ਕਿਸਾਨ ਅੰਦੋਲਨ : '2 ਸਾਲ ਦੀ ਉਮਰ ਵਿੱਚ ਪਿਤਾ ਗੁਜ਼ਰ ਗਏ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਮਾਂ ਚਲੀ ਗਈ'

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ : '2 ਸਾਲ ਦੀ ਉਮਰ ਚ ਪਿਓ ਗੁਜ਼ਰ ਗਿਆ ਸੀ ਅਤੇ ਕਿਸਾਨ ਅੰਦੋਲਨ ਦੌਰਾਨ ਮਾਂ ਚਲੀ ਗਈ'
    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਬੀਤੀ 28 ਅਕਤੂਬਰ ਨੂੰ ਟਿਕਰੀ ਦੇ ਝੱਜਰ ਰੋਡ ਉੱਤੇ ਪੰਜ ਔਰਤਾਂ ਇੱਕ ਟਰੱਕ ਦੀ ਲਪੇਟ ਵਿੱਚ ਆ ਗਈਆਂ ਸਨ।

ਇਹ ਔਰਤਾਂ ਟਿਕਰੀ ਵਿੱਖੇ ਚੱਲ ਰਹੇ ਕਿਸਾਨ ਧਰਨੇ ਵਿੱਚ ਸ਼ਾਮਲ ਸਨ ਅਤੇ ਉਸ ਦਿਨ ਸਵੇਰੇ ਉਹ ਆਪਣੇ ਪਿੰਡ ਨੂੰ ਵਾਪਸ ਪਰਤਣ ਲਈ ਫੁੱਟਪਾਥ ਉੱਤੇ ਆਟੋ ਦਾ ਇੰਤਜ਼ਾਰ ਕਰ ਰਹੀਆਂ ਸਨ, ਜਦੋਂ ਇੱਕ ਟਿੱਪਰ ਉਨ੍ਹਾਂ ਉੱਪਰ ਚੜ੍ਹ ਗਿਆ ਸੀ।

ਇਸ ਹਾਦਸੇ ਵਿੱਚ ਇੱਕੋ ਪਿੰਡ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ ਜਦਕਿ ਦੋ ਔਰਤਾਂ ਜ਼ਖਮੀ ਹੋ ਗਈਆਂ ਸਨ। ਇਹ ਸਾਰੀਆਂ ਔਰਤਾਂ ਮਾਨਸਾ ਦੇ ਪਿੰਡ ਖੀਵਾ ਦਿਆਲੂਵਾਲਾ ਦੀਆਂ ਸਨ।

ਖੀਵਾ ਦਿਆਲੂਵਾਲਾ ਬਰਨਾਲਾ-ਮਨਾਸਾ ਜ਼ਿਲ੍ਹੇ ਦੀ ਹੱਦ ਉੱਤੇ ਮੁਕਾਮੀ ਛੋਟਾ ਜਿਹਾ ਪਿੰਡ ਹੈ।

ਪਿੰਡ ਦਾਖਲ ਹੁੰਦਿਆਂ ਹੀ ਟਿਕਰੀ ਬਾਰਡਰ ਉੱਤੇ ਮਾਰੀਆਂ ਗਈਆਂ ਪਿੰਡ ਦੀਆਂ ਤਿੰਨੇ ਔਰਤਾਂ ਦੀਆਂ ਤਸਵੀਰਾਂ ਵਾਲਾ ਬੈਨਰ ਲੱਗਾ ਹੋਇਆ ਹੈ।

ਹਾਦਸੇ ਵਿੱਚ ਮਾਰੀਆਂ ਗਈਆਂ ਕਿਸਾਨ ਔਰਤਾਂ ਦਾ ਘਰ ਪੁੱਛਣ ਲਈ ਮ੍ਰਿਤਕਾਂ ਦੇ ਨਾਂ-ਸਿਰਨਾਵੇਂ ਦੱਸਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਹੋਏ ਇਸ ਹਾਦਸੇ ਦਾ ਜ਼ਿਕਰ ਹੀ ਘਰਾਂ ਤੱਕ ਪਹੁੰਚਣ ਲਈ ਕਾਫੀ ਹੈ।

3 ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਸਣੇ ਕਈ ਹੋਰ ਸੂਬਿਆਂ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ 26 ਨਵੰਬਰ 2020 ਤੋਂ ਧਰਨਾ ਲਾਈ ਬੈਠੇ ਹਨ।

ਸਰਕਾਰ ਨਾਲ ਇਨ੍ਹਾਂ ਦੀ ਗੱਲਬਾਤ ਦੇ 11 ਗੇੜ ਹੋਏ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ, 26 ਜਨਵਰੀ 2021 ਦੀ ਕਿਸਾਨ ਟਰੈਕਟਰ ਪਰੇਡ ਤੋਂ ਬਾਅਦ ਤਾਂ ਗੱਲਬਾਤ ਵੀ ਨਹੀਂ ਹੋਈ ਹੈ।

ਕਿਸਾਨ ਤਿੰਨੇ ਕਾਨੂੰਨ ਰੱਦ ਕਰਨ ਦੀ ਮੰਗ ਉੱਤੇ ਅੜ੍ਹੇ ਹੋਏ ਹਨ ਅਤੇ ਸਰਕਾਰ ਸੋਧਾਂ ਕਰਨ ਲਈ ਤਿਆਰ ਹੈ। ਇਸੇ ਲਈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਜਾਰੀ ਰੱਖ ਰਹੇ ਹਨ।

ਇਹ ਵੀ ਪੜ੍ਹੋ:

ਕੌਣ ਸਨ ਇਹ ਤਿੰਨ ਮਹਿਲਾ ਕਿਸਾਨ

ਅਮਰਜੀਤ ਕੌਰ

ਇਸ ਪਿੰਡ ਦੀ ਅਮਰਜੀਤ ਕੌਰ ਵੀ ਉਨ੍ਹਾਂ ਔਰਤਾਂ ਵਿੱਚੋਂ ਇੱਕ ਸੀ, ਜਿਸ ਦੀ ਇਸ ਦੁਰਘਟਨਾ ਵਿੱਚ ਮੌਤ ਹੋ ਗਈ ਸੀ।

ਅਮਰਜੀਤ ਕੌਰ ਦੇ ਪਤੀ ਦੀ ਵੀ ਢਾਈ ਦਹਾਕੇ ਪਹਿਲਾਂ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਅਮਰਜੀਤ ਕੌਰ ਦੀ ਬੇਟੀ ਦਾ ਫਰਵਰੀ ਵਿੱਚ ਵਿਆਹ ਰੱਖਿਆ ਹੋਇਆ ਸੀ ਪਰ ਉਸ ਤੋਂ ਪਹਿਲਾਂ ਹੀ ਉਹ ਦੁਨੀਆਂ ਤੋਂ ਰੁਖਸਤ ਹੋ ਗਏ।

ਘਰ ਵਿੱਚ ਪਿੱਛੇ ਇੱਕ ਲੜਕਾ, ਲੜਕੀ ਅਤੇ ਨੂੰਹ ਬਚੇ ਹਨ। ਲੜਕਾ ਫੌਜ ਵਿੱਚ ਨੌਕਰੀ ਕਰਦਾ ਹੈ, ਸੋ ਘਰ ਵਿੱਚ ਨਨਾਣ-ਭਰਜਾਈ ਹੀ ਬਚੀਆਂ ਹਨ।

ਅਮਰਜੀਤ ਕੌਰ

ਤਸਵੀਰ ਸਰੋਤ, BBC/Sukhcharan Preet

ਤਸਵੀਰ ਕੈਪਸ਼ਨ, ਅਮਰਜੀਤ ਕੌਰ ਦਾ ਪਰਿਵਾਰ ਤੇ ਰਿਸ਼ਤੇਦਾਰ

ਅਮਰਜੀਤ ਦੀ ਬੇਟੀ ਲਖਵਿੰਦਰ ਕੌਰ ਨੇ ਦੱਸਿਆ ਕਿ ਉਹ ਪਹਿਲਾਂ ਵੀ ਕਿਸਾਨ ਸੰਘਰਸ਼ਾਂ ਵਿੱਚ ਜਾਂਦੇ ਰਹੇ ਹਨ।

ਜ਼ਿਲ੍ਹੇ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਉਹ ਲਗਾਤਾਰ ਸੰਘਰਸ਼ ਵਿੱਚ ਸ਼ਮੂਲੀਅਤ ਕਰਦੇ ਰਹੇ ਹਨ ਪਰ ਦਿੱਲੀ ਬਾਰਡਰ ਉੱਤੇ ਚੱਲ ਰਹੇ ਮੋਰਚੇ ਵਿੱਚ ਉਹ ਪਹਿਲੀ ਵਾਰ ਹੀ ਗਏ ਸਨ।

ਟਿੱਕਰੀ ਬਾਰਡਰ ਉੱਤੇ ਲੱਗੇ ਮੋਰਚੇ ਵਿੱਚ ਉਹ ਦਸ ਦਿਨ ਰਹਿਣ ਤੋਂ ਬਾਅਦ ਆਪਣੇ ਪਿੰਡ ਦੀਆਂ ਔਰਤਾਂ ਨਾਲ ਵਾਪਸ ਪਿੰਡ ਜਾਣ ਲਈ ਫੁੱਟਪਾਥ ਉੱਤੇ ਖੜ੍ਹੇ ਸੀ ਜਦੋਂ ਇਹ ਹਾਦਸਾ ਵਾਪਰਿਆ।

ਲਖਵਿੰਦਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋਈ ਤਾਂ ਉਹ ਦੋ ਸਾਲ ਦੇ ਸੀ ਅਤੇ ਭਰਾ ਉਨ੍ਹਾਂ ਤੋਂ ਵੀ ਛੋਟਾ ਸੀ।

ਉਨ੍ਹਾਂ ਦੀ ਮਾਤਾ ਨੇ ਹੀ ਆਪ ਖੇਤਾਂ ਵਿੱਚ ਕੰਮ ਕਰਕੇ ਉਨ੍ਹਾਂ ਨੂੰ ਪਾਲਿਆ ਵੀ ਅਤੇ ਪਿਤਾ ਦਾ ਪਿਆਰ ਵੀ ਦਿੱਤਾ।

ਭਰਾ ਦਾ ਵਿਆਹ ਵੀ ਛੇ ਮਹੀਨੇ ਪਹਿਲਾਂ ਹੀ ਹੋਇਆ ਸੀ ਅਤੇ ਉਨ੍ਹਾਂ ਦਾ ਵੀ ਵਿਆਹ ਰੱਖਿਆ ਹੋਇਆ ਸੀ।

ਅਜਿਹੇ ਵਿੱਚ ਵੀ ਉਨ੍ਹਾਂ ਦੀ ਮਾਤਾ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਗਏ ਸੀ ਕਿਉਂਕਿ ਉਹ ਸਮਝਦੇ ਸੀ ਕਿ ਇਹ ਸੰਘਰਸ਼ ਉਨ੍ਹਾਂ ਦੀ ਰੋਜ਼ੀ-ਰੋਟੀ ਬਚਾਉਣ ਲਈ ਬਹੁਤ ਜ਼ਰੂਰੀ ਹੈ।

ਅਮਰਜੀਤ ਕੌਰ

ਤਸਵੀਰ ਸਰੋਤ, BBC/Sukhcharan Preet

ਲਖਵਿੰਦਰ ਨੂੰ ਆਪਣੀ ਮਾਤਾ ਦੀ ਕੁਰਬਾਨੀ ਉੱਤੇ ਮਾਣ ਵੀ ਹੈ ਪਰ ਉਨ੍ਹਾਂ ਦੀ ਕਮੀ ਵੀ ਖਲਦੀ ਹੈ।

ਪਰਿਵਾਰ ਦਾ ਟਾਈਮ ਟਪਾਉਣ ਲਈ ਰਿਸ਼ਤੇਦਾਰ ਆਏ ਹੋਏ ਹਨ।

ਉਨ੍ਹਾਂ ਦਾ ਵੀ ਕਹਿਣਾ ਸੀ ਕਿ ਅਮਰਜੀਤ ਕੌਰ ਪਰਿਵਾਰਕ ਅਤੇ ਸਮਾਜਿਕ ਜਿੰਮੇਵਾਰੀਆਂ ਬਾਖੂਬੀ ਨਿਭਾਉਂਦੇ ਸੀ ਜਿਸ ਕਰਕੇ ਰਿਸ਼ਤੇਦਾਰ ਹੁਣ ਪਰਿਵਾਰ ਦਾ ਆਸਰਾ ਬਣਨ ਆਏ ਹਨ।

ਪਰਿਵਾਰ ਕੋਲ ਪੰਜ ਏਕੜ ਜ਼ਮੀਨ ਹੈ ਅਤੇ ਦੱਸ ਲੱਖ ਰੁਪਏ ਦਾ ਕਰਜ਼ਾ ਹੈ।

ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਮਦਦ ਹਾਲੇ ਤੱਕ ਨਹੀਂ ਮਿਲੀ ਪਰ ਕਿਸਾਨ ਜਥੇਬੰਦੀ ਨੇ ਉਨ੍ਹਾਂ ਨੂੰ ਹਰ ਹਾਲ ਵਿੱਚ ਮੁਆਵਜ਼ਾ ਅਤੇ ਹੋਰ ਸਹੂਲਤਾਂ ਦਿਵਾਉਣ ਦਾ ਵਾਅਦਾ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੁਖਵਿੰਦਰ ਕੌਰ

ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੀ ਸੁਖਵਿੰਦਰ ਕੌਰ ਦਾ ਘਰ ਵੀ ਅਮਰਜੀਤ ਕੌਰ ਦੇ ਗੁਆਂਢ ਵਿੱਚ ਹੀ ਹੈ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ ਵੀ 19 ਅਕਤੂਬਰ ਨੂੰ ਦੋਵੇਂ ਇਕੱਠੀਆਂ ਹੀ ਸ਼ਾਮਲ ਹੋਣ ਗਈਆਂ ਸਨ ਪਰ ਵਾਪਸ ਨਹੀਂ ਆ ਸਕੀਆਂ।

ਸੁਖਵਿੰਦਰ ਕੌਰ ਦੇ ਘਰ ਤੋਂ ਪਰਿਵਾਰ ਦੀ ਮਾੜੀ ਆਰਥਿਕ ਸਥਿਤੀ ਦਾ ਅੰਦਾਜ਼ਾ ਹੋ ਜਾਂਦਾ ਹੈ।

ਸੁਖਵਿੰਦਰ ਕੌਰ

ਤਸਵੀਰ ਸਰੋਤ, BBC/Sukhcharan Preet

ਤਸਵੀਰ ਕੈਪਸ਼ਨ, ਸੁਖਵਿੰਦਰ ਕੌਰ ਦਾ ਪਰਿਵਾਰ

ਸੁਖਵਿੰਦਰ ਕੌਰ ਦੇ ਪਰਿਵਾਰ ਕੋਲ ਸਿਰਫ ਡੇਢ ਏਕੜ ਜ਼ਮੀਨ ਹੈ ਅਤੇ ਤਿੰਨ ਲੱਖ ਦੇ ਕਰੀਬ ਕਰਜ਼ਾ ਹੈ।

ਉਨ੍ਹਾਂ ਦੀ ਬੇਟੀ ਵਿਆਹੀ ਹੋਈ ਹੈ ਅਤੇ ਘਰ ਵਿੱਚ ਪੁੱਤ ਅਤੇ ਨੂੰਹ, ਬਿਰਧ ਸੱਸ ਅਤੇ ਦੋ ਪੋਤਾ-ਪੋਤੀ ਹਨ।

ਸੁਖਵਿੰਦਰ ਕੌਰ ਦੀ ਬੇਟੀ ਗਗਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਦੀ ਕਬੀਲਦਾਰੀ ਉਨ੍ਹਾਂ ਦੀ ਮਾਤਾ ਹੀ ਚਲਾਉਂਦੇ ਸੀ।

ਪਰਿਵਾਰ ਕੋਲ ਜ਼ਮੀਨ ਘੱਟ ਹੋਣ ਕਰਕੇ ਗੁਜ਼ਾਰਾ ਮੁਸ਼ਕਲ ਨਾਲ ਹੀ ਹੁੰਦਾ ਹੈ। ਸੁਖਵਿੰਦਰ ਕੌਰ ਦੀ ਨੂੰਹ ਜਸਵਿੰਦਰ ਕੌਰ ਨੂੰ ਸੱਸ ਦੀ ਘਾਟ ਮਹਿਸੂਸ ਹੋ ਰਹੀ ਹੈ।

ਨੂੰਹ ਨੇ ਦਿੱਲੀ ਜਾਣ ਤੋਂ ਵਰਜਿਆ ਵੀ ਸੀ ਪਰ ਉਨ੍ਹਾਂ ਨੇ ਘਰ ਦੀ ਤੰਗੀ ਦਾ ਹਵਾਲਾ ਦੇ ਕੇ ਜਾਣ ਨੂੰ ਹੀ ਪਹਿਲ ਦਿੱਤੀ।

ਸੁਖਵਿੰਦਰ ਕੌਰ

ਤਸਵੀਰ ਸਰੋਤ, BBC/Sukhcharan Preet

ਤਸਵੀਰ ਕੈਪਸ਼ਨ, ਸੁਖਵਿੰਦਰ ਕੌਰ ਦਾ ਘਰ

ਉਨ੍ਹਾਂ ਨੂੰ ਲਗਦਾ ਸੀ ਕਿ ਖੇਤੀ ਕਾਨੂੰਨਾਂ ਖਿਲ਼ਾਫ ਸੰਘਰਸ਼ ਉਨ੍ਹਾਂ ਲਈ ਅਹਿਮ ਹੈ। ਸੁਖਵਿੰਦਰ ਕੌਰ ਵੀ ਸ਼ੁਰੂ ਤੋਂ ਹੀ ਕਿਸਾਨ ਸੰਘਰਸ਼ ਵਿੱਚ ਸ਼ਾਮਲ ਹੁੰਦੇ ਰਹੇ ਸਨ ਪਰ ਦਿੱਲੀ ਕਿਸਾਨ ਮੋਰਚੇ ਵਿੱਚ ਪਹਿਲੀ ਵਾਰ ਹੀ ਗਏ ਸਨ।

ਇਸ ਪਰਿਵਾਰ ਨੂੰ ਵੀ ਹਾਲੇ ਤੱਕ ਪੰਜਾਬ ਸਰਕਾਰ ਵੱਲੋਂ ਕੋਈ ਮੁਆਵਜ਼ਾ ਜਾਂ ਹੋਰ ਸਹਾਇਤਾ ਨਹੀਂ ਮਿਲੀ ਹੈ।

ਗੁਰਮੇਲ ਕੌਰ

ਗੁਰਮੇਲ ਕੌਰ ਇਸ ਪਿੰਡ ਦੀ ਤੀਸਰੀ ਔਰਤ ਸਨ ਜਿਨ੍ਹਾਂ ਦੀ ਇਸ ਹਾਦਸੇ ਵਿੱਚ ਜਾਨ ਚਲੀ ਗਈ ਸੀ। ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਇਨ੍ਹਾਂ ਦੀ ਕਹਾਣੀ ਵੀ ਦੂਸਰੀਆਂ ਔਰਤਾਂ ਵਰਗੀ ਹੀ ਹੈ।

ਗੁਰਮੇਲ ਕੌਰ ਦੀ ਨੂੰਹ ਸੁਖਵੀਰ ਕੌਰ ਨੇ ਦੱਸਿਆ ਕਿ ਪਿੰਡ ਵਿੱਚ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਲਈ ਵਾਰੀ ਬੰਨੀ ਹੋਈ ਹੈ ਅਤੇ ਗੁਰਮੇਲ ਕੌਰ ਤੀਸਰੀ ਵਾਰ ਦਿੱਲੀ ਧਰਨੇ ਵਿੱਚ ਸ਼ਮੂਲੀਅਤ ਕਰਨ ਗਏ ਸਨ।

ਗੁਰਮੇਲ ਕੌਰ

ਤਸਵੀਰ ਸਰੋਤ, BBC/Sukhcharan Preet

ਤਸਵੀਰ ਕੈਪਸ਼ਨ, ਗੁਰਮੇਲ ਕੌਰ ਦਾ ਪਰਿਵਾਰ

ਪਰਿਵਾਰ ਇਸ ਹਾਦਸੇ ਕਾਰਨ ਸਦਮੇ ਵਿੱਚ ਹੈ। ਪੰਜਾਬ ਸਰਕਾਰ ਵੱਲੋਂ ਮੁਆਵਜ਼ਾ ਹਾਲੇ ਨਹੀਂ ਮਿਲਿਆ ਪਰ ਪਰਿਵਾਰ ਨੂੰ ਲੱਗਦਾ ਹੈ ਕਿ ਮੁਆਵਜ਼ਾ ਨਾਲ ਪਰਿਵਾਰ ਦੀ ਸਹਾਇਤਾ ਤਾਂ ਹੋਵੇਗੀ ਪਰ ਗੁਰਮੇਲ ਕੌਰ ਦੀ ਕਮੀ ਪੂਰੀ ਨਹੀਂ ਹੋ ਸਕਦੀ।

ਉਨ੍ਹਾਂ ਦੀ ਨੂੰਹ ਦਾ ਕਹਿਣਾ ਸੀ ਕਿ ਜੇ ਉਨ੍ਹਾਂ ਦੀ ਸੱਸ ਵਾਪਸ ਆ ਸਕਦੀ ਹੋਵੇ ਤਾਂ ਉਹ ਪੱਲਿਓ ਪੈਸੇ ਦੇਣ ਲਈ ਤਿਆਰ ਹਨ।

ਸੁਖਵੀਰ ਕੌਰ ਦਾ ਕਹਿਣਾ ਸੀ ਕਿ ਉਹ ਸੰਘਰਸ਼ ਵਿੱਚ ਸ਼ਮੂਲੀਅਤ ਹੁਣ ਵੀ ਕਰਦੇ ਰਹਿਣਗੇ ਕਿਉਂਕਿ ਸਰਕਾਰ ਨੇ ਲੜਨਾ ਉਨ੍ਹਾਂ ਦੀ ਮਜਬੂਰੀ ਬਣਾ ਦਿੱਤੀ ਹੈ।

ਗੁਰਮੇਲ ਕੌਰ ਦਾ ਬਜ਼ੁਰਗ ਸਹੁਰਾ ਮੁਖਤਿਆਰ ਸਿੰਘ ਘਰ ਦੇ ਦਰਾਂ ਵਿੱਚ ਬੈਠਾ ਵੇਲੇ ਨੂੰ ਪਛਤਾ ਰਿਹਾ ਹੈ।

ਉਨ੍ਹਾਂ ਮੁਤਾਬਕ ਗੁਰਮੇਲ ਕੌਰ ਉਨ੍ਹਾਂ ਦੀ ਬਹੁਤ ਸੇਵਾ ਕਰਦੇ ਹੁੰਦੇ ਸੀ ਅਤੇ ਉਨ੍ਹਾਂ ਨੂੰ ਹੁਣ ਵੀ ਗੁਰਮੇਲ ਕੌਰ ਦੇ ਭੁਲੇਖੇ ਪੈਂਦੇ ਹਨ।

ਬਜ਼ੁਰਗਾਂ ਨੂੰ ਲੱਗਦਾ ਹੈ ਕਿ ਹੁਣ ਸਰਕਾਰ ਭਾਵੇਂ ਉਨ੍ਹਾਂ ਨੂੰ ਕੁਝ ਵੀ ਦੇ ਦੇਵੇ ਪਰ ਉਨ੍ਹਾਂ ਦੀ ਨੂੰਹ ਨੇ ਹੁਣ ਕੁਝ ਨਹੀਂ ਦੇਖ ਸਕਣਾ।

ਪਰਿਵਾਰ ਕੋਲ 5 ਏਕੜ ਜਮੀਨ ਹੈ ਅਤੇ ਕਰਜ਼ਾ ਵੀ ਹੈ।

ਦੋ ਔਰਤਾਂ ਜੋ ਜ਼ਖਮੀ ਹੋਈਆਂ

ਪਿੰਡ ਦੀਆਂ ਦੋ ਹੋਰ ਔਰਤਾਂ ਇਸ ਹਾਦਸੇ ਵਿੱਚ ਜ਼ਖਮੀ ਵੀ ਹੋਈਆਂ ਸਨ।

ਇਨਾਂ ਔਰਤਾਂ ਨਾਲ ਹਾਦਸੇ ਵਿਚ ਗੰਭੀਰ ਜਖਮੀਂ ਹੋਈ ਪਿੰਡ ਦੀ ਇੱਕ ਹੋਰ ਔਰਤ ਪੀਜੀਆਈ ਚੰਡੀਗੜ੍ਹ ਵਿੱਚ ਜ਼ੇਰ-ਏ-ਇਲਾਜ ਹੈ ਜਦਕਿ ਹਰਮੀਤ ਕੌਰ ਨਾਂ ਦੀ ਇੱਕ ਔਰਤ ਦੇ ਸੱਟਾਂ ਜਾਨਲੇਵਾ ਨਹੀਂ ਸਨ ਇਸ ਕਰਕੇ ਉਨ੍ਹਾਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਸੀ।

ਨਿਮਨ ਕਿਸਾਨੀ ਨਾਲ ਸਬੰਧਤ ਹਰਮੀਤ ਕੌਰ ਦਾ ਘਰ ਵੀ ਗੁਰਮੇਲ ਕੌਰ ਦੇ ਗੁਆਂਢ ਵਿੱਚ ਹੀ ਹੈ।

ਹਰਮੀਤ ਕੌਰ

ਤਸਵੀਰ ਸਰੋਤ, BBC/Sukhcharan preet

ਤਸਵੀਰ ਕੈਪਸ਼ਨ, ਹਰਮੀਤ ਕੌਰ ਦੀਆਂ ਸੱਟਾਂ ਠੀਕ ਹੋ ਰਹੀਆਂ ਹਨ ਪਰ ਬਾਂਹ ਉੱਤੇ ਹਾਲੇ ਸੋਜਿਸ਼ ਹੈ

ਹਰਮੀਤ ਕੌਰ ਦੇ ਸਿਰ ਅਤੇ ਸੱਜੀ ਬਾਂਹ ਉੱਪਰ ਸੱਟ ਹੈ। ਸੱਟਾਂ ਠੀਕ ਹੋ ਰਹੀਆਂ ਹਨ ਪਰ ਬਾਂਹ ਉੱਤੇ ਹਾਲੇ ਸੋਜਿਸ਼ ਹੈ।

ਹਰਮੀਤ ਕੌਰ ਨੇ ਦੱਸਿਆ ਕਿ ਉਸ ਦਿਨ ਉਹ ਅੱਠ-ਦੱਸ ਔਰਤਾਂ ਝੱਜਰ ਪੁਲ ਦੇ ਕੋਲੇ ਫੁੱਟਪਾਥ ਉੱਤੇ ਬੈਠੀਆਂ ਆਟੋ ਦਾ ਇੰਤਜਾਰ ਕਰ ਰਹੀਆਂ ਸਨ।

19 ਅਕਤੂਬਰ ਤੋਂ ਉਹ ਟਿੱਕਰੀ ਧਰਨੇ ਉੱਤੇ ਸਨ ਅਤੇ ਓਥੇ ਉਨ੍ਹਾਂ ਨੇ ਮੋਰਚੇ ਵਿੱਚ ਹਰ ਤਰਾਂ ਦਾ ਕੰਮ ਰਲ-ਮਿਲ ਕੇ ਕੀਤਾ ਸੀ।

ਉਨ੍ਹਾਂ ਨੇ ਦੱਸਿਆ ਕਿ ਝੱਜਰ ਪੁਲ ਦੇ ਹੇਠਾਂ ਪਹਿਲਾਂ ਟਿੱਪਰ ਖੜ੍ਹਾ ਹੀ ਸੀ ਅਤੇ ਬਾਅਦ ਵਿੱਚ ਉਹ ਹੌਲੀ ਸਪੀਡ ਉੱਤੇ ਆ ਰਿਹਾ ਸੀ ਪਰ ਬਾਅਦ ਵਿੱਚ ਉਸ ਦੀ ਸਪੀਡ ਤੇਜ਼ ਹੋ ਗਈ ਅਤੇ ਉਨ੍ਹਾਂ ਉਪਰ ਆ ਕੇ ਚੜ੍ਹ ਗਿਆ।

ਹਰਮੀਤ ਕੌਰ ਦਾ ਇੱਕ ਪਾਸੇ ਖੜ੍ਹੇ ਹੋਣ ਕਰਕੇ ਬਚਾਅ ਹੋ ਗਿਆ। ਟਰੱਕ ਦੀ ਫੇਟ ਨਾਲ ਉਹ ਸਾਈਡ ਉੱਤੇ ਡਿੱਗ ਪਏ ਅਤੇ ਜਦੋਂ ਉਨ੍ਹਾਂ ਉਠ ਕੇ ਦੇਖਿਆ ਤਾਂ ਹਾਦਸਾ ਵਾਪਰ ਚੁੱਕਾ ਸੀ।

ਖੀਵਾ ਖੁਰਦ

ਤਸਵੀਰ ਸਰੋਤ, BBC/Sukhcharan Preet

ਉਨ੍ਹਾਂ ਮੁਤਾਬਕ ਮ੍ਰਿਤਕ ਔਰਤਾਂ ਬੈਠੀਆਂ ਹੋਣ ਕਰਕੇ ਟਰੱਕ ਦੀ ਲਪੇਟ ਵਿੱਚ ਆ ਗਈਆਂ।

ਦੋ ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਔਰਤ ਦੀ ਬਾਅਦ ਵਿੱਚ ਮੌਤ ਹੋ ਗਈ।

ਹਰਮੀਤ ਕੌਰ ਮੁਤਾਬਕ ਉਨ੍ਹਾਂ ਨੇ ਦਿੱਲੀ ਮੋਰਚੇ ਵਿੱਚ ਇਕੱਠੀਆਂ ਨੇ ਕੰਮਕਾਰ ਵੀ ਕੀਤਾ ਅਤੇ ਸੰਘਰਸ਼ ਅਤੇ ਪਰਿਵਾਰਕ ਜਿੰਮੇਵਾਰੀਆਂ ਬਾਰੇ ਗੱਲਾਂ ਵੀ ਕੀਤੀਆਂ ਸਨ।

ਉਨ੍ਹਾਂ ਮੁਤਾਬਕ ਤਿੰਨਾਂ ਮ੍ਰਿਤਕ ਔਰਤਾਂ ਦਾ ਸੁਭਾਅ ਬਹੁਤ ਮਿਲਣਸਾਰ ਸੀ। ਹਰਮੀਤ ਕੌਰ ਆਪਣੀਆਂ ਸਾਥਣਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ਪਰ ਉਨ੍ਹਾਂ ਦਾ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਦਾ ਇਰਦਾ ਘੱਟ ਨਹੀਂ ਹੋਇਆ ਹੈ।

ਹਰਮੀਤ ਕੌਰ ਦੱਸਦੇ ਹਨ, "ਅਸੀਂ ਇੱਕੋ ਪਿੰਡ ਦੀਆਂ ਸੱਤ ਔਰਤਾਂ ਇਕੱਠੀਆਂ ਗਈਆਂ ਸੀ ਅਤੇ ਇਕੱਠੀਆਂ ਹੀ ਵਾਪਸ ਆ ਰਹੀਆਂ ਸੀ ਜਦੋਂ ਇਹ ਹਾਦਸਾ ਹੋਇਆ। ਸਾਡੀਆਂ ਤਿੰਨੇ ਭੈਣਾਂ ਬਹੁਤ ਮਿਲਣਸਾਰ ਸਨ। ਅਮਰਜੀਤ ਥੋੜਾ ਘੱਟ ਬੋਲਦੀ ਸੀ। ਬੱਸ ਸੁਣਦੀ ਰਹਿੰਦੀ ਸੀ। ਕਦੇ-ਕਦੇ ਕੁੜੀ ਦੇ ਵਿਆਹ ਦੀਆਂ ਗੱਲਾਂ ਕਰ ਲੈਂਦੀ ਸੀ।''

''ਮੈਂ ਉਸ ਨੂੰ ਫੋਨ ਕਰਦੇ ਸਮੇਂ ਹੀ ਜ਼ਿਆਦਾ ਬੋਲਦੇ ਸੁਣਿਆ ਹੈ। ਸ਼ਿੰਦਰ (ਸੁਖਵਿੰਦਰ ਕੌਰ) ਤੇ ਅਮਰਜੀਤ ਦੋਵੇਂ ਗੁਆਂਢਣਾ ਸੀ ਅਤੇ ਦੋਹਾਂ ਦੀ ਕਹਾਣੀ ਵੀ ਇੱਕੋ ਜਿਹੀ ਹੈ। ਦੋਹਾਂ ਦੇ ਘਰਵਾਲੇ ਦੁਨੀਆਂ ਉੱਤੇ ਨਹੀਂ ਹਨ ਤਾਂ ਆਪਣੇ ਸਿਰ 'ਤੇ ਹੀ ਉਹ ਪਰਿਵਾਰ ਚਲਾਉਂਦੀਆਂ ਸਨ।''

ਹਰਮੀਤ ਕੌਰ

ਤਸਵੀਰ ਸਰੋਤ, BBC/Sukhcharan Preet

ਹਰਮੀਤ ਕੌਰ ਅੱਗੇ ਕਹਿੰਦੇ ਹਨ, ''ਸਿਆਣੀਆਂ ਔਰਤਾਂ ਸਨ ਤੇ ਇਨ੍ਹਾਂ ਨੇ ਘਰ ਬੰਨ ਕੇ ਰੱਖੇ ਸਨ। ਦੋਹੇਂ ਚਲੀਆਂ ਵੀ ਇੱਕੋ ਤਰੀਕੇ ਨਾਲ ਗਈਆਂ, ਗੁਰਮੇਲ ਤਾਂ ਮੇਰੀ ਗੁਆਂਢਣ ਸੀ। ਤਿੰਨੇ ਪਰਿਵਾਰ ਵੀ ਸਾਂਭਦੀਆਂ ਸਨ, ਸ਼ਰੀਕੇ-ਕਬੀਲੇ ਵਿੱਚ ਦੁੱਖ-ਸੁੱਖ ਵੀ ਜਾਂਦੀਆਂ ਸਨ।''

''ਧਰਨਿਆਂ 'ਤੇ ਵੀ ਜਾਂਦੀਆਂ ਸਨ, ਅਸੀਂ ਦੱਸ ਦਿਨ ਸਾਰੀਆਂ ਨੇ ਰਲ ਕੇ ਮੋਰਚੇ ਵਿੱਚ ਭੱਜ-ਭੱਜ ਕੰਮ ਕੀਤਾ। ਕੀ ਪਤਾ ਸੀ ਕਿ ਇਓਂ ਚਲੀਆਂ ਜਾਣਗੀਆਂ। ਇੱਕ ਭੈਣ ਹਾਲੇ ਪੀਜੀਆਈ ਹਸਪਤਾਲ ਪਈ ਹੈ। ਉਸ ਦੇ ਪਰਿਵਾਰ ਨਾਲ ਤਾਂ ਰੋਜ਼ ਗੱਲ ਹੋ ਜਾਂਦੀ ਹੈ ਪਰ ਉਸ ਨੂੰ ਹਾਲੇ ਸੁਰਤ ਨਹੀਂ ਆਈ। ਵਾਹਿਗੁਰੂ ਅੱਗੇ ਰੋਜ਼ ਅਰਦਾਸ ਕਰਦੀ ਹਾਂ ਕਿ ਉਹ ਠੀਕ ਹੋ ਕੇ ਘਰ ਆ ਜਾਵੇ।"

ਹਰਮੀਤ ਕੌਰ ਆਪਣੀਆਂ ਸਾਥਣਾ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਜਾਂਦੇ ਹਨ ਪਰ ਉਨ੍ਹਾਂ ਦਾ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਦਾ ਇਰਾਦਾ ਘੱਟ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)