ਪੈਨਸਿਲ ਸਕਰਟ ਤੇ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ, ਏਅਰਲਾਈਨਜ਼ 'ਚ ਮਹਿਲਾ ਮੁਲਾਜ਼ਮਾਂ 'ਤੇ ਚੰਗੇ ਦਿਖਣ ਲਈ ਕਿੰਨਾ ਦਬਾਅ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ

ਯੂਕਰੇਨ ਦੀਆਂ ਵੱਡੇ ਬਜਟ ਦੀਆਂ ਏਅਰਲਾਈਨਜ਼ ਵਿੱਚੋਂ ਇੱਕ ਸਕਾਈਅਪ ਏਅਰਲਾਇੰਸ ਦੀਆਂ ਮਹਿਲਾ ਕਰਿਊ ਕਰਮਚਾਰੀ ਹੁਣ ਪੈਨਸਿਲ ਸਕਰਟ, ਬਲੇਜ਼ਰ ਅਤੇ ਉੱਚੀ ਅੱਡੀ ਦੀ ਬਜਾਏ ਆਮ ਪਹਿਰਾਵੇ, ਪੈਂਟ-ਸੂਟ ਅਤੇ ਸਨੀਕਰਸ (ਜੁੱਤੇ) ਵਿੱਚ ਨਜ਼ਰ ਆਉਣਗੀਆਂ।

ਹਾਲਾਂਕਿ ਏਅਰਲਾਈਨਜ਼ ਨੇ ਪਹਿਰਾਵੇ ਦੇ ਰੰਗ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ ਅਤੇ ਇਹ ਨਵਾਂ ਪਹਿਰਾਵਾ ਪਹਿਲਾਂ ਵਾਂਗ ਹੀ ਸੰਤਰੀ ਰੰਗ ਵਿੱਚ ਹੀ ਹੋਵੇਗਾ।

ਇਸ ਏਅਰਲਾਈਨ ਦੇ ਇੱਕ ਮਹਿਲਾ ਕਰਿਊ ਮੈਂਬਰ ਦਾਰਿਆ ਸੋਲੈਮਾਨਿਆ ਨੇ ਦੱਸਿਆ, "ਕੀਵ ਤੋਂ ਜ਼ੈਂਜ਼ੀਬਾਰ ਆਉਣਾ ਅਤੇ ਵਾਪਸ ਜਾਣਾ, 12 ਘੰਟੇ ਪੈਰਾਂ 'ਤੇ ਹੀ ਖੜ੍ਹੇ ਰਹਿੰਦੇ ਹਾਂ। ਜੇ ਤੁਸੀਂ ਉੱਚੀ ਅੱਡੀ ਦੇ ਸੈਂਡਲ ਪਹਿਨੇ ਹੋਏ ਹੈ ਤਾਂ ਉਸ ਤੋਂ ਬਾਅਦ ਤੁਸੀਂ ਬਹੁਤ ਮੁਸ਼ਕਿਲ ਨਾਲ ਚੱਲ ਪਾਉਂਦੇ ਹੋ। ਸਫ਼ਰ ਦੇ ਇਲਾਵਾ ਇਸ ਵਿੱਚ ਚਾਰ ਘੰਟੇ ਦੀ ਸੁਰੱਖਿਆ ਜਾਂਚ 'ਤੇ ਸਾਫ਼-ਸਫ਼ਾਈ ਵੀ ਸ਼ਾਮਲ ਹੈ।"

ਸਕਾਈਅਪ ਏਅਰਲਾਈਨਜ਼ ਯੂਰਪ ਦੀ ਘੱਟ ਬਜਟ ਵਾਲੀ ਪਰ ਯੂਕਰੇਨ ਦੀ ਸਭ ਤੋਂ ਵੱਡੀਆਂ ਏਅਰਲਾਈਨਜ਼ ਵਿੱਚੋਂ ਇੱਕ ਹੈ।

ਅਗਲੇ ਮਹੀਨੇ ਤੋਂ ਸਕਾਈਅਪ ਏਅਰਲਾਈਨਜ਼ ਦੇ ਕਰਿਊ ਮੈਂਬਰਾਂ ਲਈ ਪੁਰਾਣਾ ਪਹਿਰਾਵਾ ਬਦਲ ਦਿੱਤਾ ਜਾਵੇਗਾ ਅਤੇ ਹੁਣ ਉਹ ਵਧੇਰੇ ਆਮ ਕੱਪੜਿਆਂ ਵਿੱਚ ਨਜ਼ਰ ਆਉਣਗੀਆਂ।

ਦਰਅਸਲ ਜਦੋਂ ਸਕਾਈਅਪ ਨੇ ਆਪਣੇ ਚਾਲਕ ਦਲ ਦੇ ਮੈਂਬਰਾਂ ਵਿੱਚ ਇੱਕ ਸਰਵੇਖਣ ਕੀਤਾ ਤਾਂ ਪਾਇਆ ਕਿ ਮਹਿਲਾ ਮੁਲਾਜ਼ਮ ਉੱਚੀ ਅੱਡੀਆਂ, ਤੰਗ ਬਲਾਊਜ਼ ਅਤੇ ਪੈਨਸਿਲ ਸਕਰਟ ਪਹਿਨ ਕੇ ਪਰੇਸ਼ਾਨ ਹੋ ਚੁੱਕੀਆਂ ਸਨ।

ਇਨ੍ਹਾਂ ਵਿੱਚੋਂ ਕਈਆਂ ਨੇ ਉੱਚੀਆਂ ਅੱਡੀਆਂ ਦੇ ਕਾਰਨ ਪੈਰਾਂ ਦੀਆਂ ਉਂਗਲੀਆਂ ਅਤੇ ਨਹੁੰਆਂ ਦੇ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਸੀ।

ਮਰਦਾਂ ਦੀਆਂ ਇੱਛਾਵਾਂ ਕਿਉਂ ਪੂਰਾ ਕਰਨ ਔਰਤਾਂ ਦੇ ਕੱਪੜੇ

ਦਿੱਲੀ ਦੀ ਰਹਿਣ ਵਾਲੀ ਸੁਲਤਾਨਾ ਅਬਦੁੱਲਾ ਨੇ 20 ਸਾਲ ਦੀ ਉਮਰ ਵਿੱਚ ਏਅਰ ਇੰਡੀਆ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਕੋਲ ਕੈਬਿਨ ਕਰਿਊ ਦਾ 37 ਸਾਲਾਂ ਦਾ ਤਜੁਰਬਾ ਹੈ।

ਉਹ ਕਹਿੰਦੇ ਹਨ ਕਿ ਜਹਾਜ਼ ਰਾਹੀਂ ਸਫ਼ਰ ਕਰਨਾ ਕਿਸੇ ਸਮੇਂ ਗਲੈਮਰ ਤੋਂ ਘੱਟ ਨਹੀਂ ਸੀ ਪਰ ਹੁਣ ਇਸਨੂੰ ਆਮ ਤੌਰ 'ਤੇ ਸਿਰਫ਼ ਆਵਾਜਾਈ ਦੇ ਢੰਗ ਜਾਂ ਯਾਤਰਾ ਦੇ ਸਾਧਨ ਵਜੋਂ ਦੇਖਿਆ ਜਾਂਦਾ ਹੈ ਤਾਂ ਫਿਰ ਕਿਉਂ ਨਾ ਇਸ ਸੇਵਾ ਵਿੱਚ ਕੰਮ ਕਰਨ ਵਾਲੇ ਲੋਕ ਵੀ ਆਰਾਮ ਵਾਸਤੇ ਕੱਪੜੇ ਪਹਿਨਣ।

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ, "ਪੁਰਸ਼ਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਉਹ ਸਕਰਟ ਜਾਂ ਉੱਚੀ ਅੱਡੀ ਕਿਉਂ ਪਹਿਨਣ?"

ਉਹ ਅੱਗੇ ਕਹਿੰਦੇ ਹਨ ਕਿ ਇਹ ਸਹੀ ਹੈ ਕਿ ਇੱਕ ਔਰਤ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਫਿੱਟ ਅਤੇ ਪ੍ਰੈਜ਼ੇਂਟੇਬਲ ਦਿਖਾਈ ਦੇਵੇ ਪਰ ਪੁਰਸ਼ ਆਪਣੀ ਤੋਂਦ ਦੇ ਨਾਲ ਵੀ ਕੰਮ ਕਰ ਸਕਦਾ ਹੈ।

ਆਪਣੇ ਤਜਰਬੇ ਨੂੰ ਸਾਂਝਾ ਕਰਦੇ ਹੋਏ, ਉਹ ਦੱਸਦੇ ਹਨ ਕਿ ਉਨ੍ਹਾਂ ਦੇ ਜ਼ਮਾਨੇ ਵਿੱਚ ਮਹਿਲਾ ਚਾਲਕ ਦਲ ਦੇ ਮੈਂਬਰ ਸਾੜ੍ਹੀਆਂ ਅਤੇ ਬਿਨਾ ਉੱਚੀਆਂ ਅੱਡੀਆਂ ਵਾਲੀਆਂ ਚੱਪਲਾਂ ਪਹਿਨਦੇ ਸਨ ਜੋ ਕਿ ਬਹੁਤ ਸੁੰਦਰ ਹੁੰਦੀਆਂ ਸਨ।

ਇਨ੍ਹਾਂ ਵਿੱਚ ਬਨਾਰਸੀ, ਜੰਗਲ ਪ੍ਰਿੰਟ, ਕ੍ਰੇਪ, ਸਿੰਥੈਟਿਕ ਅਤੇ ਬਾਰਡਰ ਵਾਲੀਆਂ ਸਾੜ੍ਹੀਆਂ ਹੁੰਦੀਆਂ ਸਨ। ਪਰ ਲੰਮੀ ਯਾਤਰਾ ਵਿੱਚ ਉਨ੍ਹਾਂ ਨੂੰ ਸਾੜ੍ਹੀਆਂ ਵਿੱਚ ਵੀ ਮੁਸ਼ਕਿਲ ਹੁੰਦੀ ਸੀ।

ਬੀਬੀਸੀ ਨਾਲ ਗੱਲਬਾਤ ਵਿੱਚ ਸੁਲਤਾਨਾ ਦੱਸਦੇ ਹਨ, "ਸ਼ੁਰੂ ਵਿੱਚ ਸਾੜ੍ਹੀ ਪਹਿਨ ਕੇ ਚੱਲਣ ਵਿੱਚ ਪਰੇਸ਼ਾਨੀ ਹੋਈ ਪਰ ਫਿਰ ਸਾਨੂੰ ਇਸਦੀ ਆਦਤ ਪੈ ਗਈ।"

"ਸਵੇਰੇ ਤਿੰਨ ਵਜੇ ਉੱਠ ਕੇ ਤੁਸੀਂ ਛੇ ਯਾਰਡ ਦੀ ਸਾੜ੍ਹੀ ਨੂੰ ਪਿੰਨ-ਅਪ ਕਰਕੇ ਪਹਿਨਦੇ ਹੋ ਤਾਂ ਟਾਇਲਟ ਜਾਣ ਵਿੱਚ ਔਖਿਆਈ ਹੁੰਦੀ ਹੈ। ਲੰਮੀ ਯਾਤਰਾ ਦੌਰਾਨ ਤੁਸੀਂ ਉਸੇ ਵਿੱਚ ਬੰਨ੍ਹੇ ਹੋਏ ਹੋ ਅਤੇ ਜੇ ਇਸਨੂੰ ਬਦਲ ਵੀ ਲਿਆ ਤਾਂ ਦੁਬਾਰਾ ਪਹਿਨਣ ਵਿੱਚ ਇੱਕ ਘੰਟਾ ਲੱਗ ਜਾਂਦਾ ਸੀ।"

"ਫਿਰ ਜੇਕਰ ਤੁਸੀਂ ਇੰਗਲੈਂਡ, ਰੂਸ ਜਾਂ ਜਾਪਾਨ ਵਰਗੇ ਦੇਸਾਂ ਵਿੱਚ ਉਤਰ ਰਹੇ ਹੋ ਤਾਂ ਚੱਪਲ ਅਤੇ ਸਾੜ੍ਹੀ ਵਿੱਚ ਤੁਹਾਡੀ ਹਾਲਤ ਖਰਾਬ ਹੋ ਜਾਂਦੀ ਸੀ।"

ਹਾਲਾਂਕਿ ਉਹ ਦੱਸਦੇ ਹਨ ਕਿ ਬਾਅਦ ਵਿੱਚ ਇੱਕ ਬਦਲ ਦੇ ਤੌਰ 'ਤੇ ਉਨ੍ਹਾਂ ਨੂੰ ਚੂੜੀਦਾਰ ਅਤੇ ਕਾਲੇ ਜੁੱਤੇ ਵੀ ਦਿੱਤੇ ਜਾਣ ਲੱਗੇ।

ਉਹ ਯਾਦ ਕਰਦੇ ਹਨ, "ਇਹ ਮੇਰੇ ਏਅਰਲਾਈਨਜ਼ ਵਿੱਚ ਭਰਤੀ ਹੋਣ ਤੋਂ ਪਹਿਲਾਂ ਦੀ ਗੱਲ ਹੈ। ਉਸ ਸਮੇਂ ਪਹਿਲੀ ਸ਼੍ਰੇਣੀ ਦੇ ਕੈਬਿਨ ਕਰਿਊ ਮੈਂਬਰ ਦਾ ਪਹਿਰਾਵਾ ਵੱਖਰਾ ਹੁੰਦਾ ਸੀ ਜਿੱਥੇ ਏਅਰਹੋਸਟੈਸ ਲਹਿੰਗੇ ਅਤੇ ਚਾਂਦੀ ਦੇ ਗਹਿਣਿਆਂ ਵਿੱਚ ਹੁੰਦੀਆਂ ਸਨ ਜੋ ਕਿ ਬਹੁਤ ਸੋਹਣਾ ਹੁੰਦਾ ਸੀ।"

ਸਾੜ੍ਹੀਆਂ ਵਿੱਚ ਸੀ ਸੁੰਦਰਤਾ

ਮੀਤਾ ਜੋਸ਼ੀ ਸੁਲਤਾਨਾ ਅਬਦੁੱਲਾ ਇਸ ਗੱਲ 'ਤੇ ਸਹਿਮਤ ਨਜ਼ਰ ਆਉਂਦੇ ਹਨ। ਉਹ ਕਹਿੰਦੇ ਹਨ ਕਿ ਉਹ ਜਦੋਂ ਵੀ ਵਿਦੇਸ਼ ਜਾਂਦੇ ਸਨ ਤਾਂ ਲੋਕ ਸਾੜ੍ਹੀਆਂ ਪਹਿਨੇ ਇਨ੍ਹਾਂ ਕਰਿਊ ਮੈਂਬਰਾਂ ਨੂੰ ਮੁੜ-ਮੁੜ ਕੇ ਵੇਖਦੇ ਸਨ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਉਂਦੇ ਸਨ।

ਮੀਤਾ ਜੋਸ਼ੀ ਨੇ ਸਾਲ 1985 ਵਿੱਚ ਏਅਰ ਇੰਡੀਆ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸ ਸਮੇਂ ਨੂੰ ਯਾਦ ਕਰਦੇ ਹੋਏ ਉਹ ਕਹਿੰਦੇ ਹਨ, "ਸਾਡੀ ਟ੍ਰੇਨਿੰਗ ਬਿਹਤਰੀਨ ਸੀ ਅਤੇ ਸਾਨੂੰ ਸਿਖਾਇਆ ਗਿਆ ਸੀ ਕਿ 'ਯਾਤਰੀ ਹਮੇਸ਼ਾ ਸਹੀ ਹੁੰਦਾ ਹੈ, ਉਨ੍ਹਾਂ ਨਾਲ ਬਹਿਸ ਨਾ ਕਰੋ'।"

ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ "ਵਰਦੀ ਹੋਣਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹਮੇਸ਼ਾ ਹੀ ਸਾੜ੍ਹੀਆਂ ਆਕਰਸ਼ਕ ਜਾਂ ਖੂਬਸੂਰਤ ਲੱਗਦੀਆਂ ਹਨ।"

ਮੀਤਾ ਜੋਸ਼ੀ ਦੱਸਦੇ ਹਨ, "ਜਦੋਂ ਅਸੀਂ ਸਾੜ੍ਹੀ ਪਹਿਨਦੇ ਸੀ ਤਾਂ ਬਲਾਉਜ਼ ਅਤੇ ਸਾੜ੍ਹੀ ਨੂੰ ਇਸ ਤਰੀਕੇ ਨਾਲ ਪਹਿਨਣਾ ਹੁੰਦਾ ਸੀ ਕਿ ਸਰੀਰ ਦਾ ਕੋਈ ਵੀ ਅੰਗ ਕਿਤੋਂ ਵੀ ਨਜ਼ਰ ਨਾ ਆਵੇ। ਹਾਲਾਂਕਿ ਮਹਿਲਾ ਮੈਂਬਰਾਂ ਨੂੰ ਸਾੜ੍ਹੀ ਪਹਿਨਣ ਵਿੱਚ ਦਿੱਕਤ ਆਉਂਦੀ ਸੀ। ਬਾਅਦ ਵਿੱਚ ਸਾਨੂੰ ਕੁੜਤੀਆਂ ਅਤੇ ਟ੍ਰਾਊਜ਼ਰ ਦਿੱਤੇ ਜਾਣ ਲੱਗੇ ਜੋ ਕਿ ਇੱਕ ਤਰ੍ਹਾਂ ਦਾ ਫਿਊਜ਼ਨ ਲੱਗਦਾ ਸੀ। ਮੈਨੂੰ ਸਾੜ੍ਹੀ ਬਹੁਤ ਪਸੰਦ ਸੀ।"

ਇੱਕ ਪਾਸੇ ਸੁਲਤਾਨਾ ਅਬਦੁੱਲਾ, ਇਸ ਪੇਸ਼ੇ ਵਿੱਚ ਔਰਤਾਂ 'ਤੇ ਪ੍ਰੈਜ਼ੇਂਟੇਬਲ ਹੋਣ ਦੇ ਦਬਾਅ ਦੀ ਗੱਲ ਕਰਦੇ ਹਨ ਤੇ ਦੂਸੇ ਪਾਸੇ ਮੀਤਾ ਕਹਿੰਦੇ ਹਨ ਕਿ ਸਾੜ੍ਹੀ ਇਸ ਢੰਗ ਨਾਲ ਪਹਿਨੀ ਜਾਂਦੀ ਸੀ ਕਿ ਸਰੀਰ ਦਾ ਕੋਈ ਹਿੱਸਾ ਨਜ਼ਰ ਨਹੀਂ ਆਉਂਦਾ ਸੀ।

ਇਸ ਗੱਲ ਨੂੰ ਅੱਗੇ ਵਧਾਉਂਦੇ ਹੋਏ ਅਮੀਰ ਸੁਲਤਾਨਾ ਕਹਿੰਦੇ ਹਨ ਕਿ ਕੋਈ ਵੀ ਘਟਨਾ ਹੁੰਦੀ ਹੈ ਤਾਂ ਏਅਰ ਹੋਸਟੇਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਯਾਤਰੀਆਂ ਦੀ ਜਾਨ ਬਚਾਉਣ ਲਈ ਭੱਜ-ਦੌੜ ਕਰੇ।

ਉਹ ਸਵਾਲ ਕਰਦੇ ਹਨ ਕਿ ਜਿਹੜੀਆਂ ਮਹਿਲਾਵਾਂ ਲੰਮੇ ਸਮੇਂ ਤੱਕ ਆਪਣੇ ਪੈਰਾਂ 'ਤੇ ਖੜ੍ਹੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਪਹਿਰਾਵਾ ਆਰਾਮਦਾਇਕ ਕਿਉਂ ਨਾ ਹੋਵੇ?

ਉਹ ਕਹਿੰਦੇ ਹਨ, "ਕੀ ਉਹ ਸਾੜ੍ਹੀ ਪਾ ਕੇ ਇਹ ਸਭ ਕਰ ਸਕਣਗੀਆਂ? ਸਕਰਟ ਜਾਂ ਸਲਿਟ ਵਾਲੀ ਸਕਰਟ ਦੇ ਹੇਠਾਂ ਬੇਸ਼ੱਕ ਸਟੋਕਿੰਗਜ਼ ਹੋਣ, ਪਰ ਉਨ੍ਹਾਂ ਦੇ ਡਰੈਸ ਕੋਡ 'ਤੇ ਜ਼ਰੂਰ ਵਿਚਾਰ ਕੀਤਾ ਜਾਣਾ ਚਾਹੀਦਾ ਹੈ।"

"ਕਈ ਵਾਰ ਉਨ੍ਹਾਂ ਨੂੰ ਸਾਮਾਨ ਰੱਖਣ ਲਈ ਹੱਥ ਉੱਪਰ ਵੱਲ ਨੂੰ ਚੁੱਕਣਾ ਪੈਂਦਾ ਹੈ ਜਾਂ ਹੇਠਾਂ ਝੁਕ ਕੇ ਕੋਈ ਸਾਮਾਨ ਕੱਢਣਾ ਪੈਂਦਾ ਹੈ, ਅਜਿਹੇ ਵਿੱਚ ਉਨ੍ਹਾਂ ਲਈ ਸਥਿਤੀ ਕਾਫੀ ਅਸਹਿਜ ਬਣ ਜਾਂਦੀ ਹੈ। ਉਹ ਅਜਿਹੀ ਸਥਿਤੀ ਨੂੰ ਲੈ ਕੇ ਸਾਵਧਾਨ ਵੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਉੱਚੀ ਅੱਡੀ ਦਾ ਰੀੜ੍ਹ ਦੀ ਹੱਡੀ 'ਤੇ ਵੀ ਪ੍ਰਭਾਵ ਪੈਂਦਾ ਹੈ, ਉਸ 'ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ।"

"ਘੱਟ ਕੱਪੜੇ ਸੁੰਦਰਤਾ ਦੀ ਨਿਸ਼ਾਨੀ ਨਹੀਂ ਹਨ"

ਡਾ. ਅਮੀਰ ਸੁਲਤਾਨਾ ਪੰਜਾਬ ਯੂਨੀਵਰਸਿਟੀ ਵਿੱਚ ਡਿਪਾਰਟਮੈਂਟ ਆਫ਼ ਵੁਮੈਨ ਸਟਡੀਜ਼ ਵਿੱਚ ਪੋਸਟ ਗ੍ਰੈਜੂਏਟ ਅਤੇ ਅਧਿਐਨ ਕਰਨ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ।

ਡਾ. ਅਮੀਰ ਸੁਲਤਾਨਾ ਕਹਿੰਦੇ ਹਨ, "ਮੇਰੇ ਕੋਲ ਸੋਧ ਕਰਨ ਵਾਲੇ ਵਿਦਿਆਰਥੀ ਵੀ ਪੜ੍ਹਨ ਆਉਂਦੇ ਹਨ ਅਤੇ ਅਧਿਐਨ ਵਿੱਚ ਪਾਉਂਦੇ ਹਨ ਕਿ ਇਨ੍ਹਾਂ ਮਹਿਲਾ ਮੁਲਾਜ਼ਮਾਂ 'ਤੇ ਕਿਹੋ ਜਿਹੀ ਨਜ਼ਰ ਹੁੰਦੀ ਹੈ। ਅਤੇ ਉਹ ਸੈਕਸ਼ੁਅਲ ਹੈਰਸਮੈਂਟ ਦੇ ਦਾਇਰੇ ਵਿੱਚ ਵੀ ਆਉਂਦੀ ਹੈ।"

ਸਕਾਈਅਪ ਏਅਰਲਾਈਨਜ਼ ਵਿੱਚ ਕੰਮ ਕਰਨ ਵਾਲੇ ਦਾਰਿਆ ਵੀ ਕਹਿੰਦੇ ਹਨ, "ਜਦੋਂ ਅਸੀਂ ਯਾਤਰਾ ਸ਼ੁਰੂ ਕਰਦੇ ਹਾਂ ਅਤੇ ਦੱਸ ਰਹੇ ਹੁੰਦੇ ਹਾਂ ਕਿ ਐਮਰਜੈਂਸੀ ਦੀ ਹਾਲਤ ਵਿੱਚ ਕੀ ਕਰਨਾ ਹੈ ਤਾਂ ਹਰ ਕਿਸੇ ਦੀਆਂ ਨਜ਼ਰਾਂ ਸਾਡੇ 'ਤੇ ਹੁੰਦੀਆਂ ਹਨ।"

ਉਹ ਕਹਿੰਦੇ ਹਨ, "ਤੁਸੀਂ ਉਨ੍ਹਾਂ ਨੂੰ ਸਾਵਧਾਨ ਰਹਿਣ ਦੇ ਤਰੀਕੇ ਦੱਸਦੇ ਹੋ। ਤੁਸੀਂ ਇੱਕ ਤੋਂ ਬਾਅਦ ਇੱਕ ਚੀਜ਼ ਨੂੰ ਚੁੱਕਣ ਲਈ ਆਪਣੀ ਤੰਗ ਸਕਰਟ ਵਿੱਚ ਬਹੁਤ ਸਾਵਧਾਨੀ ਨਾਲ ਹੇਠਾਂ ਵੱਲ ਝੁਕਦੇ ਹੋ ਅਤੇ ਅਚਾਨਕ ਅਜਿਹਾ ਲੱਗਦਾ ਹੈ ਕਿ ਤੁਸੀਂ ਸਟੇਜ 'ਤੇ ਹੋ ਅਤੇ ਤੁਹਾਡਾ ਬਲਾਊਜ਼ ਤੁਹਾਡੀ ਸਕਰਟ ਤੋਂ ਉੱਪਰ ਉੱਠ ਗਿਆ।"

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

ਅਮੀਰ ਸੁਲਤਾਨਾ ਕਹਿੰਦੇ ਹਨ ਕਿ ਤੁਸੀਂ ਔਰਤ ਦੇ ਪਹਿਰਾਵੇ ਜਾਂ ਪੋਸ਼ਾਕ ਤੋਂ ਉਸਦੀ ਸੁੰਦਰਤਾ ਨੂੰ ਪਰਿਭਾਸ਼ਿਤ ਨਹੀਂ ਕਰ ਸਕਦੇ। ਮਹਿਲਾ ਦਾ ਸਰੀਰ ਕੋਈ ਚੀਜ਼ ਨਹੀਂ ਬਲਕਿ ਉਹ ਇੱਕ ਇਨਸਾਨ ਹੈ ਅਤੇ ਉਸਦੀ ਇੱਜ਼ਤ ਅਤੇ ਸਤਿਕਾਰ ਹੋਣਾ ਚਾਹੀਦਾ ਹੈ।"

"ਖ਼ਾਸਕਰ ਜਦੋਂ ਉਹ ਆਪਾਤ ਸਥਿਤੀ ਵਿੱਚ ਕੰਮ ਕਰਦਿਆਂ ਹਨ ਤਾਂ ਉਨ੍ਹਾਂ ਦਾ ਪਹਿਰਾਵਾ ਆਰਾਮ ਵਾਲਾ ਹੋਣਾ ਚਾਹੀਦਾ ਹੈ। ਔਰਤ ਦੇ ਸਰੀਰ ਨੂੰ ਇੱਕ ਵਸਤੂ ਦੀ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ।

ਉਹ ਅੱਗੇ ਕਹਿੰਦੇ ਹਨ, "ਔਰਤ ਦਾ ਸਰੀਰ ਜਿੰਨਾ ਘੱਟ ਢਕਿਆ ਹੋਵੇ ਉਨਾਂ ਹੀ ਸੁੰਦਰ ਹੋਵੇਗਾ, ਮੈਂ ਇਸ ਨਜ਼ਰੀਏ ਨਾਲ ਅਸਹਿਮਤ ਹਾਂ।"

ਸਮਕਾਲੀ ਅਤੇ ਆਧੁਨਿਕ

ਰਸ਼ਮੀ ਸੋਨੀ, ਵਿਸਤਾਰਾ ਏਅਰਲਾਈਨਜ਼ ਦੇ ਵਾਈਸ ਪ੍ਰੈਸੀਡੈਂਟ ਹਨ ਅਤੇ ਕਾਰਪੋਰੇਟ ਕਮਿਊਨੀਕੇਸ਼ਨ ਦੇ ਮੁਖੀ ਹਨ। ਉਹ ਸਾਲ 2014 ਤੋਂ ਵਿਸਤਾਰਾ ਵਿੱਚ ਹਨ ਅਤੇ ਇਹ ਏਅਰਲਾਈਨ 2015 ਵਿੱਚ ਸ਼ੁਰੂ ਹੋਈ ਹੈ।

ਉਨ੍ਹਾਂ ਅਨੁਸਾਰ, ਯੂਕਰੇਨ ਦੀ ਏਅਰਲਾਈਨਜ਼ ਨੇ ਇੱਕ ਚੰਗਾ ਕਦਮ ਚੁੱਕਿਆ ਹੈ ਅਤੇ ਜੇਕਰ ਕੋਈ ਏਅਰਲਾਈਨਜ਼ ਆਪਣੇ ਮੁਲਾਜ਼ਮਾਂ ਤੋਂ ਚੰਗੀ ਸੇਵਾ ਦੇਣ ਦੀ ਉਮੀਦ ਰੱਖਦੀ ਹੈ ਤਾਂ ਉਸਨੂੰ ਆਪਣੇ ਮੁਲਾਜ਼ਮਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।

ਉਹ ਹੋਰ ਏਅਰਲਾਈਨਾਂ ਵਿੱਚ ਮਹਿਲਾ ਕਰਿਊ ਮੈਂਬਰਾਂ ਵੱਲੋਂ ਪਹਿਨੇ ਜਾਣ ਵਾਲੇ ਪਹਿਰਾਵੇ 'ਤੇ ਟਿੱਪਣੀ ਕਰਨਾ ਪਸੰਦ ਨਹੀਂ ਕਰਦੇ ਪਰ ਇਹ ਜ਼ਰੂਰ ਕਹਿੰਦੇ ਹਨ ਕਿ ਕਿਸੇ ਵੀ ਸੇਵਾ ਖੇਤਰ ਵਿੱਚ ਤੁਹਾਡੇ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਪ੍ਰੈਜ਼ੈਂਟੇਬਲ ਦਿਖਾਈ ਦੇਵੋ। ਵਾਲਾਂ ਨੂੰ ਸਫ਼ਾਈ ਨਾਲ ਬੰਨ੍ਹਣ 'ਤੇ ਇਸ ਲਈ ਜ਼ੋਰ ਦਿੱਤਾ ਜਾਂਦਾ ਹੈ ਤਾਂ ਜੋ ਉਹ ਖਾਣੇ ਵਿੱਚ ਨਾ ਡਿੱਗਣ ਅਤੇ ਇੱਧਰ-ਉੱਧਰ ਡਿੱਗੇ ਹੋਏ ਨਾ ਦਿਖਾਈ ਦੇਣ।

ਉਹ ਕਹਿੰਦੇ ਹਨ, "ਅਸੀਂ ਏਅਰਲਾਈਜ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਸ ਉਦਯੋਗ ਦੇ ਮਾਪਦੰਡਾਂ ਨੂੰ ਦੇਖਿਆ ਤਾਂ ਪਾਇਆ ਕਿ ਕੈਬਿਨ ਕਰਿਊ ਦੀਆਂ ਮਹਿਲਾ ਮੈਂਬਰ ਸਕਰਟ ਪਹਿਨਦੀਆਂ ਹਨ ਅਤੇ ਪੁਰਸ਼ ਪੈਂਟ ਪਹਿਨਦੇ ਹਨ। ਅਸੀਂ ਇਹ ਜਾਣਦੇ ਸੀ ਕਿ ਅਸੀਂ ਆਪਣੀ ਏਅਰਲਾਈਨਜ਼ ਨੂੰ ਆਧੁਨਿਕ ਹੋਣ ਦੇ ਨਾਲ-ਨਾਲ ਸੁੰਦਰ, ਸਮਕਾਲੀ ਅਤੇ ਵਿਵਹਾਰਿਕ ਵੀ ਦਿਖਾਉਣਾ ਸੀ।

ਅਤੇ ਕਿਉਂਕਿ ਤੁਸੀਂ ਉਪਭੋਗਤਾਵਾਂ ਨੂੰ ਸੇਵਾ ਦੇਣ ਦੇ ਖੇਤਰ ਵਿੱਚ ਹੋ ਤਾਂ ਤੁਹਾਨੂੰ ਸਮਾਰਟ ਵੀ ਦਿਖਣਾ ਪਏਗਾ। ਅਜਿਹੀ ਸਥਿਤੀ ਵਿੱਚ ਡਿਜ਼ਾਈਨਿੰਗ 'ਤੇ ਧਿਆਨ ਦਿੱਤਾ ਗਿਆ।"

ਉਹ ਕਹਿੰਦੇ ਹਨ, "ਅਸੀਂ ਜਾਣਦੇ ਹਾਂ ਕਿ ਕੈਬਿਨ ਕਰੂ ਦੇ ਮੈਂਬਰਾਂ ਨੂੰ ਘੰਟਿਆਂ ਤੱਕ ਖੜ੍ਹੇ ਰਹਿਣਾ ਪੈਂਦਾ ਹੈ ਅਤੇ ਭੋਜਨ ਪਰੋਸਣ ਵੇਲੇ ਝੁਕਣਾ ਵੀ ਪੈਂਦਾ ਹੈ। ਇਸ ਲਈ ਅਸੀਂ ਅਜਿਹਾ ਪਹਿਰਾਵਾ ਚਾਹੁੰਦੇ ਸੀ ਜਿਸਨੂੰ ਪਹਿਨ ਕੇ ਸੇਵਾ ਦਿੰਦੇ ਸਮੇਂ ਉਨ੍ਹਾਂ ਨੂੰ ਇਸਦੀ ਚਿੰਤਾ ਨਾ ਹੋਵੇ ਕਿ ਡ੍ਰੈਸ ਜਾਂ ਕੱਪੜੇ ਉੱਪਰ ਉੱਠ ਹੋ ਰਹੇ ਹਨ।"

ਰਸ਼ਮੀ ਸੋਨੀ ਕਹਿੰਦੇ ਹਨ, "ਅਸੀਂ ਮਹਿਲਾ ਚਾਲਕ ਦਲ ਦੇ ਮੈਂਬਰਾਂ ਲਈ ਸਿਗਰੇਟ ਪੈਂਟ ਅਤੇ ਸ਼ਾਰਟ ਟਿਊਨਿਕ ਦਿੱਤੇ ਹਨ, ਜਿਨ੍ਹਾਂ ਵਿੱਚ ਸੁਨਹਿਰੀ ਕਾਲਰ ਹਨ, ਫੁਟਵੀਅਰ ਵਿੱਚ ਬਲਾਕ ਹੀਲਸ ਹਨ। ਸਾਡੇ ਪਹਿਰਾਵੇ ਨੂੰ ਪੁਰਸਕਾਰ ਵੀ ਮਿਲੇ ਹਨ ਅਤੇ ਉਪਭੋਗਤਾ ਵੀ ਇਸ ਦੀ ਪ੍ਰਸ਼ੰਸਾ ਕਰਦੇ ਹਨ।"

ਸਪਾਈਸਜੈੱਟ ਦੇ ਇੱਕ ਬੁਲਾਰੇ ਨੇ, ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਇੱਕ ਲਿਖਤੀ ਮੈਸੇਜ ਵਿੱਚ ਕਿਹਾ ਹੈ ਕਿ "ਉਨ੍ਹਾਂ ਦੇ ਮਹਿਲਾ ਕਰਮਚਾਰੀਆਂ ਦੀ ਵਰਦੀ ਉਨ੍ਹਾਂ ਦੇ ਬ੍ਰਾਂਡ ਨੂੰ ਹੁਲਾਰਾ ਦੇਣ ਵਾਲੀ ਹੈ ਜੋ ਸਮੇਂ ਦੇ ਨਾਲ ਤਾਲਮੇਲ ਰੱਖਦੀ ਹੈ। ਇਸ ਨੂੰ ਡਿਜ਼ਾਈਨ ਕਰਦੇ ਸਮੇਂ ਵਿਸ਼ਵ ਪੱਧਰ ਦੇ ਮਾਪਦੰਡਾਂ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ।"

"ਪਹਿਨਾਵੇ ਜਾਂ ਵਰਦੀ ਲਈ ਅਜਿਹੇ ਕੱਪੜੇ ਦਾ ਇਸਤੇਮਾਲ ਹੁੰਦਾ ਹੈ ਜਿਸ ਵਿੱਚ ਕਰਮਚਾਰੀ ਆਰਾਮ ਮਹਿਸੂਸ ਕਰਨ। ਸਾਡੀ ਕੰਪਨੀ ਭਾਰਤ ਲਈ ਪਹਿਲੀ ਏਅਰਲਾਈਨ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਵੱਖਰੇ ਪਹਿਰਾਵੇ ਮੁਹੱਈਆ ਕਰਵਾਏ ਜਾਂਦੇ ਹਨ।"

ਏਅਰਲਾਈਨਜ਼ ਨੇ ਮਾਪਦੰਡ ਬਦਲੇ

ਅਜਿਹੀਆਂ ਕਈ ਏਅਰਲਾਈਨਜ਼ ਹਨ ਜਿਨ੍ਹਾਂ ਨੇ ਇਸ ਉਦਯੋਗ ਲਈ ਨਿਰਧਾਰਿਤ ਮਾਪਦੰਡਾਂ ਤੋਂ ਪਰ੍ਹੇ, ਆਪਣੇ ਮੁਲਾਜ਼ਮਾਂ ਲਈ ਡਰੈਸ ਕੋਡ ਹਟਾਏ ਹਨ। ਇਨ੍ਹਾਂ ਵਿੱਚੋਂ ਇੱਕ ਵਰਜਿਨ ਐਟਲਾਂਟਿਕ ਹੈ, ਜਿੱਥੇ ਕੈਬਿਨ ਕਰੂ ਨੂੰ ਮੇਕਅੱਪ ਕਰਨ ਦੀ ਜ਼ਰੂਰਤ ਨਹੀਂ ਹੈ।

ਜਪਾਨ ਏਅਰਲਾਈਨਜ਼ ਨੇ ਉੱਚੀਆਂ ਅੱਡੀਆਂ ਵਾਲੀਆਂ ਜੁੱਤੀਆਂ ਹਟਾ ਦਿੱਤੀਆਂ ਹਨ ਅਤੇ ਮਹਿਲਾ ਮੁਲਾਜ਼ਮਾਂ ਨੂੰ ਪੈਨਸਿਲ ਸਕਰਟਾਂ ਦੀ ਬਜਾਏ ਟ੍ਰਾਊਜ਼ਰ ਦਿੱਤੇ ਹਨ।

ਨਾਰਵੇਈਅਨ ਏਅਰਲਾਈਨ ਵਿੱਚ ਹੁਣ ਮਹਿਲਾ ਚਾਲਕ ਦਲ ਦੇ ਮੈਂਬਰ ਬਿਨਾਂ ਉੱਚੀ ਅੱਡੀ ਦੇ ਜੁੱਤੇ ਪਾ ਸਕਦੇ ਹਨ ਅਤੇ ਉਨ੍ਹਾਂ ਲਈ ਮੇਕਅਪ ਕਰਨਾ ਵੀ ਲਾਜ਼ਮੀ ਨਹੀਂ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)