ਕਿਸਾਨਾਂ ਲਈ ਨਵੀਂ ਬਿਪਤਾ˸ ਸੂਬਾ ਸਰਕਾਰ ਵੱਲੋਂ 70 ਹਜ਼ਾਰ ਕਿਸਾਨਾਂ ਦੀ 'ਰੈੱਡ ਐਂਟਰੀ'-ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਪੰਜਾਬ ਸਰਕਾਰ ਨੇ ਸੂਬੇ ਦੇ ਕਰੀਬ 70 ਹਜ਼ਾਰ ਕਿਸਾਨਾਂ ਦੀ ਝੋਨੇ ਦੀ ਵਿਕੀ ਹੋਈ ਫ਼ਸਲ ਦੀ ਅਦਾਇਗੀ ਰੋਕ ਦਿੱਤੀ ਹੈ।

ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਇਹ ਉਹ ਕਿਸਾਨ ਹਨ, ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਦੀ ਮੈਪਿੰਗ ਸ਼ੱਕੀ ਮਿਲੀ ਹੈ।

ਇਸ ਵਾਰ ਝੋਨੇ ਦੀ ਫ਼ਸਲ ਦੀ ਵਿਕਰੀ ਤੋਂ ਪਹਿਲਾਂ ਆੜ੍ਹਤੀਆਂ ਰਾਹੀਂ 11.30 ਲੱਖ ਕਿਸਾਨਾਂ ਦਾ ਜ਼ਮੀਨੀ ਰਿਕਾਰਡ ਸਰਕਾਰੀ ਰਿਕਾਰਡ ਨਾਲ ਜੋੜਿਆ ਗਿਆ ਸੀ, ਜਿਨ੍ਹਾਂ 'ਚੋਂ 70 ਹਜ਼ਾਰ ਐਂਟਰੀਆਂ 'ਤੇ ਸ਼ੱਕ ਖੜ੍ਹੇ ਹੋਏ ਹਨ।

ਵੱਡੀ ਸਮੱਸਿਆ ਇਹ ਆਈ ਹੈ ਕਿ ਜਿੱਥੇ ਸਾਂਝੇ ਖਾਤੇ ਹਨ ਅਤੇ ਇੱਕ ਖਾਤੇ ਨੂੰ ਦੋ ਵੱਖ-ਵੱਖ ਆੜ੍ਹਤੀਆਂ ਵੱਲੋਂ ਸਰਕਾਰੀ ਪੋਰਟਲ 'ਤੇ ਲਿੰਕ ਕਰ ਦਿੱਤਾ ਸੀ।

ਜਦੋਂ ਇੱਕ ਖਸਰਾ/ਖਤੌਨੀ ਨੰਬਰ ਦੀ ਐਂਟਰੀ ਦੋ ਵੱਖ-ਵੱਖ ਥਾਵਾਂ ਤੋਂ ਲਿੰਕ ਹੋਈ ਮਿਲੀ ਤਾਂ ਪੋਰਟਲ ਨੇ "ਰੈੱਡ ਐਂਟਰੀ" ਦਿਖਾ ਦਿੱਤੀ।

ਮਿਸਾਲ ਵਜੋਂ ਦੋ ਭਰਾਵਾਂ ਦੇ ਜ਼ਮੀਨ ਦਾ ਖਾਤਾ ਸਾਂਝਾ ਹੈ ਪਰ ਖੇਤੀ ਵੱਖੋ-ਵੱਖਰੀ ਹੈ। ਜਦੋਂ ਦੋਵਾਂ ਨੇ ਆਪੋ-ਆਪਣੇ ਆੜ੍ਹਤੀ ਕੋਲੋਂ ਆਪਣੀ ਜ਼ਮੀਨ ਦੀ ਮੈਪਿੰਗ ਕਰਵਾਈ ਤਾਂ ਜ਼ਮੀਨ ਦਾ ਖਾਤਾ ਨੰਬਰ ਇੱਕੋ ਹੋਣ ਰਕੇ ਉਸ ਨੂੰ ਪੋਰਟਲ ਨੇ ਸ਼ੱਕੀ ਸੂਚੀ ਵਿੱਚ ਪਾ ਦਿੱਤਾ।

ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਆੜ੍ਹਤੀਆਂ ਨੇ ਇੱਕੋ ਜ਼ਮੀਨ ਦੀ ਵੱਖ-ਵੱਖ ਐਂਟਰੀ ਪਾ ਕੇ ਬਾਹਰੋਂ ਝੋਨਾ ਲਿਆ ਕੇ ਵੇਚ ਦਿੱਤਾ ਹੈ। ਹਾਲਾਂਕਿ, ਆੜ੍ਹਤੀਏ ਇਸ ਗੱਲ ਤੋਂ ਗੱਲ ਇਨਕਾਰ ਕਰ ਰਹੇ ਹਨ।

ਇਹ ਵੀ ਪੜ੍ਹੋ-

ਕਰਤਾਰਪੁਰ ਲਾਂਘਾ ਸ਼ਰਧਾਲੂਆਂ ਲਈ 'ਕੁਝ ਦਿਨਾਂ' 'ਚ ਖੁੱਲ੍ਹ ਸਕਦਾ ਹੈ

ਭਾਰਤ ਦੀ ਨਰਿੰਦਰ ਮੋਦੀ ਸਰਕਾਰ ਅਗਲੇ ਕੁਝ ਦਿਨਾਂ ਵਿਟ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਐਲਾਨ ਕਰ ਸਕਦੀ ਹੈ।

ਬੀਤੇ ਦਿਨੀਂ ਪੰਜਾਬ ਦੇ ਭਾਜਪਾ ਸੰਸਦ ਮੈਂਬਰਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ।

ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਇਹ ਫ਼ੈਸਲਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਲਿਆ ਜਾ ਸਕਦਾ ਹੈ।

ਇਸ ਤੋਂ ਇਲਾਵਾ ਸਰਕਾਰ ਨੇ ਪਹਿਲਾਂ ਹੀ ਸ਼ਰਧਾਲੂਆਂ ਨੂੰ ਵਾਇਆ ਅਟਾਰੀ-ਵਾਹਗਾ ਬਾਰਡਰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਵੀ ਦਿੱਤੀ ਗਈ ਹੈ।

ਪਾਕਿਸਤਾਨ ਨੇ ਵੀ ਪਿਛਲੇ ਹਫ਼ਤੇ ਲਾਂਘਾ ਖੋਲ੍ਹਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ। ਇਹ ਕੋਰੀਡੋਰ ਮਾਰਚ 2019 ਵਿੱਚ ਖੋਲ੍ਹਿਆ ਗਿਆ ਸੀ ਅਤੇ ਕੋਵਿਡ ਕਰਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।

ਆਸਟ੍ਰੇਲੀਆ ਵਿੱਚ ਮਹਾਤਮਾ ਗਾਂਧੀ ਦਾ ਬੁੱਤ ਤੋੜਿਆ ਗਿਆ

ਭਾਰਤ ਵੱਲੋਂ ਆਸਟ੍ਰੇਲੀਆ ਨੂੰ ਤੋਹਫੇ ਵਜੋਂ ਦਿੱਤੇ ਗਏ ਮਹਾਤਮਾ ਗਾਂਧੀ ਦੇ ਕਾਂਸੇ ਦੇ ਬੁੱਤ ਦੀ ਭੰਨ-ਤੋੜ ਕੀਤੀ ਗਈ ਹੈ।

ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਨੂੰ ਬੇਹੱਦ "ਸ਼ਰਮਨਾਕ ਕਾਰਾ" ਦੱਸਦਿਆ ਇਸ ਦੀ ਨਿੰਦਾ ਕੀਤੀ ਗਈ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵੱਲੋਂ ਅਜੇ ਕੁਝ ਸਮਾਂ ਪਹਿਲਾਂ ਹੀ ਇਸ ਬੁੱਤ ਦਾ ਉਦਘਾਟਨ ਕੀਤਾ ਗਿਆ ਸੀ।

ਇਹ ਬੁੱਤ ਭਾਰਤ ਦੀ ਅਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਰੱਖੇ ਗਏ ਇੱਕ ਪ੍ਰੋਗਰਾਮ ਦੌਰਾਨ ਸਥਾਪਿਤ ਕੀਤਾ ਗਿਆ ਸੀ।

ਇਸ ਵਿੱਚ ਭਾਰਤ ਦੇ ਕੌਂਸਲ ਜਨਰਲ ਰਾਜਕੁਮਾਰ ਅਤੇ ਆਸਟ੍ਰੇਲੀਆ ਦੇ ਨੇਤਾਵਾਂ ਦੇ ਨਾਲ ਪੀਐੱਮ ਮੌਰੀਸਨ ਵੀ ਸ਼ਾਮਿਲ ਹੋਏ ਸਨ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)