ਇਸ ਸ਼ਹਿਰ ਦੇ ਇੱਕ ਇਲਾਕੇ ਵਿੱਚ ਦੋ ਮੁਸਲਮਾਨਾਂ ਵੱਲੋਂ ਘਰ ਖਰੀਦਣਾ ਵਿਵਾਦ ਕਿਵੇਂ ਬਣਿਆ – ਗਰਾਊਂਡ ਰਿਪੋਰਟ

    • ਲੇਖਕ, ਸ਼ਾਹਬਾਜ਼ ਅਨਵਰ
    • ਰੋਲ, ਬੀਬੀਸੀ ਲਈ ਮੁਰਾਦਾਬਾਦ ਤੋਂ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਦੇ ਲਾਜਪਤ ਨਗਰ ਦੀ ਸ਼ਿਵ ਮੰਦਰ ਬੀ-ਬਲਾਕ ਕਾਲੋਨੀ ਇਨ੍ਹੀਂ ਦਿਨੀਂ ਕਈ ਹਿੰਦੂ ਪਰਿਵਾਰਾਂ ਦੇ ਪਰਵਾਸ ਦੀ ਧਮਕੀ ਅਤੇ ਹਿੰਦੂਵਾਦੀ ਸੰਗਠਨਾਂ ਦੇ ਹੰਗਾਮੇ ਬਾਰੇ ਚਰਚਾ ਵਿੱਚ ਹੈ।

ਪਿਛਲੇ ਸਾਲ ਪਹਿਲੀ ਅਗਸਤ ਨੂੰ ਕਲੌਨੀ ਦੇ ਕਰੀਬ 81 ਹਿੰਦੂ ਪਰਿਵਾਰਾਂ ਦੀ ਬੈਠਕ ਇੱਕ ਮੰਦਰ ਵਿੱਚ ਸ਼ੁਰੂ ਹੋਈ ਤਾਂ ਕਈ ਹਿੰਦੂ ਸੰਗਠਨ ਇੱਕ-ਇੱਕ ਕਰਕੇ ਸਰਗਰਮ ਹੋ ਗਏ।

ਆਏ ਦਿਨ ਇੱਥੇ ਬਜਰੰਗ ਦਲ, ਵਿਸ਼ਵ ਹਿੰਦੂ ਪਰੀਸ਼ਦ, ਕਰਣੀ ਸੈਨਾ, ਹਿੰਦੂ ਯੁਵਾ ਵਾਹਿਨੀ ਦੇ ਕਾਰਕੁਨ ਇੱਥੇ ਪਹੁੰਚ ਕੇ ਪ੍ਰਦਰਸ਼ਨ ਕਰ ਰਹੇ ਹਨ।

ਕੁਝ ਦਿਨ ਪਹਿਲਾਂ ਜ਼ਿਲ੍ਹੇ ਦੇ ਐੱਸਪੀ ਅਤੇ ਡੀਐੱਮ ਵੀ ਇੱਥੇ ਪਹੁੰਚੇ ਅਤੇ ਕਲੌਨੀ ਦੇ ਲੋਕਾਂ ਨਾਲ ਗੱਲਬਾਤ ਕੀਤੀ।

ਮੁਰਾਦਾਬਾਦ ਦੇ ਜ਼ਿਲ੍ਹਾ ਅਧਿਕਾਰੀ ਸ਼ੈਂਲੇਂਦਰ ਕੁਮਾਰ ਸਿੰਘ ਮੀਡੀਆ ਨੂੰ ਕਹਿੰਦੇ ਹਨ,"ਜਿਨ੍ਹਾਂ ਲੋਕਾਂ ਦੇ ਮਨ ਵਿੱਚ ਸ਼ੱਕ-ਸ਼ੁਬ੍ਹਾ ਹੈ, ਉਨ੍ਹਾਂ ਨਾਲ ਬੈਠ ਕੇ ਗੱਲ ਕੀਤੀ ਗਈ ਹੈ। ਉਨ੍ਹਾਂ ਦਾ ਅਸੰਤੋਸ਼ ਦੂਰ ਕਰਨ ਦੇ ਤਰੀਕੇ ਵਿੱਚ ਇਸ ਗੱਲ ਬਾਰੇ ਇੱਕ ਰਾਇ ਬਣੀ ਹੈ ਕਿ ਇਹ ਲੋਕ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਬਣਾ ਲੈਣਗੇ। ਜੋ ਵੀ ਕਲੌਨੀ ਦੀਆਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਹਨ, ਉਨ੍ਹਾਂ ਦਾ ਇਸ ਐਸੋਸੀਏਸ਼ਨ ਰਾਹੀਂ ਹੱਲ ਕਰਨਗੇ।"

"ਸਾਰਿਆਂ ਨੇ ਭਰੋਸਾ ਦਿੱਤਾ ਹੈ ਕਿ ਇਹ ਲੋਕ ਅਗਲੇ ਦੋ-ਤਿੰਨ ਦਿਨਾਂ ਵਿੱਚ ਆਪਸੀ ਬੈਠਕ ਵਿੱਚ ਇਸ ਬਾਰੇ ਚਰਚਾ ਕਰ ਲੈਣਗੇ। ਪ੍ਰਸ਼ਾਸਨ ਹਰ ਨਾਗਰਿਕ ਦੇ ਨਾਲ ਖੜ੍ਹਾ ਹੈ।”

“ਹਰ ਨਾਗਰਿਕ ਦੀ ਸੁਰੱਖਿਆ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਅਸੀਂ ਇਨ੍ਹਾਂ ਲੋਕਾਂ ਦੇ ਰਾਬਤੇ ਵਿੱਚ ਰਹਾਂਗੇ। ਇਨ੍ਹਾਂ ਦਾ ਜੋ ਵੀ ਕਾਨੂੰਨ-ਅਨੁਸਾਰੀ ਹੱਲ ਹੋਵੇਗਾ ਅਸੀਂ ਕਰਾਂਗੇ। ਅਸੀਂ ਬੈਠਕ ਕਰਦੇ ਹਾਂ, ਚਰਚਾ ਕਰਦੇ ਹਾਂ. ਉਸ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।"

ਇਹ ਵੀ ਪੜ੍ਹੋ:

ਕਿਉਂ ਹੈ ਅਸੰਤੋ?

ਦਰਅਸਲ ਇਹ ਸਾਰਾ ਵਿਵਾਦ ਕਟਘਰ ਥਾਣੇ ਵਿੱਚ ਪੈਂਦੇ ਲਾਜਪਤ ਨਗਰ ਸ਼ਿਵ ਕਲੌਨੀ ਦੇ ਬਾਹਰਵਾਰ ਸਥਿਤ ਦੋ ਘਰਾਂ ਦੇ ਵਿਕਣ ਨਾਲ ਸ਼ੁਰੂ ਹੋਇਆ। ਘਰ ਵੇਚਣ ਵਾਲੇ ਹਿੰਦੂ ਅਤੇ ਖ਼ਰੀਦਾਰ ਮੁਸਲਮਾਨ।

ਸ਼ਿਵ ਮੰਦਰ ਵਿੱਚ ਆਪਣੀਆਂ ਮੰਗਾਂ ਰੱਖਣ ਲਈ ਪਹਿਲੀ ਅਗਸਤ ਤੋਂ ਹੀ ਕਾਲੋਨੀ ਦੇ ਸਾਰੇ ਲੋਕ ਹਰ ਰੋਜ਼ ਇੱਥੇ ਇਕੱਠੇ ਹੁੰਦੇ ਹਨ।

ਇਨ੍ਹਾਂ ਲੋਕਾਂ ਵਿੱਚ ਇੱਕ ਹਨ ਵਿਵੇਕ ਸ਼ਰਮਾ ਜੋ ਸਾਬਕਾ ਐੱਮਸੀ ਹਨ। ਹੁਣ ਉਹ ਬੀਐੱਸਪੀ ਨਾਲ ਜੁੜੇ ਹੋਏ ਹਨ।

ਉਹ ਕਹਿੰਦੇ ਹਨ,"ਕਾਲੋਨੀ ਦੇ ਗੇਟ ਨੰਬਰ ਇੱਕ ’ਤੇ ਗਿਆਨ ਪ੍ਰਕਾਸ਼ ਰਸਤੋਗੀ ਅਤੇ ਦੂਜੇ ਗੇਟ ’ਤੇ ਵਿਕਾਸ ਮੋਹਨ ਅਗਰਵਾਲ ਦੇ ਘਰ ਸਨ।”

”ਇਹ ਦੋਵੇਂ ਹੀ ਆਰਐੱਸਐੱਸ ਦੇ ਮੈਂਬਰ ਹਨ। ਇਨ੍ਹਾਂ ਦੋਵਾਂ ਨੇ ਕੁਝ ਮਹੀਨੇ ਪਹਿਲਾਂ ਆਪੋ-ਆਪਣੇ ਘਰ ਮੁਸਲਮਾਨਾਂ ਨੂੰ ਵੇਚ ਦਿੱਤੇ। ਹੁਣ ਤੁਸੀਂ ਦੱਸੋ ਕਲੌਨੀ ਵਿੱਚ 81 ਘਰ ਹਿੰਦੂਆਂ ਦੇ ਹਨ।”

”ਸਾਰਿਆਂ ਦੇ ਦਿਨ-ਤਿਹਾਰ ਆਉਂਦੇ ਹਨ। ਸਾਉਣ ਵਿੱਚ ਈਦ-ਉਲ-ਜੁਹਾ ਆਉਂਦੀ ਹੈ, ਜਾਨਵਰਾਂ ਦੀਆਂ ਕੁਰਬਾਨੀਆਂ ਹੋਣਗੀਆਂ, ਅਸੀਂ ਇੱਥੇ ਕਿਵੇਂ ਰਹਿ ਸਕਾਂਗੇ।"

ਉਸ ਬੈਠਕ ਵਿੱਚ ਮੌਜੂਦ ਕਰਣੀ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਯੋਗਿੰਦਰ ਰਾਣਾ ਵੀ ਵਿਵੇਕ ਸ਼ਰਮਾ ਦੀਆਂ ਗੱਲਾਂ ਗੱਲਾਂ ਨਾਲ ਸਹਿਮਤੀ ਦਿਖਾਉਂਦੇ ਹਨ। ਉਹ ਲੰਬੇ ਸਮੇਂ ਤੋਂ ਇਨ੍ਹਾਂ ਬੈਠਕਾਂ ਵਿੱਚ ਆ ਰਹੇ ਹਨ। ਉਹ ਹੋਰ ਵੀ ਹਿੰਦੂ ਸੰਗਠਨਾਂ ਵਿੱਚ ਸਰਗਰਮ ਰਹਿ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ,"ਹਿੰਦੂ ਬਹੁਗਿਣਤੀ ਇਲਾਕੇ ਵਿੱਚ ਮੁਸਲਮਾਨਾਂ ਦੇ ਘਰ ਖ਼ਰੀਦਣ ਦਾ ਕੀ ਮਤਲਬ ਹੈ। ਇਸ ਮਗਰ ਕੋਈ ਸਾਜਿਸ਼ ਹੈ। ਮੁਸਲਮਾਨ ਘਰ ਖ਼ਰੀਦਦੇ ਹਨ ਤਾਂ ਹਿੰਦੂ ਪਰਵਾਸ ਕਿਉਂ ਕਰੇਗਾ। ਅਸੀਂ ਕੈਰਾਨਾ ਜਾਂ ਕਸ਼ਮੀਰ ਵਾਂਗ ਹਿੰਦੂਆਂ ਨੂੰ ਪਰਵਾਸ ਨਹੀਂ ਕਰਨ ਦੇਵਾਂਗੇ। ਪ੍ਰਸ਼ਾਸਨ ਗੱਲ ਨਹੀਂ ਸੁਣੇਗਾ ਤਾਂ ਅਸੀਂ ਸਰਕਾਰ ਤੱਕ ਇਹ ਮਸਲਾ ਪਹੁੰਚਾਵਾਂਗੇ। ਅੰਦੋਲਨ ਦੀ ਲੋੜ ਪਈ ਤਾਂ ਉਸ ਤੋਂ ਵੀ ਪਿੱਛੇ ਨਹੀਂ ਹਟਾਂਗੇ। ਖ਼ਰੀਦੇ ਗਏ ਘਰਾਂ ਦੀ ਰਜਿਸਟਰੀ ਰੱਦ ਕਰਨੀ ਹੋਵੇਗੀ।"

ਜੋ ਘਰ ਖ਼ਰੀਦੇ ਗਏ ਹਨ ਉਹ ਵਿਕਣ ਤੋਂ ਮਗਰੋਂ ਦੇ ਹੀ ਬੰਦ ਪਏ ਹਨ। ਇਹ ਗੱਲ ਖ਼ੁਦ ਕਾਲੋਨੀ ਵਾਸੀ ਵੀ ਮੰਨਦੇ ਹਨ। ਪਰ ਕਾਲੋਨੀ ਤੋਂ ਕੁਝ ਦੂਰ ਲੋਕ ਅਜਿਹਾ ਦਾਅਵਾ ਵੀ ਕਰ ਰਹੇ ਹਨ ਕਿ ਉੱਥੇ ਕਈ ਵਾਰ ਮਾਸ ਵਗੈਰਾ ਦੇ ਟੁਕੜੇ ਵੀ ਸੁੱਟੇ ਗਏ ਹਨ।

ਇਸ ਦੇ ਨਾਲ ਹੀ ਕੋਠਿਆਂ ’ਤੇ ਪਤੰਗ ਉਡਾਉਣ ਗਏ ਨੌਜਵਾਨਾਂ ਉੱਪਰ ਵੀ ਤਨਜ਼ ਕਸੇ ਜਾਣ ਦੇ ਇਲਜ਼ਾਮ ਲਾਏ ਗਏ ਹਨ।

ਕਾਲੋਨੀ ਵਾਸੀ ਸ਼ਾਲਿਨੀ ਚੱਢਾ ਕਹਿੰਦੇ ਹਨ,"ਮੈਂ ਸ਼ਿਵ ਮੰਦਰ ਦੇ ਨੇੜੇ ਹੀ ਰਹਿੰਦੀ ਹਾਂ। ਇੱਥੋਂ ਦੇ ਜੋ ਮੁਸਲਮਾਨ ਸਮਾਜ ਦੇ ਲੋਕ ਹਨ, ਕਈ ਗੁਣਾਂ ਕੀਮਤਾਂ ਵਿੱਚ ਘਰ ਖ਼ਰੀਦ ਰਹੇ ਹਨ। ਪਤੰਗਬਾਜ਼ੀ ਦੇ ਚੱਕਰ ਵਿੱਚ ਭੱਦੀਆਂ ਟਿੱਪਣੀਆਂ ਕਰਦੇ ਹਨ। ਈਦ ਮੌਕੇ ਸੜਕਾਂ ’ਤੇ ਗੰਦਗੀ ਫੈਲਾਉਂਦੇ ਹਨ। ਸਾਡੀ ਸੁਰੱਖਿਆ ਦਾ ਸਵਾਲ ਹੈ।"

ਇਹ ਹੋਰ ਮਹਿਲਾ ਮੀਨੂ ਦਾ ਕਹਿਣਾ ਹੈ,"ਇੱਥੇ ਸਾਰੇ ਇੱਕ ਪਰਿਵਾਰ ਵਾਂਗ ਰਹਿੰਦੇ ਹਨ। ਅਸੀਂ ਅਮਨ ਨਾਲ ਰਹਿੰਦੇ ਹਾਂ ਇਸ ਲਈ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਇਸ ਤਰ੍ਹਾਂ ਕੋਈ ਦੰਗਾ ਹੋਵੇ ਜਾਂ ਫਿਰ ਸਾਨੂੰ ਕੋਈ ਪ੍ਰੇਸ਼ਾਨ ਕਰੇ।"

ਘਰ ਵੇਚਣ ਵਾਲੇ ਆਰਐੱਸਐੱਸ ਨਾਲ ਜੁੜੇ ਹਨ

ਇੱਕ ਹੋਰ ਕਲੌਨੀ ਵਾਸੀ ਤੁਸ਼ਾਰ ਅਗਰਵਾਲ ਕਹਿੰਦੇ ਹਨ,"ਘਰਾਂ ਨੂੰ ਖ਼ਰੀਦਣ ਪਿੱਛੇ ਕੀ ਸਾਜਿਸ਼ ਹੈ, ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਦੋਵੇਂ ਘਰ ਖ਼ਰੀਦੇ ਗਏ ਹਨ ਤਾਂ ਸਮੂਹਕ ਪਰਵਾਸ ਦਾ ਫ਼ੈਸਲਾ ਸਾਡਾ ਆਪਣਾ ਰਿਹਾ ਹੈ।"

ਬੈਠਕ ਵਿੱਚ ਪਹੁੰਚੇ ਰਿੰਕੂ ਕਸ਼ਯਪ ਇਸ ਗੱਲੋਂ ਨਰਾਜ਼ ਹਨ ਕਿ ਕਲੌਨੀ ਦੇ ਤਿੰਨ ਵਿੱਚ ਦੋ ਗੇਟਾਂ ਉੱਪਰ ਬਣੇ ਘਰਾਂ ਨੂੰ ਮੁਸਲਮਾਨਾਂ ਨੇ ਖ਼ਰੀਦ ਲਿਆ ਹੈ।

ਉਹ ਇਸ ਗੱਲੋਂ ਵੀ ਦੁਖੀ ਹਨ ਕਿ ਘਰ ਵੇਚਣ ਵਾਲੇ ਹਿੰਦੂ ਹਨ ਅਤੇ ਆਰਐੱਸਐੱਸ ਨਾਲ ਜੁੜੇ ਹੋਏ ਹਨ।

ਇੱਕ ਹੋਰ ਜਣੇ ਰਵੀ ਚੱਢਾ ਦਾ ਕਹਿਣਾ ਹੈ,"ਸਾਡੀ ਤਾਂ ਸਮਝ ਨਹੀਂ ਆ ਰਿਹਾ ਕਿ ਆਖ਼ਰ ਇੰਨੇ ਮਹਿੰਗੀਆਂ ਕੀਮਤਾਂ ਉੱਪਰ ਇਨ੍ਹਾਂ ਘਰਾਂ ਨੂੰ ਖ਼ਰੀਦਿਆ ਕਿਉਂ ਗਿਆ ਹੈ। ਦੋਵੇਂ ਘਰ ਕਰੋੜਾਂ ਵਿੱਚ ਵੇਚੇ ਗਏ ਹਨ।"

ਘਰਾਂ ਦਾ ਸੌਦਾ ਕਿੰਨੇ ਵਿੱਚ ਹੋਇਆ ਹੈ ਇਸ ਬਾਰੇ ਦੋਵੇਂ ਪਾਰਟੀਆਂ ਸਹੀ ਜਾਣਕਾਰੀ ਦੇਣ ਤੋਂ ਇਨਕਾਰੀ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਨਿੱਜੀ ਮਸਲਾ ਹੈ।

ਹਾਲਾਂਕਿ ਇੱਥੇ ਸਰਕਲ ਰੇਟ ਹੀ 35 ਹਜ਼ਾਰ ਰੁਪਏ ਵਰਗ ਗਜ਼ ਹੈ।

ਇੱਕ ਮਕਾਨ ਕਰੀਬ 138 ਵਰਗ ਗਜ਼ ਅਤੇ ਦੂਜਾ 162 ਵਰਗ ਮੀਟਰ ਵਿੱਚ ਦੋ ਮੰਜ਼ਿਲਾ ਬਣਿਆ ਹੋਇਆ ਹੈ।

ਇਸ ਹਿਸਾਬ ਨਾਲ ਕੀਮਤ ਇੱਕ ਕਰੋੜ ਤਾਂ ਹੋਵੇਗੀ।

ਮਕਾਨ ਵੇਚਣ ਵਾਲੇ ਕੀ ਕਹਿੰਦੇ ਹਨ?

ਕਾਲੋਨੀ ਦੇ ਪਹਿਲੇ ਗੇਟ ਉੱਪਰ ਜਿਹੜਾ ਘਰ ਵਿਕਿਆ ਹੈ, ਉਸਦੇ ਮਾਲਕ ਗਿਆਨ ਪ੍ਰਕਾਸ਼ ਰਸਤੋਗੀ ਸਨ।

ਕੋਲ ਹੀ ਉਨ੍ਹਾਂ ਦਾ ਦੂਜਾ ਰਿਹਾਇਸ਼ੀ ਮਕਾਨ ਹੈ ਜਿਸ ਵਿੱਚ ਉਹ ਖ਼ੁਦ ਰਹਿੰਦੇ ਹਨ। ਉਨ੍ਹਾਂ ਨੇ ਆਪਣਾ ਘਰ ਪਿਛਲੇ ਮਹੀਨੇ ਹੀ ਵੇਚਿਆ ਹੈ।

ਇਸ ਦੀ ਪੁਸ਼ਟੀ ਉਹ ਆਪ ਹੀ ਕਰਦੇ ਹਨ। ਮੈਂ ਉਨ੍ਹਾਂ ਦੇ ਘਰ ਗਿਆ ਗਿਆਨ ਪ੍ਰਕਾਸ਼ ਇੱਕ ਬਜ਼ੁਰਗ ਵਿਅਕਤੀ ਹਨ।

ਉਨ੍ਹਾਂ ਨੇ ਕਿਹਾ,"ਅਸੀਂ ਜੋ ਘਰ ਵੇਚੇ ਹਨ ਉਹ ਮੁੱਖ ਸੜਕ ਉੱਪਰ ਹਨ। ਇਹ ਮਕਾਨ ਕਰੀਬ 138 ਵਰਗ ਗਜ਼ ਵਿੱਚ ਹੈ। ਮੈਂ ਕਰੀਬ 12 ਸਾਲਾਂ ਦੀ ਉਮਰ ਤੋਂ ਸੰਘ ਦਾ ਕਾਰਕੁਨ ਹਾਂ। ਮੋਦੀ ਜੀ ਖ਼ੁਦ ਕਹਿੰਦੇ ਹਨ ਕਿ 'ਸਬ ਕਾ ਸਾਥ ਸਬ ਕਾ ਵਿਕਾਸ' ਹੋਵੇ। ਸਾਡਾ ਸੰਵਿਧਾਨ ਇੱਕ ਹੈ, ਤਿਰੰਗਾ ਇੱਕ ਹੈ ਅਤੇ ਫਿਰ ਅਜਿਹੀ ਮਾਨਸਿਕਤਾ ਦੀ ਗੱਲ ਠੀਕ ਨਹੀਂ ਹੈ।"

"ਇੱਕ ਵਾਰ ਜਦੋਂ ਇੱਕ ਹਿੰਦੂ ਮਹਿਲਾ ਨੂੰ ਐਮਰਜੈਂਸੀ ਇਲਾਜ ਦੀ ਲੋੜ ਸੀ ਤਾਂ ਉਸ ਨੂੰ ਇਲਾਜ ਦੇਣ ਵਾਲਾ ਇਹੋ ਮੁਸਲਮਾਨ ਡਾਕਟਰ ਸੀ।"

ਇਸੇ ਦੌਰਾਨ ਗਿਆਨ ਪ੍ਰਕਾਸ਼ ਸਨਮਾਨਿਤ ਸਮਾਜਿਕ ਅਹੁਦਿਆਂ ਉੱਪਰ ਰਹਿਣ ਦੇ ਆਪਣੇ ਕਾਗਦਜ਼ਾਤ ਸਬੂਤ ਵਜੋਂ ਦਿਖਾਉਂਦੇ ਹਨ।

ਗਿਆਨ ਪ੍ਰਕਾਸ਼ ਦੇ ਪੁੱਤਰ ਦੀਪਕ ਰਸਤੋਗੀ ਇਸ ਗੱਲ ਦਾ ਦਾਅਵਾ ਕਰਦੇ ਹਨ ਕਿ ਕਾਲੋਨੀ ਦੇ ਬਾਹਰਲੇ ਪਾਸੇ ਇੱਕ ਮੁੱਖ ਸੜਕ ਉੱਪਰ ਕਈ ਘਰ ਵਿਕ ਚੁੱਕੇ ਹਨ। ਉਨ੍ਹਾਂ ਵਿੱਚੋਂ ਕਈ ਮੁਸਲਮਾਨਾਂ ਨੇ ਖ਼ਰੀਦੇ ਹਨ।"

ਜਿਹੜੇ ਦੂਜੇ ਘਰ ਦੀ ਗੱਲ ਹੋ ਰਹੀ ਹੈ, ਉਸ ਦੇ ਮਾਲਕ ਵਿਕਾਸ ਮੋਹਨ ਅਗਰਵਾਲ ਦਾ ਰਿਹਾ ਹੈ।

ਵਿਕਾਸ ਮੋਹਨ ਵੀ ਇਹੀ ਕਹਿੰਦੇ ਹਨ ਕਿ ਉਹ ਆਰਐੱਸਐੱਸ ਨਾਲ ਜੁੜੇ ਰਹੇ ਹਨ।

ਵਿਕਾਸ ਮੋਹਨ ਅਗਰਵਾਲ ਮੁਰਾਦਾਬਾਦ ਸੁਗਮ ਸਵੀਟ ਨਾਂਅ ਦੀ ਇੱਕ ਦੁਕਾਨ ਦੇ ਵੀ ਮਾਲਕ ਹਨ।

ਇਹ ਦੁਕਾਨ ਇੱਥੋਂ ਦੀ ਇੱਕ ਨਾਮੀ ਦੁਕਾਨ ਹੈ। ਮੈਂ ਉਨ੍ਹਾਂ ਦੀ ਦੁਕਾਨ ਤੇ ਜਾ ਕੇ ਉਨ੍ਹਾਂ ਨਾਲ ਗੱਲ ਕੀਤੀ। ਉਨ੍ਹਾਂ ਨੇ ਆਪਣਾ ਘਰ ਮੁਸਲਮਾਨ ਜਣੇ ਨੂੰ ਵੇਚਣ ਦੀ ਗੱਲ ਸਵੀਕਾਰ ਕੀਤੀ।

ਉਨ੍ਹਾਂ ਦਾ ਕਹਿਣਾ ਸੀ,"ਕਰੀਬ ਡੇਢ ਮਹੀਨਾ ਪਹਿਲਾਂ ਅਸੀਂ ਆਪਣੇ ਮਕਾਨ ਦੀ ਰਜਿਸਟਰੀ ਇੱਕ ਵਿਅਕਤੀ ਕੋਲ ਕੀਤੀ ਹੈ। ਇਹ ਲਗਭਗ 162.9 ਵਰਗ ਗਜ਼ ਵਿੱਚ ਹੈ। ਇਸ ਲੇਨ ਵਿੱਚ ਕਰੀਬ 10 ਘਰ ਹਨ ਜਿਨ੍ਹਾਂ ਵਿੱਚੋਂ ਪਹਿਲਾਂ ਹੀ ਵਿਕ ਚੁੱਕੇ ਹਨ।”

“ਮੇਰਾ ਘਰ ਸੱਤਵੇਂ ਨੰਬਰ ਉੱਪਰ ਸੀ। ਚਾਰ ਸਾਲ ਤੋਂ ਇਸ ਘਰ ਨੂੰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂ ਕਿਸੇ ਨੇ ਨਹੀਂ ਲਿਆ ਤਾਂ ਮੁਸਲਮਾਨ ਸਮਾਜ ਦੇ ਇੱਕ ਐਕਸਪੋਰਟਰ ਨੇ ਇਹ ਘਰ ਖ਼ਰੀਦ ਲਿਆ। ਸਭ ਕੁਝ ਕਨੂੰਨੀ ਤਰੀਕੇ ਨਾਲ ਹੋਇਆ ਹੈ।"

'ਅਸੀਂ ਕਨੂੰਨੀ ਤੌਰ 'ਤੇ ਘਰ ਖ਼ਰੀਦੇ ਹਨ, ਗ਼ਲਤ ਕੀ ਹੈ'

ਜਿਨ੍ਹਾਂ ਲੋਕਾਂ ਨੇ ਗਿਆਨ ਪ੍ਰਕਾਸ਼ ਅਤੇ ਵਿਕਾਸ ਅਗਰਵਾਲ ਦੇ ਘਰ ਖ਼ਰੀਦੇ ਹਨ ਉਨ੍ਹਾਂ ਵਿੱਚੋਂ ਇੱਕ ਪਰਿਵਾਰ ਨਾਲ ਅਸੀਂ ਗੱਲ ਕੀਤੀ।

ਉਨ੍ਹਾਂ ਨੇ ਪਹਿਲਾਂ ਤਾਂ ਘਰ ਦੇ ਅੰਦਰੋਂ ਹੀ ਖਿੜਕੀ ਵਿੱਚੋਂ ਸਾਡੇ ਆਉਣ ਦਾ ਸਬੱਬ ਪੁੱਛਿਆ ਫਿਰ ਬੜੀ ਝਿਜਕਦਿਆਂ ਆਪਣੀ ਗੱਲ ਸ਼ੁਰੂ ਕੀਤੀ।

ਹਾਲਾਂਕਿ ਉਨ੍ਹਾਂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਮੰਗ ਕੀਤੀ।

ਉਹ ਕਹਿੰਦੇ ਹਨ,"ਦੇਖੋ ਪਤਾ ਨਹੀਂ ਕਿਉਂ ਇੰਨਾ ਹੰਗਾਮਾ ਕੀਤਾ ਜਾ ਰਿਹਾ ਹੈ। ਅਸੀਂ ਪਹਿਲੇ ਮੁਸਲਮਾਨ ਨਹੀਂ ਹਾਂ, ਇੱਥੇ ਘਰ ਖ਼ਰੀਦਣ ਵਾਲੇ। ਸਾਰੇ ਸਾਡੇ ਜਾਣਕਾਰ ਹੀ ਹਨ। ਕਲੌਨੀ ਬੀ ਬਲਾਕ ਵਿੱਚ ਹੈ ਜਦਕਿ ਅਸੀਂ ਘਰ ਐੱਚ ਬਲਾਕ ਵਿੱਚ ਖ਼ਰੀਦਿਆ ਹੈ।”

“ਮੀਡੀਆ ਹਰ ਰੋਜ਼ ਆ ਕੇ ਸਾਡੇ ਨਾਲ ਗੱਲ ਕਰਨ ਪਹੁੰਚ ਰਿਹਾ ਹੈ ਪਰ ਅਸੀਂ ਕੁਝ ਨਹੀਂ ਕਹਿ ਰਹੇ। ਸਾਰਾ ਕੁਝ ਕਾਨੂੰਨੀ ਤੌਰ ਤੇ ਹੋਇਆ ਹੈ। ਹਾਂ, ਜੇ ਇੱਥੇ ਕੋਈ ਗ਼ਲਤ ਪ੍ਰਸੰਗ ਸਾਡੇ ਬਾਰੇ ਬਣਾਇਆ ਜਾਂਦਾ ਹੈ ਤਾਂ ਅਸੀਂ ਕਨੂੰਨ ਦੀ ਸਹਾਇਤਾ ਲਵਾਂਗੇ।"

ਦੂਜੇ ਖ਼ਰੀਦਾਰ ਦਾ ਕਹਿਣਾ ਹੈ,"ਦੇਖੋ ਮੇਰੀ ਜੋ ਵੀ ਗੱਲ ਹੈ ਉਸ ਵਿੱਚ ਮੇਰਾ ਨਾਂਅ ਨਾ ਲਿਖਿਆ ਜਾਵੇ।... ਅਸੀਂ ਫਿਰਕੂ ਭਾਈਚਾਰੇ ਵਾਲੇ ਲੋਕ ਹਾਂ। ਸਮਾਜਿਕ ਕੰਮ ਨਾਲ ਜੁੜੀਆਂ ਸੰਸਥਾਵਾਂ ਨਾਲ ਵੀ ਜੁੜਿਆ ਹੋਇਆ ਹਾਂ। ਮੈਂ ਘਰ ਲੈਣ ਤੋਂ ਪਹਿਲਾਂ ਮਾਲਕ ਨੂੰ ਇਸ ਬਾਰੇ ਕਿਹਾ ਸੀ ਕਿ ਮੇਰਾ ਇੱਥੇ ਆਉਣ ਬਾਰੇ ਕਿਸੇ ਨੂੰ ਕੋਈ ਇਤਰਾਜ਼ ਤਾਂ ਨਹੀਂ ਹੋਵੇਗਾ।”

“ਹਾਲਾਂਕਿ, ਇਸ ਲਾਈਨ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਸਾਡੇ ਭਾਈਚਾਰੇ ਦੇ ਲੋਕ ਰਹਿ ਰਹੇ ਹਨ। ਸਭ ਕੁਝ ਸੰਵਿਧਾਨਕ ਤੌਰ 'ਤੇ ਹੋਇਆ ਹੈ। ਇਹ ਘਰ ਵੀ ਮੁੱਖ ਸੜਕ 'ਤੇ ਹੈ।”

ਇਸੇ ਗਲੀ ਵਿੱਚ ਇੱਕ ਮੁਸਲਮਾਨ ਚਕਿਤਸਕ ਸਯਦ ਮੁਹੰਮਦ ਰਜ਼ੀ ਦਾ ਦਵਾਖਾਨਾ ਹੈ।

ਇੱਕ ਹੋਰ ਮੁਸਲਮਾਨ ਵਿਅਕਤੀ ਦਾ ਸ਼ੇਅਰ ਬਜ਼ਾਰ ਦੇ ਕਾਰੋਬਾਰ ਦਾ ਦਫ਼ਤਰ ਹੈ।

ਉਨ੍ਹਾਂ ਬਾਰੇ ਆਪ ਕਲੌਨੀ ਵਾਲਿਆਂ ਨੇ ਕਿਸੇ ਕਿਸਮ ਦਾ ਇਤਰਾਜ਼ ਨਾ ਹੋਣ ਦੀ ਗੱਲ ਕਹੀ ਹੈ।

ਉੱਥੇ ਹੀ ਖ਼ਰੀਦਾਰ ਦੇ ਇੱਕ ਰਿਸ਼ਤੇਦਾਰ ਓਵੈਸ ਸਰਤਾਜ ਕਹਿੰਦੇ ਹਨ,"ਅਸੀਂ ਕੋਈ ਡੇਢ ਸਾਲ ਪਹਿਲਾਂ ਇੱਥੇ ਘਰ ਖ਼ਰੀਦਿਆ ਸੀ। ਸਾਰੇ ਜਣੇ ਮਿਲ-ਜੁਲ ਕੇ ਰਹਿੰਦੇ ਹਨ। ਸਾਥੋਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ।"

'ਲਾਲਚ ਵੱਸ ਵਿਕੇ ਕੁਝ ਘਰ, ਭੂਮਾਫ਼ੀਆ ਸਰਗਰਮ'

ਲਾਜਪਤ ਨਗਰ ਦੀ ਮਹਿਲਾ ਐੱਮਸੀ ਪੂਨਮ ਬਾਂਸਲ ਕਹਿੰਦੇ ਹਨ,"ਇਲਾਕੇ ਵਿੱਚ ਭੂਮਾਫ਼ੀਆ ਸਰਗਰਮ ਹੈ। ਲਾਲਚ ਦੇ ਚੱਕਰ ਵਿੱਚ ਕੁਝ ਲੋਕਾਂ ਨੇ ਵਿਸ਼ੇਸ਼ ਭਾਈਚਾਰੇ ਦੇ ਲੋਕਾਂ ਨੂੰ ਘਰ ਵੇਚ ਦਿੱਤੇ ਹਨ।"

ਪੂਨਮ ਬਾਂਸਲ ਲਾਲਚ ਦਾ ਇਲਜ਼ਾਮ ਲਾਉਂਦੇ ਹਨ। ਹਾਲਾਂਕਿ ਮਕਾਨ ਵੇਚਣ ਵਾਲੇ ਖ਼ੁਦ ਕਹਿੰਦੇ ਹਨ ਉਨ੍ਹਾਂ ਨੂੰ ਚਾਰ ਸਾਲਾਂ ਵਿੱਚ ਘਰ ਦਾ ਕੋਈ ਖ਼ਰੀਦਾਰ ਨਹੀਂ ਮਿਲ ਰਿਹਾ ਸੀ। ਇਸ ਲਈ ਉਨ੍ਹਾਂ ਨੇ ਜੋ ਖ਼ਰੀਦਣ ਲਈ ਤਿਆਰ ਸੀ ਉਸ ਨੂੰ ਵੇਚ ਦਿੱਤਾ।

ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਰਿਆਂ ਦੇ ਸਾਥ ਸਾਰਿਆਂ ਦੇ ਵਿਕਾਸ ਦੇ ਨਾਅਰੇ ਦਾ ਹਵਾਲਾ ਵੀ ਦਿੰਦੇ ਹਨ।

ਮਾਮਲੇ ਬਾਰੇ ਪੂਨਮ ਬਾਂਸਲ ਦਾ ਕਹਿਣਾ ਹੈ,"ਪ੍ਰਸ਼ਾਸਨਿਕ ਅਫ਼ਸਰ ਇੱਥੇ ਪਹੁੰਚੇ ਸਨ। ਖ਼ਰੀਦਣ ਵਾਲੇ ਅਤੇ ਵੇਚਣ ਵਾਲਿਆਂ ਨਾਲ ਗੱਲ ਕੀਤੀ ਜਾਵੇਗੀ। ਆਸ਼ਾ ਹੈ ਛੇਤੀ ਹੀ ਮਾਮਲੇ ਦਾ ਹੱਲ ਨਿਕਲ ਜਾਵੇਗਾ।"

ਲਾਜਪਤ ਨਗਰ ਵਿੱਚ ਅਬਾਦੀ ਦੀ ਸਥਿਤੀ

ਸਾਬਕਾ ਐੱਮਸੀ ਵਿਵੇਕ ਸ਼ਰਮਾ ਇਸ ਬਾਰੇ ਕਹਿੰਦੇ ਹਨ,"ਲਾਜਪਤ ਨਗਰ ਦੀ ਅਬਾਦੀ ਕਰੀਬ 25 ਹਜ਼ਾਰ ਹੈ। ਵੋਟਾਂ ਦੀ ਗੱਲ ਕਰੀਏ ਤਾਂ ਇਹ ਸੰਖਿਆ ਕੋਈ ਦਸ ਹਜ਼ਾਰ ਦੇ ਆਸਪਾਸ ਹੈ। 70 ਫ਼ੀਸਦੀ ਅਬਾਦੀ ਹਿੰਦੂਆਂ ਦੀ ਹੈ ਜਦਕਿ ਤੀਹ ਫ਼ੀਸਦੀ ਵਸੋਂ ਮੁਸਲਮਾਨਾਂ ਦੀ ਹੈ।"

ਮੌਜੂਦਾ ਮਹਿਲਾ ਐੱਮਸੀ ਪੂਨਮ ਬਾਂਸਲ ਵੀ ਇਸ ਦੀ ਪੁਸ਼ਟੀ ਕਰਦੇ ਹਨ। ਇਸ ਕਲੌਨੀ ਵਿੱਚ ਜਿੱਥੇ ਇਹ ਸਾਰਾ ਵਿਵਾਦ ਬਣਿਆ ਹੋਇਆ ਹੈ, ਉੱਥੇ ਹੀ ਸਾਹਮਣੇ ਵਾਲੀ ਸੜਕ ਉੱਪਰ ਕਈ ਮੁਸਲਮਾਨ ਪਰਿਵਾਰ ਵੀ ਰਹਿੰਦੇ ਹਨ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)