ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਦੇ ਇਲਜ਼ਾਮ ਵਿਚ ਦੇਸ਼ਧ੍ਰੋਹ ਦਾ ਕੇਸ ਬਣਾ ਫੜੇ ਕਸ਼ਮੀਰੀ ਵਿਦਿਆਰਥੀ ਕਿਸ ਹਾਲ 'ਚ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਝਨਾਨੇ
- ਰੋਲ, ਬੀਬੀਸੀ ਹਿੰਦੀ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 9 ਮਿੰਟ
ਉੱਤਰ ਪ੍ਰਦੇਸ਼ ਦੇ ਆਗਰਾ 'ਚ 24 ਅਕਤੂਬਰ ਨੂੰ ਪਾਕਿਸਤਾਨ ਹੱਥੋਂ ਭਾਰਤ ਦੀ ਹਾਰ ਦਾ ਜਸ਼ਨ ਮਨਾਉਣ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਤਿੰਨ ਕਸ਼ਮੀਰੀ ਵਿਦਿਆਰਥੀਆਂ ਨੂੰ ਅਜੇ ਤੱਕ ਜ਼ਮਾਨਤ ਨਹੀਂ ਮਿਲੀ ਹੈ।
ਇੰਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿਤਿਆ ਨੇ ਖੁਦ ਟਵੀਟ ਕਰਦਿਆਂ ਕਿਹਾ ਸੀ ਕਿ "ਪਾਕਿਸਤਾਨ ਦੀ ਜਿੱਤ ਦਾ ਜਸ਼ਨ ਮਨਾਉਣ ਵਾਲਿਆਂ ਨੂੰ ਦੇਸ਼ ਧ੍ਰੋਹ ਦਾ ਸਾਹਮਣਾ ਕਰਨਾ ਪਵੇਗਾ।"
ਹਿਰਾਸਤ 'ਚ ਲਏ ਗਏ ਵਿਦਿਆਰਥੀ ਆਗਰਾ ਦੇ ਰਾਜਾ ਬਲਵੰਤ ਸਿੰਘ (ਆਰਬੀਐਸ) ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀ ਹਨ।
ਅਰਸ਼ਦ ਯੂਸੁਫ ਅਤੇ ਇਨਾਇਤ ਅਲਤਾਫ਼ ਸ਼ੇਖ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਹਨ ਅਤੇ ਸ਼ੌਕਤ ਅਹਿਮਦ ਗਨੀ ਚੌਥੇ ਸਾਲ ਦਾ ਵਿਦਿਆਰਥੀ ਹੈ।
ਇਹ ਵੀ ਪੜ੍ਹੋ:
ਤਿੰਨ੍ਹਾਂ ਦੇ ਖ਼ਿਲਾਫ ਆਈਪੀਸੀ ਦੀ ਧਾਰਾ 153ਏ, 505 (1) (ਬੀ) ਅਤੇ ਆਈਟੀ ਐਕਟ,2008 ਦੀ ਧਾਰਾ 66ਐਫ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਫਆਈਆਰ 'ਚ ਕਿਹਾ ਗਿਆ ਹੈ ਕਿ ਇੰਨ੍ਹਾਂ ਤਿੰਨ੍ਹਾਂ ਨੇ ਦੇਸ਼ ਵਿਰੋਧੀ ਨਾਅਰੇ ਲਗਾਏ ਅਤੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਮਾਹੌਲ ਖ਼ਰਾਬ ਹੋਣ ਦਾ ਖਦਸ਼ਾ ਸੀ।
ਮੁੱਖ ਮੰਤਰੀ ਦੇ ਟਵੀਟ ਤੋਂ ਬਾਅਦ ਉਨ੍ਹਾਂ ਖ਼ਿਲਾਫ ਦੇਸ਼ ਧ੍ਰੋਹ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਅਸਲ 'ਚ ਕੀ ਹੈ ਪੂਰਾ ਮਾਮਲਾ
ਯੂਏਈ ਅਤੇ ਓਮਾਨ 'ਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ ਦੇ ਇੱਕ ਮੈਚ 'ਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਮਾਤ ਦਿੱਤੀ ਸੀ।
ਇੰਨ੍ਹਾਂ ਤਿੰਨ੍ਹਾਂ 'ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਜਿੱਤ ਦੀ ਖੁਸ਼ੀ 'ਚ ਵਟਸਐਪ 'ਤੇ "ਲਵ ਯੂ ਬਾਬਰ" ਅਤੇ " ਇੰਡੀਆ ਇਜ਼ ਨਾਟ ਮਾਈ ਕੰਟਰੀ, ਮਾਈ ਕੰਟਰੀ ਇਜ਼ ਕਸ਼ਮੀਰ" ਵਰਗੇ ਸੰਦੇਸ਼ ਲਿਖੇ ਸਨ।
ਇਨ੍ਹਾਂ ਵੱਲੋਂ ਭੇਜੇ ਗਏ ਸੰਦੇਸ਼ਾਂ, ਚੈਟਾਂ ਦੇ ਸਕਰੀਨ ਸ਼ਾਟ ਜਦੋਂ ਵਾਈਰਲ ਹੋਏ ਤਾਂ ਕਾਲਜ ਪ੍ਰਸ਼ਾਸਨ ਨੇ ਇੰਨ੍ਹਾਂ ਤਿੰਨ੍ਹਾਂ ਵਿਦਿਆਰਥੀਆਂ ਨੂੰ 25 ਅਕਤੂਬਰ ਨੂੰ ਕਾਲਜ ਤੋਂ ਮੁਅੱਤਲ ਕਰ ਦਿੱਤਾ ਸੀ।
ਰਿਪੋਰਟ ਦੇ ਮੁਤਾਬਕ ਜਦੋਂ ਇਹ ਖ਼ਬਰ ਫੈਲੀ ਤਾਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਲੋਕ ਕਾਲਜ ਕੈਂਪਸ 'ਚ ਆ ਗਏ ਅਤੇ ਉੱਥੇ ਮੌਜੂਦ ਪੁਲਿਸ ਤੋਂ ਇੰਨ੍ਹਾਂ ਤਿੰਨ੍ਹਾਂ ਵਿਦਿਆਰਥੀਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ।
ਮੋਰਚੇ ਦੇ ਮੰਡਲ ਪ੍ਰਧਾਨ ਗੌਰਵ ਰਾਜਵਤ ਨੇ ਇਹ ਵੀ ਇਲਜ਼ਾਮ ਲਇਆ ਕਿ ਉਨ੍ਹਾਂ ਨੂੰ ਦੂਜੇ ਵਿਦਿਆਰਥੀਆਂ ਤੋਂ ਜਾਣਕਾਰੀ ਮਿਲੀ ਸੀ ਕਿ "ਪਾਕਿਸਤਾਨ ਦੇ ਮੈਚ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਅਤੇ ਕਿਹਾ ਕਿ ਇੰਡੀਆ ਇਜ਼ ਨਾਟ ਮਾਈ ਕੰਟਰੀ, ਮਾਈ ਕੰਟਰੀ ਇਜ਼ ਕਸ਼ਮੀਰ।"
"ਇਹ ਸਭ ਬਹੁਤ ਹੀ ਮੰਦਭਾਗਾ ਹੈ, ਕਿਉਂਕਿ ਜਿਹੜਾ ਵਿਅਕਤੀ ਸਿੱਖਿਆ ਹਾਸਲ ਕਰਨ ਲਈ ਆਇਆ ਹੈ ਅਤੇ ਉਹੀ ਸਾਡੇ ਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦਾ ਹੈ ਤਾਂ ਉਸ ਵਿਅਕਤੀ ਲਈ ਸਾਡੇ ਦੇਸ਼ ,ਰਾਜ ਅਤੇ ਆਗਰਾ 'ਚ ਕੋਈ ਥਾਂ ਨਹੀਂ ਹੈ।"

ਤਸਵੀਰ ਸਰੋਤ, NASEEM AHMAD/BBC
27 ਅਕਤੂਬਰ ਦੀ ਰਾਤ ਨੂੰ ਪੁਲਿਸ ਨੇ ਅਰਸ਼ਦ ਯੂਸੁਫ਼ ਇਨਾਇਤ ਅਲਤਾਫ਼ ਸ਼ੇਖ ਅਤੇ ਸ਼ੌਕਤ ਅਹਿਮਦ ਗਨੀ ਨੂੰ ਹਿਰਾਸਤ 'ਚ ਲਿਆ। ਆਗਰਾ ਦੇ ਕੁਝ ਵਕੀਲਾਂ ਨੇ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਬਾਰ ਦਾ ਕੋਈ ਵੀ ਵਕੀਲ ਇੰਨ੍ਹਾਂ ਤਿੰਨ੍ਹਾਂ ਵਿਦਿਆਰਥੀਆਂ ਦੀ ਵਕਾਲਤ ਨਹੀਂ ਕਰੇਗਾ।
ਆਗਰਾ 'ਚ ਯੂਥ ਐਡਵੋਕੇਟ ਐਸੋਸੀਏਸ਼ਨ ਦੇ ਮੰਡਲ ਪ੍ਰਧਾਨ ਨਿਤਿਨ ਵਰਮਾ ਦਾ ਕਹਿਣਾ ਹੈ, " ਸਾਰਿਆਂ ਦੀ ਸਹਿਮਤੀ ਨਾਲ ਹੀ ਇਹ ਫ਼ੈਸਲਾ ਲਿਆ ਗਿਆ ਸੀ ਕਿ ਅਸੀਂ ਕਸ਼ਮੀਰੀ ਵਿਦਿਆਰਥੀਆਂ ਦੀ ਕਾਨੂੰਨੀ ਤੌਰ 'ਤੇ ਕੋਈ ਮਦਦ ਨਹੀਂ ਕਰਾਂਗੇ ਕਿਉਂਕਿ ਉਨ੍ਹਾਂ ਨੇ ਭਾਰਤ 'ਚ ਰਹਿ ਕੇ ਹੀ ਭਾਰਤ ਵਿਰੋਧੀ ਕੰਮ ਕੀਤਾ ਹੈ।"
'ਬੱਚਿਆਂ ਨੂੰ ਮੁਆਫ਼ ਕਰ ਦਿਓ'
ਵਜ਼ੀਫ਼ਾ ਹਾਸਲ ਕਰਕੇ ਆਪਣੀ ਪੜ੍ਹਾਈ ਕਰ ਰਹੇ ਇਨ੍ਹਾਂ ਵਿਦਿਆਰਥੀਆਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਮੁਆਫ਼ ਕਰ ਦਿਓ।
ਆਪਣੇ ਬੱਚਿਆਂ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਣ ਤੋਂ ਬਾਅਦ ਪਰੇਸ਼ਾਨ ਅਤੇ ਦੁੱਖੀ ਪਰਿਵਾਰਕ ਮੈਂਬਰਾਂ ਨੇ ਫੌਰੀ ਆਗਰਾ ਪਹੁੰਚ ਕੇ ਆਪਣੇ ਬੱਚਿਆਂ ਦੀ ਸਲਾਮਤੀ ਦੀ ਖ਼ਬਰ ਲਈ। ਇੰਨ੍ਹਾਂ ਤਿੰਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ 2 ਅਤੇ 3 ਨਵੰਬਰ ਨੂੰ ਉਨ੍ਹਾਂ ਨਾਲ ਮੁਲਾਕਾਤ ਕੀਤੀ।
ਇੰਜਨੀਅਰਿੰਗ ਦੇ ਚੌਥੇ ਸਾਲ ਦੇ ਵਿਦਿਆਰਥੀ 22 ਸਾਲਾ ਸ਼ੌਕਤ ਅਹਿਮਦ ਗਨੀ ਦੇ ਪਿਤਾ ਸ਼ਾਬਾਨ 58 ਸਾਲ ਦੇ ਹਨ ਅਤੇ ਉਨ੍ਹਾਂ ਦੇ ਤਿੰਨ ਹੋਰ ਬੱਚੇ ਹਨ। ਸ਼ਾਬਾਨ ਮਨਰੇਗਾ ਦੇ ਮਜ਼ਦੂਰ ਹਨ ਅਤੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਇੱਕ ਹੋਰ ਪੁੱਤਰ ਦੀ ਕਮਾਈ ਨਾਲ ਹੀ ਕਸ਼ਮੀਰ ਦੇ ਬਾਂਦੀਪੁਰ 'ਚ ਵਸਦੇ ਇਸ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ।
ਸ਼ੌਕਤ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਪੁੱਤਰ 'ਤੇ ਅਜਿਹੇ ਭੜਕਾਊ ਬਿਆਨ ਲਿਖਣ ਦਾ ਇਲਜ਼ਾਮ ਲੱਗ ਸਕਦਾ ਹੈ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਆਗਰਾ 'ਚ ਸ਼ੌਕਤ ਨਾਲ ਹੋਈ ਮੁਲਾਕਾਤ ਬਾਰੇ ਸ਼ਾਬਾਨ ਦਾ ਕਹਿਣਾ ਹੈ, " ਮੈਂ ਆਗਰਾ ਆਇਆ ਅਤੇ ਆਪਣੇ ਬੱਚੇ ਨੂੰ ਮਿਲਿਆ। ਉਸ ਨੇ ਮੈਨੂੰ ਕਿਹਾ ਕਿ ਮੈਂ ਕੁਝ ਨਹੀਂ ਕੀਤਾ ਹੈ ਅਤੇ ਮੈਂ ਬੇਕਸੂਰ ਹਾਂ। ਸ਼ੌਕਤ ਨੇ ਇਹ ਵੀ ਕਿਹਾ ਕਿ ਮੇਰਾ ਵਟਸਐਪ ਚੈੱਕ ਕਰੋ ਜਾਂ ਉੱਥੋਂ ਦੇ ਸੀਸੀਟੀਵੀ ਦੀ ਫੁਟੇਜ ਚੈੱਕ ਕਰੋ। ਉਹ ਵਾਰ-ਵਾਰ ਕਹਿ ਰਿਹਾ ਸੀ ਕਿ ਉਸ ਨੇ ਕੁਝ ਨਹੀਂ ਕੀਤਾ।"
ਪਰ ਹੁਣ ਇਹ ਮਾਮਲਾ ਬਹੁਤ ਵੱਧ ਗਿਆ ਹੈ ਅਤੇ ਸ਼ਾਇਦ ਇਸਦਾ ਦਾ ਅੰਦਾਜ਼ਾ ਸ਼ਾਬਾਨ ਨੂੰ ਵੀ ਲੱਗ ਗਿਆ ਹੈ।
ਸ਼ਾਬਾਨ ਕਹਿੰਦੇ ਹਨ, " ਅਸੀਂ ਕਹਿੰਦੇ ਹਾਂ ਕਿ ਜੇਕਰ ਉਨ੍ਹਾਂ ਦੀ ਕੋਈ ਗਲਤੀ ਵੀ ਹੋਈ ਤਾਂ ਉਨ੍ਹਾਂ ਨੂੰ ਮੁਆਫ਼ ਕਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਕਰੀਅਰ 'ਤੇ ਕੋਈ ਦਾਗ਼ ਨਹੀਂ ਲੱਗਣਾ ਚਾਹੀਦਾ ਹੈ।ਸਾਨੂੰ ਉਮੀਦ ਹੈ ਕਿ ਯੋਗੀ ਸਾਹਿਬ ਉਨ੍ਹਾਂ ਨੂੰ ਮੁਆਫ਼ ਕਰ ਦੇਣਗੇ। ਸਾਡੇ ਪਿੰਡ ਸ਼ਾਹਗੁੰਡ ਦੇ ਸਾਰੇ ਲੋਕ ਦੁੱਖੀ ਹਨ।"
ਸ਼ੌਕਤ ਪ੍ਰਧਾਨ ਮੰਤਰੀ ਵਜ਼ੀਫੇ ਦੇ ਲਾਭਪਾਤਰੀ ਹਨ
ਸ਼ਾਬਾਨ ਆਪਣੀ ਆਰਥਿਕ ਮੰਦੀ ਦਾ ਹਵਾਲਾ ਦਿੰਦੇ ਹੋਏ ਕਹਿੰਦੇ ਹਨ ਕਿ ਉਨ੍ਹਾਂ ਦਾ ਬੇਟਾ ਸ਼ੌਕਤ ਪ੍ਰਧਾਨ ਮੰਤਰੀ ਵਜ਼ੀਫਾ ਯੋਜਨਾ ਦਾ ਲਾਭਪਾਤਰੀ ਹੈ।
ਉਹ ਅੱਗੇ ਕਹਿੰਦੇ ਹਨ " ਜੇਕਰ ਅਸੀਂ ਉਨ੍ਹਾਂ ਦੀ ਪੜ੍ਹਾਈ ਦਾ ਖ਼ਰਚਾ ਚੁੱਕ ਸਕਦੇ ਤਾਂ ਅਸੀਂ ਉਨ੍ਹਾਂ ਨੂੰ ਸਕਾਲਰਸ਼ਿਪ 'ਤੇ ਪੜ੍ਹਨ ਲਈ ਕਿਉਂ ਭੇਜਦੇ। ਅਸੀਂ ਇੰਨੇ ਗਰੀਬ ਹਾਂ ਕਿ ਫੀਸ ਵੀ ਨਹੀਂ ਭਰ ਸਕਦੇ ਹਾਂ। ਅਸੀਂ ਆਪ ਮਨਰੇਗਾ ਤਹਿਤ ਮਜ਼ਦੂਰੀ ਕਰ ਕੇ ਆਪਣੇ ਟੱਬਰ ਦਾ ਪਾਲਣ ਪੋਸ਼ਨ ਕਰਦੇ ਹਾਂ। ਮੇਰਾ ਇੱਕ ਹੋਰ ਮੁੰਡਾ ਹੈ, ਉਹ ਵੀ ਮਜ਼ਦੂਰੀ ਹੀ ਕਰਦਾ ਹੈ। ਸਿਰਫ ਇਹ ਇਕਲੌਤਾ ਬੱਚਾ ਹੈ,, ਜੋ ਕਿ ਸਾਡੀ ਉਮੀਦ ਹੈ।"
21 ਸਾਲਾ ਇਨਾਇਤ ਅਲਤਾਫ਼ ਸ਼ੇਖ਼ ਦੇ ਪਿਤਾ ਮੁਹੰਮਦ ਅਲਤਾਫ਼ ਸ਼ੇਖ਼ ਬਡਗਾਮ ਵਿਖੇ ਤਰਖਾਣ ਦਾ ਕੰਮ ਕਰਦੇ ਹਨ।
ਆਪਣੇ ਪੁੱਤਰ ਦੇ ਬਾਰੇ ਅਲਤਾਫ਼ ਦਾ ਕਹਿਣਾ ਹੈ ਕਿ " ਉਹ ਪਿਛਲੇ ਤਿੰਨ ਸਾਲਾਂ ਤੋਂ ਆਗਰਾ 'ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ।

ਤਸਵੀਰ ਸਰੋਤ, ANI
ਜੇਕਰ ਉਸ ਨੇ ਕੁਝ ਗਲਤ ਹੀ ਕਰਨਾ ਸੀ ਤਾਂ ਉਹ ਆਗਰਾ ਕੀ ਕਰਨ ਗਿਆ ਸੀ? ਉਹ ਤਾਂ ਸਿਰਫ ਆਪਣੀ ਪੜ੍ਹਾਈ ਲਈ ਉੱਥੇ ਗਿਆ ਸੀ। ਪਤਾ ਨਹੀਂ ਉਨ੍ਹਾਂ ਨੇ ਉਸ 'ਤੇ ਕੀ ਇਲਜ਼ਾਮ ਲਗਾ ਦਿੱਤਾ ਹੈ।"
ਇਨਾਇਤ ਦੇ ਪਿਤਾ ਨੂੰ ਉਸ ਤੋਂ ਬਹੁਤ ਉਮੀਦਾ, ਆਸਾਂ ਹਨ। ਪੈਰ 'ਤੇ ਸੱਟ ਲੱਗਣ ਕਰਕੇ ਉਹ ਖੁਦ ਇਨਾਇਤ ਨੂੰ ਮਿਲਣ ਲਈ ਆਗਰਾ ਨਾ ਆ ਸਕੇ, ਪਰ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਨਾਇਤ ਨੂੰ ਅਦਾਲਤ ਤੋਂ ਜ਼ਮਾਨਤ ਜ਼ਰੂਰ ਮਿਲ ਜਾਵੇਗੀ।
ਪ੍ਰਧਾਨ ਮੰਤਰੀ ਤੋਂ ਆਪਣੇ ਬੇਟੇ ਲਈ ਮਦਦ ਦੀ ਗੁਹਾਰ ਲਗਾਉਂਦਿਆਂ ਮੁਹੰਮਦ ਅਲਤਾਫ਼ ਸ਼ੇਖ਼ ਨੇ ਕਿਹਾ, " ਇਹ ਤਾਂ ਆਪਣਾ ਦੇਸ਼ ਹੈ, ਇੰਨ੍ਹਾਂ ਬੱਚਿਆਂ ਨੂੰ ਮੁਆਫ਼ ਕੀਤਾ ਜਾਣਾ ਚਾਹੀਦਾ ਹੈ। ਇਹ ਕਿਸੇ ਦੂਜੇ ਦੇਸ਼ 'ਚ ਨਹੀਂ ਰਹਿ ਰਹੇ ਹਨ। ਜੇਕਰ ਉਨ੍ਹਾਂ ਨੇ ਕ੍ਰਿਕਟ ਦੇ ਬਾਰੇ 'ਚ ਕੋਈ ਕੀਤੀ ਹੈ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਉਨ੍ਹਾਂ ਨੂੰ ਮੁਆਫ਼ ਕਰਨਾ ਚਾਹੀਦਾ ਹੈ।"
" ਅਸੀਂ ਤਾਂ ਸਿਰਫ ਗੁਜਾਰਿਸ਼ ਹੀ ਕਰ ਸਕਦੇ ਹਾਂ। ਸਾਰੇ ਇਹੀ ਕਹਿ ਰਹੇ ਹਨ ਕਿ ਬੱਚਿਆਂ ਨੂੰ ਇੱਕ ਵਾਰ ਤਾਂ ਮੁਆਫ਼ ਕਰ ਦਿਓ। ਹੁਣ ਬੱਚਿਆਂ ਨੂੰ ਪਤਾ ਲੱਗ ਗਿਆ ਹੈ ਕਿ ਭਾਵੇਂ ਕ੍ਰਿਕਟ ਹੋਵੇ ਜਾਂ ਕੁਝ ਵੀ ਹੋਰ, ਹੁਣ ਤਾਂ ਇਹ ਕਾਨੂੰਨ ਬਣ ਗਿਆ ਹੈ , ਹੁਣ ਕੋਈ ਵੀ ਬੱਚਾ ਅਜਿਹੀ ਗਲਤੀ ਨਹੀਂ ਕਰੇਗਾ।"

ਤਸਵੀਰ ਸਰੋਤ, ARSHAD YUSUF'S FAMILY
ਸਿਵਲ ਇੰਜੀਨੀਅਰਿੰਗ ਦੇ ਤੀਜੇ ਸਾਲ ਦੇ ਵਿਦਿਆਰਥੀ ਅਰਸ਼ਦ ਯੂਸੁਫ ਦੇ ਪਿਤਾ ਦਾ ਸਾਲ 2000 'ਚ ਇੱਕ ਹਾਦਸੇ 'ਚ ਦੇਹਾਂਤ ਹੋ ਗਿਆ ਸੀ। ਅਰਸ਼ਦ ਦੀ ਮਾਂ ਹਨੀਫ਼ਾ ਖੇਤਾਂ 'ਚ ਮਜਦੂਰੀ ਕਰਦੀ ਹੈ। ਹਨੀਫਾ ਬਡਗਾਮ 'ਚ ਰਹਿੰਦੀ ਹੈ ਅਤੇ ਅਰਸ਼ਦ ਤੋਂ ਇਲਾਵਾ ਉਸ ਦੀਆਂ ਦੋ ਹੋਰ ਧੀਆਂ ਹਨ।
ਜੇਲ 'ਚ ਅਰਸ਼ਦ ਨੂੰ ਮਿਲਣ ਆਏ ਉਸ ਦੇ ਮਾਮਾ ਲਤੀਫ ਅਹਿਮਦ ਨੇ ਕਿਹਾ, " ਅਰਸ਼ਦ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ ਅਜਿਹਾ ਕੁਝ ਨਹੀਂ ਕੀਤਾ ਹੈ। ਕਿਸੇ ਦੋਸਤ ਨਾਲ ਚੈਟ ਕਰ ਰਿਹਾ ਸੀ ਅਤੇ ਉਸ ਨੇ ਉਸ ਦਾ ਉਹ ਮੈਸੇਜ ਅਗਾਂਹ ਭੇਜ ਦਿੱਤਾ। ਉਸ ਦੀ ਚੈਟ ਦਾ ਸਕਰੀਨ ਸ਼ਾਟ ਅਪਲੋਡ ਹੋ ਗਿਆ ਸੀ।"
"ਉਨ੍ਹਾਂ ਦੇ ਕਰੀਅਰ ਦਾ ਸਵਾਲ ਹੈ ਅਤੇ ਅਸੀਂ ਉਨ੍ਹਾਂ ਦੀ ਰਿਹਾਈ ਦੀ ਮੰਗ ਕਰਦੇ ਹਾਂ।ਅਸੀਂ ਪ੍ਰਧਾਨ ਮੰਤਰੀ ਸਾਹਿਬ ਅਤੇ ਮੁੱਖ ਮੰਤਰੀ ਯੋਗੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਦੇ ਭਵਿੱਖ ਦਾ ਖਿਆਲ ਰੱਖੋ ਅਤੇ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇ। ਅਸੀਂ ਸਾਰੇ ਹੀ ਬਹੁਤ ਪਰੇਸ਼ਾਨ ਹਾਂ।"
ਜ਼ਮਾਨਤ ਮਿਲਣ 'ਚ ਆ ਸਕਦੀਆਂ ਹਨ ਔਕੜਾਂ
ਆਗਰਾ 'ਚ ਵਕੀਲਾਂ ਵੱਲੋਂ ਕੀਤੇ ਬਾਈਕਾਟ ਤੋਂ ਬਾਅਦ ਤਿੰਨਾਂ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵੱਧ ਗਈਆਂ ਸਨ। ਹਾਲਾਂਕਿ ਹੁਣ ਉਨ੍ਹਾਂ ਦੀ ਵਕਾਲਤ ਲਈ ਅੱਗੇ ਆਏ ਮਧੂਵਨ ਦੱਤ ਚਤੁਰਵੇਦੀ, ਜੋ ਕਿ ਆਗਰਾ ਦੇ ਨਾਲ ਲੱਗਦੇ ਮਥੁਰਾ ਤੋਂ ਹਨ, ਨੂੰ ਵਕਾਲਤਨਾਮਾ ਮਿਲਿਆ ਹੈ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਮਧੂਵਨ ਦੱਤ ਨੇ ਕਿਹਾ, " ਹੇਠਲੀ ਅਦਾਲਤ 'ਚ ਜ਼ਮਾਨਤ ਦੀ ਅਰਜ਼ੀ ਦਾਇਰ ਕਰਨ ਦਾ ਜੋ ਮਾਮਲਾ ਹੈ, ਉਸ ਨੂੰ ਅਸੀਂ ਟਾਲਿਆ ਹੋਇਆ ਹੈ। ਜਿਸ ਢੰਗ ਨਾਲ ਆਗਰਾ ਦੀ ਬਾਰ ਐਸੋਸੀਏਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਅਸੀਂ ਇੰਨ੍ਹਾਂ ਦੇ ਮਾਮਲੇ 'ਚ ਕਾਨੂੰਨੀ ਮਦਦ ਨਹੀਂ ਕਰਾਂਗੇ ਅਤੇ ਇੰਨ੍ਹਾਂ ਤਿੰਨ੍ਹਾਂ ਨਾਲ ਅਦਾਲਤ 'ਚ ਭੀੜ ਨੇ ਧੱਕਾ ਮੁੱਕੀ ਕੀਤੀ, ਅਜਿਹੀ ਸਥਿਤੀ 'ਚ ਆਗਰਾ 'ਚ ਸ਼ਾਂਤੀਪੂਰਨ ਢੰਗ ਨਾਲ ਅਤੇ ਖੁੱਲ੍ਹ ਕੇ ਆਪਣੀ ਗੱਲ ਰੱਖਣਾ ਔਖਾ ਲੱਗ ਰਿਹਾ ਹੈ। ਕੁਝ ਰਸਮੀ ਕਾਰਵਾਈਆਂ ਵੀ ਅਜੇ ਬਾਕੀ ਹਨ ਜਿਵੇਂ ਕਿ ਹਲਫੀਆ ਬਿਆਨ ਤਿਆਰ ਹੋਣੇ ਹਨ।"
ਤਿੰਨ੍ਹਾਂ ਨੇ ਖੁਦ ਵਕਾਲਤਨਾਮੇ 'ਤੇ ਦਸਤਖ਼ਤ ਕਰਕੇ ਮਧੂਵਨ ਦੱਤ ਨੂੰ ਆਪਣਾ ਵਕੀਲ ਨਿਯੁਕਤ ਕੀਤਾ ਹੈ।
ਜ਼ਮਾਨਤ ਮਿਲਣ ਦੀ ਸੰਭਾਵਨਾ ਦੇ ਬਾਰੇ 'ਚ ਮਧੂਵਨ ਚਤੁਰਵੇਦੀ ਦਾ ਕਹਿਣਾ ਹੈ, " ਮੈਰਿਟ ਦੇ ਆਧਾਰ 'ਤੇ ਇਹ ਮਾਮਲਾ ਜ਼ਮਾਨਤ ਦਾ ਹੈ। ਅਮਲ 'ਚ ਕੀ ਹੁੰਦਾ ਹੈ, ਉਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ। ਸਿਵਾਏ ਇਸ ਉਮੀਦ ਦੇ ਕਿ ਅਦਾਲਤ ਸਰਕਾਰ ਦੇ ਦਬਆ ਹੇਠ ਕੰਮ ਨਹੀਂ ਕਰਦੀ ਹੈ ਅਤੇ ਇਹ ਮੇਰਾ ਵਿਸ਼ਵਾਸ ਹੈ। ਇਸ ਲਈ ਉਮੀਦ ਹੈ ਕਿ ਅਦਾਲਤ ਮੇਰੇ ਇਸ ਭਰੋਸੇ ਨੂੰ ਬਰਕਰਾਰ ਰੱਖੇ। ਅਸੀਂ ਆਗਰਾ 'ਚ ਆਪਣੇ ਸਹਿਯੋਗ ਲਈ ਹੋਰਨਾਂ ਵਕੀਲਾਂ ਦੀ ਭਾਲ ਕਰ ਰਹੇ ਹਾਂ, ਜੋ ਕਿ ਉੱਥੇ ਸਾਡੀ ਮਦਦ ਕਰ ਸਕਣ। ਇਸ ਸਭ 'ਚ ਇੱਕ-ਦੋ ਦਿਨ ਦਾ ਹੋਰ ਸਮਾਂ ਲੱਗੇਗਾ ਅਤੇ ਜਲਦੀ ਹੀ ਅਸੀਂ ਅਰਜ਼ੀ ਦਾਇਰ ਕਰ ਦੇਵਾਂਗੇ।"

ਤਸਵੀਰ ਸਰੋਤ, NASEEM AHAMAD/BBC
ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵਕੀਲ ਮਧੂਵਨ ਚਤੁਰਵੇਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਬੱਚਿਆਂ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਕੋਈ ਇਤਰਾਜ਼ਯੋਗ ਸੰਬੰਧ ਹੀ ਹਨ।
ਜਿੰਨ੍ਹਾਂ ਹਾਲਾਤਾਂ 'ਚ ਇੰਨ੍ਹਾਂ ਵਿਦਿਆਰਥੀਆਂ ਦੀ ਗ੍ਰਿਫਤਾਰੀ ਹੋਈ ਅਤੇ ਉਨ੍ਹਾਂ ਨੂੰ ਅਦਾਲਤ 'ਚ ਰਿਮਾਂਡ ਲਈ ਪੇਸ਼ ਕੀਤਾ ਗਿਆ, ਇਸ ਦੇ ਸਬੰਧ 'ਚ ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ, " ਜਦੋਂ ਇੰਨ੍ਹਾਂ ਨੂੰ ਪਹਿਲੀ ਵਾਰ ਰਿਮਾਂਡ ਲਈ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਉਨ੍ਹਾਂ ਨਾਲ ਕੋਈ ਵਕੀਲ਼ ਨਹੀਂ ਸੀ, ਜੋ ਕਿ ਉਨ੍ਹਾਂ ਦੇ ਰਿਮਾਂਡ 'ਤੇ ਬਹਿਸ ਕਰਦਾ ਅਤੇ ਉਨ੍ਹਾਂ ਨੂੰ ਐਨਿਕਸ ਕਿਊਰੀ ਭਾਵ ਨਿਆਂਇਕ ਮਿੱਤਰ ਵੀ ਨਹੀਂ ਮੁਹੱਈਆ ਕਰਵਾਇਆ ਗਿਆ ਸੀ, ਜੋ ਕਿ ਅਦਾਲਤ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਹ ਅਦਾਲਤ ਦੀ ਜ਼ਿੰਮੇਵਾਰੀ ਹੈ ਕਿ ਉਹ ਉਨ੍ਹਾਂ ਤੋਂ ਪੁੱਛਦੀ ਕਿ ਉਨ੍ਹਾਂ ਕੋਲ ਕੋਈ ਵਕੀਲ ਹੈ ਜਾਂ ਨਹੀਂ। ਜੇਕਰ ਨਹੀਂ ਹੈ ਤਾਂ ਕੀ ਤੁਹਾਨੂੰ ਸਰਕਾਰ ਵੱਲੋਂ ਵਕੀਲ ਦੀ ਜ਼ਰੂਰਤ ਹੈ ਜਾਂ ਨਹੀਂ। ਅਜਿਹਾ ਕੋਈ ਵੀ ਸਵਾਲ ਬੱਚਿਆਂ ਤੋਂ ਪੁੱਛਿਆ ਹੀ ਨਹੀਂ ਗਿਆ।"
ਉਹ ਅੱਗੇ ਕਹਿੰਦੇ ਹਨ ਕਿ " ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸਿਰਫ ਐਫਆਈਆਰ ਦੇ ਆਧਾਰ 'ਤੇ ਕਿਸੇ ਨੂੰ ਹਿਰਾਸਤ 'ਚ ਨਹੀਂ ਲਿਆ ਜਾ ਸਕਦਾ ਹੈ।ਠੋਸ ਸਬੂਤ ਬਰਾਮਦ ਕਰਨ ਤੋਂ ਬਾਅਧ ਹੀ ਗ੍ਰਿਫਤਾਰੀ ਸੰਭਵ ਹੈ। ਉਸ ਦਿਨ ਤੱਕ ਉਨ੍ਹਾਂ ਦੇ ਖ਼ਿਲਾਫ ਕਿਹੜਾ ਸਬੂਤ ਇੱਕਠਾ ਕਰ ਲਿਆ ਗਿਆ ਸੀ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਨੌਬਤ ਪੈ ਗਈ। ਅਸੀਂ ਨਹੀਂ ਕਰ ਸਕਦੇ ? ਹੁਣ ਤਾਂ ਅਗਲੇ ਰਿਮਾਂਡ 'ਤੇ ਹੀ ਇਸ ਬਾਰੇ ਪਤਾ ਲੱਗੇਗਾ।"

ਤਸਵੀਰ ਸਰੋਤ, NASEEM AHAMAD/BBC
ਆਗਰਾ ਦੇ ਸੀਨੀਅਰ ਵਕੀਲ ਆਮਿਰ ਅਹਿਮਦ ਦਾ ਕਹਿਣਾ ਹੈ ਕਿ ਬਾਈਕਾਟ ਸਿਰਫ ਭਾਜਪਾ ਨਾਲ ਜੁੜੇ ਵਕੀਲਾਂ ਦਾ ਹੈ ਅਤੇ ਉਹ ਮਾਮਲੇ ਦੀ ਪੈਰਵੀ 'ਚ ਮਧੂਵਨ ਚਤੁਰਵੇਦੀ ਦੀ ਪੂਰੀ ਮਦਦ ਕਰਨਗੇ।
ਇਸ ਮਾਮਲੇ ਦੇ ਸਿਆਸੀ ਰੰਗ ਲੈਣ 'ਤੇ ਅਹਿਮਦ ਦਾ ਕਹਿਣਾ ਹੈ, " ਮੈਨੂੰ ਨਹੀਂ ਲੱਗਦਾ ਕਿ ਜ਼ਮਾਨਤ ਆਸਾਨੀ ਨਾਲ ਮਿਲੇਗੀ। ਪਹਿਲਾਂ ਉਨ੍ਹਾਂ ਖ਼ਿਲਾਫ ਦੇਸ਼ ਧ੍ਰੋਹ ਦਾ ਮਾਮਲਾ ਨਹੀਂ ਸੀ। ਪਰ ਮੁੱਖ ਮੰਤਰੀ ਵੱਲੋਂ ਟਵੀਟ ਕੀਤੇ ਜਾਣ ਤੋਂ ਬਾਅਦ ਪੁਲਿਸ ਨੇ ਦੇਸ਼ ਧ੍ਰੋਹ ਦਾ ਮਾਮਲਾ ਵੀ ਬਣਾ ਦਿੱਤਾ। ਐਫਆਈਆਰ 'ਚ ਦੇਸ਼ਧ੍ਰੋਹ ਦੀ ਧਾਰਾ 124 ਏ ਨਹੀਂ ਹੈ, ਪਰ ਪੁਲਿਸ ਨੇ ਬਾਅਦ 'ਚ ਉਸ ਨੂੰ ਵੀ ਜੋੜ ਦਿੱਤਾ ਹੈ। ਪੁਲਿਸ ਤਾਂ ਉਹੀ ਕਰ ਰਹੀ ਹੈ, ਜੋ ਕਿ ਸਰਕਾਰ ਚਾਹੁੰਦੀ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਦੀ ਜ਼ਮਾਨਤ ਆਸਾਨੀ ਨਾਲ ਹੋਵੇਗੀ, ਪਰ ਅਸੀਂ ਕਾਨੂੰਨੀ ਦਲੀਲਾਂ ਦੇਵਾਂਗੇ ਅਤੇ ਉਨ੍ਹਾਂ ਨੂੰ ਜ਼ਮਾਨਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ।"
ਖੇਡ 'ਚ ਕਿਸੇ ਦੂਜੇ ਦੇਸ਼ ਦੀ ਟੀਮ ਦਾ ਸਮਰਥਨ ਕਰਨ ਦੇ ਇਲਜ਼ਾਮ ਨੂੰ ਕਾਨੂੰਨੀ ਤੌਰ 'ਤੇ ਕਮਜ਼ੋਰ ਦੱਸਦਿਆਂ ਅਹਿਮਦ ਕਹਿੰਦੇ ਹਨ ਕਿ " ਕਿਸੇ ਵੀ ਟੀਮ ਦਾ ਸਮਰਥਨ ਕਰਨਾ ਕੋਈ ਅਪਰਾਧ ਨਹੀਂ ਹੈ। ਉਨ੍ਹਾਂ ਕਿਹਾ ਕਿ ਨਾਅਰੇਬਾਜ਼ੀ ਹੋਈ, ਪਰ ਨਾਅਰਿਆਂ ਦਾ ਕੋਈ ਸਬੂਤ ਹੀ ਨਹੀਂ ਹੈ। ਨਾਅਰੇਬਾਜ਼ੀ ਤਾਂ ਹੋਈ ਹੀ ਨਹੀਂ। ਦੇਸ਼ ਵਿਰੋਧੀ ਨਾਅਰੇ ਲਗਾਏ, ਪਾਕਿਸਤਾਨ ਜ਼ਿੰਦਾਬਾਦ ਕਿਹਾ, ਇਸ ਸਭ ਨੂੰ ਸਾਬਤ ਕਰਨ ਦਾ ਕੋਈ ਸਬੂਤ ਨਹੀਂ ਹੈ। ਸੰਸਥਾ ਦੇ ਡਾਇਰੈਕਟਰ ਨੇ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ 'ਚ ਕਿਹਾ ਸੀ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਹੈ। ਸਿਰਫ ਇੱਕ ਵਟਸਐਪ ਚੈਟ ਸੀ।"

ਤਸਵੀਰ ਸਰੋਤ, NASEEM AHAMAD/BBC
ਕਾਲਜ ਪ੍ਰਸ਼ਾਸਨ ਦਾ ਕੀ ਕਹਿਣਾ ਹੈ
ਮਾਮਲਾ ਗਰਮਾਉਣ ਤੋਂ ਬਾਅਦ ਰਾਜਾ ਬਲਵੰਤ ਸਿੰਘ (ਆਰਬੀਐਸ) ਇੰਜੀਨੀਅਰਿੰਗ ਕਾਲਜ ਪ੍ਰਸ਼ਾਸਨ ਨੇ 24 ਤਰੀਕ ਨੂੰ ਪਾਕਿਸਤਾਨ ਦੇ ਹੱਕ 'ਚ ਵਟਸਐਪ ਸਟੇਟਸ ਪਾਉਣ ਦੇ ਮੱਦੇਨਜ਼ਰ ਅਰਸ਼ਦ, ਇਨਾਇਤ ਅਤੇ ਸ਼ੌਕਤ ਨੂੰ ਮੁਅੱਤਲ ਕਰ ਦਿੱਤਾ ਸੀ।
ਆਰਬੀਐਸ ਕਾਲਜ ਦੇ ਬੀਛਪੁਰ ਕੈਂਪਸ ਦੇ ਡੀਨ ਡਾ. ਅਪੂਰਵ ਬਿਹਾਰੀ ਲਾਲ ਦਾ ਕਹਿਣਾ ਹੈ , " ਸਾਡੇ ਸਾਹਮਣੇ ਸਿਰਫ ਸਕਰੀਨ ਸ਼ਾਟ ਵਾਇਰਲ ਹੋਣ ਦਾ ਮਾਮਲਾ ਆਇਆ ਸੀ ਅਤੇ ਜਦੋਂ ਇਸ ਸਬੰਧੀ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੀ ਗਲਤੀ ਮੰਨੀ ਸੀ। ਇਸ ਦਾ ਨੋਟਿਸ ਲੈਂਦਿਆਂ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਐਫਆਈਆਰ 'ਚ ਨਾਅਰੇਬਾਜ਼ੀ ਦੇ ਜ਼ਿਕਰ ਬਾਰੇ ਸਾਨੂੰ ਕੋਈ ਇਲਮ ਨਹੀਂ ਹੈ, ਕਿਉਂਕਿ ਅਸੀਂ ਐਫਆਈਆਰ ਨਹੀਂ ਵੇਖੀ ਹੈ। ਪਰ ਪਾਕਿਸਤਾਨ ਦੀ ਜਿੱਤ ਦੇ ਜਸ਼ਨ ਵਾਲਾ ਵਟਸਐਪ ਸਟੇਟਸ ਸਹੀ ਹੈ।"
ਆਗਰਾ ਜ਼ਿਲ੍ਹੇ ਦੇ ਸਰਕਾਰੀ ਵਕੀਲ ਬਸੰਤ ਗੁਪਤਾ ਮੁਤਾਬਕ ਪੁਲਿਸ ਨੇ ਇਸ ਮਾਮਲੇ 'ਚ ਕਾਫੀ ਸਬੂਤ ਇਕੱਠੇ ਕੀਤੇ ਹਨ। ਉਨ੍ਹਾਂ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਜ਼ਮਾਨਤ ਦੇਣ ਦਾ ਵਿਰੋਧ ਕਰਨਗੇ।
ਬਸੰਤ ਗੁਪਤਾ ਨੇ ਕਿਹਾ , " ਜ਼ਮਾਨਤ ਦੀ ਅਰਜ਼ੀ ਹੇਠਲੀ ਅਦਾਲਤ 'ਚ ਆਵੇਗੀ। ਇੰਨ੍ਹਾਂ ਦਾ ਅਪਰਾਧ ਦੇਸ਼ ਵਿਰੋਧੀ ਹੈ, ਦੂਜੇ ਦੇਸ਼ ਦੀ ਪ੍ਰਸ਼ੰਸਾ ਦੇਸ਼ ਵਿਰੋਧੀ ਹੈ ਅਤੇ ਉਨ੍ਹਾਂ ਨੇ ਆਪਣੇ ਵਟਸਐਪ ਸਟੇਟਸ 'ਚ ਅਜਿਹਾ ਕੀਤਾ ਹੈ। ਵਟਸਐਪ ਚਟ ਦੇ ਸਕਰੀਨਸ਼ਾਟ ਵੀ ਸਬੂਤ ਵੱਜੋਂ ਮੌਜੂਦ ਹਨ। ਇਸ ਲਈ ਇਸ ਮਾਮਲੇ 'ਚ ਕਿਸੇ ਹੋਰ ਸਬੂਤ ਦੀ ਜ਼ਰੂਰਤ ਨਹੀਂ ਹੈ। ਇੱਥੇ ਦਸਤਾਵੇਜ਼ੀ ਸਬੂਤ ਕਾਫੀ ਹਨ ਅਤੇ ਸਾਰੇ ਸਬੂਤ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਹੀ ਬਰਾਮਦ ਹੋਏ ਹਨ। ਉਹ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਹਨ। ਜ਼ਮਾਨਤ ਦੀ ਬਹਿਸ ਦੌਰਾਨ ਅਦਾਲਤ ਇੰਨ੍ਹਾਂ ਸਬੂਤਾਂ ਨੂੰ ਵੇਖੇਗੀ ਅਤੇ ਇਸ ਦੇ ਆਧਾਰ 'ਤੇ ਹੀ ਅਸੀਂ ਉਨ੍ਹਾਂ ਦੀ ਜ਼ਮਾਨਤ ਦਾ ਵਿਰੋਧ ਕਰਾਂਗੇ।"
ਇਹ ਵੀ ਪੜ੍ਹੋ:
ਇਹ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












