ਪ੍ਰੈੱਸ ਰਿਵੀਊ: 'ਭਾਰਤ ਵਿੱਚ ਹਰ ਰੋਜ਼ ਹਿਰਾਸਤ 'ਚ ਹੋਈਆਂ 5 ਮੌਤਾਂ'

ਤਸਵੀਰ ਸਰੋਤ, AFP/Getty Images
ਏਸ਼ੀਅਨ ਸੈਂਟਰ ਫਾਰ ਹਿਊਮਨ ਰਾਈਟਸ (ਏਸੀਐਚਆਰ) ਦੀ ਰਿਪੋਰਟ ਮੁਤਾਬਕ ਅਪ੍ਰੈਲ 2017 ਤੋਂ ਫਰਵਰੀ 2018 ਦੌਰਾਨ ਹਿਰਾਸਤ ਵਿੱਚ ਪ੍ਰਤੀਦਿਨ ਪੰਜ ਭਾਰਤੀਆਂ ਦੀ ਮੌਤ ਹੋਈ ਅਤੇ ਪੰਜਾਬ ਦਾ ਇਸ ਵਿੱਚ ਚੌਥਾ ਨੰਬਰ ਹੈ।
ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਰਿਪੋਰਟ ਰਾਜ ਸਭਾ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 14 ਮਾਰਚ ਨੂੰ ਪੇਸ਼ ਕੀਤੇ ਗਏ ਅੰਕੜਿਆਂ ਦੇ ਆਧਾਰ 'ਤੇ 'ਟਾਰਚਰ ਅਪਡੇਟ ਇੰਡੀਆ' ਦੇ ਨਾਮ ਹੇਠ 'ਤਸ਼ੱਦਦ ਦੇ ਪੀੜਤਾਂ ਦੇ ਹੱਕ 'ਚ ਕੌਮਾਂਤਰੀ ਦਿਵਸ ਮੌਕੇ' ਜਾਰੀ ਕੀਤੀ।
ਰਿਪੋਰਟ ਮੁਤਾਬਕ ਹਿਰਾਸਤ ਵਿੱਚ 1674 ਮੌਤਾਂ ਹੋਈਆ, ਜਿਸ ਵਿੱਚ ਨਿਆਂਇਕ ਹਿਰਾਸਤ 'ਚ 1530 ਅਤੇ ਪੁਲਿਸ ਹਿਰਾਸਤ 'ਚ 144 ਮੌਤਾਂ ਦਾ ਅੰਕੜਾ ਸਾਹਮਣੇ ਆਇਆ ਹੈ।
ਇਨ੍ਹਾਂ ਮੌਤਾਂ ਵਿੱਚ ਉੱਤਰ ਪ੍ਰਦੇਸ਼ ਪਹਿਲੇ ਸਥਾਨ 'ਤੇ ਹੈ, ਦੂਜੇ 'ਤੇ ਮਹਾਰਾਸ਼ਟਰਾ, ਤੀਜੇ 'ਤੇ ਪੱਛਮੀ ਬੰਗਾਲ ਅਤੇ ਪੰਜਾਬ ਦਾ ਇਸ ਵਿੱਚ ਚੋਥਾ ਨੰਬਰ ਹੈ।

ਤਸਵੀਰ ਸਰੋਤ, Getty Images
ਅਮਰੀਕਾ ਦੀ ਜੇਲ੍ਹ 'ਚ ਬੰਦ ਪੰਜਾਬੀਆਂ ਨੂੰ ਕਾਨੂੰਨੀ ਸਹਾਇਤਾ ਦੇਣ ਦੇ ਆਦੇਸ਼
ਪੰਜਾਬੀ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਅਮਰੀਕੀ ਜੱਜ ਨੇ ਅਮਰੀਕਾ ਦੀ ਜੇਲ੍ਹ 'ਚ ਬੰਦ ਦਰਜਨਾਂ ਭਾਰਤੀਆਂ ਸਣੇ 120 ਪਰਵਾਸੀਆਂ ਨੂੰ ਤੁਰੰਤ ਵਕੀਲਾਂ ਨਾਲ ਮਿਲਣ ਦੇ ਆਦੇਸ਼ ਦਿੱਤੇ ਹਨ।
ਇਨ੍ਹਾਂ ਵਿੱਚ ਕਰੀਬ 100 ਅਜਿਹੇ ਪੰਜਾਬੀ ਵੀ ਹਨ ਜੋ ਅਮਰੀਕਾ ਦੀ ਦੱਖਣੀ ਸਰਹੱਦ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜ੍ਹੇ ਗਏ ਹਨ। ਇਨ੍ਹਾਂ ਨੂੰ ਉੱਥੋਂ ਦੀ ਔਰੇਗਨ ਜੇਲ੍ਹ ਵਿੱਚ ਰੱਖਿਆ ਗਿਆ ਹੈ।
'ਪੋਰਟਲੈਂਡ ਮਰਕਰੀ' ਦੀ ਰਿਪੋਰਟ ਮੁਤਾਬਕ ਔਰੇਗਨ ਦੇ ਫੈਡਰਲ ਜੱਜ ਨੇ ਅਮਰੀਕਨ ਸਿਵਿਲ ਲਿਬਰਟੀਜ਼ ਯੂਨੀਅਨ ਅਤੇ ਇੱਕ ਗ਼ੈਰ-ਲਾਭਕਾਰੀ ਸੰਸਥਾ ਇਨੋਵੇਸ਼ ਲਾਅ ਲੈਬ ਦੀ ਪਟੀਸ਼ਨ 'ਤੇ ਫੈਸਲਾ ਸੁਣਾਉਂਦਿਆਂ ਇਨ੍ਹਾਂ ਪਰਵਾਸੀਆਂ ਨੂੰ ਤੁਰੰਤ ਕਾਨੂੰਨੀ ਮਦਦ ਮੁਹੱਈਆ ਕਰਾਉਣ ਦੇ ਹੁਕਮ ਦਿੱਤੇ ਹਨ।

ਤਸਵੀਰ ਸਰੋਤ, Getty Images
ਸਿੱਧੂ ਨੇ ਕਿਹਾ ਰੇਤ ਲਈ ਨਵੀਂ ਪਾਲਿਸੀ ਦੀ ਲੋੜ, ਕੈਪਟਨ ਨੇ ਕੀਤੀ ਨਾਂਹ
ਇੰਡੀਅਨ ਐਕਸਪ੍ਰੈਸ ਮੁਤਾਬਕ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰੇਤ ਨੂੰ ਵੇਚਣ ਲਈ ਨਵੀਂ ਕਾਰਪੋਰੇਸ਼ਨ ਬਣਾਉਣ ਲਈ ਕਿਹਾ ਪਰ ਉਨ੍ਹਾਂ ਦਾ ਇਹ ਸੁਝਾਅ ਅਣਗੌਲਿਆ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚਾਲੂ ਵਿੱਤੀ ਸਾਲ ਲਈ ਪ੍ਰਗਤੀਸ਼ੀਲ ਬੋਲੀ ਨੀਤੀ ਨੂੰ ਜਾਰੀ ਰੱਖਣ ਲਈ ਕਿਹਾ।
ਹਾਲਾਂਕਿ ਇਸ ਨੀਤੀ ਨੂੰ ਵੱਡੇ ਪੱਧਰ 'ਤੇ ਮਹਿੰਗਾਈ ਵੱਧਣ ਲਈ ਜ਼ਿੰਮੇਵਾਰ ਵੀ ਠਹਿਰਾਇਆ ਜਾਂਦਾ ਰਿਹਾ ਹੈ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਇਸ ਵੇਲੇ ਰੇਤ ਦਾ ਮੁੱਲ ਸਭ ਤੋਂ ਮਹਿੰਗਾ ਹੈ ਅਤੇ ਸਰਕਾਰ ਨੂੰ ਨੀਤੀ ਬਦਲਣੀ ਚਾਹੀਦੀ ਹੈ।
ਉੱਥੇ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਦੀ ਸਲਾਹ ਸੁਣੀ ਅਤੇ ਕਿਹਾ ਇਸ ਨੂੰ ਲਾਗੂ ਕਰਨ ਲਈ ਸਮਾਂ ਲੱਗੇਗਾ ਅਤੇ ਫਿਲਹਾਲ ਵਿਭਾਗ ਦੂਜੇ ਸਾਲ ਵੀ ਪੁਰਾਣੀ ਨੀਤੀ ਨੂੰ ਹੀ ਜਾਰੀ ਰੱਖੇਗਾ।

ਤਸਵੀਰ ਸਰੋਤ, Getty Images
ਹੁਣ ਤੁਸੀਂ ਭਾਰਤ 'ਚ ਕਿਤੇ ਵੀ ਬੈਠ ਕੇ ਆਪਣੇ ਪਾਸਪੋਰਟ ਲਈ ਅਪਲਾਈ ਕਰ ਸਕਦੇ ਹੋ
ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਕ ਸਕੀਮ ਲਾਂਚ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਭਾਰਤ ਵਿੱਚ ਕਿਸੇ ਵੀ ਥਾਂ ਤੋਂ ਆਪਣੇ ਪਾਸਪੋਰਟ ਲਈ ਅਰਜ਼ੀ ਦੇ ਸਕਦੇ ਹੋ।
6ਵੇਂ ਪਾਸਪੋਰਟ ਸੇਵਾ ਦਿਵਸ ਮੌਕੇ ਉਨ੍ਹਾਂ ਨੇ ਇੱਕ ਮੋਬਾਈਲ ਐੱਪ ਵੀ ਜਾਰੀ ਕੀਤਾ ਹੈ, ਜਿਸ ਵਿੱਚ ਤੁਸੀਂ ਆਪਣੇ ਇਲਾਕੇ ਦੇ ਪਾਸਪੋਰਟ ਸੇਵਾ ਕੇਂਦਰ ਚੁਣ ਕੇ ਭੁਗਤਾਨ ਕਰ ਸਕਦੇ ਹੋ ਅਤੇ ਅਪਾਇਨਟਮੈਂਟ ਲੈ ਸਕਦੇ ਹੋ।












