You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਸ਼ਾਸਿਤ ਕਸ਼ਮੀਰ 'ਚ ਅਸੀਂ ਅੱਤਵਾਦੀ ਕੈਂਪ ਤਬਾਹ ਕੀਤੇ- ਜਨਰਲ ਬਿਪਿਨ ਰਾਵਤ
ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਤੰਗਧਾਰ ਸੈਕਟਰ ਦੇ ਦੂਜੇ ਪਾਸੇ ਪਾਕਿਸਤਾਨੀ ਸ਼ਾਸਿਤ ਕਸ਼ਮੀਰ ਵਿਚ ਅੱਤਵਾਦੀ ਕੈਂਪਾਂ ਅਤੇ ਪਾਕਿਸਤਾਨੀ ਫੌਜ ਦੇ ਬੰਕਰਾਂ ਨੂੰ ਤਬਾਹ ਕੀਤਾ ਗਿਆ ਹੈ।
ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ, ''ਕਾਰਵਾਈ ਵਿੱਚ 6 ਤੋਂ 10 ਪਾਕਿਸਤਾਨੀ ਰੇਂਜਰਸ ਮਾਰੇ ਗਏ ਅਤੇ ਤਕਰੀਬਨ ਇੰਨੇ ਹੀ ਅੱਤਵਾਦੀ ਮਾਰੇ ਜਾ ਚੁੱਕੇ ਹਨ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਘੱਟੋ-ਘੱਟ 3 ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਚੌਥੇ ਕੈਂਪ ਨੂੰ ਨੀ ਨੁਕਸਾਨ ਪਹੁੰਚਿਆ ਹੈ। ਜੇਕਰ ਇਸ ਤਰ੍ਹਾਂ ਦੀ ਕਾਰਵਾਈ ਪਾਕਿਸਤਾਨ ਕਰਦਾ ਰਿਹਾ ਤਾਂ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਕਰਾਂਗੇ।''
ਜਨਰਲ ਰਾਵਤ ਨੇ ਅੱਗੇ ਕਿਹਾ ਕਿ ਇਸ ਸਾਰੇ ਮੁੱਦੇ 'ਤੇ ਰੱਖਿਆ ਮੰਤਰੀ ਲਗਾਤਾਰ ਅਪਡੇਟ ਲੈ ਰਹੇ ਹਨ।
ਇਸ ਤੋਂ ਪਹਿਲਾਂ ਭਾਰਤੀ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦਾਅਵਾ ਕੀਤਾ ਹੈ ਕਿ ਸ਼ਨੀਵਾਰ ਰਾਤ ਨੂੰ ਭਾਰਤ ਵਾਲੇ ਪਾਸੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਪਾਕਿਸਤਾਨੀ ਫੌਜ ਨੇ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕੀਤੀ। ਜਿਸ ਦਾ ਭਾਰਤੀ ਫੌਜ ਨੇ ਕਰਾਰਾ ਜਵਾਬ ਦਿੱਤਾ।
ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗਫੂਰ ਨੇ ਇੱਕ ਟਵੀਟ ਰਾਹੀਂ ਦਾਅਵਾ ਕੀਤਾ ਹੈ ਕਿ ਭਾਰਤੀ ਫੌਜ ਨੇ ਜੌੜਾ, ਸ਼ਾਹਕੋਟ ਅਤੇ ਨੌਸ਼ਿਹਰਾ ਵਿਚ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ। ਜਿਸ ਦਾ ਪਾਕਿਸਤਾਨ ਵਲੋਂ ਵਾਜਬ ਜਵਾਬ ਦਿੱਤਾ ਗਿਆ।
ਪਾਕਿਸਤਾਨੀ ਫੌਜ ਦੇ ਬੁਲਾਰੇ ਨੇ 9 ਭਾਰਤੀ ਜਵਾਨਾਂ ਨੂੰ ਮਾਰਨ ਅਤੇ ਭਾਰਤੀ ਫੌਜ ਦੇ ਦੋ ਬੰਕਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।
ਇਹ ਵੀ ਪੜ੍ਹੋ-
ਖ਼ਬਰ ਏਜੰਸੀਆਂ ਦਾ ਦਾਅਵਾ
ਇਸ ਤੋਂ ਪਹਿਲਾਂ ਖ਼ਬਰ ਏਜੰਸੀ ਏਐੱਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿਚ ਹਮਲਾ ਕਰਕੇ ਅੱਤਵਾਦੀ ਕੈਂਪ ਨਸ਼ਟ ਕਰ ਦਿੱਤੇ ਹਨ।
ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿਚ 4-5 ਪਾਕਿਸਤਾਨੀ ਫੌਜ ਦੇ ਜਵਾਨ ਵੀ ਹਲ਼ਾਕ ਹੋਏ ਹਨ। ਇਹ ਹਮਲਾ ਭਾਰਤ ਵਾਲੇ ਪਾਸੇ ਤੰਗਧਾਰ ਦੇ ਦੂਜੇ ਪਾਸੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਖ਼ਬਰ ਏਜੰਸੀ ਪੀਟੀਆਈ ਨੇ ਤੰਗਧਾਰ ਖੇਤਰ ਵਿਚ ਪਾਕਿਸਤਾਨੀ ਗੋਲ਼ੀਬਾਰੀ ਵਿਚ ਦੋ ਭਾਰਤੀ ਜਵਾਨਾਂ ਅਤੇ ਇੱਕ ਆਮ ਨਾਗਰਿਕ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਸੀ। ਪਾਕਿਸਤਾਨ ਦੀ ਤਰਫ਼ੋ ਹੋਈ ਇਸ ਗੋਲ਼ੀਬਾਰੀ ਵਿਚ ਤਿੰਨ ਆਮ ਸ਼ਹਿਰੀਆਂ ਦੇ ਜ਼ਖ਼ਮੀ ਹੋਣ ਅਤੇ ਦੋ ਘਰਾਂ ਦੇ ਵੀ ਤਬਾਹ ਹੋਣ ਦੀ ਗੱਲ ਕਹੀ ਗਈ ਸੀ।
ਇਹ ਵੀ ਪੜ੍ਹੋ-
ਇਹ ਵੀਡੀਓ ਜ਼ਰੂਰ ਦੇਖੋ