You’re viewing a text-only version of this website that uses less data. View the main version of the website including all images and videos.
#NationalUnemploymentDay: ਪੀਐੱਮ ਮੋਦੀ ਦੇ ਜਨਮ ਦਿਨ ਮੌਕੇ 'ਰਾਸ਼ਟਰੀ ਬੇਰੁਜ਼ਗਾਰ ਦਿਵਸ' ਦਾ ਰੌਲਾ ਕਿਉਂ?
ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 70ਵਾਂ ਜਨਮ ਦਿਨ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਨਾਲ ਜੁੜੇ ਬਹੁਤ ਸਾਰੇ ਟਰੈਂਡ ਚੱਲ ਰਹੇ ਹਨ।
ਪਰ ਪ੍ਰਧਾਨ ਮੰਤਰੀ ਮੋਦੀ ਨੇ ਜਨਮ ਦਿਨ 'ਤੇ ਰਾਸ਼ਟਰੀ ਬੇਰੁਜ਼ਗਾਰ ਦਿਵਸ ਕਿਉਂ ਟਰੈਂਡ ਹੋ ਰਿਹਾ ਹੈ?
ਇਹ ਵੀ ਪੜ੍ਹੋ-
ਦਰਅਸਲ, ਇਹ ਭਾਰਤੀ ਨੌਜਵਾਨਾਂ, ਖ਼ਾਸ ਕਰਕੇ ਭਾਰਤੀ ਵਿਦਿਆਰਥੀਆਂ ਦੇ ਵਿਰੋਧ ਅਤੇ ਮੰਗਾਂ ਦਾ ਨਤੀਜਾ ਹੈ।
ਕੋਰੋਨਾ ਮਹਾਮਾਰੀ ਦੇ ਦੌਰ 'ਚ ਭਾਰਤ ਦਾ ਅਰਥਚਾਰਾ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।
ਬੇਰੁਜ਼ਗਾਰੀ ਦੀ ਮਾਰ, ਨੌਜਵਾਨ ਬੇਹਾਲ
ਨੈਸ਼ਨਲ ਸਟੈਟਿਸਟਿਕ ਆਫਿਸ ਮੁਤਾਬਕ ਇਸ ਸਾਲ ਅਪ੍ਰੈਲ-ਜੂਨ ਤਿਮਾਹੀ 'ਚ ਦੇਸ਼ ਦੀ ਜੀਡੀਪੀ 'ਚ 23.9 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ ਸੀ, ਜੋ ਪਿਛਲੇ 40 ਸਾਲਾਂ 'ਚ ਸਭ ਤੋਂ ਵੱਡੀ ਗਿਰਾਵਟ ਹੈ।
ਲੌਕਡਾਊਨ ਅਤੇ ਆਰਥਿਕ ਸੁਸਤੀ ਕਾਰਨ ਲੱਖਾਂ ਨੂੰ ਆਪਣੀ ਨੌਕਰੀ ਤੋਂ ਹੱਥ ਧੋਣਾ ਪੈ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਲੋਕਾਂ ਦਾ ਰੁਜ਼ਗਾਰ ਠੱਪ ਹੋ ਗਿਆ ਹੈ।
ਸੈਂਟਰ ਫਾਰ ਇੰਡੀਅਨ ਇਕੋਨਾਮੀ (ਸੀਐੱਮਆਈਈ) ਦੇ ਅੰਕੜਿਆਂ ਮੁਤਾਬਕ, ਲੌਕਡਾਊਨ ਲੱਗਣ ਦੇ ਇੱਕ ਮਹੀਨੇ ਬਾਅਦ ਤੋਂ ਹੀ ਕਰੀਬ 12 ਲੋਕ ਆਪਣੇ ਕੰਮ ਤੋਂ ਹੱਥ ਗੁਆ ਚੁੱਕੇ ਸਨ। ਵਧੇਰੇ ਲੋਕ ਅਸੰਗਠਿਲ ਅਤੇ ਪੇਂਡੂ ਖੇਤਰ ਤੋਂ ਹਨ।
ਸੀਐੱਮਆਈਈ ਦੇ ਮੁਲੰਕਣ ਮੁਤਾਬਕ, ਤਨਖ਼ਾਹ 'ਤੇ ਕੰਮ ਕਰਨ ਵਾਲੇ ਸੰਗਠਿਤ ਖੇਤਰ ਵਿੱਚ 1.9 ਕਰੋੜ ਲੋਕਾਂ ਨੇ ਆਪਣੀਆਂ ਨੌਕਰੀਆਂ ਲੌਕਡਾਊਨ ਦੌਰਾਨ ਗੁਆਈਆਂ ਹਨ।
ਕੌਮਾਂਤਰੀ ਕਿਰਤ ਸੰਗਠਨ ਅਤੇ ਏਸ਼ੀਅਨ ਡੈਵਲਪਮੈਂਟ ਬੈਂਕ ਦੀ ਇੱਕ ਹੋਰ ਰਿਪੋਰਟ ਮੁਤਾਬਕ ਇਹ ਅੰਦਾਜ਼ਾ ਲਗਾਇਆ ਹੈ ਕਿ 30 ਸਾਲ ਤੋਂ ਘੱਟ ਉਮਰ ਦੇ ਕਰੀਬ 40 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀਆਂ ਨੌਕਰੀਆਂ ਮਹਾਂਮਾਰੀ ਕਰਕੇ ਗੁਆਈਆਂ ਹਨ।
15 ਤੋਂ 24 ਸਾਲ ਦੇ ਲੋਕਾਂ 'ਤੇ ਸਭ ਤੋਂ ਵੱਧ ਅਸਰ ਪਿਆ ਹੈ।
ਵਿਦਿਆਰਥੀਆਂ ਦੀ ਵਧਦੀ ਨਾਰਾਜ਼ਗੀ
ਆਰਥਿਕ ਸੁਸਤੀ ਅਤੇ ਬੇਰੁਜ਼ਗਾਰੀ ਦੀ ਉੱਚੀ ਦਰ ਵਿਚਾਲੇ ਭਾਰਤੀ ਨੌਜਵਾਨ ਸਰਕਾਰ ਪ੍ਰਤੀ ਆਪਣੀ ਨਾਰਾਜ਼ਗੀ ਲਗਾਤਾਰ ਜ਼ਾਹਿਰ ਕਰ ਰਹੇ ਹਨ।
ਇਸ ਨਾਰਾਜ਼ਗੀ ਦਾ ਅਸਰ ਭਾਰਤੀ ਸੋਸ਼ਲ ਮੀਡੀਆ ਵਿੱਚ, ਖ਼ਾਸ ਕਰਕੇ ਟਵਿੱਟਰ 'ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਕੁਝ ਹਫ਼ਤਿਆਂ ਤੋਂ ਭਾਰਤੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਸਰਕਾਰ ਦੇ ਖ਼ਿਲਾਫ਼ ਆਪਣੀ ਮੁਹਿੰਮ ਸੋਸ਼ਲ ਮੀਡੀਆ 'ਤੇ ਤੇਜ਼ ਕਰ ਦਿੱਤੀ ਹੈ।
ਬੇਰੁਜ਼ਗਾਰੀ ਦੇ ਨਾਲ-ਨਾਲ ਵਿਦਿਆਰਥੀ ਐੱਸਐੱਸਪੀ ਵਰਗੀਆਂ ਪ੍ਰੀਖਿਆਵਾਂ ਤੈਅ ਸਮੇਂ 'ਤੇ ਨਾ ਹੋਣ ਅਤੇ ਨੌਕਰੀਆਂ ਲਈ ਤੈਅ ਸਮੇਂ 'ਤੇ ਨਿਯੁਕਤੀ ਨਾ ਹੋਣ ਤੋਂ ਵੀ ਖ਼ਫ਼ਾ ਹਨ।
ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮੰਗ ਹੈ ਕਿ ਜੋ ਭਰਤੀਆਂ ਕੱਢੀਆਂ ਜਾਣ, ਉਨ੍ਹਾਂ ਦੀਆਂ ਪ੍ਰੀਖਿਆਵਾਂ ਛੇਤੀ ਹੋਣ ਅਤੇ ਉਨ੍ਹਾਂ ਦੇ ਨਤੀਜੇ ਛੇਤੀ ਆ ਜਾਣ।
ਇਸ ਤੋਂ ਇਲਾਵਾ ਕਈ ਸੰਸਥਾਨਾਂ ਵਿੱਚ ਬੇਤਹਾਸ਼ਾ ਫ਼ੀਸ ਵਾਧੇ ਤੋਂ ਪਰੇਸ਼ਾਨ ਵਿਦਿਆਰਥੀ ਵੀ ਸਰਕਾਰ ਨੂੰ ਸੁਣਵਾਈ ਦੀ ਗੁਹਾਰ ਲਗਾ ਰਹੇ ਹਨ।
ਇਸ ਤੋਂ ਪਹਿਲਾਂ 9 ਸਤੰਬਰ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਨੌਜਵਾਨਾਂ ਨੇ ਰਾਤ 9 ਵਜ ਕੇ 9 ਮਿੰਟ 'ਤੇ ਟਾਰਚ, ਮੋਬਾਈਲ ਫਲੈਸ਼ ਅਤੇ ਦੀਵੇ ਬਾਲ ਕੇ ਸੰਕੇਤਕ ਤੌਰ 'ਤੇ ਆਪਣਾ ਵਿਰੋਧ ਜ਼ਾਹਿਰ ਕੀਤਾ ਸੀ।
ਇਸੇ ਮੁੰਹਿਮ ਨੂੰ ਅੱਗੇ ਵਧਾਉਂਦਿਆਂ ਹੋਇਆ ਹੁਣ ਕਈ ਨੌਜਵਾਨ ਅਤੇ ਵਿਦਿਆਰਥੀ ਸੰਗਠਨ 17 ਸਤੰਬਰ ਯਾਨਿ ਪ੍ਰਧਾਨਮੰਤਰੀ ਮੋਦੀ ਦੇ ਜਨਮ ਦਿਨ 'ਤੇ #NationalUnemploymentDay ਟਰੈਂਡ ਕਰਵਾ ਕੇ ਸੰਕੇਤਕ ਤੌਰ 'ਤੇ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ।
ਨੌਜਵਾਨਾਂ ਦੀ ਇਸੇ ਮੁਹਿੰਮ ਨੂੰ ਕਈ ਵਿਰੋਧੀ ਧਿਰਾਂ ਅਤੇ ਵੱਖ-ਵੱਖ ਸੰਗਠਨਾਂ ਦਾ ਸਮਰਥਨ ਹਾਸਿਲ ਹੈ।
ਇਸ ਦੌਰਾਨ ਨੌਜਵਾਨ ਵਿਦਿਆਰਥੀ #NationalUnemploymentDay ਹੈਸ਼ਟੈਗ ਦੇ ਨਾਲ ਆਪਣੀਆਂ ਮੰਗਾਂ ਸਰਕਾਰ ਦੇ ਸਾਹਮਣੇ ਰੱਖ ਰਹੇ ਹਨ।
ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਮੀਮਸ ਅਤੇ ਵੱਖ-ਵੱਖ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ।
ਕਈ ਵਿਦਿਆਰਥੀਆਂ ਨੇ ਟਵਿੱਟਰ ਹੈਂਡਲ 'ਤੇ ਆਪਣੇ ਨਾਮ ਦੇ ਅੱਗੇ 'ਬੇਰੁਜ਼ਗਾਰ' ਸ਼ਬਦ ਵੀ ਜੋੜ ਲਿਆ ਹੈ।
ਹੰਸਰਾਜ ਮੀਣਾ ਨੇ ਟਵੀਟ ਕੀਤਾ ਹੈ, 'ਮੋਦੀ ਜੀ, ਨੌਜਵਾਨਾਂ ਦੇ ਭਵਿੱਖ ਨਾਲ ਨਾ ਖੇਡੋ।'
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਅਤੇ ਭਾਜਪਾ ਦੇ ਕਈ ਵੀਡੀਓਜ਼ ਨੂੰ ਯੂਟਿਊਬ 'ਤੇ ਵੱਡੀ ਗਿਣਤੀ ਵਿੱਚ ਡਿਸਲਾਈਕਸ ਮਿਲਣ ਪਿੱਛੇ ਵੀ ਵਿਦਿਆਰਥੀਆਂ ਦੇ ਗੁੱਸੇ ਦਾ ਕਾਰਨ ਦੱਸਿਆ ਜਾ ਰਿਹਾ ਸੀ।
ਹਾਲਾਂਕਿ, ਪਾਰਟੀ ਦੇ ਆਈਟੀ ਸੈੱਲ ਦੇ ਮੁੱਖੀ ਅਮਿਤ ਮਾਲਵੀਆ ਨੇ ਇਸ ਲਈ ਕਾਂਗਰਸ ਦੀ ਸਾਜਿਸ਼ ਅਤੇ ਤੁਰਕੀ ਦੇ ਬੋਟਸ ਨੂੰ ਜ਼ਿੰਮੇਵਾਰ ਦੱਸਿਆ ਹੈ।
ਇਹ ਵੀ ਪੜ੍ਹੋ-
ਇਹ ਵੀ ਵੇਖੋ