ਮਹਾਰਾਸ਼ਟਰ ਦੇ ਪਾਲਘਰ 'ਚ ਭੀੜ ਵੱਲੋਂ ਹੋਈ ਕੁੱਟਮਾਰ ਮਾਮਲੇ ਵਿੱਚ 9 ਨਾਬਾਲਗਾਂ ਸਮੇਤ,110 ਲੋਕ ਗ੍ਰਿਫ਼ਤਾਰ - ਪੁਲਿਸ

ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 4 ਮਿੰਟ

ਮਹਾਰਾਸ਼ਟਰ ਦੇ ਮੁੱਖ ਮੰਤਰੀ ਉਧਵ ਠਾਕਰੇ ਨੇ ਕਿਹਾ ਹੈ ਕਿ ਪਾਲਘਰ ਵਿੱਚ ਵੀਰਵਾਰ ਨੂੰ ਤਿੰਨ ਲੋਕਾਂ ਨੂੰ ਕੁੱਟ ਕੇ ਮਾਰਨ ਦੇ ਮਾਮਲੇ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਇਸ ਮਾਮਲੇ ਨਾਲ ਜੁੜੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਮੁੱਖ ਮੰਤਰੀ ਦੇ ਦਫ਼ਤਰ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਜਾਣਕਾਰੀ ਦਿੱਤੀ ਗਈ ਹੈ ਕਿ "ਪਾਲਘਰ ਦੀ ਘਟਨਾ 'ਤੇ ਕਾਰਵਾਈ ਕੀਤੀ ਗਈ ਹੈ। ਘਟਨਾ ਵਾਲੇ ਦਿਨ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਅਪਰਾਧ ਤੇ ਸ਼ਰਮਨਾਕ ਘਟਨਾ ਦੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।"

ਨਿਊਜ਼ ਏਜੰਸੀ ਪੀਟੀਆਈ ਮੁਤਾਬਕ, ਮਹਾਰਾਸ਼ਟਰ ਦੇ ਪਾਲਘਰ ਤੋਂ ਸੂਰਤ ਜਾ ਰਹੇ ਤਿੰਨ ਵਿਅਕਤੀਆਂ ਨੂੰ ਰਸਤੇ ਵਿੱਚ ਕੁਝ ਲੋਕਾਂ ਨੇ ਰੋਕ ਲਿਆ ਸੀ। ਉਨ੍ਹਾਂ ਨੂੰ ਗੱਡੀ ਵਿੱਚੋਂ ਕੱਢਣ ਮਗਰੋਂ ਕੁੱਟ ਕੇ ਮਾਰ ਦਿੱਤਾ ਗਿਆ। ਭੀੜ ਨੂੰ ਸ਼ੱਕ ਸੀ ਕਿ ਇਹ ਲੋਕ ਚੋਰ ਸਨ।

ਇਹ ਤਿੰਨ ਕਿਸੇ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਸੂਰਤ ਜਾ ਰਹੇ ਸਨ।

ਪਾਲਘਰ ਪੁਲਿਸ ਨੇ ਵੀ ਆਪਣੇ ਟਵਿੱਟਰ ਹੈਂਡਲ ਤੋਂ ਜਾਣਕਾਰੀ ਦਿੱਤੀ ਕਿ ਇਸ ਮਾਮਲੇ ਵਿੱਚ 110 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ 9 ਨਾਬਾਲਗ ਹਨ।

ਪਾਲਘਰ ਪੁਲਿਸ ਨੇ ਲਿਖਿਆ, "ਪਾਲਘਰ ਲਿੰਚਿੰਗ ਮਾਮਲੇ ਵਿੱਚ ਜਿਹੜੇ 110 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਵਿੱਚ 9 ਨਾਬਾਲਗ ਵੀ ਸ਼ਾਮਲ ਹਨ।”

“101 ਲੋਕਾਂ ਨੂੰ ਇਸ ਮਹੀਨੇ ਦੀ 30 ਤਰੀਖ਼ ਤੱਕ ਪੁਲਿਸ ਹਿਰਾਸਤ ਵਿੱਚ ਰੱਖਿਆ ਜਾਵੇਗਾ। ਇਸ ਮਾਮਲੇ ਵਿੱਚ ਅਜੇ ਜਾਂਚ ਜਾਰੀ ਹੈ।”

ਭਾਜਪਾ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਮੰਗ

ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ, ਪਰ ਇਸ ਦਾ ਵੀਡੀਓ ਐਤਵਾਰ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ।

ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਘਟਨਾ ਵਾਲੀ ਥਾਂ 'ਤੇ ਇੱਕ ਪੁਲਿਸ ਅਧਿਕਾਰੀ ਵੀ ਮੌਜੂਦ ਹੈ।

ਐਤਵਾਰ ਨੂੰ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ, ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ "ਇਸ ਘਟਨਾ ਦੀ ਉੱਚ ਪੱਧਰੀ ਜਾਂਚ" ਦੀ ਮੰਗ ਕੀਤੀ।

ਉਨ੍ਹਾਂ ਨੇ ਕਿਹਾ, "ਸਭ ਤੋਂ ਸ਼ਰਮਨਾਕ ਗੱਲ ਇਹ ਹੈ ਕਿ ਪੁਲਿਸ ਦੇ ਸਾਮ੍ਹਣੇ ਭੀੜ ਲੋਕਾਂ ਨੂੰ ਮਾਰਦੀ ਹੈ, ਉਨ੍ਹਾਂ ਨੂੰ ਪੁਲਿਸ ਦੇ ਹੱਥੋਂ ਖੋਹ ਕੇ ਮਾਰਦੀ ਹੈ। ਮਹਾਰਾਸ਼ਟਰ ਵਿੱਚ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ ਘਟੀਆ ਹੋ ਗਈ ਹੈ।"

ਐਤਵਾਰ ਨੂੰ ਅਖਿਲ ਭਾਰਤੀ ਅਖਾੜਾ ਪ੍ਰੀਸ਼ਦ ਨੇ ਇਸ ਘਟਨਾ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਜੁਨਾ ਅਖਾੜੇ ਨਾਲ ਜੁੜੇ ਦੋ ਸਾਧੂਆਂ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ।

ਜੁਨਾ ਅਖਾੜੇ ਦੇ ਬੁਲਾਰੇ ਮਹੰਤ ਨਾਰਾਰਨ ਗਿਰੀ ਨੇ ਸਵਾਲ ਚੁੱਕਿਆ ਕਿ "ਦੇਸ ਵਿੱਚ ਧਾਰਾ 144 ਲਾਗੂ ਹੋਣ ਦੇ ਬਾਵਜੂਦ ਇਸ ਸਮੇਂ ਇੰਨੇ ਸਾਰੇ ਪਿੰਡ ਵਾਸੀ ਕਿਵੇਂ ਇਕੱਠੇ ਹੋਏ?"

ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਵੀ ਇਸ ਘਟਨਾ ਦਾ ਇੱਕ ਵੀਡੀਓ ਟਵੀਟ ਕੀਤਾ।

ਉਨ੍ਹਾਂ ਨੇ ਲਿਖਿਆ, “ਮਹਾਰਾਸ਼ਟਰ ਦੇ ਪਾਲਘਰ ਵਿੱਚ 2 ਸਾਧੂਆਂ ਅਤੇ ਉਨ੍ਹਾਂ ਦੇ ਡਰਾਈਵਰ ਨੂੰ ਬੇਰਹਿਮੀ ਨਾਲ ਲਿੰਚਿੰਗ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਘਟਨਾ ਵੀਰਵਾਰ ਦੀ ਹੈ। ਅੱਜ ਤੱਕ ਸਾਰੇ ਉਦਾਰਵਾਦੀ ਪੂਰੀ ਤਰ੍ਹਾਂ ਚੁੱਪ ਬੈਠੇ ਹਨ। ਕੋਈ ਲੋਕਤੰਤਰ ਜਾਂ ਸੰਵਿਧਾਨ ਦੀ ਦੁਹਾਈ ਨਹੀਂ ਦੇ ਰਿਹਾ। ”

ਸੀਐਮਓ ਦੇ ਟਵੀਟ ਤੋਂ ਬਾਅਦ ਸ਼ਿਵ ਸੈਨਾ ਦੇ ਨੌਜਵਾਨ ਨੇਤਾ ਆਦਿੱਤਿਆ ਠਾਕਰੇ ਨੇ ਵੀ ਸਪੱਸ਼ਟ ਕੀਤਾ ਕਿ ਮਹਾਰਾਸ਼ਟਰ ਸਰਕਾਰ ਅਜਿਹੇ ਜੁਰਮਾਂ ਨੂੰ ਬਰਦਾਸ਼ਤ ਨਹੀਂ ਕਰੇਗੀ।

ਉਨ੍ਹਾਂ ਲਿਖਿਆ, "ਮੈਂ ਵਿਸ਼ੇਸ਼ ਤੌਰ ’ਤੇ ਸਿਆਸੀ ਪਾਰਟੀਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਧੂਆਂ ਉੱਤੇ ਹੋਏ ਹਮਲੇ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। "

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)