You’re viewing a text-only version of this website that uses less data. View the main version of the website including all images and videos.
ਸੁਮੇਧ ਸਿੰਘ ਸੈਣੀ ਦੇ ਅੱਧੀ ਰਾਤ ਨੂੰ ਵਿਜੀਲੈਂਸ ਦੀ ਹਿਰਾਸਤ 'ਚ ਡਿੱਗਣ ਦਾ ਮਾਮਲਾ ਕੀ ਹੈ- ਪ੍ਰੈੱਸ ਰਿਵੀਊ
ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਵਿਜੀਲੈਂਸ ਦੀ ਹਿਰਾਸਤ ਦੌਰਾਨ 18-19 ਅਗਸਤ ਦੀ ਦਰਮਿਆਨੀ ਰਾਤ ਨੂੰ ਆਪਣੇ ਸੈੱਲ ਵਿੱਚ ਡਿੱਗ ਪਏ ਸਨ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇੱਕ ਸੀਸੀਟੀਵੀ ਫੁਟੇਜ ਦੀ ਇੱਕ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਅਤੇ ਅਜਿਹਾ ਸ਼ਾਇਦ ਲੰਬੀ ਪੁੱਛਗਿਛ ਕਾਰਨ ਹੋਈ ਥਕਾਨ ਕਾਰਨ ਵਾਪਰਿਆ।
ਅਖ਼ਬਾਰ ਮੁਤਾਬਕ ਸਵੇਰੇ 1.38 ਵਜੇ ਸੈਣੀ ਆਪਣੇ ਸੈਲ ਦੀ ਕੰਧ ਨਾਲ਼ ਢੋਅ ਲਗਾ ਕੇ ਖੜ੍ਹੇ ਸਨ। ਜਦੋਂ ਉਹ ਡਿੱਗੇ ਤਾਂ ਬਾਹਰ ਤੈਨਾਤ ਅਧਿਕਾਰੀ ਉਨ੍ਹਾਂ ਦੀ ਮਦਦ ਲਈ ਆਏ।
ਇਹ ਇੱਕ ਲੰਬੀ ਕਲਿੱਪ ਹੈ ਜਿਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਗੈਰ-ਕਨੂੰਨੀ ਕਰਾਰ ਦਿੱਤੀ ਸੈਣੀ ਦੀ ਗ੍ਰਿਫ਼ਤਾਰੀ ਦਾ ਪੂਰਾ ਘਟਨਾਕ੍ਰਮ ਹੈ।
ਕਲਿੱਪ ਵਿਜੀਲੈਂਸ ਦੇ ਦਫ਼ਤਰ ਦੇ ਵੱਖ-ਵੱਖ ਸੀਸੀਟੀਵੀ ਕੈਮਿਰਿਆਂ ਦੀਆਂ ਫੁਟੇਜ ਨੂੰ ਜੋੜ ਕੇ ਬਣਾਈ ਗਈ ਹੈ।
ਇਹ ਵੀ ਪੜ੍ਹੋ:
ਤਾਲਿਬਾਨ ਲਈ ਜਸ਼ਨ ਮਨਾਉਣ ਵਾਲਿਆਂ ਨੂੰ ਨਸੀਰੂਦੀਨ ਦੀ ਇਹ ਨਸੀਹਤ
ਸੀਨੀਅਰ ਅਦਾਕਾਰ ਨਸੀਰੂਦੀਨ ਸ਼ਾਹ ਨੇ ਭਾਰਤ ਵਿੱਚ" ਮੁਸਲਮਾਨ ਭਾਈਚਾਰੇ ਦੇ ਕੁੱਝ ਹਿੱਸਿਆਂ ਵੱਲੋਂ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਸੱਤਾ ਵਿੱਚ ਵਾਪਸੀ ਦੇ ਜਸ਼ਨ" ਮਨਾਏ ਜਾਣ ਨੂੰ ਖ਼ਤਰਨਾਕ ਦੱਸਿਆ ਹੈ।
ਖ਼ਬਰ ਵੈਬਸਾਈਟ ਐੱਨਡੀਟੀਵੀ ਦੀ ਖ਼ਬਰ ਮੁਤਾਬਕ ਸੋਸ਼ਲ ਮੀਡੀਆ ਉੱਪਰ ਸਾਂਝੀ ਕੀਤੀ ਇੱਕ ਵੀਡੀਓ ਵਿੱਚ ਉਨ੍ਹਾਂ ਨੇ ਕਿਹਾ, "ਹਾਲਾਂਕਿ ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦਾ ਮੁੜ ਹਕੂਮਤ ਪਾ ਲੈਣਾ ਦੁਨੀਆਂ ਭਰ ਲਈ ਹੀ ਫਿਕਰਮੰਦੀ ਦਾ ਸਬੱਬ ਹੈ ਪਰ ਭਾਰਤੀ ਮੁਸਲਮਾਨਾਂ ਦੇ ਕੁਝ ਤਬਕਿਆਂ ਦਾ ਉਨ੍ਹਾਂ ਵਹਿਸ਼ੀਆਂ ਦੀ ਵਾਪਸੀ ਦਾ ਜਸ਼ਨ ਮਨਾਉਣਾ ਘੱਟ ਖ਼ਤਰਨਾਕ ਨਹੀਂ ਹੈ।"
"ਅੱਜ ਹਰ ਹਿੰਦੁਸਤਾਨੀ ਮੁਸਲਮਾਨ ਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕੀ ਉਸਨੂੰ ਆਪਣੇ ਧਰਮ ਵਿੱਚ ਸੁਧਾਰ, ਆਧੁਨਿਕਤਾ ਚਾਹੀਦੀ ਹੈ ਜਾਂ ਪਿਛਲੀਆਂ ਸਦੀਆਂ ਦੇ ਵਹਿਸ਼ੀਪੁਣੇ ਵਾਲੀਆਂ ਕਦਰਾਂ-ਕੀਮਤਾਂ।"
"ਮੈਂ ਹਿੰਦੁਸਤਾਨੀ ਮੁਸਲਮਾਨ ਹਾਂ ਅਤੇ ਜਿਸ ਤਰ੍ਹਾਂ ਕਿ ਮਿਰਜ਼ਾ ਗ਼ਾਲਿਬ ਇੱਕ ਅਰਸਾ ਪਹਿਲਾਂ ਕਹਿ ਗਏ ਹਨ, ਮੇਰਾ ਰਿਸ਼ਤਾ ਅੱਲ੍ਹਾ ਮੀਆਂ ਨਾਲ਼ ਬੇਹੱਦ ਬੇਤਕੱਲੁਫ਼ ਹੈ, ਮੈਨੂੰ ਸਿਆਸੀ ਮਜ਼ਹਬ ਦੀ ਕੋਈ ਲੋੜ ਨਹੀਂ ਹੈ।"
"ਹਿੰਦੁਸਤਾਨੀ ਇਸਲਾਮ ਹਮੇਸ਼ਾ ਦੁਨੀਆਂ ਭਰ ਦੇ ਇਸਲਾਮ ਤੋਂ ਵੱਖਰਾ ਰਿਹਾ ਹੈ। ਖ਼ੁਦਾ ਉਹ ਸਮਾਂ ਨਾ ਲੈ ਕੇ ਆਵੇ ਕਿ ਇਹ ਇੰਨਾ ਬਦਲ ਜਾਵੇ ਕਿ ਅਸੀਂ ਇਸ ਨੂੰ ਪਛਾਣ ਵੀ ਨਾ ਸਕੀਏ।
ਹਾਈ ਕੋਰਟ ਦੇ ਜੱਜ ਨੇ ਨਸ਼ਿਆਂ ਦੇ ਕੇਸ ਵਿੱਚ ਸੁਣਵਾਈ ਕਰਨ ਤੋਂ ਹੱਥ ਖਿੱਚਿਆ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇੱਕ ਜੱਜ ਨੇ ਬੁੱਧਵਾਰ ਨੂੰ ਪੰਜਾਬ ਨਾਲ ਜੁੜੇ ਇੱਕ ਨਸ਼ਿਆਂ ਦੇ ਕੇਸ ਦੀ ਸੁਣਵਾਈ ਤੋਂ ਹੱਥ ਖਿੱਚ ਲਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਇਹ ਮਾਮਲਾ ਜਸਟਿਸ ਰਾਜਨ ਗੁਪਤਾ ਅਤੇ ਅਜੇ ਤਿਵਾੜੀ ਦੀ ਵਿਸ਼ੇਸ਼ ਡਵੀਜ਼ਨ ਬੈਂਚ ਦੇ ਸਨਮੁੱਖ ਸੁਣਵਾਈ ਲਈ ਆਇਆ ਸੀ।
ਇਹ ਸੁਣਵਾਈ ਇੱਕ ਅਰਜੀ ਉੱਪਰ ਕੀਤੀ ਜਾਣੀ ਸੀ ਜਿਸ ਦੇ ਨਾਲ਼ ਇੱਕ ਸੀਲ ਬੰਦ ਲਿਫ਼ਾਫੇ ਵਿੱਚ ਕੋਈ ਰਿਪੋਰਟ ਸੀ ਜਿਸ ਬਾਰੇ ਲਿਖਿਆ ਗਿਆ ਸੀ ਕਿ 'ਅਦਾਲਤ ਖੋਲ੍ਹ ਸਕਦੀ ਹੈ'।
ਅਰਜੀ ਨਵਕਿਰਨ ਸਿੰਘ ਵੱਲੋਂ ਤੇ ਹਿਊਮਨ ਰਾਈਟਸ ਇੰਟਰਨੈਸ਼ਨਲ ਦੇ ਵਕੀਲਾਂ ਵੱਲੋਂ ਪਾਈ ਗਈ ਸੀ। ਅਰਜੀ ਵਿੱਚ ਕਿਹਾ ਗਿਆ ਸੀ ਕਿ ਇਸ ਰਿਪੋਰਟ ਵਿੱਚ ਐੱਸਟੀਐੱਫ਼ ਮੁਖੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਸੌਂਪੀ ਗਈ ਇੱਕ ਰਿਪੋਰਟ ਉੱਪਰ ਪੰਜਾਬ ਸਰਕਾਰ ਦੀ ਪ੍ਰਤੀਕਿਰਿਆ ਸੀ।
ਹਰਪ੍ਰੀਤ ਸਿੰਘ ਨੂੰ ਹਾਈ ਕੋਰਟ ਵੱਲੋਂ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸਹਾਇਕ ਨਿਰਦੇਸ਼ਕ ਨਿਰੰਜਨ ਸਿੰਘ ਵੱਲੋਂ ਸੌਂਪੀ ਗਈ ਰਿਪੋਰਟ ਪੜ੍ਹਨ ਲਈ ਕਿਹਾ ਗਿਆ ਸੀ।
ਇਹ ਵੀ ਪੜ੍ਹੋ: