ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਜੁੜਨ ਦੀਆਂ ਅਟਕਲਾਂ ਬਾਰੇ ਕੀ ਜਵਾਬ ਦਿੱਤਾ

ਸੋਨੀਆ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਉੱਤੇ ਸੋਨੀਆ ਮਾਨ ਦੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਸਬੰਧੀ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 5 ਮਿੰਟ

ਅਦਾਕਾਰਾ ਤੇ ਕਿਸਾਨ ਅੰਦੋਲਨ ਨਾਲ ਜੁੜੀ ਸੋਨੀਆ ਮਾਨ ਨੇ ਕਿਸੇ ਵੀ ਸਿਆਸੀ ਧਿਰ ਨਾਲ ਜੁੜਨ ਬਾਰੇ ਪਹਿਲਾਂ ਫੇਸਬੁੱਕ ਦੀ ਪੋਸਟ ਰਾਹੀਂ ਇਨਕਾਰ ਕੀਤਾ ਹੈ। ਇਹ ਪੋਸਟ ਡਿਲੀਟ ਕਰ ਦਿੱਤੀ ਸੀ ਪਰ ਫਿਰ ਫੇਸਬੁੱਕ ਉੱਤੇ ਉਨ੍ਹਾਂ ਨੇ ਪਾਈ ਹੈ।

ਉਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਹੈ, “ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਾਂ ਜਥੇਬੰਦੀ ਨਾਲ ਨਹੀਂ ਜੁੜੀ ਹਾਂ। ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ, ਮੈਨੂੰ ਕਾਲੇ ਝੰਡੇ ਦਿਖਾਉਣ, ਮੈਨੂੰ ਬੇਇੱਜ਼ਤ ਕਰਨ ਅਤੇ ਜ਼ਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ।"

ਦਰਅਸਲ, ਉਨ੍ਹਾਂ ਬਾਰੇ ਪਿਛਲੇ ਕੁਝ ਦਿਨਾਂ ਤੋਂ ਇਹ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਸਕਦੇ ਹਨ।

ਹਾਲਾਂਕਿ, ਉਹ ਚੋਣਾਂ ਲੜਨ ਦਾ ਐਲਾਨ ਉਹ ਪਹਿਲਾ ਵੀ ਕਰ ਚੁੱਕੇ ਪਰ ਅਜੇ ਤੱਕ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਸ ਪਾਰਟੀ ਵੱਲੋਂ ਉਹ ਚੋਣ ਮੈਦਾਨ ਵਿੱਚ ਆਉਣਗੇ।

ਜ਼ਿਕਰਯੋਗ ਹੈ ਕਿ ਸੋਨੀਆ ਮਾਨ ਕਿਸਾਨੀ ਅੰਦੋਲਨ ਨੂੰ ਲੈ ਕੇ ਸਰਗਰਮ ਰਹੇ ਹਨ ਅਤੇ ਦਿੱਲੀ ਦੇ ਵੱਖ-ਵੱਖ ਬਾਰਡਰਾਂ ਦੇ ਅੰਦੋਲਨਾਂ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਉਂਦੇ ਰਹੇ ਹਨ।

ਸੋਨੀਆ ਮਾਨ

ਤਸਵੀਰ ਸਰੋਤ, Sonia Mann/fb

ਸੋਨੀਆ ਮਾਨ ਨੇ ਫੇਸਬੁੱਕ ’ਤੇ ਕੀ ਲਿਖਿਆ ਹੈ

ਸੋਨੀਆ ਮਾਨ ਨੇ ਆਪਣੀ ਪੋਸਟ ਜਿਸ ਵਿੱਚ ਕਿਸਾਨ ਜਥੇਬੰਦੀਆਂ 'ਤੇ ਸਵਾਲ ਚੁੱਕਿਆ ਸੀ ਅਤੇ ਇਲਜ਼ਾਮ ਲਗਾਏ ਹਨ, "ਜਿਨ੍ਹਾਂ ਲਈ ਮੈਂ ਆਪਣੀ ਕਰੀਅਰ ਛੱਡਿਆ... ਉਨ੍ਹਾਂ ਨੇ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ।"

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਰਾਹੀਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇਣ ਦੀ ਵੀ ਅਪੀਲ ਕੀਤੀ ਹੈ।

ਵੀਡੀਓ ਕੈਪਸ਼ਨ, ਪਿਤਾ ਦੀ ਚਿੱਠੀ ਨੇ ਕਿਵੇਂ ਅਦਾਕਾਰਾ ਸੋਨੀਆ ਮਾਨ ਨੂੰ ਜ਼ਿੰਦਗੀ ’ਚ ਹੌਂਸਲਾ ਦਿੱਤਾ

ਸੋਨੀਆ ਮਾਨ ਨੇ ਸੋਸ਼ਲ ਮੀਡੀਆ ’ਤੇ ਹੋ ਰਹੀ ਆਪਣੀ ਟਰੋਲਿੰਗ ’ਤੇ ਵੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਕਿਹਾ, "ਅਜੋਕੇ ਸਮੇਂ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ 'ਤੇ ਚੱਲਣ ਦੀ ਦੁਹਾਈ ਦੇਣ ਵਾਲੇ ਲੋਕਾਂ ਨੇ ਅੱਜ ਆਪਣੀ ਘਟੀਆ ਰਾਜਨੀਤੀ ਅਤੇ ਨਿੱਜੀ ਸਵਾਰਥ ਦੀ ਖ਼ਾਤਰ ਕੁਝ ਅਖ਼ਬਾਰੀ ਖ਼ਬਰਾਂ ਅਫਵਾਹਾਂ ਨੂੰ ਆਧਾਰ ਬਣਾ ਕੇ ਮੈਨੂੰ ਭੰਡਣ ਅਤੇ ਨੀਵਾਂ ਦਿਖਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ।”

“ਨੀਵੇਂ ਪੱਧਰ ਦੀ ਰਾਜਨੀਤੀ ਤੇ ਸ਼ਬਦਾਵਲੀ ਵਰਤੀ ਗਈ। ਉਨ੍ਹਾਂ ਨੇ ਇਸ ਪਵਿੱਤਰ ਕਿਸਾਨੀ ਨੂੰ ਢਾਲ ਬਣਾ ਕੇ ਆਪਣੀਆਂ ਦੁਸ਼ਮਣੀਆਂ ਕੱਢਣ ਦੀ ਖਾਤਿਰ ਮੇਰੇ ਉਪਰ ਨਿੱਜੀ ਹਮਲੇ ਕੀਤੇ।”

“ਉਸ ਨੇ ਜਿੱਥੇ ਮੇਰੇ ਦਿਲ ਨੂੰ ਝੰਜੋੜਿਆ ਉਥੇ ਉਸ ਸਮਾਜ ਦੀ ਉਹ ਤਸਵੀਰ ਪੇਸ਼ ਕੀਤੀ ਜਿਸ ਸਮਾਜ ਲਈ ਮੈਂ ਆਪਣੇ ਕਾਰੋਬਾਰ ਦਾ ਤਿਆਗ ਕੀਤਾ, ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ।”

“ਆਪਣੀਆਂ ਨਿੱਜੀ ਰੰਜਿਸ਼ਾਂ ਤੇ ਚੌਧਰ ਦੀ ਖਾਤਿਰ ਆਪਣੀ ਬੇਟੀ ਤੇ ਭੈਣ ਦਾ ਦਰਜਾ ਦੇਣ ਵਾਲਿਆਂ ਨੇ ਚੰਦ ਮਿੰਟਾਂ ਵਿੱਚ ਮੈਨੂੰ ਗੱਦਾਰ ਦਾ ਤਮਗਾ ਦੇ ਦਿੱਤਾ।”

“ਮੈਂ ਪਿੰਡ-ਪਿੰਡ, ਗਲੀ ਗਲੀ ਕਿਸਾਨੀ ਬਿੱਲਾਂ ਦੇ ਹੱਕ ਵਿਚ ਘਰ-ਘਰ ਜਾ ਕੇ ਦਰਵਾਜ਼ਾ ਖੜਕਾਇਆ। ਹਰ ਪਿੰਡ ਵਿਚ ਕਿਸਾਨੀ ਦੇ ਹੱਕ ਵਿੱਚ ਤੰਬੂ ਲਗਾਉਣ ਦਾ ਹੋਕਾ ਦਿੱਤਾ। ਲਖੀਮਪੁਰ ਖੀਰੀ ਵਿਚ ਪੰਜ ਜ਼ਿਲਿਆਂ ਦੀ ਪੁਲਿਸ ਨੇ ਮੈਨੂੰ ਘੇਰਾ ਪਾਇਆ ਪਰ ਕਿਸੇ ਵੀ ਕਿਸਾਨ ਜਥੇਬੰਦੀ ਅਤੇ ਵੀਰ ਨੇ ਮੇਰਾ ਸਾਥ ਨਹੀਂ ਦਿੱਤਾ।”

ਇਹ ਵੀ ਪੜ੍ਹੋ-

ਸੋਨੀਆ ਮਾਨ ਨੇ ਆਪਣੇ ਸਿਆਸੀ ਭਵਿੱਖ ਬਾਰੇ ਕਿਹਾ, “ਮੈਂ ਅੱਜ ਦੀ ਤਰੀਕ ਵਿੱਚ ਕਿਸੇ ਵੀ ਰਾਜਨੀਤਿਕ ਸੰਸਥਾ ਜਾਂ ਜਥੇਬੰਦੀ ਨਾਲ ਨਹੀਂ ਜੁੜੀ ਹਾਂ।”

“ਮੇਰੇ ਜਵਾਬ ਦੀ ਉਡੀਕ ਤੋਂ ਪਹਿਲਾਂ ਹੀ ਮੇਰੇ ਪੁਤਲੇ ਸਾੜਨ, ਮੈਨੂੰ ਕਾਲੇ ਝੰਡੇ ਦਿਖਾਉਣ, ਮੈਨੂੰ ਬੇਇੱਜ਼ਤ ਕਰਨ ਅਤੇ ਜਲੀਲ ਕਰਨ ਵਰਗੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਾਇਆ ਮੈਂ ਇੱਕ ਧਾਰਨਾ ਤੇ ਸੋਚ ਲਈ ਆਪਣੇ ਕਰੀਅਰ ਨੂੰ ਦਾਅ 'ਤੇ ਲਗਾਇਆ। ਮੇਰੇ 'ਤੇ ਉਂਗਲ ਚੁੱਕਣ ਵਾਲੇ ਆਪਣੇ ਗਿਰੇਬਾਨ ਵਿਚ ਝਾਕਣ।”

ਸੋਨੀਆ ਮਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੋਨੀਆ ਮਾਨ ਦਾ ਕਹਿਣਾ ਹੈ ਕਿ ਉਹ ਆਪਣੀ ਕਰੀਅਰ ਦਾਅ ਉੱਤੇ ਲਗਾ ਕੇ ਅੰਦੋਲਨ ਵਿੱਚ ਆਈ ਹੈ

ਸੋਨੀਆ ਮਾਨ ਨੇ ਅੱਗੇ ਕਿਹਾ, “ਲੋਕਤੰਤਰ ਵਿੱਚ ਹਰ ਵਿਅਕਤੀ, ਹਰ ਜਥੇਬੰਦੀ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦਾ ਅਧਿਕਾਰ ਭਾਰਤੀ ਸੰਵਿਧਾਨ ਨੇ ਦਿੱਤਾ ਹੈ।”

“ਜਿਹੜਾ ਵੀ ਇਨਸਾਨ ਸੰਵਿਧਾਨ ਦੇ ਦਾਇਰੇ ਤੋਂ ਬਾਹਰ ਰਹਿ ਕੇ ਗੱਲ ਕਰਦਾ ਹੈ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਤੇ ਦੇਸ਼ ਧ੍ਰੋਹੀ ਹੈ।”

“ਮੇਰੇ ਵਿਰੋਧ ਦੀ ਕਾਲ ਦੇਣ ਵਾਲੇ ਇਹ ਵੀ ਦੱਸਣ ਕਿ 32 ਜਥੇਬੰਦੀਆਂ ਦੇ ਮੈਂਬਰ ਤੇ ਅਹੁਦੇਦਾਰ ਅਤੇ ਮੋਰਚੇ 'ਤੇ ਬੈਠੇ ਲੋਕ ਕੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਤ ਨਹੀਂ ਹਨ?”

“ਜੇਕਰ ਹਨ ਤਾਂ ਕੀ ਮੈਨੂੰ ਸਿਰਫ਼ ਇਕ ਔਰਤ ਹੋਣ ਦੇ ਕਾਰਨ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ? ਕਿਰਪਾ ਕਰਕੇ ਮੇਰੇ ਸਵਾਲਾਂ ਦਾ ਜਵਾਬ ਦੇਣ ਦੀ ਕ੍ਰਿਪਾਲਤਾ ਜ਼ਰੂਰ ਕਰਨ।"

ਕੌਣ ਹ ਸੋਨੀਆ ਮਾਨ- ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਦੀ ਰਿਪੋਰ

ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਲਦਵਾਨੀ ਵਿੱਚ ਪਿਤਾ ਬਲਦੇਵ ਸਿੰਘ ਮਾਨ ਅਤੇ ਮਾਂ ਪਰਮਜੀਤ ਕੌਰ ਦੇ ਘਰ ਹੋਇਆ।

ਸੋਨੀਆ ਮਾਨ

ਤਸਵੀਰ ਸਰੋਤ, FB/Sonia Mann

ਸੋਨੀਆ ਦੇ ਪਿਤਾ ਇੱਕ ਸਰਗਰਮ ਕਾਰਕੁੰਨ ਸਨ ਅਤੇ ਸੋਨੀਆ ਦੇ ਜਨਮ ਤੋਂ 16 ਦਿਨਾਂ ਬਾਅਦ ਉਨ੍ਹਾਂ ਦੀ ਮੌਤ ਅੰਮ੍ਰਿਤਸਰ ਵਿੱਚ ਹੋ ਗਈ ਸੀ।

ਸੋਨੀਆ ਦੀ ਪੜ੍ਹਾਈ-ਲਿਖਾਈ ਅਤੇ ਪਾਲਣ-ਪੋਸ਼ਣ ਅੰਮ੍ਰਿਤਸਰ ਵਿੱਚ ਹੀ ਹੋਇਆ।

ਮਨੋਰੰਜਨ ਦੀ ਦੁਨੀਆ 'ਚ ਸੋਨੀਆ

ਸੋਨੀਆ ਮਾਨ ਨੇ ਆਪਣੇ ਮਨੋਰੰਜਨ ਦਾ ਸਫ਼ਰ ਸਾਲ 2007 ਵਿੱਚ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਆਗਾਜ਼ ਇੱਕ ਬਿਊਟੀ ਕੰਪੀਟੀਸ਼ਨ ਨਾਲ ਹੋਇਆ ਜਿਸ ਵਿੱਚ ਉਹ 'ਲਿਮਕਾ ਫ੍ਰੈਸ਼ ਫੇਸ ਆਫ਼ ਪੰਜਾਬ' ਬਣੇ ਸਨ।

ਇਸ ਤੋਂ ਬਾਅਦ ਉਨ੍ਹਾਂ ਹਰਭਜਨ ਮਾਨ ਦੇ ਭਰਾ ਅਤੇ ਗਾਇਕ ਗੁਰਸੇਵਕ ਮਾਨ ਨਾਲ ਪੰਜਾਬੀ ਫ਼ਿਲਮ ਕੀਤੀ, ਜੋ ਕਿਸੇ ਵਜ੍ਹਾ ਕਰਕੇ ਰੀਲੀਜ਼ ਨਹੀਂ ਹੋ ਸਕੀ।

ਹਾਲਾਂਕਿ ਬਾਅਦ ਵਿੱਚ 2013 'ਚ ਉਨ੍ਹਾਂ ਪੰਜਾਬੀ ਫ਼ਿਲਮ 'ਹਾਣੀ' ਵਿੱਚ ਹਰਭਜਨ ਮਾਨ ਨਾਲ ਬਤੌਰ ਅਦਾਕਾਰਾ ਕੰਮ ਕੀਤਾ। ਇਹੀ ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ, ਜੋ ਰੀਲੀਜ਼ ਹੋਈ।

ਇਸੇ ਦਰਮਿਆਨ ਉਨ੍ਹਾਂ ਕੁਝ ਮਲਿਆਲਮ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਇਸ ਤੋਂ ਬਾਅਦ 2014 ਵਿੱਚ ਉਨ੍ਹਾਂ 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਨਾਮ ਦੀ ਪੰਜਾਬੀ ਫ਼ਿਲਮ ਕੀਤੀ।

ਸੋਨੀਆ ਮਾਨ

ਤਸਵੀਰ ਸਰੋਤ, fb/sonia mann

ਇਸ ਤੋਂ ਬਾਅਦ ਉਨ੍ਹਾਂ ਆਪਣੀ ਪਹਿਲੀ ਹਿੰਦੀ ਫ਼ਿਲਮ 'ਕਹੀਂ ਹੈ ਮੇਰਾ ਪਿਆਰ' 2014 ਵਿੱਚ ਹੀ ਬਤੌਰ ਅਦਾਕਾਰਾ ਕੀਤੀ।

ਮਲਿਆਲਮ, ਪੰਜਾਬੀ ਅਤੇ ਹਿੰਦੀ ਤੋਂ ਇਲਾਵਾ ਉਨ੍ਹਾਂ ਮਰਾਠੀ ਅਤੇ ਤੇਲੁਗੂ ਫ਼ਿਲਮਾਂ ਵਿੱਚ ਵੀ ਕੰਮ ਕੀਤਾ।

ਸੋਨੀਆ ਮਸ਼ਹੂਰ ਪੰਜਾਬੀ ਫ਼ਿਲਮਾਂ '25 ਕਿੱਲੇ' ਅਤੇ 'ਮੋਟਰ ਮਿੱਤਰਾਂ ਦੀ' ਵਿੱਚ ਵੀ ਨਜ਼ਰ ਆ ਚੁੱਕੇ ਹਨ।

2020 ਵਿੱਚ ਉਨ੍ਹਾਂ ਗਾਇਕ ਤੇ ਅਦਾਕਾਰ ਹਿਮੇਸ਼ ਰੇਸ਼ਮੀਆ ਨਾਲ ਹਿੰਦੀ ਫ਼ਿਲਮ 'ਹੈਪੀ, ਹਾਰਡੀ ਐਂਡ ਹੀਰ' ਵਿੱਚ ਹੀਰ ਰੰਧਾਵਾ ਦਾ ਕਿਰਦਾਰ ਨਿਭਾਇਆ ਸੀ।

ਫ਼ਿਲਮਾਂ ਤੋਂ ਇਲਾਵਾ ਉਨ੍ਹਾਂ ਸਮੇਂ-ਸਮੇਂ ਉੱਤੇ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਕੰਮ ਕੀਤਾ ਹੈ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸੋਨੀਆ ਦੇ ਜਨਮ ਤੋਂ ਪਹਿਲਾਂ ਪਿਤਾ ਦੀ ਉਨ੍ਹਾਂ ਲਈ ਚਿੱਠੀ

ਸੋਨੀਆ ਮਾਨ ਦੇ ਜਨਮ ਤੋਂ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਬਲਦੇਵ ਸਿੰਘ ਮਾਨ ਨੇ ਆਪਣੀ ਧੀ ਦੇ ਨਾਮ ਇੱਕ ਚਿੱਠੀ ਲਿਖੀ ਸੀ। ਜਦੋਂ ਸੋਨੀਆ ਦੇ ਪਿਤਾ ਦੀ ਮੌਤ ਹੋਈ ਤਾਂ ਸੋਨੀਆ ਉਸ ਵੇਲੇ ਬਹੁਤ ਛੋਟੇ ਸਨ।

ਸੋਨੀਆ ਮਾਨ ਬੀਬੀਸੀ ਪੰਜਾਬੀ ਨਾਲ ਇੱਕ ਗੱਲਬਾਤ ਵਿੱਚ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਹਿ ਚੁੱਕੇ ਹਨ, ਇਸ ਦੇ ਨਾਲ ਹੀ ਨੌਜਵਾਨ ਭਾਰਤ ਸਭਾ ਨਾਲ ਵੀ ਜੁੜੇ ਰਹੇ।

ਸੋਨੀਆ ਮਾਨ ਮੁਤਾਬਕ ਉਨ੍ਹਾਂ ਦੇ ਪਿਤਾ ਨੇ ਛੋਟੀ ਉਮਰ ਵਿੱਚ ਹੀ ਲੋਕਾਂ ਵਾਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਦੇ ਪਿਤਾ ਅਤੇ ਦਾਦਾ ਪਿੰਡ ਦੇ ਸਰਪੰਚ ਵੀ ਰਹਿ ਚੁੱਕੇ ਹਨ।

ਸੋਨੀਆ ਮਾਨ

ਤਸਵੀਰ ਸਰੋਤ, fb/sonia mann

ਸੋਨੀਆ ਮੁਤਾਬਕ ਜਦੋਂ ਉਹ ਮਹਿਜ਼ 16 ਦਿਨਾਂ ਦੇ ਸਨ ਤਾਂ ਉਸ ਵੇਲੇ ਇਹ ਚਿੱਠੀ ਉਨ੍ਹਾਂ ਦੇ ਪਿਤਾ ਵੱਲੋਂ ਲਿਖੀ ਗਈ ਸੀ।

ਸੋਨੀਆ ਦੀ ਮਾਂ ਨੇ ਉਨ੍ਹਾਂ ਨੂੰ 9-10 ਸਾਲ ਦੀ ਉਮਰ ਵਿੱਚ ਇਸ ਚਿੱਠੀ ਬਾਰੇ ਦੱਸਿਆ ਸੀ।

ਉਸ ਚਿੱਠੀ ਵਿੱਚ ਸੋਨੀਆ ਲਈ ਲਿਖਿਆ ਗਿਆ ਸੀ, ''ਤੁਹਾਨੂੰ ਇੱਕ ਚੰਗਾ ਇਨਸਾਨ ਬਣਨਾ ਚਾਹੀਦਾ ਹੈ। ਹਰ ਇੱਕ ਧਰਮ ਦੀ ਇੱਜ਼ਤ ਕਰਨੀ ਚਾਹੀਦੀ ਹੈ।''

''ਮੇਰੇ ਸੁਭਾਅ ਅਜਿਹਾ ਹੋ ਗਿਆ ਸੀ ਕਿ ਮੈਂ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੀ ਸੀ।''

ਇਹ ਵੀ ਪੜ੍ਹੋ:

ਇਹ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)