ਦਵਿੰਦਰ ਸਿੰਘ ਖ਼ਿਲਾਫ਼ ਚਾਰਜਸ਼ੀਟ ਵਿੱਚ ਕੀ ਕਿਹਾ ਗਿਆ ਹੈ? -ਪ੍ਰੈੱਸ ਰਿਵੀਊ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 3 ਮਿੰਟ

ਜੰਮੂ ਕਸ਼ਮੀਰ ਦੇ ਅਹੁਦੇ ਤੋਂ ਬਰਖ਼ਾਸਤ ਡੀਐੱਸਪੀ ਦਵਿੰਦਰ ਸਿੰਘ ਖ਼ਿਲਾਫ਼ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਉਸ ਨੇ ਨਾ ਸਿਰਫ ਅੱਤਵਾਦੀਆਂ ਨੂੰ ਬਚਣ ਵਿੱਚ ਮਦਦ ਕੀਤੀ ਅਤੇ ਭਾਰਤੀ ਸੁਰੱਖਿਆ ਦਸਤਿਆਂ ਦੀ ਤੈਨਾਤੀ ਬਾਰੀ ਜਾਣਕਾਰੀ ਲੀਕ ਕੀਤੀ ਸਗੋਂ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਨੂੰ ਆਪਣੀ ਗ੍ਰਿਫ਼ਤਾਰੀ ਤੋਂ ਇੱਕ ਦਿਨ ਪਹਿਲਾ ਜੰਮੂ-ਕਸ਼ਮੀਰ ਪੁਲਿਸ ਦੇ ਗੈਸਟ ਹਾਊਸ ਵਿੱਚ ਪਨਾਹ ਵੀ ਦਵਾਈ ਸੀ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਚਾਰਜਸ਼ੀਟ ਪਿਛਲੇ ਮਹੀਨੇ ਦਾਇਰ ਕੀਤੀ ਗਈ ਹੈ। ਅਖ਼ਬਾਰ ਨੇ ਇਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਦਵਿੰਦਰ ਸਿੰਘ ਹਿਜ਼ਬੁਲ ਮੁਜਾਹਿਦੀਨ ਤੋਂ ਇਲਾਵਾ ਪਾਕਿਸਤਾਨ ਦੀ ਇਸਟੈਬਲਿਸ਼ਮੈਂਟ ਨਾਲ ਵੀ ਇਸਲਾਮਾਬਾਦ ਦੇ ਦਿੱਲੀ ਸਥਿਤ ਹਾਈ ਕਮਿਸ਼ਨ ਦੇ ਇੱਕ ਮੁਲਾਜ਼ਮ ਸ਼ਫ਼ਕਤ ਜਤੋਈ ਉਰਫ਼ ਹੁਸੈਨ ਰਾਹੀਂ ਰਾਬਤੇ ਵਿੱਚ ਸੀ।

ਅਖ਼ਬਾਰ ਨੇ ਚਾਰਜਸ਼ੀਟ ਦੇ ਹਵਾਲੇ ਨਾਲ ਲਿਖਿਆ ਹੈ ਕਿ ਦੋਵੇਂ ਜਣੇ ਮੈਸਿਜਿੰਗ ਐਪਲੀਕੇਸ਼ਨ ਰਾਹੀਂ ਆਪਸ ਵਿੱਚ ਜੁੜੇ ਹੋਏ ਸਨ ਅਤੇ ਦਵਿੰਦਰ ਸਿੰਘ ਨੇ ਹੁਸੈਨ ਦਾ ਨੰਬਰ "ਪਾਕ ਭਾਈ" ਦੇ ਨਾਂਅ ਨਾਲ ਮੋਬਾਈਲ ਵਿੱਚ ਭਰਿਆ ਹੋਇਆ ਸੀ।

ਹੁਸੈਨ ਦਵਿੰਦਰ ਸਿੰਘ ਦੀ ਵਰਤੋਂ ਭਾਰਤ ਦੇ ਵਿਦੇਸ਼ ਮੰਤਰਾਲਾ ਸਮੇਤ ਸਰਕਾਰ ਦੇ ਦੂਜੇ ਹਿੱਸਿਆਂ ਵਿੱਚ ਕੋਈ ਸੂਤਰ ਪਤਾ ਲਗਾਉਣ ਲਈ ਕਰ ਰਿਹਾ ਸੀ।

ਇਹ ਵੀ ਪੜ੍ਹੋ:

ਸੀਰੋ ਸਰਵੇ: ਦਿੱਲੀ ਵਿੱਚ 10 ਮਗਰ 3 ਵਿੱਚ ਕੋਵਿਡ-19 ਖ਼ਿਲਾਫ਼ ਐਂਟੀਬਾਡੀਜ਼

ਸੀਰੋ ਸਰਵੇਖਣ ਲਈ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਰੈਂਡਮ ਤਰੀਕੇ ਨਾਲ 15 ਹਜ਼ਾਰ ਲੋਕਾਂ ਦਾ ਸਰਵੇ ਕੀਤਾ ਗਿਆ ਅਤੇ ਸਾਹਮਣੇ ਆਇਆ ਕਿ ਲਗਭਗ 30% ਵਸੋਂ ਨੂੰ ਕੋਵਿਡ ਹੋ ਕੇ ਬਿਨਾਂ ਪੱਤਾ ਲੱਗਿਆਂ ਠੀਕ ਵੀ ਹੋ ਚੁੱਕਿਆ ਹੈ।

ਇਸ ਦੂਜੇ ਸਰਵੇ ਮੁਤਾਬਕ ਜੁਲਾਈ ਅਤੇ ਅਗਸਤ ਦੇ ਸ਼ੁਰੂਆਤੀ ਦਿਨਾਂ ਦੌਰਾਨ ਘੱਟੋ-ਘੱਟ 12 ਲੱਖ ਜਣੇ ਬਿਮਾਰੀ ਤੋਂ ਗੁਪਤੋ-ਗੁਪਤੀ ਹੀ ਠੀਕ ਹੋ ਚੁੱਕੇ ਹਨ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਡੇਟਾ ਮੁਤਾਬਕ ਲਾਗ ਔਰਤਾਂ (32.2%) ਵਿੱਚ ਮਰਦਾਂ (28.3%) ਨਾਲੋਂ ਵਧੇਰੇ ਫ਼ੈਲੀ ਹੋ ਸਕਦੀ ਹੈ।

ਜਦਕਿ 0 ਤੋਂ 18 ਸਾਲ ਦੇ ਉਮਰ ਵਰਗ ਦੇ ਲੋਕਾਂ ਵਿੱਚ ਪੁਰਾਣੀ ਲਾਗ ਦੀ ਦਰ 34.7% ਦੇਖੀ ਗਈ 18-50 ਸਾਲ ਦੇ ਵਰਗ ਵਿੱਚ 28.5% ਅਤੇ 50 ਸਾਲ ਤੋਂ ਵੱਡੇ ਲੋਕਾਂ ਵਿੱਚ ਇਹੀ ਦਰ 31.2%. ਦੇਖੀ ਗਈ।

ਪੰਜਾਬ ਵਿੱਚ ਸੀਰੋ ਸਰਵੇਖਣ ਦੇ ਨਤੀਜੇ ਦੇਖਣ ਲਈ ਇੱਥੇ ਕਲਿਕ ਕਰੋ।

ਫ਼ੇਸਬੁੱਕ ਨੂੰ ਪਾਰਲੀਮਾਨੀ ਪੈਨਲ ਨੇ ਕੀਤਾ ਤਲਬ

ਭਾਰਤੀ ਪਾਰਲੀਮੈਂਟ ਦੀ ਸੂਚਨਾ ਤਕਨੌਲੋਜੀ ਬਾਰੇ ਸਟੈਂਡਿੰਗ ਕਮੇਟੀ ਨੇ ਭਾਜਪਾ ਖ਼ਿਲਾਫ਼ ਨਫ਼ਰਤੀ ਭਾਸ਼ਣ ਬਾਬਤ ਫ਼ੇਸਬੁੱਕ ਵੱਲੋਂ ਆਪਣੇ ਨੇਮ-ਕਾਇਦੇ ਲਾਗੂ ਨਾ ਕਰਨ ਬਾਰੇ ਕੰਪਨੀ ਨੂੰ 2 ਸਤੰਬਰ ਨੂੰ ਪੇਸ਼ ਹੋਣ ਦੇ ਸੰਮਨ ਜਾਰੀ ਕੀਤੇ ਹਨ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਇਸ ਤੋਂ ਇੱਕ ਦਿਨ ਪਹਿਲਾਂ ਪੈਨਲ ਵੱਲੋਂ ਜੰਮੂ ਕਸ਼ਮੀਰ ਵਿੱਚ ਇੰਟਰਨੈੱਟ ਸ਼ਟਡਾਊਨ ਬਾਰੇ ਵਿਚਾਰ ਕੀਤਾ ਗਿਆ।

ਪੈਨਲ ਨੇ ਸੁਣਵਾਈ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਤੋਂ ਇਲਾਵਾ ਭਾਰਤ ਦੀ ਮਨਿਸਟਰੀ ਆਫ਼ ਇਲੈਕਟਰੌਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਦੇ ਨੁਮਾਇੰਦਿਆਂ ਨੂੰ ਵੀ ਹਾਜ਼ਰ ਰਹਿਣ ਨੂੰ ਕਿਹਾ ਹੈ ਤਾਂ ਜੋ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਅਤੇ ਸੋਸ਼ਲ-ਮੀਡੀਆ ਅਤੇ ਔਨਲਾਈਨ ਨਿਊਜ਼ ਪਲੇਟਫਾਰਮਾਂ ਦੀ ਦੁਰਵਰਤੋਂ ਰੋਕਣ ਬਾਰੇ ਵਿਚਾਰਿਆ ਜਾ ਸਕੇ।

ਇਹ ਨੋਟੀਫਿਕੇਸ਼ਨ ਉਸ ਦਿਨ ਜਾਰੀ ਕੀਤਾ ਗਿਆ ਜਦੋਂ ਭਾਜਪਾ ਦੇ ਇੱਕ ਸੰਸੰਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਕਾਂਗਰਸੀ ਆਗੂ ਸ਼ਸ਼ੀ ਥਰੂਰ ਨੂੰ ਪੈਨਲ ਦੇ ਚੇਅਰਮੈਨ ਦੇ ਅਹੁਦੇ ਤੋਂ ਇਹ ਕਹਿੰਦਿਆਂ ਹਟਾਉਣ ਦੀ ਮੰਗ ਕੀਤੀ ਕਿ ਉਹ ਇਸ ਦੀ ਵਰਤੋਂ ਸਿਆਸੀ ਮੁਫ਼ਾਦ ਲਈ ਕਰ ਰਹੇ ਹਨ।

ਕੁੜੀ ਦੇ ਫੁੱਲ ਤੋੜਨ ਤੋਂ 40 ਦਲਿਤ ਪਰਿਵਾਰਾਂ ਦਾ ਬਾਈਕਾਟ

ਓਡੀਸ਼ਾ ਦੇ ਦੇਨਮਕਨਾਲ ਜ਼ਿਲ੍ਹੇ ਦੇ ਕਨਟੋਈ ਕਟੇਨੀ ਪਿੰਡ ਵਿੱਚ 40 ਦਲਿਤ ਪਰਿਵਾਰ ਪਿਛਲੇ ਦੋ ਹਫ਼ਤਿਆਂ ਤੋਂ ਸਮਾਜਿਕ ਬਾਈਕਾਟ ਵਿੱਚ ਰਹਿ ਰਹੇ ਹਨ।

ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਦੋ ਮਹੀਨੇ ਪਹਿਲਾਂ ਪਿੰਡ ਦੀ ਇੱਕ 15 ਸਾਲਾ ਕੁੜੀ ਨੇ ਪਿੰਡ ਦੇ ਇੱਕ ਉੱਚੀ ਜਾਤ ਨਾਲ ਸੰਬੰਧਿਤ ਵਿਅਕਤੀ ਦੇ ਘਰ ਦੀ ਬਗੀਚੀ ਵਿੱਚੋਂ ਫੁੱਲ ਤੋੜੇ ਸਨ।

ਇਸ ਦਾ ਇੱਕ ਪਰਿਵਾਰ ਵੱਲੋਂ ਵਿਰੋਧ ਕੀਤਾ ਗਿਆ। ਗੱਲ ਵਧਦੀ ਵਧਦੀ ਪਿੰਡ ਵਿੱਚ ਰਹਿ ਰਹੇ 40 ਦਲਿਤ ਪਰਿਵਾਰਾਂ ਦਾ ਬਾਈਕਾਟ ਕਰਨ ਤੱਕ ਪਹੁੰਚ ਗਈ।

ਪਿੰਡ ਦੇ ਰਾਸ਼ਨ ਡੀਪੋ ਵਾਲਾ ਇਨ੍ਹਾਂ ਨੂੰ ਜ਼ਰੂਰੀ ਵਸਤਾਂ ਤੱਕ ਨਹੀਂ ਵੇਚ ਰਿਹਾ ਅਤੇ ਪਿੰਡ ਵਾਲਿਆਂ ਨੇ ਭਾਈਚਾਰੇ ਦੇ ਲੋਕਾਂ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਹੈ। ਦਲਿਤ ਭਾਈਚਾਰੇ ਵੱਲੋਂ ਪ੍ਰਸ਼ਾਸਨ ਨੂੰ ਇਸ ਬਾਰੇ ਮੈਮੋਰੈਂਡਮ ਦਿੱਤਾ ਗਿਆ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)