿਲ ਕੀਤੀ ਹੈ ਕਿ "ਚੁੱਪ ਰਹਿਣਾ ਹੁਣ ਕੋਈ ਬਦਲ ਨਹੀਂ ਹੈ"।

ਬੂਸਟਰ ਡੋਜ਼ ਲਈ ਨਵੇਂ ਰਜਿਸਟ੍ਰੇਸ਼ਨ ਦੀ ਲੋੜ ਨਹੀਂ: ਕੇਂਦਰ ਸਰਕਾਰ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਹੜੇ ਲੋਕ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਜਾਂ 'ਸਾਵਧਾਨੀ ਵਾਲੀ ਖੁਰਾਕ' ਲੈਣ ਲਈ ਰਜਿਸਟਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਕਾਵਿਨ ਪੋਰਟਲ 'ਤੇ ਨਵੀਂ ਰਜਿਸਟ੍ਰੇਸ਼ਨ ਕਰਨ ਦੀ ਲੋੜ ਨਹੀਂ ਹੈ।

ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਜਾਰੀ ਅਧਿਕਾਰਿਤ ਬਿਆਨ ਦੇ ਅਨੁਸਾਰ ਲਾਭਪਾਤਰੀ ਸਿੱਧੇ ਤੌਰ 'ਤੇ ਇਸ ਲਈ ਸਮਾਂ ਲੈ ਸਕਦੇ ਹਨ ਜਾਂ ਕਿਸੇ ਵੀ ਟੀਕਾਕਰਨ ਕੇਂਦਰ ਵਿੱਚ ਜਾ ਸਕਦੇ ਹਨ ਅਤੇ ਆਪਣੀ ਤੀਜੀ ਖੁਰਾਕ ਲੈ ਸਕਦੇ ਹਨ।

ਸਰਕਾਰ ਇਸ ਸਬੰਧੀ 8 ਜਨਵਰੀ ਨੂੰ ਸਮਾਂ-ਸਾਰਣੀ ਵੀ ਪ੍ਰਕਾਸ਼ਿਤ ਕਰੇਗੀ। ਮੰਤਰਾਲੇ ਨੇ ਇਹ ਵੀ ਦੱਸਿਆ ਕਿ ਸ਼ਨੀਵਾਰ ਸ਼ਾਮ ਤੱਕ ਆਨਲਾਈਨ ਸਹੂਲਤ ਵੀ ਸ਼ੁਰੂ ਹੋ ਜਾਵੇਗੀ।

ਭਾਰਤ 10 ਜਨਵਰੀ ਤੋਂ, ਫਰੰਟਲਾਈਨ ਕਰਮਚਾਰੀਆਂ ਅਤੇ ਹੋਰ ਰੋਗਾਂ ਨਾਲ ਪੀੜਿਤ ਬਜ਼ੁਰਗ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਦੀ 'ਸਾਵਧਾਨੀ ਵਾਲੀ ਡੋਜ਼' ਦੇਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 25 ਦਸੰਬਰ ਦੇ ਭਾਸ਼ਣ ਵਿੱਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਐਲਾਨ ਕੀਤਾ ਸੀ।

ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਜਿਸ ਵਿਅਕਤੀ ਨੇ ਪਹਿਲਾਂ ਜਿਹੜਾ ਵੀ ਟੀਕਾ ਲਗਵਾਇਆ ਸੀ, ਉਸ ਨੂੰ 'ਸਾਵਧਾਨੀ ਵਾਲੀ ਖੁਰਾਕ' ਵਜੋਂ ਵੀ ਉਹੀ ਟੀਕਾ ਲਗਾਇਆ ਜਾਵੇਗਾ। ਜਿਵੇਂ - ਜੇ ਕਿਸੇ ਨੇ ਪਹਿਲਾਂ ਕੋਵੈਕਸੀਨ ਦੀ ਖੁਰਾਕ ਲਈ ਸੀ ਤਾਂ ਉਨ੍ਹਾਂ ਨੂੰ ਤੀਜੀ ਖੁਰਾਕ ਵੀ ਕੋਵੈਕਸੀਨ ਦੀ ਹੀ ਮਿਲੇਗੀ।

ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸ਼ੁੱਕਰਵਾਰ ਨੂੰ, ਭਾਰਤ ਵਿੱਚ ਇੱਕ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜੋ ਕਿ ਪਿਛਲੇ 214 ਦਿਨਾਂ ਵਿੱਚ ਸਭ ਤੋਂ ਵੱਧ ਹਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)