ਪੰਜਾਬ ਦੇ ਇੰਨ੍ਹਾਂ ਪਿੰਡਾਂ 'ਚ ਆਪਸੀ ਸਾਂਝ ਤੇ ਆਰਥਿਕਤਾ ਦਾ ਗੇੜ ਲਿਆਂਦਾ ਚਰਖ਼ਾ

    • ਲੇਖਕ, ਖੁਸ਼ਹਾਲ ਲਾਲੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 4 ਮਿੰਟ

''ਹਰ ਕਿਸੇ ਨੂੰ ਆਪਣੀ ਅਜ਼ਾਦੀ ਬਹੁਤ ਪਿਆਰੀ ਹੁੰਦੀ ਹੈ ਅਤੇ ਤ੍ਰਿੰਞਣ ਬੀਬੀਆਂ ਨੂੰ ਅਜ਼ਾਦੀ ਦਿੰਦਾ ਹੈ, ਜਦੋਂ ਤੱਕ ਅਜ਼ਾਦੀ ਨਹੀਂ ਹੋਵੇਗੀ ਕਿਸੇ ਵੀ ਕੰਮ ਵਿੱਚ ਨਵੀਂ ਰਚਨਾਤਮਕਤਾ ਨਹੀਂ ਆਵੇਗੀ।''

ਤ੍ਰਿੰਞਣ ਨੂੰ ਪੰਜਾਬੀ ਸੱਭਿਆਚਾਰ ਵਿੱਚ ਬੀਬੀਆਂ ਦੀ ਸੱਥ ਕਿਹਾ ਜਾਂਦਾ ਸੀ।

ਸਮਾਜ ਸੇਵਿਕਾ ਰੂਪਸੀ ਗਰਗ ਇਸ ਰਵਾਇਤੀ ਪਰੰਪਰਾ ਨੂੰ ਮੁੜ ਸੁਰਜੀਤ ਕਰਨ ਵਿੱਚ ਲੱਗੀ ਹੋਈ ਹੈ। ਉਹ ਤ੍ਰਿੰਞਣ ਨੂੰ ਔਰਤਾਂ ਦੇ ਸਸ਼ਕਤੀਕਰਨ ਦਾ ਹਥਿਆਰ ਵੀ ਮੰਨਦੀ ਹੈ।

ਫਰੀਦਕੋਟ ਦੇ ਜੈਤੋਂ ਕਸਬੇ ਲਾਗਲੇ ਕਈ ਪਿੰਡਾਂ ਵਿੱਚ ਰੂਪਸੀ ਨੇ 250 ਦੇ ਕਰੀਬ ਬੀਬੀਆਂ ਦਾ ਇੱਕ ਗਰੁੱਪ ਤਿਆਰ ਕੀਤਾ ਹੈ।

ਜੋ ਇਲਾਕੇ ਵਿੱਚ ਦੇਸੀ ਕਪਾਹ ਦੀ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਤੋਂ ਕਪਾਹ ਖਰੀਦ ਕੇ ਤਿੰਞਣ ਰਾਹੀਂ ਬੀਬੀਆਂ ਤੋਂ ਸੂਤ ਕਤਵਾਉਂਦਾ ਹੈ ਅਤੇ ਇਸ ਤੋਂ ਕੱਪੜਾ ਤਿਆਰ ਕਰਵਾ ਰਿਹਾ ਹੈ।

ਰੂਪਸੀ ਖੇਤੀ ਵਿਰਾਸਤ ਮਿਸ਼ਨ ਨਾਂ ਦੇ ਗੈਰ-ਸਰਕਾਰੀ ਸੰਗਠਨ ਨਾਲ ਕੰਮ ਕਰਦੀ ਹੈ ਅਤੇ ਤ੍ਰਿੰਞਣ ਪ੍ਰੋਜੈਕਟ ਦੀ ਸੰਚਾਲਕ ਹੈ।

ਭਾਵੇਂ ਕਿ ਉਹ ਇਸ ਨੂੰ ਪ੍ਰੋਜੈਕਟ ਨਾ ਕਹਿ ਨੇ ਚਰਖ਼ੇ ਰਾਹੀ ਜ਼ਿੰਦਗੀ ਦੇ ਫ਼ਲਸਫ਼ੇ ਵਜੋਂ ਪ੍ਰਭਾਸ਼ਿਤ ਕਰਦੀ ਹੈ।

ਵਿਗਿਆਨੀ ਤੋਂ ਸਮਾਜ ਸੇਵੀ

ਰੂਪਸੀ ਗਰਗ ਦਾ ਪਿਛੋਕੜ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਬਨੂੜ ਨੇੜਲੇ ਪਿੰਡ ਤੇਪਲਾ ਦਾ ਹੈ।

ਉਹ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਮਾਈਕ੍ਰੋਬਾਇਲੌਜੀ ਵਿੱਚ ਬੀਟੈੱਕ ਕਰਨ ਤੋਂ ਬਾਅਦ ਹੈਦਰਾਬਾਦ ਦੇ ਸੈਂਟਰ ਫਾਰ ਸੈਲੂਲਰ ਐਂਡ ਮੌਲੀਕਿਊਲਰ ਬਾਇਓਲੌਜੀ (ਸੀਸੀਐੱਮਬੀ) ਵਿੱਚ ਤਿੰਨ ਸਾਲ ਖੋਜ ਕਾਰਜਾਂ ਵਿੱਚ ਰੁੱਝੀ ਰਹੀ।

ਮਹਾਤਮਾ ਗਾਂਧੀ ਦੀਆਂ ਰਚਨਾਵਾਂ ਦੇ ਅਧਿਐਨ ਨੇ ਉਸਨੂੰ ਚੰਗੀ ਭਲੀ ਨੌਕਰੀ ਛੁਡਾ ਕੇ ਸਮਾਜ ਸੇਵਾ ਦੀ ਰਾਹ ਉੱਤੇ ਤੋਰ ਦਿੱਤਾ।

ਰੂਪਸੀ ਦੱਸਦੀ ਹੈ, ''ਉੱਥੋਂ ਮੈਨੂੰ ਲਗਿਆ ਕਿ ਜ਼ਮੀਨੀ ਪੱਧਰ ਉੱਤੇ ਕੰਮ ਕਰਨਾ ਹੈ ਤੇ ਮੈਂ ਨੌਕਰੀ ਛੱਡ ਦਿੱਤੀ ਅਤੇ ਦੋ ਸਾਲ ਸਕੂਲ ਵਿੱਚ ਵੀ ਪੜਾਉਂਦੀ ਰਹੀ। ਫਿਰ ਬੰਗਲੁਰੂ ਦੀ ਅਜ਼ੀਮ ਪ੍ਰੇਮਜੀ ਯੂਨੀਵਰਸਿਟੀ ਤੋਂ ਮਾਸਟਰਜ਼ ਇੰਨ ਡਿਵੈਲਪਮੈਂਟ ਕੀਤੀ।''

"ਸਮਾਜ ਵਿਗਿਆਨ ਵਿੱਚ ਡਿਗਰੀ ਲੈਣ ਤੋਂ ਬਾਅਦ ਮੈਂ ਪੰਜਾਬ ਆ ਗਈ ਅਤੇ ਹੁਣ ਕਰੀਬ 2 ਸਾਲ ਤੋਂ ਪਿੰਡਾਂ ਦੀਆਂ ਬੀਬੀਆਂ ਨਾਲ ਰਵਾਇਤੀ ਕਲਾ ਉੱਤੇ ਕੰਮ ਕਰ ਰਹੀ ਹਾਂ।"

ਮੁੜ ਚੱਲਿਆ ਜ਼ਿੰਦਗੀ ਦਾ ਚਰਖ਼ਾ

ਜੈਤੋਂ ਦੇ ਪਿੰਡ ਕੋਟਲੀ ਅਬਲੂ ਦੀ ਗੁਰਮੀਤ ਕੌਰ ਲਈ ਤ੍ਰਿੰਞਣ ਆਪਣੇ ਰਵਾਇਤੀ ਗਿਆਨ ਨੂੰ ਆਪਣੀ ਧੀ ਤੱਕ ਪਹੁੰਚਾਉਣ ਦਾ ਤਰੀਕਾ ਬਣ ਗਿਆ ਹੈ।

ਗੁਰਮੀਤ ਕਹਿੰਦੀ ਹੈ, ''ਮੇਰੀ ਸੱਸ ਨੇ ਆਪਣੀ ਸੱਸ ਤੋਂ ਚਰਖ਼ਾ ਸਿੱਖਿਆ ਸੀ ਅਤੇ ਜਦੋਂ ਮੈਂ ਵਿਆਹੀ ਆਈ ਤਾਂ ਮੈਂ ਉਸ ਨੂੰ ਚਰਖ਼ਾ ਚਲਾਉਂਦੇ ਦੇਖਿਆ ਅਤੇ ਫਿਰ ਮੈਂ ਚਲਾਉਣ ਲੱਗੀ।''

''ਪਰ ਫੇਰ ਮੇਰੇ ਦੇਖਦਿਆਂ-ਦੇਖਦਿਆਂ ਸਮਾਂ ਬਦਲ ਗਿਆ ਅਤੇ ਚਰਖ਼ਾ ਚੱਲਣਾ ਬੰਦ ਹੋ ਗਿਆ।''

ਚਰਖ਼ੇ ਦੇ ਬੰਦ ਹੋਣ ਦਾ ਕਾਰਨ ਗਿਣਾਉਂਦਿਆਂ ਗੁਰਮੀਤ ਦੱਸਦੀ ਹੈ, ''ਇਹ ਕੰਮ ਅਸੀਂ ਬੰਦ ਕਰ ਦਿੱਤਾ ਸੀ ਕਿਉਂਕਿ ਰੂੰ ਹੋਰ ਹੀ ਤਰ੍ਹਾਂ ਦਾ ਹੋ ਗਿਆ, ਫੇਰ ਝੋਨਾ ਲਗਣ ਕਾਰਨ ਨਰਮਾ, ਕਪਾਹ ਵੀ ਘਟ ਗਈ।''

''ਹੁਣ ਖੇਤੀ ਵਿਰਾਸਤ ਮਿਸ਼ਨ ਵਾਲਿਆਂ ਨੇ ਸਾਨੂੰ ਮੁੜ ਤੋਂ ਇਹ ਕੰਮ ਲਾ ਦਿੱਤਾ ਹੈ। ਹੁਣ ਅਸੀਂ ਦੂਜੇ ਕੰਮਾਂ ਤੋਂ ਵਿਹਲੇ ਹੋ ਕੇ ਕੁਝ ਘੰਟਿਆਂ ਲਈ ਚਰਖ਼ਾ ਚਲਾਉਣ ਲੱਗ ਪਏ ਹਾਂ। ਮੈਨੂੰ ਖੁਸ਼ੀ ਹੈ ਕਿ ਮੈਥੋਂ ਬਾਅਦ ਹੁਣ ਮੇਰੀ ਧੀ ਨੇ ਵੀ ਇਹ ਸਿੱਖ ਲਿਆ ਹੈ।''

ਕੋਟਲੀ ਪਿੰਡ ਦੀ ਹੀ ਕੁਲਵਿੰਦਰ ਕਹਿੰਦੀ ਹੈ, ''ਆਪਣੀ ਜਵਾਨੀ ਵਿੱਚ ਆਪਣੇ ਪੇਕੇ ਘਰ ਮੈਂ ਦਿਨ-ਰਾਤ ਚਰਖ਼ਾ ਚਲਾਉਂਦੀ ਸੀ। ਸਾਡੇ ਪਿੰਡ ਇਸ ਨੂੰ ਭਮਿਆਰ ਵੀ ਕਹਿੰਦੇ ਸੀ। ਫੇਰ ਜ਼ਮਾਨਾਂ ਬਦਲ ਗਿਆ ਅਤੇ ਅਸੀਂ ਹੋਰ ਕੰਮ ਧੰਦਿਆਂ ਵਿੱਚ ਲੱਗ ਗਏ। ਹੁਣ ਅਸੀਂ ਦੁਬਾਰਾ ਤੋਂ ਇਹ ਕੰਮ ਕਰਨ ਲੱਗ ਪਏ ਹਾਂ।''

ਬਦਲ ਗਈ ਹੈ ਜ਼ਿੰਦਗੀ

ਕੁਲਵਿੰਦਰ ਦੱਸਦੀ ਹੈ ਹੁਣ ਤਾਂ ਉਹ ਵਿਹਲੇ ਸਮੇਂ ਵਿਚ ਹੀ ਚਰਖ਼ਾ ਕੱਤਦੀ ਹੈ ਪਰ ਫਿਰ ਵੀ ਉਹ 5-6 ਦਿਨਾਂ ਵਿਚ ਇੱਕ ਕਿੱਲੋ ਸੂਤ ਕੱਤਦੀ ਹੈ, ਜਿਸ ਦੇ ਉਸ ਨੂੰ 150 ਰੁਪਏ ਮਿਲਦੇ ਹਨ।

"ਜਿਹੜੀਆਂ ਬੀਬੀਆਂ ਥੋੜ੍ਹੀ ਜ਼ਿਆਦਾ ਮਿਹਨਤ ਕਰ ਲੈਂਦੀਆਂ ਹਨ, ਉਹ ਤਾਂ ਜ਼ਿਆਦਾ ਪੈਸਾ ਕਮਾ ਲੈਂਦੀਆਂ ਹਨ।"

ਪਿੰਡ ਦੀਆਂ ਬਜ਼ੁਰਗ ਬੀਬੀਆਂ ਤੋਂ ਪ੍ਰਭਾਵਿਤ ਹੋ ਕੇ ਚਰਖ਼ਾ ਸਿੱਖਣ ਵਾਲੀ ਰਮਨਦੀਪ ਨੇ ਦੱਸਿਆ ਕਿ ਉਸ ਨੇ ਹੁਣੇ ਬੀਏ ਪਾਸ ਕੀਤੀ ਹੈ ਅਤੇ ਉਹ ਦੇਖਦੀ ਹੈ ਕਿ ਪਿੰਡ ਵਿੱਚ ਦੁਬਾਰਾ ਤੋਂ ਸ਼ੁਰੂ ਹੋਏ ਤ੍ਰਿੰਞਣ ਨੇ ਬੀਬੀਆਂ ਦੀ ਜ਼ਿੰਦਗੀ ਵਿਆਚੇ ਬਦਲਾਅ ਲਿਆਂਦਾ ਹੈ।

ਬੀਬੀਆਂ ਪੈਸੇ ਕਮਾ ਕੇ ਆਰਥਿਕ ਤੌਰ ਉੱਤੇ ਆਤਮ ਨਿਰਭਰ ਤਾਂ ਬਣ ਹੀ ਰਹੀਆਂ ਹਨ, ਨਾਲ ਦੀ ਨਾਲ ਇਹ ਮਿਲ ਕੇ ਬੈਠਣ ਲੱਗੀਆਂ ਹਨ।

ਇੱਕ ਦੂਜੇ ਨਾਲ ਦੁੱਖ ਸੁੱਖ ਫੋਲਦੀਆਂ ਹਨ। ਲੋੜ ਪੈਣ ਉੱਤੇ ਇੱਕ ਦੂਜੀ ਦਾ ਸਹਾਰਾ ਵੀ ਬਣਨ ਲੱਗੀਆਂ ਹਨ।

ਇਹ ਵੀ ਪੜ੍ਹੋ:

ਮੇਡ ਇੰਨ ਇੰਡੀਆ ਤੇ ਘਰ-ਘਰ ਨੌਕਰੀ

ਰੂਪਸੀ ਕਹਿੰਦੀ ਹੈ ਕਿ ਤ੍ਰਿੰਞਣ ਮੇਕ ਇੰਡੀਆ ਦਾ ਮਕਸਦ ਵੀ ਪੂਰਾ ਕਰਦਾ ਹੈ ਅਤੇ ਘਰ ਘਰ ਨੌਕਰੀ ਦੇ ਵਾਅਦੇ ਨੂੰ ਵੀ, ਪਰ ਫ਼ਰਕ ਇਹ ਹੈ ਇਹ ਕੋਈ ਪ੍ਰੋਜੈਕਟ ਨਹੀਂ ਬਲਕਿ ਇੱਕ ਜੀਵਨ ਜਾਂਚ ਹੈ।

ਰਵਾਇਤੀ ਕਲਾ ਅਤੇ ਗਿਆਨ ਨੂੰ ਅੱਗੇ ਵਧਾਉਣਾ ਇੱਕ ਸਕਿੱਲ ਤਾਂ ਹੈ ਹੀ ਇਹ ਇੱਕ ਤਰ੍ਹਾਂ ਦੀ ਜੀਵਨ ਸ਼ੈਲੀ ਵੀ ਹੈ। ਇਸ ਵਿੱਚ ਬੀਬੀਆਂ ਦਾ ਸਨਮਾਨ ਵੀ ਹੈ, ਇਨ੍ਹਾਂ ਨੇ ਨਾ ਕਿਸੇ ਫੈਕਟਰੀ ਵਿੱਚ ਜਾਣਾ ਅਤੇ ਨਾ ਹੀ 9 ਤੋਂ 5 ਸ਼ਿਫ਼ਟ ਕਰਨੀ ਹੈ।

ਜਦੋਂ ਬੀਬੀਆਂ ਦਾ ਮਨ ਚਰਖ਼ਾ ਕੱਤਣ ਦਾ ਹੁੰਦਾ ਹੈ ਤਾਂ ਚਰਖ਼ਾ ਕੱਤਦੀਆਂ ਹਨ ਅਤੇ ਜਦੋਂ ਹੋਰ ਕੰਮ ਦਾ ਤਾਂ ਹੋਰ ਕੰਮ ਕਰ ਲੈਂਦੀਆਂ ਹਨ।

ਇਹ ਰਚਨਾਤਮਕ ਕੰਮ ਵੀ ਹੈ, ਸਕਾਰਾਤਮਕ ਕੰਮ ਵੀ ਹੈ ਅਤੇ ਸਭ ਤੋਂ ਉੱਤੇ ਹੈ ਆਪਣੇ ਸੱਭਿਆਚਾਰ ਤੇ ਖ਼ਤਮ ਹੋ ਰਹੇ ਰਵਾਇਤੀ ਕਲਾਵਾਂ ਅਤੇ ਗਿਆਨ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼।

ਇਹ ਵੀਡੀਓ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)