ਚੀਨ ਨੇ ਕੋਰੋਨਾ ਨਾਲ ਹੋਈਆਂ ਮੌਤਾਂ ਦਾ ਸੱਚ ਸਾਹਮਣੇ ਲਿਆਉਣ ਵਾਲਿਆਂ ਨਾਲ ਕਿਹੋ ਜਿਹਾ ਸਲੂਕ ਕੀਤਾ

    • ਲੇਖਕ, ਗ੍ਰੇਸ ਸੋਈ ਦੁਆਰਾ
    • ਰੋਲ, ਬੀਬੀਸੀ ਨਿਊਜ਼
  • ਪ੍ਰਕਾਸ਼ਿਤ

ਚੀਨ ਦੇ ਸ਼ਹਿਰ ਵੂਹਾਨ ਵਿੱਚ ਕੋਰੋਨਾਵਾਇਰਸ ਦੇ ਸ਼ੁਰੂਆਤੀ ਪ੍ਰਕੋਪ ਦਾ ਦਸਤਾਵੇਜ਼ੀਕਰਨ ਕਰਨ ਵਾਲੇ ਫੈਂਗ ਬਿਨ ਨੂੰ ਲਗਭਗ ਤਿੰਨ ਸਾਲਾਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।

ਸੂਤਰਾਂ ਦੇ ਹਵਾਲੇ ਨਾਲ ਬੀਬੀਸੀ ਨੂੰ ਮਿਲੀ ਜਾਣਕਾਰੀ ਮੁਤਾਬਕ, ਫੈਂਗ ਆਪਣੇ ਘਰ ਵਾਪਸ ਪਰਤ ਆਏ ਹਨ।

ਜਿਸ ਵੇਲੇ ਵੁਹਾਨ ਵਿੱਚ ਕੋਵਿਡ ਫੈਲਿਆ ਸੀ, ਉੱਥੋਂ ਦੇ ਕਈ ਵੀਡੀਓ ਵਾਇਰਲ ਹੋਏ ਸਨ। ਇਨ੍ਹਾਂ ਵੀਡੀਓਜ਼ ਵਿੱਚ ਵੂਹਾਨ ਵਿੱਚ ਕੋਵਿਡ ਦੀ ਸਥਿਤੀ ਦਿਖਾਈ ਗਈ ਸੀ।

ਫੈਂਗ ਅਜਿਹੇ ਕਈ ਪੱਤਰਕਾਰਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਮਹਾਂਮਾਰੀ ਦੇ ਕੇਂਦਰ ਵੂਹਾਨ ਵਿੱਚ ਅਜਿਹੇ ਹੀ ਦ੍ਰਿਸ਼ਾਂ ਦੇ ਵੀਡੀਓ ਸਾਂਝੇ ਕੀਤੇ ਸਨ ਅਤੇ ਜਿਸ ਤੋਂ ਬਾਅਦ ਉਹ ਅਚਾਨਕ ਗਾਇਬ ਹੋ ਗਏ ਸਨ।

ਫੈਂਗ ਦੇ ਵੀਡੀਓ ਵਿੱਚ ਕੀ ਨਜ਼ਰ ਆਇਆ ਸੀ

ਸੂਤਰਾਂ ਨੇ ਦੱਸਿਆ ਕਿ ਫਰਵਰੀ 2020 ਵਿੱਚ ਲਾਪਤਾ ਹੋਣ ਤੋਂ ਬਾਅਦ, ਉਨ੍ਹਾਂ ਨੂੰ ਵੂਹਾਨ ਵਿੱਚ ਇੱਕ ਗੁਪਤ ਮੁਕੱਦਮੇ ਵਿੱਚ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ।

ਉਨ੍ਹਾਂ ਅੱਗੇ ਕਿਹਾ ਕਿ ਫੈਂਗ ਨੂੰ ਐਤਵਾਰ ਨੂੰ ਹੀ ਰਿਹਾਅ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਠੀਕ ਹੈ। ਫੈਂਗ ਹੁਣ ਵੂਹਾਨ ਵਿੱਚ ਆਪਣੇ ਘਰ ਵਾਪਸ ਆ ਗਏ ਹਨ।

ਬੀਬੀਸੀ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਫੈਂਗ, ਦੇ ਜਿਸ ਵੀਡੀਓ ਨੇ ਪੂਰੀ ਦੁਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਸ ਵਿੱਚ ਉਨ੍ਹਾਂ ਨੇ ਇੱਕ ਕੋਵਿਡ ਹਸਪਤਾਲ ਦੇ ਬਾਹਰ ਪੰਜ ਮਿੰਟਾਂ ਵਿੱਚ ਅੱਠ ਮ੍ਰਿਤਕ ਦੇਹਾਂ ਵਾਲੇ ਬੈਗਾਂ ਦੀ ਗਿਣਤੀ ਕੀਤੀ।

ਉਨ੍ਹਾਂ ਕਿਹਾ ਕਿ ਉਸ ਰਾਤ, ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਪਰ ਫਿਰ ਛੱਡ ਦਿੱਤਾ ਗਿਆ ਸੀ।

ਫਿਰ ਉਨ੍ਹਾਂ ਦਾ ਇੱਕ ਸੰਦੇਸ਼ ਵਾਲਾ ਵੀਡੀਓ ਆਇਆ: "ਸਾਰੇ ਲੋਕ ਬਗ਼ਾਵਤ ਕਰਨ - ਸਰਕਾਰ ਦੀ ਸ਼ਕਤੀ ਲੋਕਾਂ ਨੂੰ ਵਾਪਸ ਮਿਲੇ"।

ਇਹ ਆਖਰੀ ਵੀਡੀਓ ਸੀ, ਜੋ ਉਨ੍ਹਾਂ ਨੇ ਸਾਂਝਾ ਕੀਤਾ ਸੀ।

ਫੈਂਗ ਦੀ ਰਿਹਾਈ ਚੁੱਪਚਾਪ ਅਤੇ ਬਿਨਾਂ ਕਿਸੇ ਚੇਤਾਵਨੀ ਦੇ ਹੋਈ।

ਕੋਵਿਡ ਬਾਰੇ ਅਵਾਜ਼ ਚੁੱਕਣ ਵਾਲਾ

ਕਾਰਕੁਨਾਂ ਨੇ ਫੈਂਗ ਦੀ ਰਿਹਾਈ ਦਾ ਸਵਾਗਤ ਕੀਤਾ ਹੈ ਪਰ ਉਹ ਇੱਕ ਹੋਰ ਕੋਵਿਡ ਦੇ ਮਸਲੇ ਨੂੰ ਚੁੱਕਣ ਵਾਲੇ, ਬਾਰੇ ਅਜੇ ਵੀ ਚਿੰਤਤ ਹਨ।

ਝਾਂਗ ਝਾਨ, ਇੱਕ 39 ਸਾਲਾ ਸਾਬਕਾ ਵਕੀਲ ਹਨ, ਜਿਨ੍ਹਾਂ ਨੂੰ ਮਈ 2020 ਵਿੱਚ ਨਜ਼ਰਬੰਦ ਕੀਤਾ ਗਿਆ ਸੀ ਅਤੇ ਦਸੰਬਰ 2020 ਵਿੱਚ ਚਾਰ ਸਾਲਾਂ ਲਈ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ।

ਕਾਰਕੁਨਾਂ ਦੇ ਅਨੁਸਾਰ ਫੈਂਗ ਦੀ ਹੀ ਤਰ੍ਹਾਂ, ਉਨ੍ਹਾਂ ਨੂੰ ਵੀ "ਬਹਿਸ ਛੇੜਣ ਅਤੇ ਮੁਸੀਬਤ ਵਧਾਉਣ" ਲਈ ਦੋਸ਼ੀ ਠਹਿਰਾਇਆ ਗਿਆ ਸੀ।

ਕਾਰਕੁਨ ਕਹਿੰਦੇ ਹਨ ਕਿ ਅਕਸਰ ਚੀਨ ਦੀ ਸਰਕਾਰ ਦੇ ਆਲੋਚਕਾਂ ਦੇ ਵਿਰੁੱਧ ਅਸਪੱਸ਼ਟ ਅਪਰਾਧਾਂ ਦਾ ਸਹਾਰਾ ਲਿਆ ਜਾਂਦਾ ਹੈ।

ਇਸ ਤੋਂ ਇਲਾਵਾ, ਦੋ ਹੋਰ ਨਾਗਰਿਕ ਰਿਪੋਰਟਰ ਚੇਨ ਕਿਊਸ਼ੀ ਅਤੇ ਲੀ ਜ਼ੇਹੁਆ ਵੀ ਫਰਵਰੀ 2020 ਵਿੱਚ ਵੁਹਾਨ ਵਿੱਚ ਗਾਇਬ ਹੋ ਗਏ ਸਨ, ਪਰ ਮਹੀਨਿਆਂ ਬਾਅਦ ਸਾਹਮਣੇ ਆਏ।

ਉਨ੍ਹਾਂ ਦੇ ਵੀਡੀਓਜ਼ ਨੇ 2020 ਦੇ ਸ਼ੁਰੂਆਤੀ ਮਹੀਨਿਆਂ ਵਿੱਚ ਵੁਹਾਨ ਦੀ ਇੱਕ ਦੁਰਲੱਭ ਝਲਕ ਪੇਸ਼ ਕੀਤੀ ਸੀ।

ਕੇਸ ਵਧ ਰਹੇ ਸਨ ਅਤੇ ਤਾਲਾਬੰਦੀ ਲਾਗੂ ਹੋ ਗਈ ਸੀ, ਪਰ ਅਧਿਕਾਰੀਆਂ ਤੋਂ ਬਹੁਤ ਘੱਟ ਜਾਣਕਾਰੀ ਮਿਲ ਰਹੀ ਸੀ।

ਵੂਹਾਨ ਦੀ 76 ਦਿਨਾਂ ਦੀ ਤਾਲਾਬੰਦੀ ਕਾਰਨ ਸ਼ਹਿਰ 'ਚ ਸਥਿਤੀ ਬਹੁਤ ਗੰਭੀਰ ਹੋ ਗਈ ਸੀ। ਇਹੀ ਤਾਲਾਬੰਦੀ ਦੇਸ਼ ਦੀ ਸਖ਼ਤ ਜ਼ੀਰੋ-ਕੋਵਿਡ ਨੀਤੀ ਲਈ ਵੀ ਪ੍ਰੇਰਣਾ ਬਣੀ ਸੀ।

ਝਾਂਗ ਝਾਨ ਦੇ ਨਾਲ ਕੀ ਹੋਇਆ

ਜਦੋਂ ਕੋਵਿਦ ਫੈਲਿਸ, ਝਾਂਗ ਜ਼ਾਨ ਸ਼ੰਘਾਈ ਵਿੱਚ ਰਹਿੰਦੇ ਸਨ। ਉਨ੍ਹਾਂ ਨੇ ਵੁਹਾਨ ਦੇ ਇੱਕ ਨਿਵਾਸੀ ਦੇ ਤਜ਼ਰਬੇ ਬਾਰੇ ਪੜ੍ਹਨ ਤੋਂ ਬਾਅਦ ਇਸ ਪ੍ਰਕੋਪ ਬਾਰੇ ਰਿਪੋਰਟ ਕਰਨ ਲਈ ਵੁਹਾਨ ਜਾਣ ਬਾਰੇ ਸੋਚਿਆ ਅਤੇ ਫਰਵਰੀ 2020 ਵਿੱਚ ਉਹ ਵੁਹਾਨ ਚਲੇ ਗਏ।

ਝਾਂਗ ਯੂਟਿਊਬ ਅਤੇ ਟਵਿੱਟਰ 'ਤੇ ਐਕਟਿਵ ਸਨ ਅਤੇ ਇਨ੍ਹਾਂ ਦੋਵਾਂ ਪਲੇਟਫਾਰਮਾਂ 'ਤੇ ਹੀ ਮੁੱਖ ਭੂਮੀ ਚੀਨ ਵਿੱਚ ਪਾਬੰਦੀ ਹੈ।

ਸਥਾਨਕ ਅਧਿਕਾਰੀਆਂ ਦੁਆਰਾ ਕਥਿਤ ਤੌਰ 'ਤੇ ਧਮਕੀਆਂ ਦਿੱਤੇ ਜਾਣ ਦੇ ਬਾਵਜੂਦ ਵੀ ਝਾਂਗ ਨੇ ਆਪਣੇ ਵੀਡੀਓ ਸ਼ੇਅਰ ਕਰਨਾ ਜਾਰੀ ਰੱਖਿਆ।

ਉਨ੍ਹਾਂ ਨੇ ਇੱਕ ਸੁਤੰਤਰ ਪੱਤਰਕਾਰ ਫ਼ਿਲਮ ਨਿਰਮਾਤਾ ਨਾਲ ਇੰਟਰਵਿਊ ਦੌਰਾਨ ਕਿਹਾ ਸੀ, "ਸ਼ਾਇਦ ਮੇਰੇ ਅੰਦਰ ਇੱਕ ਬਾਗ਼ੀ ਆਤਮਾ ਹੈ... ਮੈਂ ਸਿਰਫ਼ ਸੱਚਾਈ ਦਾ ਦਸਤਾਵੇਜ਼ੀਕਰਨ ਕਰ ਰਹੀ ਹਾਂ। ਮੈਂ ਸੱਚ ਕਿਉਂ ਨਹੀਂ ਦਿਖਾ ਸਕਦੀ?"

ਇਹ ਇੰਟਰਵਿਊ ਬੀਬੀਸੀ ਨੂੰ ਪ੍ਰਾਪਤ ਹੋਇਆ ਹੈ।

ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ, ਉਨ੍ਹਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਫ੍ਰੀ ਝਾਂਗ ਜ਼ਾਨ ਸਮੂਹ (ਉਨ੍ਹਾਂ ਦੀ ਰਿਹਾਈ ਲਈ ਬਣਿਆ ਇੱਕ ਸਮੂਹ) ਦੇ ਅਨੁਸਾਰ, ਝਾਂਗ ਦਾ ਭਾਰ 40 ਕਿਲੋਗ੍ਰਾਮ ਤੋਂ ਵੀ ਘੱਟ ਹੋ ਗਿਆ ਸੀ ਅਤੇ ਇਸੇ ਕਾਰਨ ਉਨ੍ਹਾਂ ਨੂੰ ਕਈ ਵਾਰ ਜ਼ਬਰਦਸਤੀ ਵੀ ਖਾਣਾ ਖੁਆਇਆ ਜਾਂਦਾ ਸੀ।

ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕੀ ਉਹ ਅਜੇ ਵੀ ਭੁੱਖ ਹੜਤਾਲ 'ਤੇ ਹਨ ਜਾ ਨਹੀਂ। ਉਨ੍ਹਾਂ ਦੇ ਪਰਿਵਾਰ ਨੂੰ ਉਨ੍ਹਾਂ ਹਾਲਤ ਬਾਰੇ ਬਹੁਤ ਘੱਟ ਜਾਣਕਾਰੀ ਹੈ।

ਪਿਛਲੇ ਸਾਲ ਦਸੰਬਰ ਮਹੀਨੇ ਵਿੱਚ, ਉਨ੍ਹਾਂ ਦੇ ਭਰਾ ਨੇ ਟਵੀਟਰ 'ਤੇ ਝਾਂਗ ਦੁਆਰਾ ਲਿਖੇ ਇੱਕ ਪੱਤਰ ਦੀਆਂ ਫੋਟੋਆਂ ਅਪਲੋਡ ਕੀਤੀਆਂ ਸਨ, ਹਾਲਾਂਕਿ ਬਾਅਦ ਵਿੱਚ ਉਨ੍ਹਾਂ ਟਵੀਟਜ਼ ਨੂੰ ਹਟਾ ਦਿੱਤਾ ਗਈ।

ਟਵੀਟ ਮੁਤਾਬਕ, ਉਨ੍ਹਾਂ ਦੇ ਭਰਾ ਦਾ ਕਹਿਣਾ ਸੀ ਕਿ ਝਾਂਗ ਨੇ ਇੱਕ ਲਿਫਾਫੇ 'ਤੇ ਫੁੱਲ ਬਣਾਏ ਸਨ ਤਾਂ ਜੋ ਉਨ੍ਹਾਂ ਦੀ ਮਾਂ ਨੂੰ ਉਨ੍ਹਾਂ ਦੇ ਠੀਕ ਹੋਣ ਦਾ ਭਰੋਸਾ ਮਿਲ ਸਕੇ।

ਇਸ ਚਿੱਠੀ ਵਿੱਚ, ਝਾਂਗ ਨੇ ਜ਼ਿਆਦਾਤਰ ਆਪਣੀ ਮਾਂ ਬਾਰੇ ਪੁੱਛਿਆ, ਜਿਨ੍ਹਾਂ ਦੀ ਹਾਲ ਹੀ ਵਿੱਚ ਸਰਜਰੀ ਅਤੇ ਕੀਮੋਥੈਰੇਪੀ ਹੋਈ ਸੀ। ਝਾਂਗ ਨੇ ਇਹ ਵੀ ਕਿਹਾ ਕਿ ਅਧਿਕਾਰੀ ਉਨ੍ਹਾਂ ਨਾਲ ਚੰਗਾ ਵਿਵਹਾਰ ਕਰ ਰਹੇ ਹਨ।

ਕੋਵਿਡ ਤੋਂ ਬਾਅਦ ਚੀਨ

ਸਾਲਾਂ ਦੀ ਭਿਆਨਕ ਤਾਲਾਬੰਦੀ ਅਤੇ ਸਖ਼ਤ ਕੋਵਿਡ ਨਿਯਮਾਂ ਨੇ ਬਹੁਤ ਵੱਡਾ ਨੁਕਸਾਨ ਕੀਤਾ, ਪਰ 2022 ਦੇ ਅਖੀਰ ਵਿੱਚ ਅਚਾਨਕ ਤਾਲਾਬੰਦੀ ਹਟਾਉਣ ਅਤੇ ਨਿਯਮਾਂ 'ਚ ਢਿੱਲ ਨੇ ਵੀ ਇੱਕ ਵਿਨਾਸ਼ਕਾਰੀ ਕੋਵਿਡ ਲਹਿਰ ਨੂੰ ਹੁਲਾਰਾ ਦਿੱਤਾ।

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਅਨੁਸਾਰ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ 1 ਲੱਖ 20 ਹਜ਼ਾਰ ਮੌਤਾਂ ਹੋਈਆਂ ਹਨ।

ਇਨ੍ਹਾਂ ਵਿੱਚੋਂ ਲਗਭਗ ਅੱਧੀਆਂ ਮੌਤਾਂ 8 ਦਸੰਬਰ 2022 ਅਤੇ 12 ਜਨਵਰੀ 2023 ਦੇ ਵਿਚਕਾਰ ਦਰਜ ਕੀਤੀਆਂ ਗਈਆਂ ਸਨ। ਪਰ ਇਹ ਸੰਖਿਆ ਅਸਲ ਸੰਖਿਆ ਨੂੰ ਨਹੀਂ ਦਰਸਾਉਂਦੀ।

ਫਰਵਰੀ ਵਿੱਚ, ਚੀਨ ਦੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਆਗੂਆਂ ਨੇ ਕੋਵਿਡ ਉੱਤੇ ਇੱਕ "ਨਿਰਣਾਇਕ ਜਿੱਤ" ਦਾ ਐਲਾਨ ਕੀਤਾ ਅਤੇ ਕਿਹਾ ਕਿ ਵਿਸ਼ਵ ਵਿੱਚ ਸਭ ਤੋਂ ਘੱਟ ਮੌਤ ਦਰ ਚੀਨ ਵਿੱਚ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੇਸ਼ ਵਿੱਚੋਂ ਕੋਵਿਡ ਦਾ ਖਾਤਮਾ ਇੱਕ "ਚਮਤਕਾਰ" ਸੀ।

ਇੱਥੇ ਇਤਿਹਾਸ ਦੀ ਇੱਕ ਨਵੀਂ ਪਾਠ ਪੁਸਤਕ ਵਿੱਚ ਵੀ ਇਸ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਸਰਕਾਰ ਨੇ "ਮਹਾਂਮਾਰੀ ਦੀ ਰੋਕਥਾਮ ਅਤੇ ਨਿਯੰਤਰਣ ਵਿੱਚ ਵੱਡੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ"।

ਇਸ ਦੇ ਨਾਲ ਹੀ ਚੀਨ ਦੀ ਤੇਜ਼ ਅਤੇ ਪ੍ਰਭਾਵਸ਼ਾਲੀ ਸੈਂਸਰਸ਼ਿਪ ਮਸ਼ੀਨ ਦਾ ਵੀ ਇਹੀ ਮਤਲਬ ਹੈ ਕਿ ਫੈਂਗ ਜਾਂ ਝਾਂਗ ਵਰਗੇ ਲੋਕਾਂ ਦੁਆਰਾ ਸਾਂਝੇ ਕੀਤੇ ਗਏ ਵੀਡੀਓ ਅਤੇ ਤਜਰਬੇ ਵੀ ਸੰਭਾਵਤ ਤੌਰ 'ਤੇ ਲੋਕਾਂ ਦੀ ਯਾਦ ਤੋਂ ਅਲੋਪ ਹੀ ਹੋ ਜਾਣਗੇ।

ਯਾਨਜ਼ੋਂਗ ਹੁਆਂਗ, ਵਿਦੇਸ਼ੀ ਸਬੰਧਾਂ ਬਾਰੇ ਕੌਂਸਲ ਵਿੱਚ ਗਲੋਬਲ ਹੈਲਥ ਲਈ ਇੱਕ ਸੀਨੀਅਰ ਫੈਲੋ ਹਨ।

ਉਹ ਕਹਿੰਦੇ ਹਨ, "ਮੈਂ ਮਾਰਚ ਵਿੱਚ ਚੀਨ ਦਾ ਦੌਰਾ ਕੀਤਾ ਸੀ ਅਤੇ ਮੇਰਾ ਨਿਰੀਖਣ ਕਹਿੰਦਾ ਹੈ ਕਿ ਉੱਥੋਂ ਦੇ ਲੋਕ ਅੱਗੇ ਵਧਣਾ ਚਾਹੁੰਦੇ ਹਨ ਅਤੇ ਅਤੀਤ ਨੂੰ ਪਿੱਛੇ ਛੱਡ ਦੇਣਾ ਚਾਹੁੰਦੇ ਹਨ।"

ਉਨ੍ਹਾਂ ਕਿਹਾ, “ਉਨ੍ਹਾਂ ਨੂੰ ਲੰਬੇ ਸਮੇਂ ਲਈ ਭਿਆਨਕ ਜ਼ੀਰੋ-ਕੋਵਿਡ ਨੀਤੀ ਨੂੰ ਸਹਿਣਾ ਪਿਆ ਹੈ ਅਤੇ ਹੁਣ ਉਹ ਆਮ ਜੀਵਨ ਵੱਲ ਵਾਪਸੀ ਲਈ ਤਰਸ ਰਹੇ ਹਨ, ਪਰ ਅੱਗੇ ਵਧਣ ਦੀ ਇਹ ਇੱਛਾ ਵਿੱਚ ਵੀ ਜਨਤਕ ਚਰਚਾ ਜਾਂ ਬਹਿਸ ਦੀ ਘਾਟ ਮਹਿਸੂਸ ਹੁੰਦੀ ਹੈ।''

'ਉਹ ਸਭ ਭੁੱਲਣਾ ਸੌਖਾ ਨਹੀਂ'

ਸਾਲ 2020 ਵਿੱਚ ਵੁਹਾਨ ਵਿੱਚ ਜੋ ਕੁਝ ਵੀ ਵਾਪਰਿਆ, ਉਸ ਨੂੰ ਹਰ ਕੋਈ ਨਹੀਂ ਭੁੱਲਿਆ ਹੈ।

ਵੁਹਾਨ ਦੇ ਹੀ ਇੱਕ 31 ਸਾਲਾ ਵਸਨੀਕ ਨੇ ਆਪਣਾ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਕਿਹਾ ਕਿ ਉਨ੍ਹਾਂ ਨੇ ਫੈਂਗ ਬਿਨ ਬਾਰੇ ਨਹੀਂ ਸੁਣਿਆ ਸੀ ਪਰ ਉਨ੍ਹਾਂ ਨੂੰ ਲੀ ਵੇਨਲਿਯਾਂਗ ਯਾਦ ਹੈ।

ਲੀ ਵੇਨਲਿਯਾਂਗ, ਉਹ ਡਾਕਟਰ ਜਿਸ ਨੇ ਦੁਨੀਆਂ ਨੂੰ ਕੋਰੋਨਵਾਇਰਸ ਬਾਰੇ ਚੇਤਾਵਨੀ ਦੇਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੀ ਹੀ ਲਾਗ ਨਾਲ ਬਾਅਦ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਡਾਕਟਰ ਲੀ ਦੀ "ਅਫਵਾਹਾਂ ਫੈਲਾਉਣ" ਦੇ ਸਬੰਧ ਵਿੱਚ ਜਾਂਚ ਕੀਤੀ ਗਈ ਸੀ, ਹਾਲਾਂਕਿ ਬਾਅਦ ਵਿੱਚ ਸਥਾਨਕ ਅਧਿਕਾਰੀਆਂ ਨੇ ਉਨ੍ਹਾਂ ਤੋਂ ਮੁਆਫੀ ਮੰਗੀ ਸੀ।

ਨਾਮ ਨਾ ਦੱਸਣ ਵਾਲੇ ਵਿਅਕਤੀ ਕਹਿੰਦੇ ਹਨ ਕਿ ਉਹ ਅਕਸਰ ਆਪਣੇ ਦੋਸਤਾਂ ਨਾਲ ਮਹਾਂਮਾਰੀ ਬਾਰੇ ਗੱਲ ਕਰਦੇ ਹਨ। ਹਾਲਾਂਕਿ, ਉਹ ਮੰਨਦੇ ਹਨ ਕਿ ਇਸ ਬਾਰੇ ਗੱਲ ਕਰਨ ਵਾਲੇ ਲੋਕਾਂ ਦੀ ਗਿਣਤੀ ਘੱਟ ਹੋ ਸਕਦੀ ਹੈ।

ਉਹ ਕਹਿੰਦੇ ਹਨ, "ਸਮਾਜ ਇਸ ਸਮੇਂ ਦੀ ਯਾਦ ਨੂੰ ਸੋਧ ਰਿਹਾ ਹੈ।''

ਉਨ੍ਹਾਂ ਕਿਹਾ ਕਿ ਉਹ ਤਾਲਾਬੰਦੀ ਦੌਰਾਨ ਆਪਣੇ ਮਾਪਿਆਂ ਨਾਲ ਰਹਿੰਦੇ ਸਨ। ਉਨ੍ਹਾਂ ਦੀ ਮਾਂ ਇੰਨੀ ਬੇਚੈਨ ਹੋ ਜਾਂਦੀ ਅਤੇ ਆਪਣੇ ਹੱਥਾਂ ਨੂੰ ਇੰਨੀ ਵਾਰ ਧੋਂਦੀ ਕਿ ਉਨ੍ਹਾਂ ਦੇ ਹੱਥ ਫੱਟ ਵੀ ਜਾਂਦੇ ਸਨ।

"ਮੇਰੀ ਮਾਂ ਅਜੇ ਵੀ ਵਾਇਰਸ ਨੂੰ ਅਸਲ ਵਿੱਚ ਨਹੀਂ ਸਮਝ ਸਕੀ ਹੈ। ਜੇਕਰ ਮੀਡੀਆ ਦੁਬਾਰਾ ਵਾਇਰਸ ਬਾਰੇ ਰਿਪੋਰਟ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਹ ਮਾਸਕ ਪਹਿਨ ਲਵੇਗੀ। ਉਹ ਬਹੁਤ ਡਰੀ ਹੋਈ ਹੈ।"

ਇਸ ਤੋਂ ਇਲਾਵਾ ਯਾਂਗ ਮਿਨ ਵਰਗੇ ਕੁਝ ਹੋਰ ਲੋਕ ਵੀ ਹਨ, ਜਿਨ੍ਹਾਂ ਨੇ ਜਨਵਰੀ 2020 ਵਿੱਚ ਫੈਲੇ ਕੋਵਿਡ ਵਿੱਚ ਆਪਣੇ ਇਕਲੌਤੇ ਬੱਚੇ ਨੂੰ ਗੁਆ ਦਿੱਤਾ।

ਉਨ੍ਹਾਂ ਦਾ ਮੰਨਣਾ ਹੈ ਕਿ ਅਧਿਕਾਰੀਆਂ ਦੁਆਰਾ ਸਮੇਂ ਸਰ ਦਿੱਤੀ ਗਈ ਚੇਤਾਵਨੀ ਉਨ੍ਹਾਂ ਦੀ ਧੀ ਨੂੰ ਬਚਾ ਸਕਦੀ ਸੀ।

ਹੁਣ, ਤਿੰਨ ਸਾਲ ਬਾਅਦ, ਉਹ ਅਜੇ ਵੀ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣ ਲਈ ਲੜ ਰਹੇ ਹਨ ਅਤੇ ਸਥਾਨਕ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਉਹ ਕਾਨੂੰਨ ਦੀ ਨਿਗਰਾਨੀ ਵਿੱਚ ਹਨ, ਪਰ ਇਸ ਸਾਲ ਦੇ ਸ਼ੁਰੂ ਵਿੱਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਡਰਦੀ ਨਹੀਂ ਸੀ।

ਉਨ੍ਹਾਂ ਕਿਹਾ, "ਮੈਂ ਜ਼ਿੰਦਗੀ ਦੀ ਸਭ ਤੋਂ ਕੀਮਤੀ ਚੀਜ਼ ਪਹਿਲਾਂ ਹੀ ਗੁਆ ਦਿੱਤੀ ਹੈ। ਉਹ ਮੇਰੇ ਤੋਂ ਹੋਰ ਕੀ ਖੋਹ ਸਕਦੇ ਹਨ?"

ਇਸ ਰਿਪੋਰਟ ਲਈ ਹੋਰ ਰਿਪੋਰਟਿੰਗ ਬੀਬੀਸੀ ਚਾਈਨੀਜ਼ ਦੇ ਲੋਕ ਲੀ ਦੁਆਰਾ ਕੀਤੀ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)