You’re viewing a text-only version of this website that uses less data. View the main version of the website including all images and videos.
ਬਠਿੰਡਾ ਦੀ ਇਕਲੌਤੀ ਰਾਜ ਮਿਸਤਰੀ : 'ਮੈਂ ਹਿੰਮਤ ਕੀਤੀ ਤੇ ਹੁਣ ਖੁਸ਼ੀ ਹੈ ਕਿ ਮੇਰੇ ਬੱਚੇ ਦਿਹਾੜੀ ਉੱਤੇ ਨਹੀਂ ਜਾਣਗੇ'
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 3 ਮਿੰਟ
"ਜਦੋਂ ਮੈਂ ਮਰਦਾਂ ਦੇ ਨਾਲ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਤਾਂ ਕਈ ਲੋਕਾਂ ਨੇ ਕਈ ਤਰ੍ਹਾਂ ਦੇ ਤੰਜ਼ ਕੱਸੇ ਸਨ। ਪਰ ਮੈਂ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਆਪਣਾ ਕੰਮ ਨਿਰੰਤਰ ਜਾਰੀ ਰੱਖਿਆ।"
ਇਹ ਕਹਿਣਾ ਹੈ ਕ੍ਰਿਸ਼ਨਾ ਦੇਵੀ ਦਾ, ਜੋ ਬਠਿੰਡਾ ਇਲਾਕੇ ਵਿੱਚ ਰਾਜ ਮਿਸਤਰੀ ਵਜੋਂ ਮਸ਼ਹੂਰ ਹਨ।
ਕ੍ਰਿਸ਼ਨਾ ਦੇਵੀ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਤੋਂ ਕਰੀਬ 20 ਸਾਲ ਪਹਿਲਾਂ ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਮੁਲਤਾਨੀਆ ਵਿਖੇ ਆ ਕੇ ਵਸੇ ਸਨ।
ਕ੍ਰਿਸ਼ਨਾ ਦੇਵੀ ਦਾ ਦਾਅਵਾ ਹੈ ਕਿ ਉਹ ਲੰਘੇ 10 ਸਾਲਾਂ ਦੌਰਾਨ ਹੁਣ ਤੱਕ ਕਰੀਬ 700 ਦੁਕਾਨਾਂ ਅਤੇ 87 ਕੋਠੀਆਂ ਦਾ ਨਿਰਮਾਣ ਕਰ ਚੁੱਕੇ ਹਨ।
ਕ੍ਰਿਸ਼ਨਾ ਦੇਵੀ ਕਹਿੰਦੇ ਹਨ, "ਜੇ ਮੈਂ ਉਸ ਵੇਲੇ ਮੇਰੇ ਉੱਤੇ ਉੱਠਣ ਵਾਲੀਆਂ ਆਵਾਜ਼ਾਂ ਵੱਲ ਧਿਆਨ ਦਿੰਦੀ ਤਾਂ ਮੈਂ ਅੱਜ ਇਸ ਮੁਕਾਮ 'ਤੇ ਨਾ ਪਹੁੰਚਦੀ। ਹੁਣ ਮੈਂ ਖ਼ੁਦ ਕੋਠੀਆਂ ਦੇ ਠੇਕੇ ਲੈਂਦੀ ਹਾਂ ਅਤੇ ਮੇਰੀ ਇਕ ਪੂਰੀ ਟੀਮ ਹੈ।"
ਅਸਲ ਵਿੱਚ ਕ੍ਰਿਸ਼ਨਾ ਉਸ ਵੇਲੇ ਚਰਚਾ ਵਿੱਚ ਆਏ ਜਦੋਂ ਉਨ੍ਹਾਂ ਦੀ ਮਿਹਨਤ ਅਤੇ ਲਗਨ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਔਰਤ ਦਿਵਸ ਮੌਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ ਗਿਆ ਸੀ।
ਬਠਿੰਡੇ ਦੀ ਇਕਲੌਤੀ ਰਾਜ ਮਿਸਤਰੀ
ਕ੍ਰਿਸ਼ਨਾ ਦੇਵੀ ਆਪਣੇ ਅਤੀਤ ਬਾਰੇ ਗੱਲ ਕਰਦੇ ਹੋਏ ਕਹਿੰਦੇ ਹਨ, ''ਮੇਰੇ ਘਰ ਦੀ ਗ਼ਰੀਬੀ ਦੇ ਮੱਦੇਨਜ਼ਰ ਹਾਲਤ ਚੰਗੀ ਹੈ ਪਰ ਘਰੋਂ ਬਾਹਰ ਨਿਕਲ ਕੇ ਮਿਹਨਤ ਕਰਨ ਦਾ ਤਹੱਈਆ ਕੀਤਾ ਸੀ।''
"ਸਿਰਸੇ ਤੋਂ ਬਠਿੰਡਾ ਆ ਕੇ ਮੈਂ ਆਪਣੇ ਬੱਚਿਆਂ ਦਾ ਪਾਲਨ ਪੋਸ਼ਣ ਕਰਨ ਲਈ ਲੋਕਾਂ ਦੇ ਘਰਾਂ ਵਿਚ ਪੋਚੇ ਲਗਾਉਣ ਅਤੇ ਭਾਂਡੇ ਮਾਂਜਣ ਦਾ ਕੰਮ ਸ਼ੁਰੂ ਕੀਤਾ ਸੀ। ਮੈਂ ਸੱਤ ਸਾਲ ਇਹ ਕੰਮ ਕੀਤਾ ਪਰ ਇਸ ਕੰਮ ਦੇ ਬਦਲੇ ਮਿਲਣ ਵਾਲੇ ਪੈਸੇ ਨਾਲ ਘਰ ਦੀ ਆਰਥਿਕ ਹਾਲਤ ਸੁਧਰ ਨਹੀਂ ਸਕੀ ਸੀ।"
ਇਹ ਵੀ ਪੜ੍ਹੋ:
"ਫਿਰ ਮੈਨੂੰ ਪਤਾ ਲੱਗਿਆ ਕਿ ਉਸਾਰੀ ਦੇ ਕੰਮ ਵਿਚ ਵੱਧ ਪੈਸਾ ਮਿਲਦਾ ਹੈ। ਮੈਂ ਇਕ ਰਾਜ ਮਿਸਤਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੇ ਮੈਨੂੰ ਰੋਜ਼ ਦਿਹਾੜੀ ਉੱਪਰ ਰੱਖ ਲਿਆ। ਬੱਸ ਫਿਰ ਮੈਂ ਪਿੱਛੇ ਮੁੜਕੇ ਨਹੀਂ ਦੇਖਿਆ ਤੇ ਇਰਾਦਾ ਬਣਾ ਲਿਆ ਕਿ ਮੈਂ ਖੁਦ ਰਾਜ ਮਿਸਤਰੀ ਬਣਾਂਗੀ।"
ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਕੰਮ ਵਿਚ ਭਾਰੀ ਮੁਸ਼ੱਕਤ ਕਰਨੀ ਪਈ ਅਤੇ ਸਭ ਤੋਂ ਵੱਡੀ ਮੁਸੀਬਤ ਲੋਕਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਗੱਲਾਂ ਸਨ।
ਮੇਰੇ ਬੱਚੇ ਹੁਣ ਦਿਹਾੜੀ ਨਹੀਂ ਕਰਨਗੇ - ਕ੍ਰਿਸ਼ਨਾ
ਕ੍ਰਿਸ਼ਨਾ ਦੱਸਦੇ ਹਨ, "ਮੈਂ ਹਿੰਮਤ ਕੀਤੀ ਅਤੇ ਅੱਜ ਆਪਣੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਵਾਉਣ ਦੇ ਸਮਰੱਥ ਹੋ ਗਈ ਹਾਂ। ਮੈਨੂੰ ਆਪਣੇ ਆਖ਼ਰੀ ਸਾਹ ਤੱਕ ਇਸ ਗੱਲ ਦਾ ਮਾਣ ਰਹੇਗਾ ਕਿ ਮੇਰੇ ਬੱਚੇ ਚੰਗੀ ਨੌਕਰੀ ਕਰਨਗੇ ਅਤੇ ਉਨ੍ਹਾਂ ਨੂੰ ਦਿਹਾੜੀ ਨਹੀਂ ਜਾਣਾ ਪਵੇਗਾ।"
ਜਦੋਂ ਕ੍ਰਿਸ਼ਨਾ ਦੇਵੀ ਸ਼ਹਿਰ ਵਿਚ ਤਿੰਨ ਮੰਜੀਲਾ ਇਮਾਰਤਾਂ ਉੱਪਰ ਚੜ੍ਹ ਕੇ ਲੈਂਟਰ ਪਾਉਣ ਦਾ ਕੰਮ ਕਰਦੇ ਹਨ ਤਾਂ ਉਨ੍ਹਾਂ ਨੂੰ ਦੇਖਣ ਵਾਲੇ ਸਭ ਹੈਰਾਨ ਰਹਿ ਜਾਂਦੇ ਹਨ।
ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਬਠਿੰਡਾ ਸ਼ਹਿਰ ਦੇ ਸਮਾਜ ਸੇਵੀ ਰਾਜੇਸ਼ ਬਾਂਸਲ ਕਹਿੰਦੇ ਹਨ ਕਿ ਕ੍ਰਿਸ਼ਨਾ ਦੇਵੀ ਔਰਤਾਂ ਲਈ ਇੱਕ ਮਿਸਾਲ ਹਨ।
"ਉਹ ਔਰਤਾਂ ਲਈ ਇੱਕ ਮਾਰਗ ਦਰਸ਼ਕ ਵੀ ਹਨ ਕਿਉਂਕਿ ਉਨ੍ਹਾਂ ਨੂੰ ਕੰਮ ਕਰਦੇ ਦੇਖ ਕੇ ਸਮਾਜ ਵਿੱਚ ਇੱਕ ਨਵੀਂ ਪਿਰਤ ਪੈਂਦੀ ਹੈ। ਸਭ ਤੋਂ ਵੱਡੀ ਗੱਲ ਹੈ ਕਿ ਕ੍ਰਿਸ਼ਨਾ ਦੇਵੀ ਨੇ ਕਿਸੇ ਮੂਹਰੇ ਹੱਥ ਨਹੀਂ ਅੱਡਿਆ ਸਗੋਂ ਮਿਹਨਤ ਕਰਕੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ।"
ਗੱਲਬਾਤ ਦੌਰਾਨ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਉਹ ਆਪਣੇ ਘਰ ਦਾ ਕੰਮ ਵੀ ਖ਼ੁਦ ਨਿਬੇੜਦੇ ਹਨ, ਮੱਝਾਂ ਚਰਾਉਂਦੇ ਹਨ ਪਰ ਹਰ ਕੰਮ ਦਾ ਹਿਸਾਬ ਉਨ੍ਹਾਂ ਦਾ ਬੇਟਾ ਰੱਖਦਾ ਹੈ ਕਿਉਂਕਿ ਉਹ ਖੁਦ ਅਨਪੜ੍ਹ ਹਨ।
ਕ੍ਰਿਸ਼ਨਾ ਕਹਿੰਦੇ ਹਨ, "ਮੈਂ ਖ਼ੁਸ਼ਹਾਲ ਹਾਂ, ਆਬਾਦ ਹਾਂ ਅਤੇ ਇਹੀ ਕਹਿਣਾ ਚਾਹੁੰਦੀ ਹਾਂ ਕਿ ਕੋਈ ਵੀ ਕੰਮ ਔਖਾ ਨਹੀਂ ਸਗੋਂ ਅਜੋਕੇ ਅਗਾਂਹਵਧੂ ਸਮਾਜ ਵਿਚ ਔਰਤਾਂ ਨੂੰ ਮਰਦਾਂ ਦੇ ਹਾਣ ਦਾ ਬਣਨ ਦੀ ਲੋੜ ਹੈ।''
ਇਹ ਵੀ ਪੜ੍ਹੋ: