ਏਅਰ ਇੰਡੀਆ ਦੀ ਟਾਟਾ ਕੋਲ ਵਾਪਸੀ: 'ਮੋਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਖਿਲਾਰੇ ਨੂੰ ਸਮੇਟ ਰਹੀ ਹੈ'- ਸੋਸ਼ਲ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਏਅਰ ਇੰਡੀਆ ਆਖ਼ਰਕਾਰ 68 ਸਾਲਾਂ ਬਾਅਦ ਦੇਸ ਦੇ ਕੁਝ ਸਭ ਤੋਂ ਵੱਡੇ ਕਾਰੋਬਾਰੀ ਘਰਾਣਿਆਂ ਵਿੱਚੋਂ ਇੱਕ ਟਾਟਾ ਪਰਿਵਾਰ ਕੋਲ ਵਾਪਸ ਚਲੀ ਗਈ ਹੈ।

ਏਅਰ ਇੰਡੀਆ ਦਾ ਮੁੱਢ ਮਰਹੂਮ ਜਮਸ਼ੇਦ ਟਾਟਾ ਨੇ ਬੰਨ੍ਹਿਆ ਸੀ। ਉਹ ਕੰਪਨੀ ਦੇ 1953 ਤੋਂ 1978 ਤੱਕ ਚੇਅਰਮੈਨ ਰਹੇ। ਸਾਲ 1978 ਵਿੱਚ ਮੋਰਾਰਜੀ ਦੇਸਾਈ ਸਰਕਾਰ ਨੇ ਉਨ੍ਹਾਂ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਅਤੇ ਏਅਰ ਇੰਡੀਆ ਦਾ ਨਾਤਾ ਟਾਟਾ ਪਰਿਵਾਰ ਨਾਲੋਂ ਟੁੱਟ ਗਿਆ।

ਹੁਣ ਉਨ੍ਹਾਂ ਦੇ ਪੁੱਤਰ ਰਤਨ ਟਾਟਾ ਨੇ ਇਹ ਰਿਸ਼ਤਾ ਮੁੜ ਬਹਾਲ ਕੀਤਾ ਹੈ ਅਤੇ ਕਰਜ਼ੇ ਦੇ ਬੋਝ ਥੱਲੇ ਦੱਬੇ ਮਹਾਰਾਜਾ ਨੂੰ ਭਾਰਤ ਸਰਕਾਰ ਤੋਂ ਇਸ ਦੀ ਸਮੂਹ ਜਾਇਦਾਦ, ਸ਼ੇਅਰਾਂ ਸਮੇਤ 18000 ਕਰੋੜ ਵਿੱਚ ਵਾਪਸ ਖ਼ਰੀਦ ਲਿਆ ਹੈ।

ਟਵਿੱਟਰ ਉੱਪਰ ਇਸ ਬਾਰੇ ਕਾਫ਼ੀ ਸਰਗਮੀ ਨਾਲ਼ ਚਰਚਾ ਹੋ ਰਹੀ ਹੈ ਅਤੇ ਏਅਰ ਇੰਡੀਆ ਦੇ ਸਰਕਾਰੀ ਹੱਥਾਂ ਵਿੱਚ ਹੋਏ ਪਤਨ ਤੋਂ ਲੈ ਕੇ ਮੁੜ ਨਿੱਜੀ ਹੱਥਾਂ ਵਿੱਚ ਜਾਣ ਬਾਰੇ ਕਈ ਤਰ੍ਹਾਂ ਦੀਆਂ ਰਾਵਾਂ ਰੱਖੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ:

ਇੱਕ ਨਜ਼ਰ ਮਾਰਦੇ ਹਾਂ ਕਿ ਏਅਰ ਇੰਡੀਆ ਦੀ ਉਡਾਣ ਦੇ ਦਿਲਚਸਪ ਮੋੜ ਉੱਪਰ ਕੌਣ ਕੀ ਕਮੈਂਟਰੀ ਕਰ ਰਿਹਾ ਹੈ-

ਕੇਂਦਰ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਏਅਰ ਇੰਡੀਆ ਦੇ ਮੁੜ ਨਿੱਜੀ ਹੱਥਾਂ ਵਿੱਚ ਜਾਣ ਨੂੰ ਸਮੇਂ ਦੀ ਲੋੜ ਦੱਸ ਰਹੀ ਹੈ ਅਤੇ ਕਹਿ ਰਹੇ ਹਨ ਕਿ ਇਸ ਨਾਲ ਕਰਦਾਤਿਆਂ ਦੇ ਟੈਕਸ ਦਾ ਜਿਹੜਾ ਲਹੂ ਵਰਗਾ ਟੈਕਸ ਇਸ ਏਅਰਲਾਈਨ ਨੂੰ ਚਲਦਾ ਰੱਖਣ ਵਿੱਚ ਵਹਾਇਆ ਜਾ ਰਿਹਾ ਸੀ ਉਹ ਹੁਣ ਬੰਦ ਕਰ ਦਿੱਤਾ ਗਿਆ ਹੈ।

ਸਾਲ 2009-10 ਤੋਂ ਭਾਰਤ ਸਰਕਾਰ ਨੇ 54,584 ਕਰੋੜ ਨਗਦ ਮਦਦ ਵਜੋਂ ਅਤੇ 55,692 ਕਰੋੜ ਗਰੰਟੀ ਮਦਦ ਵਜੋਂ ਏਅਰ ਇੰਡੀਆ ਨੂੰ ਦਿੱਤੇ ਹਨ। ਜੋ ਕਿ ਕੁੱਲ 1,10,276 ਕਰੋੜ ਬਣਦੇ ਹਨ।

ਬੀਜੇਪੀ ਦਾ ਕਹਿਣਾ ਹੈ,''ਮੋਦੀ ਸਰਕਾਰ ਪਿਛਲੀਆਂ ਕਾਂਗਰਸ ਸਰਕਾਰਾਂ ਵੱਲੋਂ ਪਾਏ ਗਏ ਖਿਲਾਰੇ ਨੂੰ ਸਮੇਟ ਰਹੀ ਹੈ। ਜੋ ਕਿ ਆਪ ਕੋਈ ਸਮੱਸਿਆ ਸੁਲਝਾਉਣ ਲਈ ਬਹੁਤ ਹੀ ਅਸਮਰੱਥ ਸਨ।''

ਬੀਜੇਪੀ ਦੇ ਕੌਮੀ ਬੁਲਾਰੇ ਸੰਜੂ ਵਰਮਾ ਨੇ ਲਿਖਿਆ, 1953 ਵਿੱਚ ਨਹਿਰੂ ਵੱਲੋਂ ਏਅਰ ਇੰਡੀਆ ਦੇ ਕੌਮੀਕਰਨ ਦੀ ਗਲਤੀ ਨੂੰ ਸੁਧਾਰਨ ਤੋਂ ਇਲਾਵਾ।

ਟਾਟਾ ਸਨਸ ਅਤੇ ਟਾਟਾ ਟਰੱਸਟ ਦੇ ਚੇਅਰਮੈਨ ਰਤਨ ਟਾਟਾ ਨੇ ਏਅਰ ਇੰਡੀਆ ਦਾ ਵਾਪਸ ਆਉਣ 'ਤੇ ਸਵਾਗਤ ਕੀਤਾ।

ਟਵੀਟ ਵਿੱਚ ਸਾਂਝੇ ਕੀਤੇ ਆਪਣੇ ਬਿਆਨ ਵਿੱਚ ਉਨ੍ਹਾਂ ਨੇ ਲਿਖਿਆ,'' ''ਟਾਟਾ ਸਮੂਹ ਵੱਲੋਂ ਏਅਰ ਇੰਡੀਆ ਦੀ ਬੋਲੀ ਜਿੱਤ ਲੈਣਾ ਇੱਕ ਵੱਡੀ ਖ਼ੁਸ਼ਖ਼ਬਰੀ ਹੈ। ਹਾਲਾਂਕਿ ਇਸ ਨੂੰ ਮੁੜ ਬਣਾਉਣ ਵਿੱਚ ਬਹੁਤ ਯਤਨ ਲੱਗੇਗਾ ਪਰ ਇਹ ਟਾਟਾ ਸਮੂਹ ਦੀ ਉਡਾਣ ਖੇਤਰ ਵਿੱਚ ਮੌਜੂਦਗੀ ਲਈ ਬਜ਼ਾਰ ਦੀ ਮਜ਼ਬੂਤ ਸੰਭਾਵਨਾ ਮੁਹੱਈਆ ਕਰਵਾਏਗੀ।''

ਉਨ੍ਹਾਂ ਨੇ ਭਾਵੁਕਤਾ ਨਾਲ ਲਿਖਿਆ, ਜੇ ਆਰ ਡੀ ਟਾਟਾ ਦੀ ਅਗਵਾਈ ਵਿੱਚ ਏਅਰ ਇੰਡੀਆ ਕਦੇ ਦੁਨੀਆਂ ਦੀਆਂ ਸਭ ਤੋਂ ਸਨਮਾਨਿਤ ਏਅਰਲਾਈਨਜ਼ ਵਿੱਚ ਗਿਣੀ ਜਾਂਦੀ ਸੀ।

''ਟਾਟਾ ਘਰਾਣੇ ਲਈ ਇਹ ਉਸੇ ਗੁਆਚੇ ਅਕਸ ਨੂੰ ਮੁੜ ਹਾਸਲ ਕਰਨ ਦਾ ਮੌਕਾ ਹੈ ਜੋ ਕਦੇ ਇਸ ਕੋਲ ਹੁੰਦਾ ਸੀ। ਜੇ ਅੱਜ ਜੇ ਆਰ ਡੀ ਟਾਟਾ ਸਾਡੇ ਵਿੱਚ ਹੁੰਦੇ ਤਾਂ ਉਨ੍ਹਾਂ ਨੇ ਬਹੁਤ ਖ਼ੁਸ਼ ਹੋਣਾ ਸੀ।''

ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਸਾਨੂੰ ਸਰਕਾਰ ਦੀ ਕੁਝ ਚੋਣਵੇਂ ਖੇਤਰਾਂ ਨੂੰ ਨਿੱਜੀ ਖੇਤਰ ਲਈ ਖੋਲ੍ਹਣ ਲਈ ਧੰਨਵਾਦੀ ਹੋਣਾ ਚਾਹੀਦਾ ਹੈ।"

ਮਹਿੰਦਰਾ ਐਂਡ ਮਹਿੰਦਰਾ ਦੇ ਮੁਖੀ ਅਨੰਦ ਮਹਿੰਦਰਾ ਨੇ ਲਿਖਿਆ, ''ਮੈਨੂੰ ਹਾਲਾਂਕਿ ਇਸ ਮੌਕੇ ਦੀ ਅਹਿਮੀਅਤ ਨੂੰ ਵਧਾਅ-ਚੜਾਅ ਕੇ ਦੱਸਣ ਦਾ ਮੁਲਜ਼ਮ ਠਹਿਰਾਇਆ ਜਾ ਸਕਦਾ ਹੈ ਪਰ ਮੈਨੂੰ ਲਗਦਾ ਹੈ ਕਿ ਇਸ ਡਿਸਇਨਵੈਸਟਮੈਂਟ ਨਾਲ ਭਾਰਤ ਦਾ ਕਾਰੋਬਾਰੀ ਵਾਤਾਵਰਣ ਰੀਸੈੱਟ ਹੋਵੇਗਾ।''

''ਹਾਂ, ਸਰਕਾਰ ਨਗਦੀ ਦੀ ਇੱਕ ਬਰਬਾਦੀ ਨੂੰ ਬੰਦ ਕਰ ਰਹੀ ਹੈ ਪਰ ਇਹ ਕਈ ਦਹਾਕਿਆਂ ਤੋਂ ਬਾਅਦ ਇੱਕ ਵਾਰ ਫਿਰ ਨਿੱਜੀ ਖੇਤਰ ਦੀ ਸੰਭਾਵਿਤ ਕਾਰਜਕੁਸ਼ਲਤਾ ਵਿੱਚ ਭਰੋਸੇ ਦਾ ਨਵੀਨੀਕਰਨ ਕਰ ਰਿਹਾ ਹੈ।"

ਕਾਂਗਰਸੀ ਆਗੂ ਜੈ ਰਾਮ ਰਮੇਸ਼ ਨੇ ਸਾਲ 1978 ਦਾ ਉਹ ਵਾਕਿਆ ਸਾਂਝਾ ਕੀਤਾ ਜਦੋਂ ਮੋਰਾਰਜੀ ਦੇਸਾਈ ਨੇ ਜਮਸ਼ੇਦ ਟਾਟਾ ਨੂੰ ਏਅਰ ਇੰਡੀਆ ਦੇ ਚੇਅਰਮੈਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ।

ਜੈਰਾਮ ਨੇ ਇਸ ਮੌਕੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਟਾਟਾ ਵਿਚਾਕਾਰ ਹੋਏ ਇੱਕ ਇੱਕ ਪੱਤਰ ਵਿਹਾਰ ਨੂੰ ਸਾਂਝਾ ਕੀਤਾ। ਜਿਸ ਵਿੱਚ ਇੰਦਰਾ ਗਾਂਧੀ ਨੇ ਟਾਟਾ ਨੂੰ ਹਟਾਏ ਜਾਣ ਤੇ ਦੁੱਖ ਪ੍ਰਗਟਾਇਆ ਸੀ।

ਸੀਨੀਅਰ ਪੱਤਰਕਾਰ ਐੱਮ ਕੇ ਵੇਨੂੰ ਨੇ ਲਿਖਿਆ, ''ਏਅਰ ਇੰਡੀਆ ਉੱਪਰ ਕੁੱਲ 61,000 ਕਰੋੜ ਰੁਪਏ ਦਾ ਕਰਜ਼ ਹੈ। ਟਾਟਾ ਸਮੂਹ 15,000 ਕਰੋੜ ਦਾ ਲੈਣਗੇ। ਬਾਕੀ ਬਚਿਆ 46,000 ਕਰੋੜ ਦਾ ਕਰਜ਼ ਸਰਕਾਰ ਦੇ ਖਾਤਿਆਂ ਵਿੱਚ ਰਹੇਗਾ। ਕਰ ਦਾਤਾ ਇਸ ਦਾ ਵਿਆਜ਼ ਚੁਕਾਉਂਦਾ ਰਹੇਗਾ। ਟਾਟਾ ਏਅਰ ਇੰਡੀਆ ਦੇ ਘਾਟਿਆਂ ਨੂੰ ਉਸ ਦੇ ਭਵਿੱਖੀ ਨਫ਼ਿਆਂ ਨਾਲ ਲੈਣ ਲਈ ਤਿਆਰ ਹਨ। ਉਹ ਵੀ ਟੈਕਸ ਦੇਣ ਵਾਲੇ ਉੱਪਰ ਬੋਝ !''

ਕਈ ਲੋਕ ਸੋਸ਼ਲ ਉੱਪਰ ਇਸ ਬਾਰੇ ਕਿਸਮ-ਕਿਸਮ ਦੇ ਮੀਮ ਵੀ ਸਾਂਝੇ ਕਰ ਰਹੇ ਹਨ। ਪੇਸ਼ ਹਨ ਕੁਝ ਦਿਲਚਸਪ ਮੀਮ-

ਕੁਝ ਮੀਮ ਅਜਿਹੇ ਵੀ ਹਨ ਜਿਨ੍ਹਾਂ ਵਿੱਚ ਪਿਛਲੀ ਯੂਪੀਏ ਸਰਕਾਰ ਨੂੰ ਏਅਰ ਇੰਡੀਆ ਦੇ ਨਿਘਾਰ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ-

ਹਾਲਾਂਕਿ ਸਾਰੇ ਲੋਕਾਂ ਨੇ ਪਿਛਲੀ ਸਰਕਾਰ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ ਸਗੋਂ ਅਜੋਕੀ ਸਰਕਾਰ ਉੱਪਰ ਵਿਅੰਗ ਕਸਿਆ ਹੈ-

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)