ਰੇਲ ਰੋਕੋ ਅੰਦੋਲਨ˸ ਯੂਪੀ ਚ ਕਿਸਾਨਾਂ 'ਤੇ ਐੱਨਐੱਸਏ ਲਾਉਣ ਦਾ ਫਰਮਾਨ, ਹੋਰ ਕਿੱਥੇ ਕੀ ਹੈ ਮਾਹੌਲ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ, 18 ਅਕਤੂਬਰ ਨੂੰ ਪੂਰੇ ਭਾਰਤ 'ਚ 'ਰੇਲ ਰੋਕੋ' ਅੰਦੋਲਨ ਦਾ ਸੱਦਾ ਦਿੱਤਾ ਹੋਇਆ ਹੈ। ਇਸ ਸੱਦੇ ਤਹਿਤ ਪੰਜਾਬ-ਹਰਿਆਣਾ ਸਣੇ ਮੁਲਕ ਦੇ ਕਈ ਸੂਬਿਆਂ ਵਿਚ ਕਿਸਾਨ ਰੇਲਵੇ ਟਰੇਕ ਉਤੇ ਧਰਨਾ ਲਗਾ ਕੇ ਬੈਠੇ ਹੋਏ ਹਨ।

ਇਹ ਰੇਲ ਰੋਕੋ ਅੰਦੋਲਨ ਲਖੀਮਪੁਰ ਖੀਰੀ ਦੀ ਘਟਨਾ ਦੇ ਸਿਲਸਿਲੇ ਵਿੱਚ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰਾ ਟੈਨੀ ਦੀ ਬਰਖ਼ਾਸਤਗੀ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਰੱਖਿਆ ਗਿਆ ਹੈ।

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਕਿਸਾਨ ਸੰਗਠਨਾਂ ਵੱਲੋਂ ਰੇਲ ਰੋਕੋ ਅੰਦੋਲਨ 'ਤੇ ਰਾਕੇਸ਼ ਟਿਕੈਤ ਨੇ ਕਿਹਾ, "ਇਹ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਂ ਹੋਵੇਗਾ। ਪੂਰੇ ਦੇਸ਼ ਵਿੱਚ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਅਸੀਂ ਟ੍ਰੇਨ ਕਿੱਥੇ ਰੋਕਣੀ ਹੈ।"

"ਭਾਰਤ ਸਰਕਾਰ ਨੇ ਅਜੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਹੈ।"

ਉਧਰ ਦੂਜੇ ਪਾਸੇ ਸਮਾਚਾਰ ਏਜੰਸੀ ਏਐੱਨਆਈ ਨੇ ਲਖਨਊ ਪੁਲਿਸ ਨੇ ਹਵਾਲੇ ਦਾ ਕਿਹਾ ਹੈ ਕਿ ਕਿਸਾਨ ਸੰਗਠਨ ਵੱਲੋਂ ਸੱਦੇ ਗਏ 'ਰੇਲ ਰੋਕੋ ਅੰਦੋਲਨ' ਵਿੱਚ ਹਿੱਸਾ ਲੈਣ ਵਾਲਿਆਂ ਖ਼ਿਲਾਫ਼ ਪੁਲਿਸ ਕਾਰਵਾਈ ਕਰੇਗੀ।

ਲਖਨਊ ਪੁਲਿਸ ਨੇ ਕਿਹਾ ਹੈ, "ਜ਼ਿਲ੍ਹੇ ਵਿੱਚ 144 ਸੀਆਰਪੀਸੀ ਵੀ ਲਗਾਈ ਗਈ ਹੈ ਅਤੇ ਜੇਕਰ ਕੋਈ ਆਮ ਹਾਲਾਤ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਐੱਨਐੱਸਏ ਲਗਾਇਆ ਜਾਵੇਗਾ।"

130 ਥਾਵਾਂ 'ਤੇ 50 ਟਰੇਨਾਂ 'ਤੇ ਹੋਈਆਂ ਪ੍ਰਭਾਵਿਤ

ਏਐੱਨਆਈ ਮੁਤਬਕ ਸੀਪੀਆਰਓ, ਨੌਰਥਨ ਰੇਲਵੇ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਅੰਦੋਲਨ ਕਾਰਨ 130 ਥਾਵਾਂ 'ਤੇ ਕਰੀਬ 50 ਰੇਲਗੱਡੀਆਂ ਪ੍ਰਭਾਵਿਤ ਹੋਇਆਂ ਹਨ।

ਤਸਵੀਰਾਂ ਰਾਹੀਂ ਜਾਣੋ ਕਿੱਥੇ ਕੀ ਹੈ ਮਾਹੌਲ

ਬੀਬੀਸੀ ਸਹਿਯੋਗੀ ਪਾਲ ਸਿੰਘ ਨੌਲੀ ਦੀ ਰਿਪੋਰਟ ਮੁਤਾਬਕ ਦਕੋਹਾ ਰੇਲਵੇ ਫਾਟਕ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਅਤੇ ਹੋਰ ਕਿਸਾਨ ਜੱਥੇਬੰਦੀਆਂ ਨੇ ਧਰਨਾ ਲਾ ਦਿੱਤਾ ਹੈ ਤੇ ਇੱਕ ਰੇਲ ਨੂੰ ਉਥੇ ਰੋਕਿਆ ਹੋਇਆ ਹੈ।

ਉਧਰ ਸੀਪੀਆਈਐਮ ਵੱਲੋਂ ਗੁਰਾਇਆ ਰੇਲਵੇ ਲਾਈਨਾਂ `ਤੇ ਧਰਨਾ ਲਾਇਆ ਹੋਇਆ ਹੈ।

ਇਸ ਦੀ ਅਗਵਾਈ ਪੰਜਾਬ ਕਿਸਾਨ ਸਭਾ ਦੇ ਆਗੂ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਕਾਮਰੇਡ ਲਹਿੰਬਰ ਸਿੰਘ ਤੱਗੜ ਕਰ ਰਹੇ ਹਨ।

ਫਿਲੌਰ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁਨਾਂ ਤੇ ਜੱਥੇਬੰਦੀ ਦੇ ਕਮੇਟੀ ਮੈਂਬਰ ਗੁਰਨਾਮ ਸਿੰਘ ਤੱਗੜ ਦੀ ਅਗਵਾਈ ਹੇਠ ਧਰਨਾ ਲਾਇਆ ਗਿਆ ਹੈ।

ਇੰਨ੍ਹਾਂ ਧਰਨਿਆਂ ਵਿੱਚ ਔਰਤਾਂ ਦੀ ਵੀ ਵੱਡੀ ਗਿਣਤੀ ਵਿੱਚ ਸ਼ਾਮੂਲੀਅਤ ਹੈ।

ਸਾਨੂੰ ਕਿਤੇ ਵੀ ਕਿਸੇ ਵੀ ਟ੍ਰੇਕ 'ਤੇ ਰੁਕਾਵਟ ਹੋਣ ਅਤੇ ਟ੍ਰੇਨ ਰੱਦ ਹੋਣ ਦੀ ਜਾਣਕਾਰੀ ਨਹੀਂ ਹੈ˸ ਦਿੱਲੀ ਪੁਲਿਸ

ਕਿਸਾਨ ਸੰਗਠਨਾਂ ਦੇ ਰੇਲ ਰੋਕੋ ਅੰਦੋਲਨ 'ਤੇ ਰੇਲਵੇ ਦੇ ਡੀਜੀਪੀ (ਦਿੱਲੀ) ਹਰਿੰਦਰ ਸਿੰਘ ਨੇ ਕਿਹਾ ਹੈ ਕਿ ਅਜੇ ਤੱਕ ਸਾਨੂੰ ਕਿਤੇ ਵੀ ਕਿਸੇ ਵੀ ਟ੍ਰੇਕ 'ਤੇ ਰੁਕਾਵਟ ਹੋਣ ਅਤੇ ਟ੍ਰੇਨ ਰੱਦ ਹੋਣ ਦੀ ਜਾਣਕਾਰੀ ਨਹੀਂ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਗੁਆਂਢੀ ਸੂਬਿਆਂ ਦੀ ਜੀਆਰਪੀ ਅਤੇ ਆਰਪੀਐੱਫ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ।"

ਖੱਜਲ-ਖੁਆਰ ਹੁੰਦੇ ਯਾਤਰੀ

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਤਹਿਸੀਲ ਡੇਰਾਬਸੀ ਦੇ ਦੱਪਰ ਰੇਲਵੇ ਸਟੇਸ਼ਨ 'ਤੇ ਖੜ੍ਹੇ ਯਾਤਰੀਆਂ ਨੇ ਖੱਜਲ-ਖੁਆਰ ਹੋ ਰਹੇ ਹਨ।

ਬੀਬੀਸੀ ਸਹਿਯੋਗੀ ਕਮਲ ਸੈਣੀ ਮੁਤਾਬਕ ਪ੍ਰਸ਼ਾਸਨ ਨੇ ਅੰਦੋਲਨ ਦੌਰਾਨ ਪੂਰੀ ਤਿਆਰੀ ਕੱਸੀ ਹੋਈ ਹੈ।

ਅੰਦੋਲਨ ਦੌਰਾਨ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਦੇਵੀ ਦਾਸਪੁਰਾ ਵਿੱਚ ਰੇਲਵੇ ਦੀਆਂ ਪੱਟੜੀਆਂ 'ਤੇ ਬੈਠੇ ਕਿਸਾਨ।

ਏਐੱਨਆਈ ਮੁਤਾਬਕ, ਮੇਘਾਲਿਆ ਦੇ ਗਵਰਨਰ ਸੱਤਿਆਪਾਲ ਮਲਿਕ ਨੇ ਕਿਹਾ ਹੈ ਕਿ ਜੇ ਸਰਕਾਰ ਕਾਨੂਨਾਂ ਤਹਿਤ ਐੱਮਐੱਸਪੀ ਦੀ ਗਾਰੰਟੀ ਦੇ ਦਿੰਦੀ ਹੈ ਤਾਂ ਕਿਸਾਨ ਅੰਦੋਲਨ ਨੂੰ ਹੱਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਇੱਕੋ ਹੀ ਤਾਂ ਗੱਲ ਹੈ, ਉਸ ਨੂੰ ਪੂਰਾ ਕਿਉਂ ਨਹੀਂ ਕੀਤਾ ਜਾ ਸਕਦਾ? ਉਹ (ਕਿਸਾਨ) ਐੱਮਐੱਸਪੀ ਤੋਂ ਘੱਟ ਸਮਝੌਤਾ ਨਹੀਂ ਕਰਨਗੇ।"

ਕੀ ਹੈ ਮਾਮਲੇ

3 ਅਕਤੂਬਰ 2021 ਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਜ਼ਿਲ੍ਹੇ ਦੇ ਤਿਕੂਨੀਆ ਪਿੰਡ ਲਾਗੇ ਹੋਈ ਹਿੰਸਕ ਵਾਰਦਾਤ ਵਿਚ 4 ਕਿਸਾਨਾਂ ਅਤੇ ਇੱਕ ਪੱਤਰਕਾਰ ਸਣੇ 8 ਮੌਤਾਂ ਹੋਈਆਂ ਸਨ।

ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੂੰ ਕਾਲੀਆਂ ਝੰਡੀਆਂ ਦਿਖਾਉਣ ਪਹੁੰਚੇ ਸਨ ਤਾਂ ਇੱਕ ਥਾਰ ਜੀਪ ਨੇ ਉਨ੍ਹਾਂ ਨੂੰ ਦਰੜ ਦਿੱਤਾ।

ਮੰਤਰੀ ਦੇ ਲੜਕੇ ਅਸ਼ੀਸ਼ ਮਿਸ਼ਰਾ ਸਣੇ 15 ਤੋਂ ਵੱਧ ਵਿਅਕਤੀਂ ਖ਼ਿਲਾਫ਼ ਇਸ ਮਾਮਲੇ ਦੀ ਐੱਫ਼ਆਈਆਰ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)