Scindia Jyotiraditya ਬਾਰੇ 10 ਮਹੱਤਵਪੂਰਨ ਗੱਲਾਂ – ਸ਼ਾਹੀ ਘਰਾਨੇ ਤੋਂ ਲੈ ਕੇ ਸਿਆਸੀ ਸਫ਼ਰ ਤੱਕ

    • ਲੇਖਕ, ਸਲਮਾਨ ਰਾਵੀ
    • ਰੋਲ, ਬੀਬੀਸੀ ਪੱਤਰਕਾਰ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਮੱਧ ਪ੍ਰਦੇਸ਼ ਵਿੱਚ ਬੀਤੇ ਕੁਝ ਦਿਨਾਂ ਤੋਂ ਚੱਲ ਰਿਹਾ ਸਿਆਸੀ ਸਸਪੈਂਸ ਹੁਣ ਖ਼ਤਮ ਹੋ ਗਿਆ ਹੈ। ਕਾਂਗਰਸ ਦੇ ਜਨਰਲ ਸਕੱਤਰ ਜਯੋਤੀਰਾਦਿਤਿਆ ਸਿੰਧੀਆ ਨੇ ਮੰਗਲਵਾਰ ਨੂੰ ਪਾਰਟੀ ਛੱਡ ਦਿੱਤੀ ਹੈ।

ਸਿੰਧੀਆ ਨੇ ਅਸਤੀਫੇ ਵਿੱਚ ਲਿਖਿਆ, "ਮੇਰੇ ਜੀਵਨ ਦਾ ਉਦੇਸ਼ ਸ਼ੁਰੂ ਤੋਂ ਆਪਣੇ ਸੂਬੇ ਅਤੇ ਦੇਸ ਦੇ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ। ਮੈਨੂੰ ਲਗਦਾ ਹੈ ਕਿ ਹੁਣ ਇਸ ਪਾਰਟੀ (ਕਾਂਗਰਸ) ਵਿੱਚ ਰਹਿ ਕੇ ਮੈਂ ਆਪਣਾ ਕੰਮ ਨਹੀਂ ਕਰ ਸਕ ਰਿਹਾ।"

ਗਵਾਲੀਅਰ ਦੇ ਸ਼ਾਹੀ ਘਰਾਨੇ ਨਾਲ ਸਬੰਧ ਰੱਖਣ ਵਾਲੇ ਜਯੋਤੀਰਾਦਿਤਿਆ ਦੇ ਸਿਆਸੀ ਸਫ਼ਰ 'ਤੇ ਇੱਕ ਨਜ਼ਰ ਮਾਰਦੇ ਹਾਂ-

1. ਪਰਿਵਾਰਕ ਵਿਰਾਸਤ

30 ਸਤੰਬਰ, 2001 ਨੂੰ ਜਯੋਤੀਰਾਦਿਤਿਆ ਦੇ ਪਿਤਾ ਮਾਧਵਰਾਓ ਸਿੰਧੀਆਂ ਦਾ ਉੱਤਰ ਪ੍ਰਦੇਸ਼ ਵਿੱਚ ਇੱਕ ਜਾਹਜ਼ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ।

ਮਾਧਵਰਾਓ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਲੋਕ ਸਭਾ ਮੈਂਬਰ ਰਹੇ ਸਨ। ਕਿਹਾ ਜਾਂਦਾ ਹੈ ਕਿ 1971 ਵਿੱਚ ਪਹਿਲੀ ਵਾਰ ਚੋਣਾਂ ਲੜਨ ਤੋਂ ਲੈ ਕੇ ਉਨ੍ਹਾਂ ਨੇ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ-

ਉਹ ਗੁਨਾ ਤੋਂ 9 ਵਾਰ ਲੋਕ ਸਭਾ ਮੈਂਬਰ ਚੁਣੇ ਗਏ ਸਨ। ਉਹ ਜਨਸੰਘ ਦੀ ਟਿਕਟ ਉੱਤੇ ਵੀ ਚੋਣ ਲੜ ਚੁੱਕੇ ਸਨ।

ਜਯੋਤੀਰਾਦਿਤਿਆ ਦੀ ਮਾਤਾ ਕਿਰਨ ਰਾਜਿਆ ਲਕਸ਼ਮੀ, ਕਸਕੀ ਦੇ ਮਹਾਰਾਜ ਲਮਜੰਗ ਜੁੱਧਾ ਸ਼ਮਸ਼ੇਰ ਜੰਗ ਬਹਾਦੁਰ ਰਾਣਾ ਦੀ ਪੜਪੋਤੀ ਸੀ।

ਜਯੋਤੀਰਾਦਿਤਿਆ ਦਾ ਵਿਆਹ ਮਰਾਠਾ ਦੀ ਗਾਇਕਵਾੜ ਰਿਆਸਤ ਦੀ ਪ੍ਰਿਆਦਰਸ਼ਨੀ ਰਾਜੇ ਸਿੰਧੀਆ ਨਾਲ ਹੋਇਆ ਸੀ।

2. ਸਿਆਸਤ ਵਿੱਚ ਪੈਰ

2001 ਵਿੱਚ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਜਯੋਤੀਰਾਦਿਤਿਆ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਅਗਲੇ ਸਾਲ ਫਰਵਰੀ 'ਚ ਉਨ੍ਹਾਂ ਨੇ ਗੁਨਾ ਸੀਟ ਤੋਂ ਚੋਣ ਲੜੀ ਸੀ, ਜੋ ਉਨ੍ਹਾਂ ਦੇ ਪਿਤਾ ਦੀ ਮੌਤ ਕਰਕੇ ਖਾਲੀ ਪਈ ਸੀ।

ਉਨ੍ਹਾਂ ਨੇ ਵੱਡੇ ਫਰਕ ਨਾਲ ਜਿੱਤ ਦਰਜ ਕਰਵਾਈ। ਉਹ ਪਹਿਲੀ ਵਾਰ 2002 ਵਿੱਚ ਜਿੱਤੇ ਸਨ। ਇਸ ਤੋਂ ਬਾਅਦ 2004, 2009 ਅਤੇ ਫਿਰ 2014 ਵਿੱਚ ਜਿੱਤ ਹਾਸਿਲ ਕੀਤੀ।

ਹਾਲਾਂਕਿ, ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਮੱਧ ਪ੍ਰਦੇਸ਼ ਵਿੱਚ ਆਪਣੇ ਹੀ ਨਿੱਜੀ ਸਕੱਤਰ ਰਹੇ ਕੇਪੀਐੱਸ ਯਾਦਵ ਹੱਥੋਂ ਚੋਣਾਂ ਹਾਰਨ ਤੋਂ ਬਾਅਦ ਸਿੰਧੀਆ ਨਿਰਾਸ਼ ਹੋ ਗਏ ਸਨ।

3. ਅਮੀਰ ਸਿਆਸਤਦਾਨ

ਸਿੰਧੀਆ ਗਵਾਲੀਅਰ ਦੇ ਸ਼ਾਹੀ ਖ਼ਾਨਦਾਨ ਤੋਂ ਹਨ ਅਤੇ ਉਨ੍ਹਾਂ ਦੇ ਦਾਦਾ ਜੀਵਾਜੀਰਾਓ ਸਿੰਧੀਆ ਰਿਆਸਤ ਦੇ ਆਖ਼ਰੀ ਰਾਜਾ ਸਨ।

ਜਯੋਤੀਰਾਦਿਤਿਆ ਕਾਂਗਰਸ ਦੀ ਸਰਕਾਰ ਦੌਰਾਨ 3 ਵਾਰ ਕੇਂਦਰੀ ਮੰਤਰੀ ਵੀ ਰਹੇ ਸਨ। ਪਹਿਲੀ ਵਾਰ ਸਾਲ 2007 ਵਿੱਚ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਤੇ ਸਾਲ 2009 ਵਿੱਚ ਵਣਜ ਅਤੇ ਉਦਯੋਗ ਅਤੇ ਸਾਲ 2012 ਵਿੱਚ ਬਿਜਲੀ ਮੰਤਰੀ ਰਹੇ ਸਨ।

ਉਨ੍ਹਾਂ ਨੂੰ ਬੇਬਾਕ ਫ਼ੈਸਲੇ ਲੈਣ ਵਾਲੇ ਅਤੇ ਲੋਕਾਂ ਦੇ ਮਿਲਣਸਾਰ ਮੰਤਰੀ ਵਜੋਂ ਜਾਣਿਆ ਜਾਂਦਾ ਸੀ। ਉਹ ਯੂਪੀਏ ਸਰਕਾਰ ਦੇ ਮੰਤਰੀਆਂ ਵਿੱਚ ਨੌਜਵਾਨ ਚਿਹਰਾ ਸਨ।

ਉਹ ਦੇਸ ਦੇ ਅਮੀਰ ਨੇਤਾਵਾਂ ਵਿੱਚੋਂ ਆਉਂਦੇ ਹਨ, ਜਿਨ੍ਹਾਂ ਦੀ ਜਾਇਦਾਦ ਕਰੀਬ 25 ਹਜ਼ਾਰ ਕਰੋੜ ਰੁਪਏ ਦੀ ਹੈ ਜੋ ਉਨ੍ਹਾਂ ਨੂੰ ਪਿਤਾ ਤੇ ਦਾਦਾ ਵੱਲੋਂ ਵਿਰਾਸਤ ਵਿੱਚ ਮਿਲੀ ਹੈ।

ਇਸ ਜਾਣਕਾਰੀ ਦਾ ਸਰੋਤ ਇੱਕ ਕਾਨੂੰਨੀ ਉਤਰਧਿਕਾਰ ਪਟੀਸ਼ਨ (ਲੀਗਲ ਸਕਸੈਸ਼ਨ ਪਟੀਸ਼ਨ) ਹੈ, ਜਿਸ ਨੂੰ ਜਯੋਤੀਰਾਦਿਤਿਆ ਨੇ ਭਰਿਆ ਸੀ ਅਤੇ ਇਸ ਨੂੰ ਉਨ੍ਹਾਂ ਦੇ ਇੱਕ ਪਰਿਵਾਰਕ ਮੈਂਬਰ ਨੇ ਚੁਣੌਤੀ ਵੀ ਦਿੱਤੀ ਸੀ।

4. ਵੱਡਾ ਵਿਵਾਦ

ਜਦੋਂ ਉਹ 2012 ਵਿੱਚ ਬਿਜਲੀ ਮੰਤਰੀ ਸਨ ਤਾਂ ਉਹ ਇੱਕ ਵਿਵਾਦ ਵਿੱਚ ਫਸ ਗਏ ਸਨ। ਦਰਅਸਲ ਇੱਕ ਪਾਵਰ ਗਰਿਡ ਦੇ ਢਹਿਣ ਕਾਰਨ ਪੂਰੇ ਦੇਸ ਵਿੱਚ ਬਿਜਲੀ ਦੀ ਵੱਡੀ ਕਿੱਲਤ ਹੋ ਗਈ ਸੀ।

ਇਹ ਭਾਰਤ ਦੇ ਇਤਿਹਾਸ ਵਿੱਚ ਬਿਜਲੀ ਦੀ ਸਭ ਤੋਂ ਵੱਡੀ ਕਿੱਲਤ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਮੰਤਰੀ ਵਜੋਂ ਕਾਰਜਕਾਲ 'ਤੇ ਹੋਰ ਕੋਈ ਵੀ ਵਿਵਾਦ ਨਹੀਂ ਸੀ ਪਰ ਇਸ ਬਿਜਲੀ ਸੰਕਟ ਕਾਰਨ ਭਾਰਤ ਦੇ ਇਸ ਹਾਲਾਤ ਲਈ ਕੌਮਾਂਤਰੀ ਚਿੰਤਾਵਾਂ ਵਿਚਾਲੇ ਉਨ੍ਹਾਂ ਨੂੰ ਯੂਪੀਏ ਭਾਈਵਾਲ ਪਾਰਟੀਆਂ ਦੀ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ।

5. ਕ੍ਰਿਕਟ

ਕ੍ਰਿਕਟ ਪ੍ਰੇਮੀ ਜਯੋਤੀਰਾਦਿਤਿਆ ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਹੋਏ ਹਨ।

ਉਹ ਭਾਰਤੀ ਕ੍ਰਿਕਟ ਸੰਗਠਨਾਂ ਦੇ ਕੰਮ ਕਰਨ ਦੇ ਤਰੀਕਿਆਂ ਬਾਰੇ ਬਹੁਤ ਆਲੋਚਨਾਤਮਕ ਰਹੇ ਹਨ, ਖ਼ਾਸ ਤੌਰ 'ਤੇ ਭਾਰਤੀ ਕ੍ਰਿਕਟ ਨੂੰ ਪ੍ਰਭਾਵਿਤ ਕਰਨ ਵਾਲੇ ਸਪਾਟ ਫਿਕਸਿੰਗ ਘੁਟਾਲੇ ਦੇ ਮੱਦੇਨਜ਼ਰ।

ਇਸ ਆਲੋਚਨਾ ਤੋਂ ਬਾਅਦ ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ (ਬੀਸੀਸੀਆਈ) ਦੇ ਸਕੱਤਰ ਸੰਜੇ ਜਗਡਲੇ ਨੂੰ ਅਸਤੀਫ਼ਾ ਵੀ ਦੇਣਾ ਪਿਆ ਸੀ।

6. ਲੋਕ ਸਭਾ 'ਚ ਹਾਰ

ਸਾਲ 2019 ਵਿੱਚ ਜਯੋਤੀਰਾਦਿਤਿਆ ਆਪਣੀ ਸੀਟ ਕ੍ਰਿਸ਼ਨ ਪਾਲ ਸਿੰਘ ਯਾਦਵ ਹੱਥੋਂ ਹਾਰ ਗਏ, ਬੇੱਸ਼ਕ ਉਨ੍ਹਾਂ ਨੇ ਇਸ ਲਈ ਸਖ਼ਤ ਪ੍ਰਚਾਰ ਵੀ ਕੀਤਾ ਸੀ।

ਮੱਧ ਪ੍ਰਦੇਸ਼ ਵਿੱਚ ਚੋਣ ਰੈਲੀਆਂ ਦੌਰਾਨ ਰਾਹੁਲ ਗਾਂਧੀ ਨੇ ਕਮਲ ਨਾਥ ਅਤੇ ਜਯੋਤੀਰਾਦਿਤਿਆ ਨੂੰ ਆਪਣੇ ਵੱਲ ਕੀਤਾ ਹੋਇਆ ਸੀ।

ਇਸ ਦੌਰਾਨ ਰਾਹੁਲ ਨੇ ਕਮਲ ਨਾਥ ਨੂੰ 'ਵਰਤਮਾਨ ਤਜ਼ਰਬੇਕਾਰ ਆਗੂ' ਦੱਸਿਆ ਅਤੇ ਉੱਥੇ ਹੀ ਜਯੋਤੀਰਾਦਿਤਿਆ ਨੂੰ 'ਭਵਿੱਖ' ਦੇ ਆਗੂ ਕਿਹਾ ਸੀ।

ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗੱਲ ਚੋਣਾਂ ਦੌਰਾਨ ਉਨ੍ਹਾਂ ਦੇ ਹੱਕ ਵਿੱਚ ਭੁਗਤੀ ਸੀ। ਉਹ ਅਜੇ ਵੀ ਆਸਵੰਦ ਸਨ ਅਤੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ।

ਸੂਤਰਾਂ ਮੁਤਾਬਕ ਕਾਂਗਰਸ ਹਾਈ ਕਮਾਨ ਨੇ ਇਸ 'ਤੇ ਸਹਿਮਤੀ ਜਤਾਈ ਸੀ ਅਤੇ ਸਿੰਧੀਆ ਨੂੰ ਕਿਹਾ ਸੀ ਕਿ ਉਹ ਚੁਣੇ ਗਏ ਵਿਧਾਇਕਾਂ ਵਿੱਚੋਂ ਘੱਟੋ-ਘੱਟ ਅੱਧਿਆ ਦਾ ਸਮਰਥਨ ਹਾਸਿਲ ਕਰਨ ਪਰ ਉਹ ਸਿਰਫ਼ 23 ਦਾ ਸਮਰਥਨ ਹਾਸਿਲ ਕਰ ਸਕੇ ਸਨ।

ਇਸ ਤਰ੍ਹਾਂ ਕਮਲ ਨਾਥ ਸੂਬੇ ਦੇ ਮੁੱਖ ਮੰਤਰੀ ਬਣ ਗਏ ਸਨ।

7. ਗਾਂਧੀ ਪਰਿਵਾਰ ਨਾਲ ਨੇੜਤਾ ਤੇ ਉਮੀਦਾਂ ਦਾ ਟੁੱਟਣਾ

ਉਨ੍ਹਾਂ ਦੀ ਗਾਂਧੀ ਪਰਿਵਾਰ ਦੇ ਸਦਾ ਹੀ ਨੇੜੇ ਰਹੇ ਸਨ ਅਤੇ ਖ਼ਾਸ ਕਰਕੇ ਰਾਹੁਲ ਗਾਂਧੀ ਦੇ ਉਤਾਰ-ਚੜਾਅ ਦੇ ਸਮੇਂ ਵਿੱਚ ਉਹ ਉਨ੍ਹਾਂ ਦੇ ਨਾਲ ਰਹੇ ਅਤੇ ਦੋਵਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਦੇਖਿਆ ਜਾ ਸਕਦਾ ਹੈ।

ਫਿਰ ਵੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨਾਲ ਉਨ੍ਹਾਂ ਦਾ ਅੰਦਰੂਨੀ ਸੰਘਰਸ਼ ਜਾਰੀ ਰਿਹਾ। ਉਨ੍ਹਾਂ ਨੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਹਮੇਸ਼ਾ ਨਾਖੁਸ਼ੀ ਦਿਖਾਈ।

ਰਾਜਧਾਨੀ ਭੋਪਾਲ ਵਿੱਚ ਕਾਂਗਰਸ ਦੇ ਮਾਮਲਿਆਂ 'ਤੇ ਡੂੰਘੀ ਨਜ਼ਰ ਰੱਖਣ ਵਾਲੇ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਨੇ ਉਨ੍ਹਾਂ ਨੂੰ ਸੂਬਾ ਪ੍ਰਧਾਨ ਦੇ ਅਹੁਦੇ ਲਈ ਵੀ ਆਖਿਆ ਸੀ।

ਪਰ ਜ਼ਾਹਰ ਹੈ ਕਿ ਪਾਰਟੀ ਦੇ ਸੀਨੀਅਰਾਂ ਨੇ ਦਲੀਲਾਂ ਦਿੱਤੀਆਂ ਕਿ ਸਿੰਧੀਆ ਦਾ ਪ੍ਰਭਾਵ ਸਿਰਫ਼ ਚੰਬਲ ਤੱਕ ਹੈ ਨਾ ਕਿ ਪੂਰੇ ਸੂਬੇ ਵਿੱਚ।

ਅੰਦਰੂਨੀ ਲੋਕਾਂ ਨੇ ਇਹ ਵੀ ਆਖਿਆ ਕਿ ਸਿੰਧੀਆ ਮੱਧ ਪ੍ਰਦੇਸ਼ ਤੋਂ ਪਾਰਟੀ ਦੇ ਰਾਜ ਸਭਾ ਉਮੀਦਵਾਰ ਬਣਨ ਦੀ ਇੱਛਾ ਰੱਖਦੇ ਸਨ।

ਪਰ ਫਿਰ ਕਿਆਸਅਰਾਈਆਂ ਲਗਾਈਆਂ ਗਈਆਂ ਕਿ ਦਿਗਵਿਜੇ ਸਿੰਘ ਅਤੇ ਪ੍ਰਿਅੰਕਾ ਗਾਂਧੀ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਮੀਦਵਾਰ ਹੋ ਸਕਦੇ ਹਨ ਅਤੇ ਫਿਰ ਇੰਝ ਲੱਗਿਆ ਕਿ ਸਿੰਧੀਆ ਦੀ ਜਿਵੇਂ ਕੋਈ ਆਸ ਟੁੱਟ ਗਈ ਹੋਵੇ।

ਇਹ ਵੀ ਪੜ੍ਹੋ-

8. ਸਰਕਾਰ ਵਿਰੋਧੀ ਬੋਲਣਾ

ਮੱਧ ਪ੍ਰਦੇਸ਼ ਵਿੱਚ ਉਹ ਕਈ ਮੁੱਦਿਆ 'ਤੇ ਸਰਕਾਰ ਦੇ ਵਿਰੋਧ ਵਿੱਚ ਬੋਲਦੇ ਸਨ।

ਉਨ੍ਹਾਂ ਦਾ ਤਾਜ਼ਾ ਰੋਸ 18 ਫਰਵਰੀ ਨੂੰ ਟੀਕਮਗੜ੍ਹ ਵਿੱਚ ਇੱਕ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਸੁਣਿਆ ਗਿਆ ਸੀ, ਜਿੱਥੇ ਉਨ੍ਹਾਂ ਨੇ ਧਮਕੀ ਦਿੱਤੀ ਸੀ ਕਿ 'ਜੇਕਰ ਕਾਂਗਰਸ ਸਰਕਾਰ ਨੇ 2018 ਦੀਆਂ ਚੋਣਾਂ ਦੇ ਚੋਣ ਮਨੋਰਥ ਪੱਤਰ ਵਾਲੇ ਵਾਅਦੇ ਨਹੀਂ ਪੁਗਾਏ ਤਾਂ ਉਹ ਸੜਕਾਂ 'ਤੇ ਉਤਰ ਆਉਣਗੇ'।

ਕਮਲ ਨਾਥ ਇਸ ਦੇ ਜਵਾਬ ਵਿੱਚ ਇੱਕ ਕਾਨਫਰੰਸ ਵਿੱਚ ਕਿਹਾ, "ਉਹ ਉਤਰ ਜਾਣ।"

ਪਰ ਇਸ ਘਟਨਾਕ੍ਰਮ ਨੂੰ ਪਾਰਟੀ ਦੇ ਸੀਨੀਅਰ ਆਗੂ ਉਸ ਸਵੇਰ ਤੱਕ ਨਜ਼ਰਅੰਦਾਜ਼ ਕਰਦੇ ਰਹੇ ਜਦੋਂ ਤੱਕ ਸਿੰਧੀਆ ਨੇ ਅਸਤੀਫ਼ਾ ਨਹੀਂ ਦਿੱਤਾ।

9. ਅਸਤੀਫ਼ਾ

ਜਯੋਤੀਰਾਦਿਤਿਆ ਸਿੰਧੀਆ ਦੇ ਅਸਤੀਫ਼ੇ ਬਾਰੇ 9 ਮਾਰਚ ਨੂੰ ਪਤਾ ਲੱਗਾ ਸੀ ਪਰ ਇਸ ਦੀ ਚਿੱਠੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਤੋਂ ਬਾਅਦ 10 ਮਾਰਚ ਨੂੰ ਜਨਤਕ ਹੋਈ।

ਜਯੋਤੀਰਾਦਿਤਿਆ ਇਹ ਕਹਿੰਦੇ ਰਹੇ ਕਿ ਪਾਰਟੀ ਅੰਦਰ ਸਭ ਕੁਝ ਹੱਲ ਹੋ ਜਾਵੇਗਾ। ਪਰ ਉਨ੍ਹਾਂ ਦੇ ਭਰੋਸੇ ਵਾਲੇ ਮਹਿੰਦਰ ਸਿੰਘ ਸਿਸੋਦੀਆ ਪਹਿਲਾਂ ਸੰਕੇਤ ਦੇ ਚੁੱਕੇ ਸਨ।

ਸਿਸੋਦੀਆ ਨੇ ਕਿਹਾ ਸੀ, "ਸਰਕਾਰ ਕਦੇ ਨਹੀਂ ਡਿੱਗੇਗੀ ਪਰ ਜਦੋਂ ਸਾਡੇ ਆਗੂ ਜਯੋਤੀਰਾਦਿਤਿਆ ਸਿੰਧੀਆ ਨੂੰ ਅਣਗੌਲਿਆ ਜਾਵੇਗਾ ਤਾਂ ਸਰਕਾਰ ਡੂੰਘੇ ਸੰਕਟ ਵਿੱਚ ਆ ਜਾਵੇਗੀ।"

ਸਿੰਧੀਆ ਨੇ ਆਪਣੇ ਅਸਤੀਫ਼ੇ ਦੇ ਐਲਾਨ ਤੋਂ ਪਹਿਲਾਂ ਹੀ ਵਿਧਾਨ ਸਭਾ ਵਿੱਚ ਕਰੀਬ 17 ਮੈਂਬਰਾਂ ਨੂੰ ਉਨ੍ਹਾਂ ਨੇੜੇ ਮੰਨਿਆਂ ਅਤੇ ਉਨ੍ਹਾਂ ਨੂੰ ਬੈਂਗਲੁਰੂ ਅਤੇ ਗੁਰੂਗ੍ਰਾਮ ਲਿਜਾਇਆ ਗਿਆ। ਇਸ ਕਦਮ ਨੇ ਕਮਲ ਨਾਥ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ।

10. ਸਿਆਸੀ ਡਰਾਮਾ

ਇਸ ਦੇ ਨਾਲ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਮਲ ਨਾਥ ਸਰਕਾਰ ਮਤਭੇਦਾਂ ਦਾ ਸਾਹਮਣਾ ਕਰ ਰਹੀ ਹੈ।

ਕਮਲ ਨਾਥ ਨੇ ਵੀ 9 ਮਾਰਚ ਨੂੰ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਪਰ ਨਾਲ ਹੀ ਉਨ੍ਹਾਂ ਨੂੰ ਹਾਲਾਤ ਨੂੰ ਸਮੇਟਣ ਲਈ ਮੱਧ ਪ੍ਰਦੇਸ਼ ਵੱਲ ਭੱਜਣਾ ਪਿਆ।

9 ਮਾਰਚ ਨੂੰ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਵੀ ਸੂਬੇ ਵਿੱਚ ਸਿਆਸੀ ਹਾਲਾਤ ਤੋਂ ਜਾਣੂ ਕਰਵਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ।

ਹੁਣ ਕਾਂਗਰਸ ਦੇ ਬੁਲਾਰੇ ਕੇਸੀ ਵੈਨੂਗੋਪਾਲ ਦਾ ਕਹਿਣਾ ਹੈ ਕਿ ਜਯੋਤੀਰਾਦਿਤਿਆ ਸਿੰਧੀਆ "ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਬਾਹਰ ਕੱਢਿਆ ਗਿਆ ਹੈ" ਅਤੇ ਸਿੰਧੀਆ ਦੇ ਭਾਜਪਾ ਵਿੱਚ ਸ਼ਾਮਿਲ ਹੋਣ ਲਈ ਮੰਚ ਤਿਆਰ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਅਤੇ ਕੈਬਨਿਟ ਵਿੱਚ ਥਾਂ ਦਿੱਤੇ ਜਾਣ ਦਾ ਭਰੋਸਾ ਦਿਵਾਇਆ ਗਿਆ ਸੀ।

ਹਾਲਾਂਕਿ, ਭਾਜਪਾ ਸਰੋਤਾਂ ਦਾ ਕਹਿਣਾ ਹੈ ਕਿ ਸਿੰਧੀਆ ਬਾਰੇ ਕੋਈ ਫ਼ੈਸਲਾ ਪਾਰਟੀ ਦੀ ਸੰਸਦੀ ਕਮੇਟੀ ਬੈਠਕ ਅਤੇ ਸੂਬਾ ਵਿਧਾਇਕ ਦਲ ਦੀ ਕਮੇਟੀ ਦੀ ਬੈਠਕ ਤੋਂ ਬਾਅਦ ਲਿਆ ਜਾਵੇਗਾ।

ਇਹ ਵੀ ਪੜ੍ਹੋ-

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)