You’re viewing a text-only version of this website that uses less data. View the main version of the website including all images and videos.
SYL ਪੂਰੀ ਕਰਵਾਉਣ ਲਈ ਕੈਂਦਰ ਨੇ ਸੱਦੀ ਬੈਠਕ, ਕੀ ਇਸ ਬਾਰੇ ਕੋਈ ਫੈਸਲਾ ਹੋ ਜਾਵੇਗਾ- ਪ੍ਰੈੱਸ ਰਿਵੀਊ
ਸਤਲੁਜ-ਯਮੁਨਾ ਲਿੰਕ ਨਹਿਰ ਨੂੰ ਸੁਪਰੀਮ ਕੋਰਟ ਦੇ 15 ਜਨਵਰੀ 2002 ਅਤੇ ਚਾਰ ਜੂਨ 2004 ਦੇ ਹੁਕਮਾਂ ਮੁਤਾਬਕ ਪੰਜਾਬ ਵਾਲੇ ਪਾਸਿਓਂ ਪੂਰਾ ਕਰਵਾਉਣ ਲਈ ਕੇਂਦਰੀ ਪਾਣੀ ਦੇ ਵਸੀਲਿਆਂ ਬਾਰੇ ਮੰਤਰੀ ਗਜੇਂਦਰ ਸਿੰਘ ਸ਼ੇਖ਼ਾਵਤ ਨੇ ਪੰਜਾਬ ਅਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੀ ਬੈਠਕ 18 ਅਗਸਤ ਨੂੰ ਸੱਦੀ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਇਹ ਬੈਠਕ ਸਿਖਰਲੀ ਅਦਾਲਤ ਵੱਲੋਂ 28 ਜੁਲਾਈ ਨੂੰ ਜਾਰੀ ਹਦਾਇਤਾਂ ਮੁਤਾਬਕ ਸੱਦੀ ਜਾ ਰਹੀ ਹੈ। ਕੇਂਦਰੀ ਮੰਤਰੀ ਦੇ ਸੱਦੇ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਬੈਠਕ ਵਿੱਚ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਦੇ ਦਿੱਤੀ ਹੈ।
ਅਦਾਲਤ ਨੇ ਕਿਹਾ ਸੀ ਕਿ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮਿਲ ਕੇ ਕੋਈ ਹੱਲ ਕੱਢ ਲੈਣ ਦਿਓ ਜੇ ਕੋਈ ਹੈ ਤਾਂ, ਨਹੀਂ ਤਾਂ ਇੱਕ ਡਿਕਰੀ ਹੈ ਜਿਸ ਉੱਪਰ ਅਮਲ ਕਰਨਾ ਹੀ ਪਵੇਗਾ। ਅਦਾਲਤ ਨੇ ਨਤੀਜੇ ਬਾਰੇ ਵੀ ਦੱਸਣ ਨੂੰ ਕਿਹਾ ਸੀ।
ਇਹ ਵੀ ਪੜ੍ਹੋ:
ਏਅਰ ਇੰਡੀਆ ਨੇ 48 ਪਾਇਲਟ ਕੱਢੇ
ਏਅਰ ਇੰਡੀਆ ਦੇ ਇੱਕ ਫ਼ੈਸਲੇ ਨੇ ਕੰਪਨੀ ਵਿੱਚ ਤਰਥੱਲੀ ਮਚਾ ਦਿੱਤੀ ਹੈ। ਕੰਪਨੀ ਨੇ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਪੈਦਾ ਹੋਏ ਵਿੱਤੀ ਸੰਕਟ ਦਾ ਹਵਾਲਾ ਦਿੰਦਿਆਂ ਆਪਣੇ 48 ਪਾਇਲਟਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਦਿ ਹਿੰਦੂ ਦੀ ਖ਼ਬਰ ਮੁਤਾਬਕ ਇਨ੍ਹਾਂ ਪਾਇਲਟਾਂ ਨੇ ਪਿਛਲੇ ਸਾਲ ਅਸਤੀਫ਼ੇ ਦੇ ਦਿੱਤੇ ਸਨ ਪਰ ਫਿਰ ਛੇ ਮਹੀਨੇ ਦਾ ਨੋਟਿਸ ਸਮਾਂ ਪੂਰਾ ਹੋਣ ਤੋਂ ਪਹਿਲਾਂ ਹੀ ਵਾਪਸ ਵੀ ਲੈ ਲਏ ਸਨ। ਉਸ ਸਮੇਂ ਉਨ੍ਹਾਂ ਦੀ ਅਸਤੀਫ਼ਾ ਵਾਪਸ ਲੈਣ ਦੀ ਅਰਜੀ ਮਨਜ਼ੂਰ ਕਰ ਲਈ ਗਈ ਸੀ।
ਜਦਕਿ ਹੁਣ ਅਚਾਨਕ ਉਨ੍ਹਾਂ ਨੂੰ ਕੱਢ ਦਿੱਤਾ ਗਿਆ ਹੈ। ਇਹ ਹੁਕਮ ਤਤਕਾਲ ਪ੍ਰਭਾਵ ਤੋਂ ਲਾਗੂ ਕਰ ਦਿੱਤੇ ਗਏ ਹਨ। ਇਹ ਪਾਇਲਟ ਏਅਰ ਇੰਡੀਆ ਦਾ ਏਅਰਬਸ-320 ਜਹਾਜ਼ਾਂ ਦਾ ਬੇੜਾ ਉਡਾ ਰਹੇ ਸਨ।
ਫੇਸਬੁੱਕ ਨੇ ਭਾਰਤ ਵਿੱਚ ਨਫ਼ਰਤੀ ਭਾਸ਼ਣਾਂ ਖ਼ਿਲਾਫ਼ ਕਾਰਵਾਈ ਤੋਂ ਹੱਥ ਖੜ੍ਹੇ ਕੀਤੇ
ਸੋਸ਼ਲ ਮੀਡੀਆ ਪਲੇਟਫਾਰਮਾਂ ਲਈ ਯੂਜ਼ਰਾਂ ਵੱਲੋਂ ਪ੍ਰਕਾਸ਼ਿਤ ਸਮੱਗਰੀ ਉੱਪਰ ਸਖ਼ਤੀ ਕਰਨਾ ਕਿੰਨਾ ਮੁਸ਼ਕਲ ਹੋ ਸਕਦਾ ਹੈ ਇਸ ਦੀ ਤਾਜ਼ਾ ਮਿਸਾਲ ਵਾਲ ਸਟਰੀਜ ਜਨਰਲ ਨੇ ਆਪਣੀ ਇੱਕ ਤਾਜ਼ਾ ਰਿਪੋਰਟ ਵਿੱਚ ਦਿੱਤੀ ਹੈ।
ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਰਿਪੋਰਟ ਵਿੱਚ ਫੇਸਬੁਕ ਦੇ ਭਾਰਤ ਵਿੱਚ ਪਬਲਿਕ ਪਾਲਿਸੀ ਦੇ ਮੁਖੀ ਅਖੀ ਦਾਸ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ, 'ਉਲੰਘਣਾ ਕਰਨ ਵਾਲਿਆਂ ਨੂੰ ਸਜ਼ਾ ਦੇਣ ਨਾਲ...ਦੇਸ਼ ਵਿੱਚ ਕੰਪਨੀਆਂ ਦੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚੇਗਾ, ਜੋ ਕਿ ਵਰਤੋਂਕਾਰਾਂ ਕਰ ਕੇ ਫੇਸਬੁੱਕ ਦੀ ਵਿਸ਼ਵ ਵਿੱਚ ਸਭ ਤੋਂ ਵੱਡੀ ਮੰਡੀ ਹੈ।'
ਪਬਲਿਕ ਪਾਲਿਸੀ ਦੇ ਮੁਖੀ ਨੇ ਭਾਜਪਾ ਦੇ ਘੱਟੋ-ਘੱਟ ਚਾਰ ਆਗੂਆਂ ਅਤੇ ਕੁਝ ਸਮੂਹਾਂ ਖ਼ਿਲਾਫ਼ ਨਫ਼ਰਤੀ ਭਾਸ਼ਣ ਬਾਰੇ ਫੇਸਬੁੱਕ ਦੇ ਨਿਯਮ ਲਾਗੂ ਕਰਨ ਦਾ ਵਿਰੋਧ ਕੀਤਾ।
ਹਾਲਾਂਕਿ ਇਨ੍ਹਾਂ ਖ਼ਿਲਾਫ਼ ਕਾਰਵਾਈ ਦਾ ਮਸਲਾ ਕੰਪਨੀ ਦੇ ਅੰਦਰੋਂ ਹੀ ਚੁੱਕਿਆ ਗਿਆ ਸੀ ਕਿ ਇਹ "ਲੋਕ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ ਜਾਂ ਉਸ ਵਿੱਚ ਸ਼ਾਮਲ ਹਨ।"
ਅਖ਼ਬਾਰ ਮੁਤਾਬਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਦੀ ਰਾਇ ਹੈ ਕਿ ਦਾਸ ਦਾ ਇਹ ਦਖ਼ਲ ਕੰਪਨੀ ਦੇ ਸੱਤਾਧਾਰੀ ਪਾਰਟੀ ਦਾ ਪੱਖਪੂਰਨ ਦੇ ਇੱਕ ਵੱਡੇ ਪੈਟਰਨ ਦਾ ਹਿੱਸਾ ਹੈ।
ਭਾਰਤ ਵਿੱਚ ਕੋਰੋਨਾ ਮੌਤਾਂ ਦਾ ਅੰਕੜਾ 50 ਹਜ਼ਾਰ ਤੋਂ ਪਾਰ
ਸ਼ਨਿੱਚਰਵਾਰ ਨੂੰ ਭਾਰਤ ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੇ ਰਿਕਾਰਡ 65,002 ਨਵੇਂ ਕੇਸ ਆਏ ਜਿਸ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਪੌਜ਼ਿਟਿਵ ਕੇਸਾਂ ਦੀ ਗਿਣਤੀ 25 ਲੱਖ ਨੂੰ ਪਾਰ ਕਰ ਗਈ ਹੈ।
ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਹਾਲੇ ਸ਼ੁੱਕਰਵਾਰ ਨੂੰ ਹੀ ਦੇਸ਼ ਨੇ 24 ਲੱਖ ਦਾ ਅੰਕੜਾ ਪਾਰ ਕੀਤਾ ਸੀ। ਸ਼ਨਿੱਚਰਵਾਰ ਨੂੰ ਹੀ ਕੇਂਦਰੀ ਸਿਹਤ ਮੰਤਰਾਲਾ ਦੇ ਡਾਟੇ ਮੁਤਾਬਕ 996 ਮੌਤਾਂ ਹੋਈਆਂ ਜਿਸ ਨਾਲ ਇਹ ਅੰਕੜਾ ਵੀ 50 ਹਜ਼ਾਰ ਨੂੰ ਪਾਰ ਕਰ ਗਿਆ ਹੈ।
ਜੋ ਬਾਇਡਨ ਵੱਲੋਂ ਭਾਰਤ ਨੂੰ ਪਾਕ ਤੇ ਚੀਨ ਖ਼ਿਲਾਫ਼ ਪੂਰੇ ਸਾਥ ਦਾ ਭਰੋਸਾ
ਉਪਰਾਸ਼ਟਰਪਤੀ ਦੇ ਅਹੁਦੇ ਲਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਨਾਮਜ਼ਦ ਕਰਨ ਤੋਂ ਬਾਅਦ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਜੋ ਬਾਇਡਨ ਨੇ ਕਿਹਾ ਹੈ ਕਿ ਮੌਜੂਦਾ ਰਾਸ਼ਟਰਪਤੀ ਟਰੰਪ ਦਾ ਐੱਚ1ਬੀ1 ਵੀਜ਼ੇ ਬਾਰੇ ਲਿਆ ਗਿਆ ਫ਼ੈਸਲਾ ਨੁਕਸਾਨਦਾਇਕ ਹੈ।
ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਭਾਰਤ ਨੂੰ ਸਰਹੱਦਾਂ ਉੱਪਰ ਜੋ ਧਮਕੀਆਂ ਮਿਲ ਰਹੀਆਂ ਹਨ ਉਨ੍ਹਾਂ ਦੇ ਖ਼ਿਲਾਫ਼ ਉਹ ਭਾਰਤ ਦੀ ਪੂਰੀ ਹਮਾਇਤ ਕਰਨਗੇ ਅਤੇ ਭਾਰਤ ਨਾਲ ਅਮਰੀਕਾ ਦੇ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ।