ਕੋਰੋਨਾਵਾਇਰਸ: 'ਕੀ ਸਰਕਾਰ ਸਿਆਸਤਦਾਨਾਂ ਵੱਲੋਂ ਕੀਤੇ ਜਨਤਕ ਇਕੱਠਾਂ ਖਿਲਾਫ ਕਾਰਵਾਈ ਕਰੇਗੀ'

    • ਲੇਖਕ, ਸ਼ੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

''ਕੋਰੋਨਾ 'ਤੇ ਸਰਕਾਰ ਜੋ ਡਰਾਮੇਬਾਜ਼ੀ ਕਰ ਰਹੀ ਹੈ। ਮੈਂ ਉਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹਾਂ।" ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਪਿੰਡ ਕੋਟੜਾ ਕਲਾਂ ਦੇ ਰਹਿਣ ਵਾਲੇ ਕਿਸਾਨ ਬਲਵੀਰ ਸਿੰਘ ਨੇ ਸੁਸਾਈਡ ਨੋਟ ਵਿੱਚ ਇਹ ਲਿਖਿਆ ਹੈ।

ਉਸ ਨੇ ਸੋਮਵਾਰ ਨੂੰ ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਕਥਿਤ ਤੌਰ 'ਤੇ ਕੋਈ ਜ਼ਹਿਰਲੀ ਚੀਜ਼ ਨਿਗਲ ਕੇ ਆਤਮ-ਹੱਤਿਆ ਕਰ ਲਈ ਸੀ।

ਬਲਵੀਰ ਸਿੰਘ ਨੇ ਸੁਸਾਈਡ ਨੋਟ ਵਿੱਚ ਅੱਗੇ ਲਿਖਿਆ ਹੈ, "ਮੇਰੇ ਭੋਗ 'ਤੇ ਇਕੱਠ ਕਰਨ ਦੀ ਲੋੜ ਨਹੀਂ ਹੈ। ਮੇਰੇ ਭੋਗ 'ਤੇ ਕੀਰਤਨ ਵਾਲੇ ਨਹੀਂ ਚਾਹੀਦੇ।"

ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਪਿੰਡ ਕੋਟੜਾ ਦੇ ਦੌਰੇ ਬਾਰੇ ਉਨ੍ਹਾਂ ਲਿਖਿਆ ਹੈ, 'ਜਦੋਂ ਉਸ ਨੂੰ ਪਤਾ ਸੀ ਕਿ ਉਹ ਬਿਮਾਰ ਹਨ ਤਾਂ ਫਿਰ ਕੋਟੜਾ ਪਿੰਡ ਜਾਣ ਦੀ ਕੀ ਲੋੜ ਸੀ'।

ਇਹ ਵੀ ਪੜ੍ਹੋ:

ਕਾਂਗੜ ਹਾਲ ਹੀ ਵਿੱਚ ਪਿੰਡ ਕੋਟੜਾ ਆਏ ਸੀ। ਉਨ੍ਹਾਂ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੋਟੜਾ ਕਲਾਂ ਦਾ ਉਦਘਾਟਨ ਕੀਤਾ ਸੀ।

ਇਸ ਮੌਕੇ ਉਨ੍ਹਾਂ ਨੇ 12ਵੀਂ ਜਮਾਤ ਵਿੱਚੋਂ 98% ਤੋਂ ਵੱਧ ਅੰਕ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਨੂੰ 5100 ਰੁਪਏ ਦੇ ਚੈੱਕ ਵੀ ਦਿੱਤੇ ਸਨ।

ਕੋਰੋਨਾਵਾਇਰਸ ਤੋਂ ਪ੍ਰਭਾਵਿਤ ਆਗੂ

ਗੁਰਪ੍ਰੀਤ ਸਿੰਘ ਕਾਂਗੜ ਦੀ ਕੋਵਿਡ-19 ਰਿਪੋਰਟ ਪੌਜ਼ਿਟਿਵ ਆਈ ਹੈ। ਉਨ੍ਹਾਂ ਨਾਲ ਮੰਚ ਸਾਂਝਾ ਕਰਨ ਵਾਲੇ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਦੀ ਕੋਵਿਡ-19 ਰਿਪੋਰਟ ਪੌਜ਼ਿਟਿਵ ਆਈ ਹੈ।

ਗੱਲ ਇਕੱਲੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਨਹੀਂ ਹੈ।

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੀ ਕੋਰੋਨਾਵਾਇਰਸ ਤੋਂ ਪੀੜਤ ਹਨ। ਉਨਾਂ ਨੇ ਵੀ 15 ਅਗਸਤ ਨੂੰ ਫਰੀਦਕੋਟ 'ਚ ਤਿਰੰਗਾ ਝੰਡਾ ਲਹਿਰਾਇਆ ਸੀ ਤੇ ਇਸ ਮੌਕੇ ਉਹ ਕਈ ਸਰਕਾਰੀ ਅਧਿਕਾਰੀਆਂ ਨੂੰ ਮਿਲੇ ਸਨ।

ਮੋਗਾ ਤੋਂ ਕਾਂਗਰਸ ਦੇ ਵਿਧਾਇਕ ਹਰਜੋਤ ਕਮਲਵੀ ਕੋਰੋਨਾਵਾਇਰਸ ਪੌਜ਼ਿਟਿਵ ਆਏ ਹਨ।

ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 8 ਜੂਨ ਨੂੰ ਜ਼ਿਲ੍ਹਾ ਮੋਗਾ ਦੇ ਕੁੱਝ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ 'ਚ ਜਾ ਕੇ ਕਿਸਾਨਾਂ ਨੂੰ ਮਿਲੇ।

ਫੂਡ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੀ ਵੱਡੇ ਜਨਤਕ ਇਕੱਠਾਂ 'ਚ ਜਾ ਰਹੇ ਹਨ।

ਇੱਥੋਂ ਤੱਕ ਕਿ 12 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੇ ਹਰ ਮੰਤਰੀ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਸਮਾਰਟ ਫ਼ੋਨ ਵੰਡੇ।

''ਅਜਿਹੇ ਹਾਲਾਤ 'ਚ ਆਪਣੇ ਘਰਾਂ 'ਚੋਂ ਬਾਹਰ ਤਾਂ ਹੀ ਨਿਕਲੋ ਜਦੋਂ ਬਹੁਤ ਜ਼ਰੂਰੀ ਹੋਵੇ।''

ਇਹ ਉਹ ਬੋਲ ਹਨ, ਜਿਹੜੇ ਤੁਹਾਡੇ ਵੱਲੋਂ ਕਿਸੇ ਨੂੰ ਮੋਬਾਇਲ ਫ਼ੋਨ ਕਰਨ 'ਤੇ ਤੁਹਾਡੇ ਕੰਨਾਂ ਵਿੱਚ ਸਭ ਤੋਂ ਪਹਿਲਾਂ ਗੂੰਜਦੇ ਹਨ।

ਪਰ ਇਹ ਹਦਾਇਤਾਂ ਸ਼ਾਇਦ ਆਮ ਲੋਕਾਂ ਲਈ ਹੀ ਰਹਿ ਗਈਆਂ ਹਨ। ਕਿਉਂਕਿ ਹਾਲ ਹੀ ਦੇ ਦਿਨਾਂ ਵਿੱਚ ਪੰਜਾਬ ਦੇ ਕਈ ਸੀਨੀਅਰ ਆਗੂ ਇਕੱਠ ਕਰਦੇ ਅਤੇ ਲੋਕਾਂ ਵਿੱਚ ਵਿਚਰਦੇ ਨਜ਼ਰ ਆਏ ਹਨ।

ਮੰਤਰੀਆਂ ਦੇ ਜਨਤਕ ਇਕੱਠ ਬਾਰੇ ਪ੍ਰਤੀਕਰਮ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਸੂਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਦਾ ਕਹਿਣਾ ਹੈ, "ਕੋਰੋਨਾ ਮਹਾਂਮਾਰੀ ਦੇ ਦੌਰ 'ਚ ਆਮ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਹਿਣਾ ਤੇ ਮੰਤਰੀਆਂ ਵੱਲੋਂ ਸਰਕਾਰੀ ਖ਼ਰਚੇ 'ਤੇ ਇਕੱਠ ਕਰਕੇ ਆਪਣੀ 'ਚੌਧਰ' ਚਮਕਾਉਣ ਦੇ ਸ਼ੁਰੂ ਹੋਏ ਰੁਝਾਨ ਦੇ ਖ਼ਤਰਨਾਕ ਨਤੀਜੇ ਨਿਕਲ ਸਕਦੇ ਹਨ।"

ਕਿਸਾਨ ਆਗੂ ਕਹਿੰਦੇ ਹਨ, ''ਕੋਰੋਨਾਵਾਇਰਸ ਤੋਂ ਪੀੜਤ ਹੋਏ ਮੰਤਰੀ ਨੂੰ ਇੱਕ ਦਿਨ ਪਹਿਲਾਂ ਪਤਾ ਲੱਗ ਗਿਆ ਸੀ ਤਾਂ ਫਿਰ ਸਮਾਗਮਾਂ 'ਚ ਜਾਣ ਦੀ ਕੀ ਲੋੜ ਸੀ। ਸਰਕਾਰਾਂ ਲਾਪਰਵਾਹ ਹੋ ਗਈਆਂ ਹਨ। ਲੋਕਾਂ ਦੀ ਸਿਹਤ ਹੁਣ ਰੱਬ ਭਰੋਸੇ ਹੈ। ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਦੌਰ ਵਿੱਚ ਮੰਤਰੀਆਂ ਨੂੰ ਜਨਤਕ ਇਕੱਠ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।''

''ਹੁਣ ਕਿੰਨੇ ਵਿਦਿਆਰਥੀ, ਆਮ ਲੋਕ ਤੇ ਅਫ਼ਸਰ ਹਨ, ਜੋ ਮੰਤਰੀ ਨਾਲ ਸਟੇਜਾਂ 'ਤੇ ਗਏ। ਕੀ ਉਹ ਆਪਣੀ ਸਿਹਤ ਪ੍ਰਤੀ ਵਧੇਰੇ ਫ਼ਿਕਰਮੰਦ ਨਹੀਂ ਹੋਣਗੇ।"

"ਕੀ ਸਰਕਾਰ ਕੋਰੋਨਾਵਾਇਰਸ ਤੋਂ ਪੀੜਤ ਸਿਆਸਤਦਾਨਾਂ ਵੱਲੋਂ ਜਨਤਕ ਇਕੱਠਾਂ 'ਚ ਜਾਣ 'ਤੇ ਕੋਈ ਕਾਰਵਾਈ ਕਰੇਗੀ। ਕੀ ਸਿਆਸਤਦਾਨ ਆਮ ਲੋਕਾਂ ਨਾਲ ਹਰ ਮੁਹਾਜ਼ 'ਤੇ ਖਿਲਵਾੜ ਕਰਦੇ ਰਹਿਣਗੇ।''

ਸਮਾਜਿਕ ਸੰਗਠਨ ਪੰਜਾਬ ਵਿਰਾਸਤ ਮੰਚ ਦੇ ਫਾਊਂਡਰ ਰਜਿੰਦਰਪਾਲ ਸਿੰਘ ਥਰਾਜ ਕਹਿੰਦੇ ਹਨ ਕਿ ਮੰਤਰੀਆਂ ਨੂੰ ਕੋਈ ਅਧਿਕਾਰ ਨਹੀਂ ਕਿ ਉਨ੍ਹਾਂ ਦੇ ਦੌਰੇ ਲਾਭ ਪਹੁੰਚਾਉਣ ਦੀ ਥਾਂ ਆਮ ਜਨਤਾ ਲਈ ਖ਼ਤਰਨਾਕ ਸਿੱਧ ਹੋਣ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, ''ਕੋਰੋਨਾਵਾਇਰਸ ਤਾਂ ਮਹਾਂਮਾਰੀ ਹੈ। ਸਿਆਸੀ ਲਾਹਾ ਲੈਣ ਲਈ ਕਿਸੇ ਵੀ ਤਰ੍ਹਾਂ ਦਾ ਇਕੱਠ ਕਰਨਾ ਜਾਇਜ਼ ਨਹੀਂ ਹੈ। ਸ਼ਾਇਦ, ਇਹ ਗੱਲ ਤਾਂ ਸਰਕਾਰਾਂ ਵੀ ਜਾਣਦੀਆਂ ਹੋਣਗੀਆਂ ਹੀ।''

ਵਿਰੋਧੀ ਪਾਰਟੀਆਂ ਵੀ ਸਵਾਲਾਂ ਦੇ ਘੇਰੇ ਵਿੱਚ

ਗੱਲ ਇੱਥੇ ਹੀ ਨਹੀਂ ਮੁੱਕਦੀ। ਪੰਜਾਬ ਦੀਆਂ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵੀ ਇਸ ਦੌੜ 'ਚ ਪਿੱਛੇ ਨਹੀਂ ਹਨ।

ਦਾਖਾ ਤੋਂ ਅਕਾਲੀ-ਭਾਜਪਾ ਗਠਜੋੜ ਦੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਦਾ ਵੀ ਕੋਵਿਡ-19 ਟੈਸਟ ਪੌਜ਼ਿਟਿਵ ਆਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਅਨੇਕਾਂ ਸੀਨੀਅਰ ਅਕਾਲੀ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਸਮੇਤ ਕਈ ਆਗੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ 'ਤੇ ਸਵਾਲ ਤਾਂ ਚੁੱਕਦੇ ਹਨ।

ਵਿਰੋਧੀ ਧਿਰਾਂ ਮੁੱਖ ਮੰਤਰੀ ਨੂੰ ਵੀ ਘਰੋਂ ਬਾਹਰ ਨਿਕਲ ਕੇ ਆਮ ਲੋਕਾਂ 'ਚ ਵਿਚਰਨ ਲਈ ਉਕਸਾਉਂਦੀਆਂ ਨਜ਼ਰ ਆ ਰਹੀਆਂ ਹਨ।

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮੁੱਦੇਨਜ਼ਰ ਸਮਾਜਿਕ ਇਕੱਠਾਂ 'ਚ 50 ਤੋਂ ਵੱਧ ਗਿਣਤੀ 'ਚ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਹੈ।

ਅਜਿਹੇ ਵਿੱਚ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ ਤੇ ਆਮ ਆਦਮੀ ਪਾਰਟੀ ਇਨ੍ਹਾਂ ਨਿਯਮਾਂ ਦੀ ਪਰਵਾਹ ਕੀਤੇ ਬਿਨਾਂ ਵੱਡੇ ਇਕੱਠ ਕਰਕੇ ਆਪਣੀ ਸਿਆਸਤ ਕਰਨ 'ਚ ਮਸ਼ਰੂਫ਼ ਹਨ।

ਬਿਨਾਂ ਸ਼ੱਕ ਅਜਿਹੇ ਇਕੱਠ ਕੋਰੋਨਾਵਾਇਰਸ ਦੇ ਖ਼ਤਰੇ ਨੂੰ ਹੋਰ ਵਧਾ ਦਿੰਦੇ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)