ਰਾਹਤ ਇੰਦੌਰੀ ਦਾ ਦੇਹਾਂਤ, ਕੋਰੋਨਾਵਾਇਰਸ ਦੀ ਲਾਗ ਤੋਂ ਪੀੜ੍ਹਤ ਉਰਦੂ ਸ਼ਾਇਰ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 2 ਮਿੰਟ

ਉਰਦੂ ਦੇ ਜਾਣੇ-ਪਛਾਣੇ ਸ਼ਾਇਰ ਰਾਹਤ ਇੰਦੌਰੀ ਦਾ ਦੇਹਾਂਤ ਹੋ ਗਿਆ ਹੈ। ਇੰਦੌਰ ਤੋਂ ਸਥਾਨਕ ਪੱਤਰਕਾਰ ਸ਼ਾਰਾਹ ਨਿਆਜ਼ੀ ਮੁਤਾਬਕ ਰਾਹਤ ਇੰਦੌਰੀ ਕੋਰੋਨਾ ਦੀ ਲਾਗ ਕਾਰਨ ਬਿਮਾਰ ਚੱਲ ਰਹੇ ਸਨ ਅਤੇ ਉਹ ਸਥਾਨਕ ਅਰਵਿੰਦੋ ਹਸਪਤਾਲ ਵਿਚ ਦਾਖ਼ਲ ਸਨ।

ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ, ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ ਅਤੇ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ।

ਜਾਣਕਾਰੀ ਮੁਤਾਬਕ ਸ਼ਾਮ 4 ਵਜੇ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

ਕੋਰੋਨਾ ਦੀ ਖੁਦ ਦਿੱਤੀ ਸੀ ਜਾਣਕਾਰੀ

ਕੋਰੋਨਾ ਹੋਣ ਦੀ ਜਾਣਕਾਰੀ ਰਾਹਤ ਇੰਦੌਰੀ ਨੇ ਕੁਝ ਦਿਨ ਪਹਿਲਾਂ ਇੱਕ ਟਵੀਟ ਕਰਕੇ ਆਪ ਦਿੱਤੀ ਸੀ।

ਉਨ੍ਹਾਂ ਨੇ ਲਿਖਿਆ ਸੀ, ''ਕੋਵਿਡ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ 'ਤੇ ਕੱਲ ਮੇਰੇ ਕੋਰੋਨਾ ਟੈਸਟ ਕੀਤੀ ਗਿਆ ਤੇ ਰਿਪੋਰਟ ਪੌਜ਼ਿਟਿਵ ਆਈ ਹੈ। ਅਰਬਿੰਦੋ ਹਸਪਤਾਲ 'ਚ ਐਡਮਿਟ ਹਾਂ, ਦੁਆ ਕਰੋ ਛੇਤੀ ਤੋਂ ਛੇਤੀ ਇਸ ਬਿਮਾਰੀ ਨੂੰ ਹਰਾ ਦੇਵਾਂ।''

ਕੂਰੈਸ਼ੀ ਤੋਂ ਬਣੇ ਸਨ ਇੰਦੌਰੀ

  • ਰਾਹਤ ਇੰਦੌਰੀ ਦਾ ਪਹਿਲਾ ਨਾਂ ਰਾਹਤ ਕੂਰੈਸ਼ੀ ਸੀ, ਪਰ ਸਾਹਿਤ ਜਗਤ ਵਿਚ ਉਹ ਇੰਦੌਰੀ ਦੇ ਨਾਂ ਨਾਲ ਜਾਣੇ ਗਏ।
  • ਰਾਹਤ ਦਾ ਜਨਮ 01 ਜਨਵਰੀ 1950 ਨੂੰ ਇੰਦੌਰ ਵਿਚ ਹੋਇਆ ਤੇ ਉਨ੍ਹਾਂ ਦੀ ਕਾਲਜ ਤੱਕ ਪੜ੍ਹਾਈ ਇੰਦੌਰ ਤੋਂ ਹੋਈ ਪਰ ਉਨ੍ਹਾਂ ਉਰਦੂ ਵਿਚ ਐਮਏ ਭੋਪਾਲ ਤੋਂ ਕੀਤੀ।
  • 1985 ਵਿਚ ਉਨ੍ਹਾਂ ਨੂੰ ਭੋਜ ਯੂਨੀਵਰਸਿਟੀ ਭੋਪਾਲ ਨੇ ਪੀਐੱਚਡੀ ਦੀ ਡਿਗਰੀ ਨਾਲ ਨਵਾਜ਼ਿਆ ।
  • ਰਾਹਤ ਇੰਦੌਰੀ ਨੇ ਬਾਲੀਵੁੱਡ ਦੀਆਂ ਦਰਜਨਾਂ ਫ਼ਿਲਮਾਂ ਲਈ ਗੀਤ ਵੀ ਲਿਖੇ ਸਨ
  • ਮੁਸ਼ਾਹਰਿਆਂ ਤੇ ਕਵੀ ਸੰਮੇਲਨਾਂ ਨੇ ਉਨ੍ਹਾਂ ਨੂੰ ਲੋਕ ਕਲਾਕਾਰ ਵਾਲੀ ਮਕਬੂਲੀਅਤ ਦਿੱਤੀ। ਉਨ੍ਹਾਂ ਭਾਰਤ ਤੋਂ ਸਣੇ ਅਰਬ, ਯੂਰਪ ਅਤੇ ਦੁਨੀਆਂ ਦੇ ਹੋਰ ਕਈ ਮੁਲਕਾਂ ਵਿਚ ਆਪਣੇ ਫਨ ਦਾ ਮੁਜ਼ਾਹਾਰਾ ਕੀਤਾ।
  • ਰਾਹਤ ਇੰਦੌਰੀ ਪੇਸ਼ੇ ਵਜੋਂ ਉਰਦੂ ਦੇ ਪ੍ਰੋਫੈਸਰ ਵੀ ਰਹੇ ਅਤੇ ਉਹ ਚੰਗੇ ਪੇਂਟਰ ਵੀ ਸਨ।

ਸੋਗ ਦੀ ਲਹਿਰ

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਮਕਬੂਲ ਸ਼ਾਇਰ ਰਾਹਤ ਇੰਦੌਰੀ ਜੀ ਦੇ ਗੁਜ਼ਰ ਜਾਣ ਦੀ ਖ਼ਬਰ ਨਾਲ ਕਾਫ਼ੀ ਦੁਖੀ ਹਾਂ। ਉਰਦੂ ਅਦਬ ਦੀ ਉਹ ਕੱਦਾਵਰ ਹਸਤੀ ਸਨ।

ਆਪਣੀ ਯਾਦਗਾਰ ਸ਼ਾਇਰੀ ਨਾਲ ਉਨ੍ਹਾਂ ਲੋਕਾਂ ਦੇ ਮਨਾਂ ਉੱਤੇ ਅਮਿੱਟ ਛਾਪ ਛੱਡੀ ਹੈ। ਅੱਜ ਸਾਹਿਤ ਗਜਤ ਨੂੰ ਵੱਡਾ ਨੁਕਸਾਨ ਹੋਇਆ ਹੈ। ਦੁੱਖ ਦੀ ਇਸ ਘੜੀ ਵਿਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਮੁਰੀਦਾਂ ਦੇ ਨਾਲ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਰਾਹਤ ਇੰਦੌਰੀ ਦੀ ਮੌਤ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇੱਕ ਸ਼ੇਅਰ ਨਾਲ ਰਾਹੁਲ ਨੇ ਮਰਹੂਮ ਸ਼ਾਇਰ ਨੂੰ ਅਲਵਿਦਾ ਕਿਹਾ ਹੈ।

ਰਾਹਤ ਇੰਦੌਰੀ ਦਾ ਜਨਮ ਇੱਕ ਜਨਵੀਰ 1950 ਨੂੰ ਹੋਇਆ ਸੀ। ਮੱਧ ਪੱਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਨ੍ਹਾਂ ਨੂੰ ਲੱਖਾਂ-ਕਰੋੜਾਂ ਦਿਲਾਂ ਉੱਤੇ ਰਾਜ ਕਰਨ ਵਾਲਾ ਮਸ਼ਹੂਰ ਸ਼ਾਇਰ ਦੱਸਦੇ ਹੋਏ ਉਨ੍ਹਾਂ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)