ਸੁਪਰੀਮ ਕੋਰਟ ਨੇ ਕਿਹਾ, 'ਕਰੀਮੀ ਲੇਅਰ ਬਾਰੇ ਫ਼ੈਸਲੇ ਦਾ ਅਧਾਰ ਸਿਰਫ਼ ਆਰਥਿਕਤਾ ਨਹੀਂ ਹੋ ਸਕਦੀ' - ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਸੁਪਰੀਮ ਕੋਰਟ ਨੇ ਕਿਹਾ ਹੈ ਕਿ ਹੈ ਪਛੜੀਆਂ ਸ਼ਰੇਣੀਆਂ ਵਿਚਲੀ ਕਰੀਮੀ ਲੇਅਰ ਨਿਰਧਾਰਤ ਕਰਨ ਲਈ ਆਰਥਿਕਤਾ ਇੱਕਲੋਤੀ ਕਸੌਟੀ ਨਹੀਂ ਹੋ ਸਕਦੀ।

ਦਿ ਲਾਈਵ ਲਾਅ ਦੀ ਰਿਪੋਰਟ ਮੁਤਾਬਕ ਅਦਾਲਤ ਨੇ ਕਿਹਾ, "ਹਰਿਆਣਾ ਨੇ ਕਰੀਮੀ ਲੇਅਰ ਨਿਰਧਾਰਤ ਕਰਨ ਲਈ ਇੱਕਲੀ ਆਰਥਿਕਤਾ ਨੂੰ ਕਸੌਟੀ ਬਣਾਇਆ ਹੈ ਅਤੇ ਅਜਿਹਾ ਕਰਕੇ ਬਜੱਰ ਗ਼ਲਤੀ ਕੀਤੀ ਹੈ। ਇਸ ਅਧਾਰ 'ਤੇ 17.08.2016 ਦਾ ਨੋਟੀਫਿਕੇਸ਼ਨ ਪਾਸੇ ਰੱਖਣ ਦੀ ਲੋੜ ਹੈ।'

ਜਸਟਿਸ ਐੱਲ ਨਾਗੇਸਵਰਾ ਰਾਓ ਅਤੇ ਅਨਿਰੁੱਧ ਬੋਸ ਨੇ ਹਰਿਆਣਾ ਸਰਕਾਰ ਦੇ ਉਪਰੋਕਤ ਨੋਟੀਫ਼ਿਕੇਸ਼ਨ ਨੂੰ ਰੱਦ ਕਰ ਦਿੱਤਾ। ਹਾਲਾਂਕਿ ਉਸ ਨੋਟੀਫ਼ਿਕੇਸ਼ਨ ਮੁਤਾਬਕ 7.08.2016 ਅਤੇ 28.08.2018 ਨੂੰ ਹੋਏ ਦਾਖ਼ਲੇ ਅਤੇ ਸਰਕਾਰੀ ਨਿਯੁਕਤੀਆਂ ਨੂੰ ਅਦਾਲਤ ਨੇ ਜਿਉਂ ਦੀਆਂ ਤਿਉਂ ਰੱਖਿਆ ਹੈ।

ਹਰਿਆਣਾ ਸਰਕਾਰ ਨੇ ਪਿਛੜੀਆਂ ਜਾਤੀਆਂ ਵਿੱਚੋਂ ਕਰੀਮੀ ਲੇਅਰ ਨੂੰ ਬਾਹਰ ਰੱਖਣ ਲਈ 17.08.2016 ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤੀ ਸੀ। ਇਸ ਨੋਟੀਫ਼ਿਕੇਸ਼ਨ ਮੁਤਾਬਕ ਵਿਦਿਅਕ ਸੰਸਥਾਵਾਂ ਵਿੱਚ ਦਾਖ਼ਲੇ ਅਤੇ ਸਰਕਾਰੀ ਨੌਕਰੀਆਂ ਵਿੱਚ ਰਾਖਵੇਂਕਰਨ ਦੇ ਲਾਭ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨੂੰ ਮਿਲਣੇ ਸਨ ਜਿਨ੍ਹਾਂ ਦੀ ਆਮਦਨ ਤਿੰਨ ਲੱਖ ਤੋਂ ਸਲਾਨਾ ਦੀ ਸੀ।

ਜੋ ਕੋਟਾ ਇਸ ਤਰ੍ਹਾਂ ਬਚਾਇਆ ਜਾਣਾ ਸੀ ਉਹ ਤਿੰਨ ਲੱਖ ਤੋਂ ਵੱਧੋ-ਵੱਧ ਛੇ ਲੱਖ ਸਲਾਮਾ ਆਮਦਨੀ ਵਾਲ਼ੇ ਪਰਿਵਾਰਾਂ ਨੂੰ ਦਿੱਤਾ ਜਾਣਾ ਸੀ।

ਸੀਆਈਏ ਨਿਰਦੇਸ਼ਕ ਅਤੇ ਤਾਲਿਬਾਨ ਆਗੂ ਦੀ ਗੁਪਤ ਬੈਠਕ ਬਾਰੇ ਤਾਲਿਬਾਨ ਦੇ ਬੁਲਾਰੇ ਨੇ ਕੀ ਕਿਹਾ

ਅਮਰੀਕੀ ਏਜੰਸੀ ਸੀਆਈਏ ਦੇ ਨਿਰਦੇਸ਼ਕ ਵਿਲੀਅਮ ਬਰਨਸ ਨੇ ਸੋਮਵਾਰ ਨੂੰ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਆਗੂ ਅਬਦੁਲ ਗ਼ਨੀ ਬਰਾਦਰ ਨਾਲ ਇੱਕ ਗੁਪਤ ਬੈਠਕ ਕੀਤੀ ਹੈ।

ਵਾਸ਼ਿੰਗਟਨ ਪੋਸਟ ਦੀ ਖ਼ਬਰ ਮੁਤਾਬਕ ਤਾਲਿਬਾਨ ਦੇ ਰਾਜਧਾਨੀ ਕਾਬੁਲ ਉੱਪਰ ਕਬਜ਼ੇ ਤੋਂ ਬਾਅਦ ਇਹ ਬਾਇਡਨ ਪ੍ਰਸ਼ਾਸਨ ਅਤੇ ਤਾਲਿਬਾਨ ਦਰਮਿਆਨ ਇਹ ਪਹਿਲੀ ਉੱਚ ਪੱਧਰੀ ਆਹਮੋ-ਸਾਹਮਣੀ ਬੈਠਕ ਸੀ।

ਹਾਲਾਂਕਿ ਸੀਆਈਏ ਨੇ ਬੈਠਕ ਦੇ ਵੇਰਵਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਅਫ਼ਗਾਨਿਸਤਾਨ ਵਿੱਚੋਂ ਅਮਰੀਕੀਆਂ ਨੂੰ 31 ਅਗਸਤ ਤੱਕ ਕੱਢ ਲਏ ਜਾਣ ਦੀ ਸਮਾਂ ਸੀਮਾ ਵਧਾਉਣ ਬਾਰੇ ਚਰਚਾ ਕੀਤੀ ਗਈ ਹੋਵੇਗੀ।

ਅਫ਼ਗਾਨਿਸਤਾਨ ਵਿੱਚੋਂ ਅਮਰੀਕੀ ਨਾਗਰਿਕਾਂ ਨੂੰ ਕੱਢਣ ਨੂੰ ਅਮਰੀਕਾ ਲਈ ਕਿਸੇ ਦੇਸ਼ ਵਿੱਚ ਆਪਣੇ ਲੋਕਾਂ ਨੂੰ ਕੱਢਣ ਦਾ ਹੁਣ ਤੱਕ ਦਾ ਸਭ ਤੋਂ ਮੁਸ਼ਕਲ ਅਪਰੇਸ਼ਨ ਮੰਨਿਆ ਜਾ ਰਿਹਾ ਹੈ।

ਪਾਕਿਸਤਾਨ ਦੇ ਦਿ ਡਾਅਨ ਅਖ਼ਬਾਰ ਦੀ ਖ਼ਬਰ ਮੁਤਾਬਕ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਕਿਹਾ ਹੈ ਕਿ ਅਮਰੀਕਾ ਨੂੰ ਆਪਣੇ ਲੋਕਾਂ ਨੂੰ ਕੱਢਣ ਦਾ ਕੰਮ 31 ਅਗਸਤ ਤੱਕ ਹੀ ਮੁਕੰਮਲ ਕਰਨਾ ਪਵੇਗਾ ਅਤੇ ਸੀਮਾ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਸੀਆਈਏ ਨਿਰਦੇਸ਼ਕ ਅਤੇ ਤਾਲਿਬਾਨ ਆਗੂ ਦੀ ਬੈਠਕ ਤੋਂ ਅਗਿਆਨਤਾ ਪ੍ਰਗਟਾਈ।

ਪਾਕਿਸਤਾਨ ਆਗੂ ਦਾ ਦਾਅਵਾ: ਕਸ਼ਮੀਰ ਨੂੰ ਅਜ਼ਾਦ ਕਰਵਉਣ ਵਿੱਚ ਤਾਲਿਬਾਨ ਸਾਡੇ ਨਾਲ਼

ਪਾਕਿਸਤਾਨ ਵਿੱਚ ਸੱਤਾਧਾਰੀ ਇਮਰਾਨ ਖ਼ਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ਼ ਦੀ ਆਗੂ ਨੀਲਮ ਇਰਸ਼ਾਦ ਸ਼ੇਖ਼ ਨੇ ਕਿਹਾ ਕਿ ਪਾਕਿਸਤਾਨ ਕੋਲ ਆਪਣੀ ਫ਼ੌਜ ਦੀ ਤਾਕਤ ਦੇ ਨਾਲ-ਨਾਲ ਕਸ਼ਮੀਰ ਨੂੰ ਅਜ਼ਾਦ ਕਰਵਾਉਣ ਲਈ ਇਮਰਾਨ ਖ਼ਾਨ ਦੀ ਅਗਵਾਈ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਕਸ਼ਮੀਰ ਨੂੰ ਭਾਰਤ ਤੋਂ ਅਜ਼ਾਦ ਕਰਵਾਉਣ ਵਿੱਚ ਦੇਸ਼ ਦੀ ਮਦਦ ਕਰਨਗੇ।

"ਤਾਲਿਬਾਨ ਨੇ ਸਾਨੂੰ ਕਿਹਾ ਹੈ ਕਿ ਉਹ ਸਾਡੇ ਨਾਲ਼ ਹਨ ਅਤੇ ਕਸ਼ਮੀਰ ਨੂੰ ਅਜ਼ਾਦ ਕਰਵਾਉਣ ਵਿੱਚ ਉਹ ਸਾਡੀ ਮਦਦ ਕਰਨਗੇ।"

ਹਾਲਾਂਕਿ ਵੀਡੀਓ ਕਲਿੱਪ ਵਿੱਚ ਪ੍ਰੋਗਰਾਮ ਪੇਸ਼ਕਾਰ ਨੂੰ ਨੀਲਮ ਇਰਸ਼ਾਦ ਸ਼ੇਖ਼ ਤੋਂ ਉਨ੍ਹਾਂ ਦੀ ਜਾਣਕਾਰੀ ਦਾ ਸਰੋਤ ਪੁੱਛਦੇ ਵੀ ਦੇਖਿਆ ਜਾ ਸਕਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)