You’re viewing a text-only version of this website that uses less data. View the main version of the website including all images and videos.
1971 ਦੀ ਜੰਗ : ਜਨਰਲ ਨਿਆਜ਼ੀ ਨੇ ਆਪਣੀ ਸਵੈ ਜੀਵਨੀ ਵਿਚ ਬ੍ਰਿਗੇਡੀਅਰ ਸੁਬੇਗ ਸਿੰਘ ਬਾਰੇ ਜੋ ਦਾਅਵੇ ਕੀਤੇ ਸਨ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
16 ਦਸੰਬਰ, 1971 ਨੂੰ ਹਥਿਆਰ ਸੁੱਟਣ ਤੋਂ ਚਾਰ ਦਿਨ ਬਾਅਦ ਜਨਰਲ ਨਿਆਜ਼ੀ ਅਤੇ ਉਨ੍ਹਾਂ ਦੇ ਸੀਨੀਅਰ ਸਹਿਯੋਗੀਆਂ ਮੇਜਰ ਜਨਰਲ ਰਾਓ ਫ਼ਰਮਾਨ ਅਲੀ, ਐਡਮਿਰਲ ਸ਼ਰੀਫ਼, ਏਅਰ ਕੋਮੋਡੋਰ ਇਨਾਮੁਲ ਹੱਕ ਅਤੇ ਬ੍ਰਿਗੇਡੀਅਰ ਬਾਕਿਰ ਸਿੱਦੀਕੀ ਨੂੰ ਕੋਰਿਬੂ ਜਹਾਜ਼ ਰਾਹੀਂ ਕਲਕੱਤਾ ਪਹੁੰਚਾਇਆ ਗਿਆ।
ਲੈਫਟੀਨੈਂਟ ਜਨਰਲ ਏਏਕੇ ਨਿਆਜ਼ੀ ਪਾਕਿਸਤਾਨੀ ਫੌਜ ਦੇ ਅਧਿਕਾਰੀ ਸਨ, ਜਿਨ੍ਹਾਂ ਦੀ ਅਗਵਾਈ ਵਿਚ ਪਾਕਿਸਤਾਨੀ ਫੌਜ ਨੇ 1971 ਦੀ ਜੰਗ ਦੌਰਾਨ ਢਾਕਾ ਵਿਚ ਭਾਰਤੀ ਫੌਜ ਅੱਗੇ ਆਤਮ ਸਮਰਪਣ ਕੀਤਾ ਸੀ।
ਨਿਆਜ਼ੀ ਆਪਣੇ ਪੀਆਰਓ ਸਿੱਦੀਕੀ ਸਾਲਿਕ ਨੂੰ ਢਾਕਾ ਵਿੱਚ ਨਹੀਂ ਛੱਡਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੂੰ ਵੀ ਫਰਮਾਨ ਅਲੀ ਦਾ ਨਕਲੀ ਏਡੀਸੀ ਬਣਾ ਕੇ ਕਲਕੱਤਾ ਵਿੱਚ ਲਿਆਂਦਾ ਗਿਆ।
ਜਨਰਲ ਸੰਗਤ ਸਿੰਘ, ਇਨ੍ਹਾਂ ਲੋਕਾਂ ਨੂੰ ਢਾਕਾ ਹਵਾਈ ਅੱਡੇ 'ਤੇ ਛੱਡਣ ਆਏ। ਉਨ੍ਹਾਂ ਨੂੰ ਫੋਰਟ ਵਿਲੀਅਮ ਦੇ ਲਿਵਿੰਗ ਕਵਾਟਰਾਂ ਵਿੱਚ ਰੱਖਿਆ ਗਿਆ।
ਜਨਰਲ ਜੈਕਬ ਨੇ ਸਰੈਂਡਰ ਦਸਤਾਵੇਜ਼ ਨੂੰ ਦੁਬਾਰਾ ਟਾਈਪ ਕਰਵਾਇਆ ਕਿਉਂਕਿ ਮੂਲ ਦਸਤਾਵੇਜ਼ ਵਿੱਚ ਸਰੈਂਡਰ ਦਾ ਸਮਾਂ ਗਲਤ ਲਿਖਿਆ ਗਿਆ ਸੀ।
ਨਿਆਜ਼ੀ ਅਤੇ ਜਨਰਲ ਅਰੋੜਾ ਨੇ ਉਸ 'ਤੇ ਦੁਬਾਰਾ ਦਸਤਖ਼ਤ ਕੀਤੇ। ਸ਼ੁਰੂ ਦੇ ਦਿਨਾਂ ਵਿੱਚ ਜਨਰਲ ਜੈਕਬ ਨੇ ਨਿਆਜ਼ੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਤੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ।
ਜਨਰਲ ਏਏਕੇ ਨਿਆਜ਼ੀ ਆਪਣੀ ਆਤਮਕਥਾ 'ਦਿ ਬਿਟਰੇਅਲ ਆਫ਼ ਈਸਟ ਪਾਕਿਸਤਾਨ' ਵਿੱਚ ਲਿਖਦੇ ਹਨ, “ਸਾਨੂੰ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਰੱਖਿਆ ਗਿਆ, ਜੋ ਨਵੀਂ ਨਵੀਂ ਬਣੀ ਸੀ। ਉਹ ਸਾਫ਼ ਸੁਥਰੀ ਜਗ੍ਹਾ ਸੀ। ਅਸੀਂ ਇੱਕ ਕਮਰੇ ਨੂੰ ਖਾਣੇ ਦਾ ਕਮਰਾ ਬਣਾ ਦਿੱਤਾ।”
“ਸਾਡਾ ਖਾਣਾ ਭਾਰਤੀ ਰਸੋਈਏ ਬਣਾਉਂਦੇ ਸਨ,ਪਰ ਉਸ ਨੂੰ ਸਾਡੇ ਅਰਦਲੀ ਸਾਨੂੰ ਪਰੋਸਦੇ ਸਨ। ਅਸੀਂ ਆਪਣਾ ਸਮਾਂ ਰੇਡਿਓ ਸੁਣਨ, ਕਿਤਾਬਾਂ ਪੜ੍ਹਨ ਅਤੇ ਕਸਰਤ ਕਰਨ ਵਿੱਚ ਬਿਤਾਉਂਦੇ ਸੀ।”
“ਇੱਕ ਦਿਨ ਮੈਂ ਆਪਣੀ ਦੇਖਰੇਖ ਲਈ ਲਗਾਏ ਗਏ ਭਾਰਤੀ ਅਧਿਕਾਰੀ ਕਰਨਲ ਖਾਰਾ ਨੂੰ ਪੁੱਛਿਆ ਕਿ ਮੇਜਰ ਜਨਰਲ ਜਮਸ਼ੇਦ ਕਿੱਥੇ ਹੈ? ਉਨ੍ਹਾਂ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਢਾਕਾ ਵਿੱਚ ਪ੍ਰਸ਼ਾਸਨਿਕ ਕਾਰਜਾਂ ਵਿੱਚ ਸਾਡੀ ਮਦਦ ਕਰ ਰਹੇ ਹਨ।”
“ਬਾਅਦ ਵਿੱਚ ਮੈਨੂੰ ਪਤਾ ਲੱਗਿਆ ਕਿ ਉਨ੍ਹਾਂ ਨੂੰ ਢਾਕਾ ਵਿੱਚ ਨਾ ਰੱਖ ਕੇ ਕਲਕੱਤਾ ਦੀ ਇੱਕ ਜੇਲ੍ਹ ਵਿੱਚ ਏਕਾਂਤ ਕੈਦ ਵਿੱਚ ਰੱਖਿਆ ਗਿਆ ਸੀ।”
ਵੀਆਈਪੀ ਬੰਦੀਆਂ ਨੂੰ ਕਲਕੱਤਾ ਤੋਂ ਜਬਲਪੁਰ ਸ਼ਿਫਟ ਕੀਤਾ ਗਿਆ
ਕਲਕੱਤਾ ਤੋਂ ਨਿਆਜ਼ੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਬਲਪੁਰ ਦੇ ਕੈਂਪ ਨੰਬਰ 100 ਵਿੱਚ ਲਿਆਂਦਾ ਗਿਆ।
ਭਾਰਤੀ ਅਧਿਕਾਰੀ ਮੇਜਰ ਜਨਰਲ ਰਾਓ ਫਰਮਾਨ ਅਲੀ ਨੂੰ ਕਲਕੱਤਾ ਵਿੱਚ ਹੀ ਰੱਖ ਕੇ ਹੋਰ ਪੁੱਛਗਿੱਛ ਕਰਨਾ ਚਾਹੁੰਦੇ ਸਨ, ਪਰ ਨਿਆਜ਼ੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ।
ਦਰਅਸਲ, ਭਾਰਤੀ ਫ਼ੌਜੀਆਂ ਨੂੰ ਫਰਮਾਨ ਅਲੀ ਦੇ ਦਫ਼ਤਰ ਵਿੱਚ ਉਨ੍ਹਾਂ ਦੇ ਹੱਥ ਨਾਲ ਲਿਖਿਆ ਇੱਕ ਕਾਗਜ਼ ਮਿਲਿਆ ਸੀ, ਜਿਸ 'ਤੇ ਲਿਖਿਆ ਸੀ 'ਗ੍ਰੀਨ ਲੈਂਡ ਵਿਲ ਬੀ ਪੇਂਟੇਡ ਰੈੱਡ' (ਹਰੀ ਜ਼ਮੀਨ ਨੂੰ ਲਾਲ ਰੰਗ ਦਿੱਤਾ ਜਾਵੇਗਾ)।
ਨਿਆਜ਼ੀ ਆਪਣੀ ਆਤਮਕਥਾ ਵਿੱਚ ਲਿਖਦੇ ਹਨ, “ਸਾਨੂੰ ਬੈਚਲਰਜ਼ ਆਫਿਸਰਜ਼ ਕਵਾਟਰਾਂ ਵਿੱਚ ਰੱਖਿਆ ਗਿਆ ਸੀ। ਹਰ ਅਫ਼ਸਰ ਨੂੰ ਇੱਕ ਬੈੱਡਰੂਮ ਅਤੇ ਉਸ ਨਾਲ ਜੁੜਿਆ ਹੋਇਆ ਇੱਕ ਬਾਥਰੂਮ ਦਿੱਤਾ ਗਿਆ ਸੀ। ਕਮਰਿਆਂ ਦੀ ਬਹੁਤਾਤ ਸੀ, ਇਸ ਲਈ ਅਸੀਂ ਇੱਕ ਕਮਰੇ ਨੂੰ ਨਮਾਜ਼ ਰੂਮ ਅਤੇ ਦੂਜੇ ਨੂੰ ਮੈੱਸ ਬਣਾ ਲਿਆ ਸੀ।”
“ਸਾਨੂੰ ਰੋਜ਼ ਇੱਕੋ ਜਿਹਾ ਖਾਣਾ ਮਿਲਦਾ ਸੀ। ਉਬਲੇ ਹੋਏ ਚੌਲ, ਚਪਾਤੀਆਂ, ਸਬਜ਼ੀਆਂ ਅਤੇ ਦਾਲ। ਕਦੇ ਕਦੇ ਸਾਨੂੰ ਗੋਸ਼ਤ ਵੀ ਦਿੱਤਾ ਜਾਂਦਾ ਸੀ। ਸਾਡੇ ਕੈਂਪ ਨੂੰ ਚਾਰੇ ਪਾਸੇ ਤੋਂ ਕੰਡਿਆਲੀਆਂ ਤਾਰਾਂ ਨਾਲ ਘੇਰਿਆ ਗਿਆ ਸੀ। ਇੱਕ ਸੰਤਰੀ ਅਲਸੇਸ਼ਿਅਨ ਕੁੱਤੇ ਨਾਲ ਚੌਵੀ ਘੰਟੇ ਸਾਡੀ ਨਿਗਰਾਨੀ ਕਰਦਾ ਸੀ।”
“ਕੈਂਪ ਦੇ ਬਾਹਰੀ ਇਲਾਕੇ ਵਿੱਚ ਸਾਡੀ ਸੁਰੱਖਿਆ ਲਈ ਭਾਰਤੀ ਫ਼ੌਜੀਆਂ ਦੀ ਇੱਕ ਪੂਰੀ ਬਟਾਲੀਅਨ ਤੈਨਾਤ ਸੀ। ਕੁੱਲ ਮਿਲਾ ਕੇ ਕੈਂਪ ਸਟਾਫ਼ ਦਾ ਵਤੀਰਾ ਸਾਡੇ ਨਾਲ ਚੰਗਾ ਸੀ।”
ਜਨਰਲ ਸੁਬੇਗ ਸਿੰਘ ਦੀ ਯੁੱਧਬੰਦੀਆਂ ਦੀ ਦੇਖਭਾਲ ਲਈ ਤਾਇਨਾਤੀ
ਕੈਂਪ ਵਿੱਚ ਨਮਾਜ਼ ਦੀ ਅਗਵਾਈ ਜਨਰਲ ਅੰਸਾਰੀ ਕਰਦੇ ਸਨ। ਪਾਕਿਸਤਾਨੀ ਅਧਿਕਾਰੀਆਂ ਨੂੰ ਜਨੇਵਾ ਕਨਵੈਨਸ਼ਨ ਦੇ ਨਿਯਮਾਂ ਤਹਿਤ 140 ਰੁਪਏ ਪ੍ਰਤੀ ਮਹੀਨੇ ਦੀ ਤਨਖ਼ਾਹ ਦਿੱਤੀ ਜਾਂਦੀ ਸੀ।
ਜਿਸ ਨਾਲ ਉਹ ਕਿਤਾਬਾਂ, ਲਿਖਣ ਦੇ ਕਾਗਜ਼ ਅਤੇ ਰੋਜ਼ਾਨਾ ਦੀਆਂ ਚੀਜ਼ਾਂ ਖਰੀਦਦੇ ਸਨ।
ਇਹ ਵੀ ਪੜ੍ਹੋ:
ਇੱਕ ਭਾਰਤੀ ਹੌਲਦਾਰ ਦੀ ਡਿਊਟੀ ਲਗਾਈ ਗਈ ਸੀ, ਜੋ ਬਾਜ਼ਾਰ ਤੋਂ ਉਨ੍ਹਾਂ ਦੀ ਜ਼ਰੂਰਤ ਦੀਆਂ ਚੀਜ਼ਾਂ ਖ਼ਰੀਦ ਕੇ ਉਨ੍ਹਾਂ ਨੂੰ ਸੌਂਪਿਆ ਕਰਦਾ ਸੀ।
ਕੁਝ ਦਿਨਾਂ ਬਾਅਦ ਭਾਰਤੀ ਕੈਂਪ ਦੀ ਚਾਰ ਦਿਵਾਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਜਦੋਂ ਜਨਰਲ ਨਿਆਜ਼ੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਬਾਹਰ ਤੋਂ ਲੋਕ ਉਨ੍ਹਾਂ ਨੂੰ ਨਾ ਦੇਖ ਸਕਣ।
ਨਿਆਜ਼ੀ ਲਿਖਦੇ ਹਨ, “ਸਾਨੂੰ ਦੱਸਿਆ ਗਿਆ ਕਿ ਪਾਕਿਸਤਾਨ ਸਰਕਾਰ ਨੇ ਸਾਨੂੰ ਮਾਰਨ ਲਈ ਦੋ ਲੋਕਾਂ ਨੂੰ ਭੇਜਿਆ ਹੈ। ਜਨਰਲ ਪਾਂਡਾ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵਿੱਚ ਫ਼ੌਜੀ ਹੈੱਡਕੁਆਰਟਰ ਵਿੱਚ ਸੱਦ ਕੇ ਦੱਸਿਆ ਗਿਆ ਕਿ ਭਾਰਤੀ ਇੰਟੈਲੀਜੈਂਸ ਨੇ ਕਲਕੱਤਾ ਵਿੱਚ ਜਮਸ਼ੇਦ ਨਾਂ ਦਾ ਇੱਕ ਵਿਅਕਤੀ ਫੜਿਆ ਹੈ, ਜਿਸ ਨੇ ਦੱਸਿਆ ਕਿ ਉਸ ਨੂੰ ਅਤੇ ਇੱਕ ਹੋਰ ਵਿਅਕਤੀ ਨੂੰ ਜਨਰਲ ਨਿਆਜ਼ੀ ਨੂੰ ਮਾਰਨ ਲਈ ਭੇਜਿਆ ਗਿਆ ਹੈ।”
“ਕੁਝ ਦਿਨਾਂ ਬਾਅਦ ਜਨਰਲ ਪਾਂਡਾ ਦੀ ਜਗ੍ਹਾ ਮੇਜਰ ਜਨਰਲ ਸੁਬੇਗ ਸਿੰਘ ਨੂੰ ਉੱਥੇ ਤੈਨਾਤ ਕਰ ਦਿੱਤਾ ਗਿਆ। ਉਨ੍ਹਾਂ ਦਾ ਵਿਵਹਾਰ ਮੇਰੇ ਨਾਲ ਬਹੁਤ ਦੋਸਤਾਨਾ ਸੀ। ਉਹ ਅਕਸਰ ਕਿਹਾ ਕਰਦੇ ਸਨ ਕਿ ਭਾਰਤ ਵਿੱਚ ਸਿੱਖਾਂ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਜਾ ਰਿਹਾ।”
“ਉਨ੍ਹਾਂ ਨੇ ਮੈਨੂੰ ਖਾਲਿਸਤਾਨ ਦਾ ਨਕਸ਼ਾ ਦਿਖਾਇਆ ਸੀ, ਜਿਸ ਵਿੱਚ ਪੂਰੇ ਪੂਰਬੀ ਪੰਜਾਬ ਨੂੰ ਸ਼ਾਮਲ ਕੀਤਾ ਗਿਆ ਸੀ। ਬਾਅਦ ਵਿਚ 1984 ਵਿੱਚ ਜਦੋਂ ਭਾਰਤੀ ਸੈਨਿਕਾਂ ਨੇ ਹਰਿਮੰਦਰ ਸਾਹਿਬ ਦੇ ਅੰਦਰ ਪ੍ਰਵੇਸ਼ ਕੀਤਾ ਤਾਂ ਉਹ ਜਰਨੈਲ ਸਿੰਘ ਭਿੰਡਰਾਵਾਲੇ ਨਾਲ ਉਨ੍ਹਾਂ ਨਾਲ ਲੜਦੇ ਹੋਏ ਮਾਰੇ ਗਏ।”
ਸੁਰੰਗ ਪੁੱਟ ਕੇ ਭੱਜਣ ਦੀ ਯੋਜਨਾ ਬਣੀ
ਉੱਧਰ ਕਰਨਲ ਹਕੀਮ ਅਰਸ਼ਦ ਕੁਰੈਸ਼ੀ (ਜੋ ਬਾਅਦ ਵਿੱਚ ਮੇਜਰ ਜਨਰਲ ਬਣੇ) ਅਤੇ ਉਨ੍ਹਾਂ ਦੇ ਸਾਥੀਆਂ ਨੂੰ 12 ਦਸੰਬਰ ਨੂੰ ਬੱਸਾਂ ਰਾਹੀਂ ਭਾਰਤ ਲਿਆਂਦਾ ਗਿਆ।
ਸੜਕੀ ਅਤੇ ਰੇਲ ਮਾਰਗ ਰਾਹੀਂ ਇੱਕ ਦਿਨ ਅਤੇ ਇੱਕ ਰਾਤ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਉਨ੍ਹਾਂ ਨੂੰ ਰਾਂਚੀ ਦੇ ਯੁੱਧਬੰਦੀ ਕੈਂਪ ਨੰਬਰ 95 ਵਿੱਚ ਲਿਆਂਦਾ ਗਿਆ। ਜਾਂਦੇ ਹੀ ਇਨ੍ਹਾਂ ਲੋਕਾਂ ਨੇ ਉਸ ਕੈਂਪ ਤੋਂ ਭੱਜ-ਨਿਕਲ ਦੀ ਵਿਉਂਤ ਗੁੰਦਣੀ ਸ਼ੁਰੂ ਕਰ ਦਿੱਤੀ।
ਉਨ੍ਹਾਂ ਦਿਨਾਂ ਵਿੱਚ ਇੱਕ ਭਾਰਤੀ ਕਮਾਂਡੈਂਟ ਨੇ ਕੈਂਪ ਦਾ ਦੌਰਾ ਕੀਤਾ। ਉਹ ਇਹ ਦੇਖ ਕੇ ਬਹੁਤ ਨਾਰਾਜ਼ ਹੋਇਆ ਕਿ ਕੈਂਪ ਨੂੰ ਢੰਗ ਨਾਲ ਮੇਨਟੇਨ ਨਹੀਂ ਕੀਤਾ ਜਾ ਰਿਹਾ ਹੈ।
ਮੇਜਰ ਜਨਰਲ ਹਕੀਮ ਅਰਸ਼ਦ ਕੁਰੈਸ਼ੀ ਨੇ ਆਪਣੀ ਕਿਤਾਬ '1971 ਇੰਡੋ-ਪਾਕ ਵਾਰ ਏ ਸੋਲਜਰਜ਼ ਨਰੇਟਿਵ' ਵਿੱਚ ਲਿਖਿਆ, “ਜਦੋਂ ਉਹ ਕਮਾਂਡੈਂਟ ਚਲਾ ਗਿਆ ਤਾਂ ਅਸੀਂ ਭਾਰਤੀ ਜੇਸੀਓ ਨੂੰ ਕਿਹਾ ਕਿ ਉਹ ਸਾਨੂੰ ਕਹੀ ਅਤੇ ਖੁਰਪਾ ਉਪਲੱਬਧ ਕਰਾਏ ਤਾਂ ਕਿ ਅਸੀਂ ਹਰ ਬੈਰਕ ਦੇ ਸਾਹਮਣੇ ਫੁੱਲਾਂ ਦੀ ਕਿਆਰੀ ਬਣਾ ਸਕੀਏ ਤਾਂ ਕਿ ਜਦੋਂ ਕਮਾਡੈਂਟ ਅਗਲੀ ਵਾਰ ਆਏ ਤਾਂ ਉਸ ਨੂੰ ਦੇਖ ਕੇ ਖੁਸ਼ ਹੋ ਜਾਵੇ। ਸਾਨੂੰ ਇਹ ਦੋਵੇਂ ਚੀਜ਼ਾਂ ਦੇ ਦਿੱਤੀਆਂ ਗਈਆਂ।”
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
“ਅਸੀਂ ਦਿਨ ਵਿੱਚ ਬਾਗਬਾਨੀ ਕਰਦੇ ਅਤੇ ਰਾਤ ਵਿੱਚ ਇਨ੍ਹਾਂ ਦੀ ਮਦਦ ਨਾਲ ਸੁਰੰਗ ਪੁੱਟਦੇ। ਪਹਿਲਾਂ ਅਸੀਂ ਪੁੱਟੀ ਹੋਈ ਮਿੱਟੀ ਨੂੰ ਇੱਕ ਬੈਰਕ ਦੀ ਫਾਲ ਸੀਲਿੰਗ ਵਿੱਚ ਛੁਪਾਇਆ। ਪਰ ਇੱਕ ਦਿਨ ਜਦੋਂ ਉਹ ਸੀਲਿੰਗ ਮਿੱਟੀ ਦੇ ਬੋਝ ਨਾਲ ਡਿੱਗ ਗਈ ਤਾਂ ਅਸੀਂ ਮਿੱਟੀ ਨੂੰ ਕਿਆਰੀਆਂ ਵਿੱਚ ਵਿਛਾਉਣਾ ਸ਼ੁਰੂ ਕਰ ਦਿੱਤਾ।”
“ਜਦੋਂ ਸੁਰੰਗ ਆਪਣੇ ਅੰਤਿਮ ਪੜਾਅ ਵਿੱਚ ਪਹੁੰਚੀ ਤਾਂ ਅਸੀਂ ਕੈਂਪ ਦੇ ਅੰਦਰ ਅਤੇ ਬਾਹਰ ਦੋਵੇਂ ਪਾਸੇ ਭਾਰਤੀ ਕਰੰਸੀ ਜਮ੍ਹਾਂ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਭਾਰਤੀ ਫ਼ੌਜੀਆਂ ਦੀ ਮਦਦ ਨਾਲ ਆਪਣੀਆਂ ਸੋਨੇ ਦੀਆਂ ਅੰਗੂਠੀਆਂ, ਘੜੀਆਂ ਅਤੇ ਦੂਜਾ ਕੀਮਤੀ ਸਾਮਾਨ ਵੇਚ ਕੇ ਚੰਗੇ ਰੁਪਏ ਜਮ੍ਹਾ ਕਰ ਲਏ ਸਨ।”
ਸੁਰੰਗ ਦਾ ਪਤਾ ਲੱਗਿਆ
ਜਿਸ ਦਿਨ ਇਨ੍ਹਾਂ ਪਾਕਿਸਤਾਨੀ ਫ਼ੌਜੀਆਂ ਨੇ ਉਸ ਸੁਰੰਗ ਰਾਹੀਂ ਭੱਜਣਾ ਸੀ, ਸਾਰੇ ਯੁੱਧਬੰਦੀਆਂ ਨੂੰ ਕੈਂਪ ਦੇ ਵਿਚਕਾਰ ਇਕੱਤਰ ਹੋਣ ਲਈ ਕਿਹਾ ਗਿਆ।
ਉਨ੍ਹਾਂ ਦੇ ਚਾਰੋ ਪਾਸੇ ਅਤੇ ਵਾਚ ਟਾਵਰਜ਼ 'ਤੇ ਹਥਿਆਰਬੰਦ ਗਾਰਡਾਂ ਦੀ ਗਿਣਤੀ ਵਧਾ ਦਿੱਤੀ ਗਈ। ਕੈਂਪ ਕਮਾਂਡਰ ਕਰਨਲ ਹਾਉਜੇ ਇੱਕ ਯੁੱਧਬੰਦੀ ਦੇ ਕਮਰੇ ਵਿੱਚ ਗਏ ਅਤੇ ਉਨ੍ਹਾਂ ਨੇ ਇੱਕ ਪਲੰਘ ਦੇ ਥੱਲੇ ਪਈਆਂ ਲੱਕੜਾਂ ਨੂੰ ਹਟਾਉਣ ਲਈ ਕਿਹਾ।
ਉਸ ਦੇ ਬਾਅਦ ਜਦੋਂ ਉਨ੍ਹਾਂ ਨੇ ਫਰਸ਼ ਦੀ ਕਵਰਿੰਗ ਨੂੰ ਉਠਾਇਆ ਤਾਂ ਉਨ੍ਹਾਂ ਨੂੰ ਇੱਕ ਡੂੰਘੀ ਖੁੱਡ ਦਿਖਾਈ ਦਿੱਤੀ।
ਉਸ ਦੇ ਬਾਅਦ ਉਨ੍ਹਾਂ ਨੇ ਸਾਰੇ ਪਾਕਿਸਤਾਨੀ ਯੁੱਧਬੰਦੀਆਂ ਨੂੰ ਇਕੱਠੇ ਕਰਕੇ ਭਾਸ਼ਣ ਦਿੱਤਾ ਕਿ ਕੈਂਪ ਤੋਂ ਨਿਕਲ ਕੇ ਭੱਜਣ ਦਾ ਯਤਨ ਕਰਨਾ ਪਾਕਿਤਸਾਨੀ ਯੁੱਧਬੰਦੀਆਂ ਦਾ ਫਰਜ਼ ਹੈ, ਪਰ ਉਸੀ ਤਰ੍ਹਾਂ ਉਸ ਨੂੰ ਨਾ ਹੋਣ ਦੇਣਾ ਵੀ ਭਾਰਤੀ ਫ਼ੌਜੀਆਂ ਦਾ ਫ਼ਰਜ਼ ਹੈ।
ਹੁਣ ਇੱਕ ਚੰਗੇ ਸੈਨਿਕ ਦੀ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਅੱਗੇ ਆ ਕੇ ਆਪਣਾ ਜੁਰਮ ਕਬੂਲ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਇਹ ਯਤਨ ਕੀਤਾ ਸੀ ਤਾਂ ਕਿ ਬਿਨਾਂ ਵਜ੍ਹਾ ਦੂਜੇ ਯੁੱਧਬੰਦੀਆਂ ਨੂੰ ਉਸ ਦੀ ਸਜ਼ਾ ਨਾ ਭੁਗਤਣੀ ਪਵੇ।
ਸੁਰੰਗ ਪੁੱਟਣ ਦੀ ਸਜ਼ਾ
ਮੇਜਰ ਜਨਰਲ ਕੁਰੈਸ਼ੀ ਲਿਖਦੇ ਹਨ, “ਸਾਡੇ ਵਿੱਚੋਂ 29 ਜਣਿਆਂ ਨੇ ਇਸ ਹਰਕਤ ਦੀ ਜ਼ਿੰਮੇਵਾਰੀ ਆਪਣੇ ਉੱਪਰ ਲੈਣ ਦਾ ਫ਼ੈਸਲਾ ਕੀਤਾ। ਦਰਅਸਲ, ਸਾਡੇ ਹੀ ਕਿਸੇ ਸਾਥੀ ਨੇ ਸਾਨੂੰ ਧੋਖਾ ਦਿੱਤਾ ਸੀ।”
“ਉਸ ਨੇ ਨਾ ਸਿਰਫ਼ ਸੁਰੰਗ ਦੀ ਜਗ੍ਹਾ ਬਾਰੇ ਭਾਰਤੀਆਂ ਲਈ ਮੁਖਬਰੀ ਕੀਤੀ ਬਲਕਿ ਉਨ੍ਹਾਂ ਨੂੰ ਇਹ ਵੀ ਦੱਸਦਾ ਰਿਹਾ ਕਿ ਸੁਰੰਗ ਕਿੱਥੇ ਤੱਕ ਪੁੱਟੀ ਜਾ ਚੁੱਕੀ ਹੈ। ਸ਼ਾਮ ਨੂੰ ਸਾਨੂੰ ਇਸ ਦੀ ਸਜ਼ਾ ਦਿੱਤੀ ਗਈ। ਸਾਡੇ ਤੋਂ ਸਾਡੇ ਮੰਜੇ ਅਤੇ ਨਿੱਜੀ ਸਾਮਾਨ ਖੋਹ ਲਿਆ ਗਿਆ।'“
“ਹਾਲ ਵਿੱਚ ਇਕੱਠੇ ਖਾਣਾ ਖਾਣ ਦੀ ਸੁਵਿਧਾ ਵਾਪਸ ਲੈ ਲਈ ਗਈ। ਖਾਣੇ ਤੋਂ ਬਾਅਦ ਟਹਿਲਣ ਅਤੇ ਬਾਹਰ ਤੋਂ ਚੀਜ਼ਾਂ ਮੰਗਵਾਉਣ 'ਤੇ ਵੀ ਪਾਬੰਦੀ ਲਾ ਦਿੱਤੀ ਗਈ। ਸਾਡੀ ਦਿਨ ਵਿੱਚ ਕਈ ਵਾਰ ਹਾਜ਼ਰੀ ਲਈ ਜਾਣ ਲੱਗੀ।”
ਇੱਕ ਲੈਫਟੀਨੈਂਟ ਕਰਨਲ ਦੀ ਅਗਵਾਈ ਵਿੱਚ ਇਸ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ। ਕੁਝ ਦਿਨਾਂ ਬਾਅਦ ਇਨ੍ਹਾਂ ਦੋਸ਼ੀ ਯੁੱਧਬੰਦੀਆਂ ਨੂੰ ਕੈਂਪ ਨੰਬਰ 95 ਤੋਂ ਕੈਂਪ ਨੰਬਰ 93 ਵਿੱਚ ਸ਼ਿਫਟ ਕਰ ਦਿੱਤਾ ਗਿਆ। ਪਰ ਇੱਥੇ ਉਨ੍ਹਾਂ ਨੂੰ ਬਹੁਤ ਘੱਟ ਦਿਨਾਂ ਲਈ ਰੱਖਿਆ ਗਿਆ।
ਇਹ ਵੀ ਪੜ੍ਹੋ:
ਕੁਝ ਯੁੱਧਬੰਦੀਆਂ ਨੂੰ ਆਗਰਾ ਲਿਜਾਇਆ ਗਿਆ
ਇਸ ਦਾ ਵੇਰਵਾ ਦਿੰਦੇ ਹੋਏ ਮੇਜਰ ਜਨਰਲ ਅਰਸ਼ਦ ਕੁਰੈਸ਼ੀ ਨੇ ਆਪਣੀ ਕਿਤਾਬ ਵਿੱਚ ਲਿਖਿਆ, “20 ਜੂਨ, 1972 ਨੂੰ ਸਾਨੂੰ ਹਥਕੜੀਆਂ ਪਾ ਕੇ ਇੱਕ ਟਰੱਕ 'ਤੇ ਰੇਲਵੇ ਸਟੇਸ਼ਨ ਲਿਜਾਇਆ ਗਿਆ। ਕੈਂਪ ਦੇ ਬਾਕੀ ਯੁੱਧਬੰਦੀ ਸਾਡਾ ਹਸ਼ਰ ਦੇਖ ਰਹੇ ਸਨ।”
“ਉਨ੍ਹਾਂ ਨੂੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਉਹ ਅਜਿਹੀ ਹਰਕਤ ਕਰਨ ਦੀ ਜੁਰੱਅਤ ਨਾ ਕਰਨ। ਸਾਨੂੰ ਇੱਕ ਅਜਿਹੇ ਟਰੇਨ ਦੇ ਡੱਬੇ ਵਿੱਚ ਬਿਠਾਇਆ ਗਿਆ ਜਿਸ ਨੂੰ ਬਾਹਰੋਂ ਲਾਕ ਕੀਤਾ ਜਾ ਸਕਦਾ ਸੀ।”
“ਹਾਲਾਂਕਿ ਬਾਥਰੂਮ ਵਿੱਚ ਕਮੋਡ ਸੀ, ਪਰ ਸੁਰੱਖਿਆ ਕਾਰਨਾਂ ਨਾਲ ਉਸ ਦੇ ਦਰਵਾਜ਼ੇ ਪੁੱਟ ਦਿੱਤੇ ਗਏ ਸਨ। ਸਾਨੂੰ ਹਥਕੜੀਆਂ ਨਾਲ ਪੈਰਾਂ ਵਿੱਚ ਬੇੜੀਆਂ ਵੀ ਪਾਈਆਂ ਗਈਆਂ ਸਨ।”
“ਖਾਣਾ ਖਾਂਦੇ ਸਮੇਂ ਵੀ ਸਾਡੇ ਹੱਥ ਖੋਲ੍ਹੇ ਨਹੀਂ ਜਾਂਦੇ ਸਨ। ਹੱਥਕੜੀਆਂ ਨਾਲ ਖਾਣਾ ਇੱਕ ਤਰ੍ਹਾਂ ਦੀ ਸਜ਼ਾ ਸੀ ਕਿਉਂਕਿ ਅਸੀਂ ਓਨਾ ਖਾ ਨਹੀਂ ਰਹੇ ਸੀ, ਜਿੰਨਾ ਖਾਣਾ ਆਪਣੇ ਕੱਪੜਿਆਂ 'ਤੇ ਸੁੱਟ ਰਹੇ ਸੀ।”
“ਸਾਨੂੰ ਡੱਬੇ ਵਿੱਚ ਮੌਜੂਦ ਸਾਰੇ ਲੋਕਾਂ ਦੇ ਸਾਹਮਣੇ ਟਾਇਲਟ ਦੀ ਵਰਤੋਂ ਕਰਨੀ ਪੈਂਦੀ ਸੀ। ਉੱਥੇ ਨਾ ਤਾਂ ਕੋਈ ਟਾਇਲਟ ਪੇਪਰ ਸੀ ਅਤੇ ਨਾ ਹੀ ਹੱਥ ਧੋਣ ਲਈ ਪਾਣੀ। ਅਚਾਨਕ ਮੈਨੂੰ ਲੱਗਿਆ ਕਿ ਮੈਂ ਆਪਣੀਆਂ ਅੱਖਾਂ ਨਾਲ ਦੁਨੀਆ ਦੇ ਅੱਠਵੇਂ ਅਜੂਬੇ ਤਾਜਮਹੱਲ ਨੂੰ ਦੇਖ ਰਿਹਾ ਹਾਂ। ਅਸੀਂ ਆਗਰਾ ਪਹੁੰਚ ਚੁੱਕੇ ਸੀ। ਮਿਤੀ ਸੀ 21 ਜੂਨ, 1972। ਭਾਰਤ ਦਾ ਸਭ ਤੋਂ ਲੰਬਾ ਅਤੇ ਗਰਮ ਦਿਨ।”
ਪਾਕਿਸਤਾਨੀ ਕੈਪਟਨ ਡਾਕਟਰੀ ਜਾਮੇ ਵਿੱਚ ਫਰਾਰ ਹੋਇਆ
ਆਗਰਾ ਜੇਲ੍ਹ ਉਸ ਸਮੇਂ ਭਾਰਤ ਦੀ ਸਭ ਤੋਂ ਜ਼ਿਆਦਾ ਸੁਰੱਖਿਅਤ ਜੇਲ ਸੀ। ਇੱਥੇ ਕਰੀਬ 200 ਪਾਕਿਸਤਾਨੀ ਯੁੱਧਬੰਦੀਆਂ ਨੂੰ ਰੱਖਿਆ ਗਿਆ ਸੀ। ਭਾਰਤੀ ਜੇਲ੍ਹ ਵਿੱਚ ਜਨਰਲ ਕੁਰੈਸ਼ੀ ਦਾ ਅਨੁਭਵ ਚੰਗਾ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਭੱਜ ਕੇ ਨਿਕਲਣ ਦਾ ਯਤਨ ਕਰਨ ਦੀ ਸਜ਼ਾ ਮਿਲ ਰਹੀ ਸੀ।
ਪਰ ਇੱਕ ਦੂਜਾ ਪਾਕਿਸਤਾਨੀ ਅਫ਼ਸਰ ਇੰਨੀ ਸਖ਼ਤ ਸੁਰੱਖਿਆ ਦੇ ਬਾਵਜੂਦ ਭੱਜ ਨਿਕਲਣ ਵਿੱਚ ਸਫ਼ਲ ਹੋ ਗਿਆ ਸੀ।
ਕੈਪਟਨ ਰਿਆਜੁਲ ਹੱਕ ਨੇ ਬਿਮਾਰ ਹੋਣ ਦਾ ਬਹਾਨ ਬਣਾ ਕੇ ਆਪਣੇ ਆਪ ਨੂੰ ਇੱਕ ਯੁੱਧਬੰਦੀ ਹਸਪਤਾਲ ਵਿੱਚ ਦਾਖਲ ਕਰਵਾ ਲਿਆ ਸੀ। ਇੱਕ ਦਿਨ ਉਹ ਡਾਕਟਰ ਦਾ ਸਫ਼ੈਦ ਕੋਟ ਪਹਿਨ ਕੇ ਆਪਣੇ ਗਲੇ ਵਿੱਚ ਸਟੇਥੋਸਕੋਪ ਪਾ ਕੇ ਹਸਪਤਾਲ ਤੋਂ ਭੱਜ ਨਿਕਲਣ ਵਿੱਚ ਸਫਲ ਹੋ ਗਏ।
ਇਸ ਤਰ੍ਹਾਂ ਕੈਪਟਨ ਸ਼ੁਜਾਤ ਅਲੀ ਵੀ ਚਲਦੀ ਟਰੇਨ ਤੋਂ ਛਾਲ ਮਾਰ ਕੇ ਭੱਜ ਨਿਕਲਣ ਵਿੱਚ ਕਾਮਯਾਬ ਹੋ ਗਏ ਸਨ। ਪਰ ਇਸ ਦਾ ਬਦਲਾ ਲੈਣ ਲਈ ਭਾਰਤੀ ਫ਼ੌਜੀਆਂ ਨੇ ਇੱਕ ਦੂਜੇ ਯੁੱਧਬੰਦੀ ਮੇਜਰ ਨਸੀਬੁੱਲ੍ਹਾ ਨੂੰ ਗੋਲੀ ਮਾਰ ਦਿੱਤੀ ਸੀ।
ਯੁੱਧਬੰਦੀਆਂ ਨੂੰ ਦਿਖਾਈ ਗਈ 'ਪਾਕੀਜ਼ਾ' ਫਿਲਮ
ਜੇਕਰ ਇਨ੍ਹਾਂ ਘਟਨਾਵਾਂ ਨੂੰ ਅਲੱਗ ਕਰ ਦਿੱਤਾ ਜਾਵੇ। ਭਾਰਤ ਵੱਲੋਂ ਪਾਕਿਤਸਾਨੀ ਯੁੱਧਬੰਦੀਆਂ ਨਾਲ ਚੰਗਾ ਵਿਵਹਾਰ ਕਰਨ ਦੀ ਚਰਚਾ ਵਿਸ਼ਵ ਪ੍ਰੈੱਸ ਵਿੱਚ ਹੋਈ ਸੀ।
ਭਾਰਤ ਦੇ ਉੱਪ ਸੈਨਾ ਮੁਖੀ ਰਹੇ ਲੈਫਟੀਨੈਂਟ ਜਨਰਲ ਐੱਸਕੇ ਸਿਨਹਾ ਆਪਣੀ ਕਿਤਾਬ 'ਚੇਜਿੰਗ ਇੰਡੀਆ ਸਟਰੇਟ ਫਰਾਮ ਦਿ ਹਾਰਟ' ਵਿੱਚ ਲਿਖਦੇ ਹਨ, “ਸੀਨੀਅਰ ਭਾਰਤੀ ਅਸੈਨਿਕ ਅਤੇ ਸੈਨਿਕ ਮੁਸਲਿਮ ਅਫ਼ਸਰਾਂ ਨੂੰ ਇਨ੍ਹਾਂ ਯੁੱਧਬੰਦੀਆਂ ਨਾਲ ਗੱਲ ਕਰਨ ਲਈ ਬੁਲਾਇਆ ਜਾਂਦਾ ਸੀ।”
“ਇਨ੍ਹਾਂ ਲਈ ਮੁਸ਼ਾਇਰੇ ਅਤੇ ਫਿਲਮ ਸ਼ੋਅ ਕੀਤੇ ਜਾਂਦੇ ਹਨ। ਅਸੀਂ ਉਨ੍ਹਾਂ ਨੂੰ 'ਪਾਕੀਜ਼ਾ' ਅਤੇ 'ਸਾਹਿਬ ਬੀਵੀ ਔਰ ਗੁਲਾਮ' ਪਿਕਚਰ ਦਿਖਾਈ ਸੀ ਜਿਸ ਨੂੰ ਉਨ੍ਹਾਂ ਨੇ ਬਹੁਤ ਪਸੰਦ ਕੀਤਾ ਸੀ।”
“ਰੁੜਕੀ ਵਿੱਚ ਅਸੀਂ ਪਾਕਿਸਤਾਨੀ ਅਤੇ ਭਾਰਤੀ ਅਧਿਕਾਰੀਆਂ ਵਿਚਕਾਰ ਕ੍ਰਿਕਟ ਮੈਚ ਵੀ ਕਰਵਾਇਆ ਸੀ।”
“ਵਾਸ਼ਿੰਗਟਨ ਪੋਸਟ ਦੇ ਇੱਕ ਪੱਤਰਕਾਰ ਨੇ ਇਨ੍ਹਾਂ ਕੈਂਪਾਂ ਦਾ ਦੌਰਾ ਕਰਨ ਦੇ ਬਾਅਦ ਲਿਖਿਆ ਸੀ, ਦੁਨੀਆਂ ਵਿੱਚ ਕਿਧਰੇ ਵੀ ਯੁੱਧਬੰਦੀਆਂ ਨਾਲ ਇੰਨਾ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਇਹ ਭਾਰਤੀ ਸੈਨਾ ਦੀ ਬਹੁਤ ਵੱਡੀ ਤਾਰੀਫ਼ ਸੀ।”
ਪਾਕਿਸਤਾਨੀ ਫ਼ੌਜੀਆਂ ਲਈ ਬੈਰਕ, ਭਾਰਤੀਆਂ ਲਈ ਤੰਬੂ
ਜਨਰਲ ਸੈਮ ਮਾਨੇਕਸ਼ਾ ਦੀ ਜੀਵਨੀ ਲਿਖਣ ਵਾਲੇ ਜਨਰਲ ਦੇਪਿੰਦਰ ਸਿੰਘ ਵੀ ਲਿਖਦੇ ਹਨ, “ਪਾਕਿਸਤਾਨੀ ਯੁੱਧਬੰਦੀਆਂ ਨਾਲ ਭਾਰਤ ਵਿੱਚ ਬਹੁਤ ਚੰਗਾ ਵਿਵਹਾਰ ਹੋਇਆ। ਉਨ੍ਹਾਂ ਨੂੰ ਉਹੀ ਰਾਸ਼ਨ ਅਤੇ ਕੱਪੜੇ ਦਿੱਤੇ ਗਏ ਜੋ ਭਾਰਤੀ ਫ਼ੌਜੀਆਂ ਨੂੰ ਦਿੱਤੇ ਜਾਂਦੇ ਸਨ।”
“ਯੁੱਧ ਦੀ ਸਮਾਪਤੀ ਦੇ ਬਾਅਦ ਜਿੱਥੇ ਪਾਕਿਸਤਾਨੀ ਯੁੱਧਬੰਦੀਆਂ ਨੂੰ ਬੈਰਕਾਂ ਵਿੱਚ ਰੱਖਿਆ ਗਿਆ, ਭਾਰਤੀ ਫ਼ੌਜੀ ਬਾਹਰ ਤੰਬੂਆਂ ਵਿੱਚ ਰਹੇ।”
“ਸਾਨੂੰ ਆਪਣੇ ਫ਼ੌਜੀਆਂ ਨੂੰ ਇਹ ਸਮਝਾਉਣ ਵਿੱਚ ਬਹੁਤ ਦਿੱਕਤ ਹੋਈ ਕਿ ਉਨ੍ਹਾਂ ਨੂੰ ਤੰਬੂਆਂ ਵਿੱਚ ਇੰਨੇ ਔਖੇ ਹਾਲੀਂ ਕਿਉਂ ਰੱਖਿਆ ਜਾ ਰਿਹਾ ਹੈ, ਜਦਕਿ ਪਾਕਿਸਤਾਨੀ ਯੁੱਧਬੰਦੀਆਂ ਦੇ ਬੈਰਕਾਂ ਵਿੱਚ ਪਾਣੀ ਵੀ ਆ ਰਿਹਾ ਸੀ ਅਤੇ ਕੂਲਰ ਅਤੇ ਪੱਖੇ ਵੀ ਚੱਲ ਰਹੇ ਸਨ।”
ਹਰ ਮੁਸਲਿਮ ਤਿਓਹਾਰ 'ਤੇ ਸੈਮ ਮਾਨੇਕਸ਼ਾ ਨੇ ਹਰ ਪਾਕਿਸਤਾਨੀ ਯੁੱਧਬੰਦੀ ਨੂੰ ਵਧਾਈ ਭੇਜੀ।
ਜਨਰਲ ਨਿਆਜ਼ੀ ਵੀ ਸਵੀਕਾਰ ਕਰਦੇ ਹਨ ਕਿ ਭਾਰਤ ਵੱਲੋਂ ਪਾਕਿਤਸਾਨ ਦੇ ਯੁੱਧਬੰਦੀਆਂ ਨੂੰ ਛੱਡਣ ਦੇ ਹੋਰ ਵੀ ਦੂਜੇ ਕਾਰਨ ਰਹੇ ਹੋਣਗੇ, ਪਰ ਇੱਕ ਕਾਰਨ ਇਹ ਵੀ ਸੀ ਕਿ ਉਹ ਉਨ੍ਹਾਂ ਨੂੰ ਨਾ ਸਿਰਫ਼ ਖਾਣਾ ਖੁਆ ਰਹੇ ਸਨ, ਬਲਕਿ ਘੱਟ ਹੀ ਸਹੀ, ਪਰ ਵੇਤਨ ਵੀ ਦੇ ਰਹੇ ਸੀ ਜੋ ਭਾਰਤ ਵਰਗੇ ਗਰੀਬ ਦੇਸ਼ ਲਈ ਭਾਰੀ ਪੈ ਰਿਹਾ ਸੀ।
28 ਮਹੀਨੇ ਬਾਅਦ ਨਿਆਜ਼ੀ ਦੀ ਰਿਹਾਈ
ਉਹ ਦਿਨ ਵੀ ਆਇਆ ਜਦੋਂ ਜਨਰਲ ਨਿਆਜ਼ੀ ਨੂੰ ਜਬਲਪੁਰ ਰੇਲਵੇ ਸਟੇਸ਼ਨ 'ਤੇ ਪਾਕਿਸਤਾਨ ਜਾਣ ਵਾਲੀ ਇੱਕ ਵਿਸ਼ੇਸ਼ ਟਰੇਨ ਵਿੱਚ ਬੈਠਾਇਆ ਗਿਆ।
30 ਅਪ੍ਰੈਲ, 1974 ਦੀ ਸਵੇਰ ਨੂੰ ਟਰੇਨ ਵਾਹਗਾ ਸੀਮਾ 'ਤੇ ਪਹੁੰਚੀ। ਪਾਕਿਸਤਾਨ ਵਿੱਚ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਚਾਹ ਪਿਆਈ ਗਈ। ਭਾਰਤ ਦੀ ਜੇਲ੍ਹ ਵਿੱਚ ਉਨ੍ਹਾਂ ਨੇ 28 ਮਹੀਨੇ ਬਿਤਾਏ ਸਨ।
ਪਾਕਿਸਤਾਨ ਸੀਮਾ ਦੇ ਪਾਰ ਉਨ੍ਹਾਂ ਦੇ ਸਵਾਗਤ ਵਿੱਚ ਸ਼ਮਿਆਨੇ ਲਗਾਏ ਗਏ ਸਨ।
ਜਨਰਲ ਨਿਆਜ਼ੀ ਲਿਖਦੇ ਹਨ, “ਜਦੋਂ ਮੈਂ ਸੀਮਾ ਪਾਰ ਕੀਤੀ ਤਾਂ ਇੱਕ ਬ੍ਰਿਗੇਡੀਅਰ ਅੰਜੁਮ ਨੇ ਮੈਨੂੰ ਸੈਲਿਉਟ ਕਰ ਕੇ ਕਿਹਾ ਸਰ ਤੁਸੀਂ ਪ੍ਰੈੱਸ ਦੇ ਸਾਹਮਣੇ ਕੋਈ ਬਿਆਨ ਨਹੀਂ ਦੇਣਾ ਹੈ।”
“ਫਿਰ ਉਸ ਨੇ ਇੱਕ ਚਾਰ ਇੰਚ ਦਾ ਚੌਰਸ ਕਾਰਡ ਬੋਰਡ ਕੱਢਿਆ ਜਿਸ 'ਤੇ ਨੰਬਰ 1 ਲਿਖਿਆ ਹੋਇਆ ਸੀ। ਉਸ ਨੇ ਮੈਨੂੰ ਕਿਹਾ ਕਿ ਇਸ ਨੂੰ ਮੈਂ ਆਪਣੇ ਸੀਨੇ ਨਾਲ ਚਿਪਕਾ ਲਵਾਂ ਤਾਂ ਕਿ ਇਸ ਦੀ ਤਸਵੀਰ ਖਿੱਚੀ ਜਾ ਸਕੇ।”
“ਜਦੋਂ ਮੈਂ ਉਸ ਨੂੰ ਪੁੱਛਿਆ ਕਿ ਕੀ ਦੂਜੇ ਯੁੱਧਬੰਦੀ ਜਨਰਲਾਂ ਦੀ ਵੀ ਇਸ ਤਰ੍ਹਾਂ ਤਸਵੀਰ ਖਿੱਚੀ ਗਈ ਹੈ ਤਾਂ ਉਸ ਨੇ ਇਸ ਤੋਂ ਮਨ੍ਹਾਂ ਕੀਤਾ। ਇਹ ਜ਼ਰੂਰ ਕਿਹਾ ਕਿ ਅਜਿਹਾ ਜਨਰਲ ਟਿੱਕਾ ਦੇ ਹੁਕਮਾਂ 'ਤੇ ਕੀਤਾ ਜਾ ਰਿਹਾ ਹੈ। ਮੈਂ ਬਹੁਤ ਨਾਰਾਜ਼ ਹੋ ਗਿਆ। ਮੈਂ ਅੰਜੁਮ ਨੂੰ ਕਿਹਾ ਇਸ ਤੋਂ ਪਹਿਲਾਂ ਕਿ ਮੈਂ ਆਪਣਾ ਆਪਾ ਖੋਵਾਂ ਤੁਸੀਂ ਇੱਥੋਂ ਦਫ਼ਾ ਹੋ ਜਾਓ।”
ਇਹ ਵੀ ਪੜ੍ਹੋ:
ਇਹ ਵੀ ਦੇਖੋ: