ਲਖੀਮਪੁਰ ਖੀਰੀ ਹਿੰਸਾ˸ ਸਰਕਾਰ ਦੀ ਰਿਪੋਰਟ 'ਤੇ ਕੋਰਟ ਨੇ ਮੁਲਜ਼ਮਾਂ ਦੇ ਫੋਨਾਂ ਵਾਲੀ ਗੱਲ ਸਮੇਤ ਸਖ਼ਤ ਲਹਿਜ਼ੇ ਵਿੱਚ ਹੋਰ ਕੀ ਕਿਹਾ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਹੋਈ।

ਸੁਣਵਾਈ ਦੌਰਾਨ ਉੱਤਰ ਪ੍ਰਦੇਸ਼ ਵੱਲੋਂ ਸਾਲਿਸਟਰ ਜਨਰਲ ਹਰੀਸ਼ ਸਾਲਵੇ ਨੇ ਸਟੇਟਸ ਰਿਪੋਰਟ ਜਮ੍ਹਾਂ ਕਰਵਾਈ ਹੈ।

ਰਿਪੋਰਟ ਤੋਂ ਚੀਫ਼ ਜਸਟਿਸ ਆਫ ਇੰਡੀਆ ਨਾਥੁਲਾਪਤੀ ਵੈਂਕਟਾ ਰਮਨਾ ਦੀ ਪ੍ਰਧਾਨਗੀ ਵਾਲੀ ਤਿੰਨ ਜੱਜਾਂ ਦੀ ਬੈਂਚ, ਜਸਟਿਸ ਸੂਰਿਆ ਕਾਂਤ ਅਤੇ ਹਿਮਾ ਕੋਹਲੀ ਨੇ ਸੁਣਵਾਈ ਦੌਰਾਨ ਨਾਖ਼ੁਸ਼ ਨਜ਼ਰ ਆਏ।

ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਸਟੇਟ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਹੈ, ਸਿਰਫ਼ ਇੰਨਾ ਹੀ ਕਿਹਾ ਗਿਆ ਹੈ।

ਉਨ੍ਹਾਂ ਨੇ ਕਿਹਾ, "10 ਦਿਨ ਹੋ ਗਏ, ਅਜੇ ਲੈਬ ਰਿਪੋਰਟ ਨਹੀਂ ਆਈ ਹੈ, ਅਸੀਂ ਉਸ ਦੀ ਆਸ ਵਿੱਚ ਸੀ।"

ਹਰੀਸ਼ ਸਾਲਵੇ ਨੇ ਇਸ ਜਵਾਬ ਵਿੱਚ ਕਿਹਾ ਕਿ ਲੈਬ ਰਿਪੋਰਟ 15 ਨਵੰਬਰ ਨੂੰ ਆਵੇਗੀ।

3 ਅਕਤੂਬਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ ਵਿੱਚ 8 ਲੋਕਾਂ ਦੀ ਮੌਤ ਹੋਈ ਸੀ। ਮ੍ਰਿਤਕਾਂ ਵਿੱਚ 4 ਕਿਸਾਨ ਵੀ ਸ਼ਾਮਲ ਸਨ।

ਅਦਾਲਤ 'ਚ ਕੀ ਹੋਇਆ

ਜਸਟਿਸ ਹੀਮਾ ਕੋਹਲੀ ਨੇ ਪੁੱਛਿਆ ਕਿ ਸਿਰਫ਼ ਇੱਕ ਮੁਲਜ਼ਮ ਆਸ਼ੀਸ਼ ਮਿਸ਼ਰਾ ਦਾ ਹੀ ਫੋਨ ਜ਼ਬਤ ਕੀਤਾ ਗਿਆ ਹੈ, ਬਾਕੀਆਂ ਦਾ ਕੀ?

ਹਰੀਸ਼ ਸਾਲਵੇ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਬਾਕੀ 8 ਮੁਲਜ਼ਮਾਂ ਨੇ ਕਿਹਾ ਹੈ ਕਿ ਉਹ ਫੋਨ ਨਹੀਂ ਰੱਖਦੇ।

ਪਰ ਸਾਰੇ ਸੀਡੀਆਰ (ਕਾਲ ਡਿਟੇਲ ਰਿਕਾਰਡ) ਹਾਸਿਲ ਕਰ ਲਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਪੁਖਤਾ ਸਬੂਤ ਹਨ।

ਸੁਪਰੀਮ ਕੋਰਟ ਨੇ ਕਿਹਾ, "ਇਸ ਤਰ੍ਹਾਂ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੁਝ ਨਿਰਪੱਖਤਾ, ਸੁਤੰਤਰਤਾ ਅਤੇ ਜਾਂਚ ਵਿੱਚ ਵਿਸ਼ਵਾਸ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਇਸ ਤੋਂ ਇਲਾਵਾ ਅਦਾਲਤ ਨੇ ਕਿਹਾ, "ਪਹਿਲੀ ਨਜ਼ਰ ਵਿੱਚ ਲੱਗ ਰਿਹਾ ਹੈ ਕਿ ਇੱਕ ਖ਼ਾਸ ਮੁਲਜ਼ਮ ਨੂੰ ਦੋ ਐੱਫਆਈਆਰਸ ਨੂੰ ਓਵਰਲੈਪ ਕਰਕੇ ਲਾਭ ਦਿੱਤਾ ਜਾ ਰਿਹਾ ਹੈ।"

ਸਾਲਵੇ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਵਿੱਚ ਗੱਡੀਆਂ ਦੀ ਆਵਾਜਾਈ ਨਜ਼ਰ ਆ ਰਹੀ ਸੀ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਚੀਫ ਜਸਟਿਸ ਨੇ ਕਿਹਾ ਕਿ ਤੁਹਾਨੂੰ ਪੂਰੀ ਘਟਨਾ ਜਾਂਚ ਕਰਨੀ ਹੈ।

ਸਾਲਵੇ ਨੇ ਅਦਾਲਤ ਨੂੰ ਦੱਸਿਆ ਕਿ ਸਾਰੇ ਚਾਰ ਮੁਲਜ਼ਮਾਂ (ਸੀਸੀਟੀਵੀ ਫੁਟੇਜ਼ ਅਨੁਸਾਰ) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਾਲਵੇ ਨੇ ਕਿਹਾ, "ਕਿੰਨੇ ਮੁਲਜ਼ਮ ਸਨ ਇਸ ਬਾਰੇ ਪਤਾ ਲਗਾ ਲਿਆ ਗਿਆ ਹੈ। ਕੁੱਲ 16 ਮੁਲਜ਼ਮ ਹਨ, 3 ਦੀ ਘਟਨਾ 'ਚ ਮੌਤ ਹੋਈ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)