ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ: ਪੀਐੱਮ ਦਾ 5 ਮਹੀਨਿਆਂ 'ਚ ਦੂਜੀ ਵਾਰ ਜਲੰਧਰ ਆਉਣਾ ਕੀ ਸੰਕੇਤ ਦੇ ਰਿਹਾ ਹੈ

ਤਸਵੀਰ ਸਰੋਤ, Bharatiya Janata Party/YT
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
- ਪੜ੍ਹਨ ਦਾ ਸਮਾਂ: 7 ਮਿੰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਅਤੇ ਕਈਆਂ ਦੇ ਨੀਂਹ-ਪੱਥਰ ਰੱਖੇ। ਹਰਿਆਣਾ ਅਤੇ ਚੰਡੀਗੜ੍ਹ ਤੋਂ ਬਾਅਦ ਪ੍ਰਧਾਨ ਮੰਤਰੀ ਜਲੰਧਰ ਦੌਰੇ 'ਤੇ ਆਏ।
ਕਰੀਬ ਪੰਜ ਮਹੀਨਿਆਂ ਬਾਅਦ ਪ੍ਰਧਾਨ ਮੰਤਰੀ ਦੂਜੀ ਵਾਰ ਜਲੰਧਰ ਪਹੁੰਚੇ ਹਨ। ਇਸ ਕਰਕੇ ਸਿਆਸੀ ਆਗੂਆਂ ਅਤੇ ਰਾਜਨੀਤਕ ਮਾਮਲਿਆਂ ਦੇ ਜਾਣਕਾਰਾਂ ਦੀ ਨਜ਼ਰ ਇਸ ਫੇਰੀ 'ਤੇ ਰਹੀ, ਕਿਉਂਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਮਹੀਨੇ ਹੀ ਬਾਕੀ ਰਹਿ ਗਏ ਹਨ।
ਪ੍ਰਧਾਨ ਮੰਤਰੀ ਦੀ ਜਲੰਧਰ ਫੇਰੀ ਦਾ ਕੀ ਹੈ ਮਕਸਦ
ਜਲੰਧਰ ਵਿੱਚ ਪ੍ਰਧਾਨ ਮੰਤਰੀ ਦੇ ਚਾਰ ਪ੍ਰੋਗਰਾਮ ਸਨ। ਜੀਂਦ ਅਤੇ ਚੰਡੀਗੜ੍ਹ ਤੋਂ ਬਾਅਦ ਦੁਪਹਿਰ ਉਹ ਜਲੰਧਰ ਪਹੁੰਚੇ। ਇੱਥੇ ਉਨ੍ਹਾਂ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਮੁਤਾਬਕ, ਪ੍ਰਧਾਨ ਮੰਤਰੀ 5,470 ਕਰੋੜ ਰੁਪਏ ਤੋਂ ਵੱਧ ਦੇ ਰੇਲ ਅਤੇ ਸੜਕੀ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।
ਇਨ੍ਹਾਂ ਪ੍ਰੋਜੈਕਟਾਂ ਦਾ ਮਕਸਦ ਸੰਪਰਕ ਨੂੰ ਮਜ਼ਬੂਤ ਕਰਨਾ, ਯਾਤਰੀਆਂ ਦੀ ਸਹੂਲਤ ਵਿੱਚ ਸੁਧਾਰ ਕਰਨਾ ਅਤੇ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਤੇਜ਼ ਕਰਨਾ ਹੈ।
ਪ੍ਰਧਾਨ ਮੰਤਰੀ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਜਲੰਧਰ ਛਾਉਣੀ ਸਮੇਤ ਹੋਰ ਮੁੜ ਵਿਕਸਿਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਕੀਤਾ।

ਤਸਵੀਰ ਸਰੋਤ, PM Modi/X
ਦੇਸ਼ ਦੇ 20 ਸੂਬਿਆਂ ਵਿੱਚ 75 ਅੰਮ੍ਰਿਤ ਸਟੇਸ਼ਨਾਂ ਦਾ ਉਦਘਾਟਨ ਦੁਨੀਆ ਦੇ ਸਭ ਤੋਂ ਵੱਡੇ ਸਟੇਸ਼ਨ ਮੁੜ ਵਿਕਾਸ ਪ੍ਰੋਗਰਾਮਾਂ ਵਿੱਚੋਂ ਇੱਕ ਹੈ। ਸਟੇਸ਼ਨਾਂ ਦਾ ਇਹ ਵਿਕਾਸ ‘ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ’ ਤਹਿਤ ਕੀਤਾ ਗਿਆ ਹੈ।

ਤਸਵੀਰ ਸਰੋਤ, Govt of India/YT
ਲਗਭਗ 1,570 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤੇ ਗਏ ਇਨ੍ਹਾਂ ਸਟੇਸ਼ਨਾਂ ਨੂੰ ਆਧੁਨਿਕ ਅਤੇ ਯਾਤਰੀਆਂ ਲਈ ਸੁਵਿਧਾਜਨਕ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਵੱਲੋਂ ਨੰਗਲ ਡੈਮ-ਤਲਵਾੜਾ-ਮੁਕੇਰੀਆਂ ਨਵੀਂ ਰੇਲ ਲਾਈਨ ਪ੍ਰੋਜੈਕਟ ਦੇ ਹਿੱਸੇ ਵਜੋਂ ਲਗਭਗ 830 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਦੌਲਤਪੁਰ ਚੌਕ-ਕਰਟੋਲੀ ਨਵੀਂ ਰੇਲ ਲਾਈਨ ਦਾ ਉਦਘਾਟਨ ਵੀ ਕੀਤਾ ਗਿਆ।
ਇਹ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਕਾਰ ਰੇਲ ਸੰਪਰਕ ਨੂੰ ਮਜ਼ਬੂਤ ਕਰੇਗਾ, ਜਿਸ ਨਾਲ ਹੁਸ਼ਿਆਰਪੁਰ ਅਤੇ ਊਨਾ ਜ਼ਿਲ੍ਹਿਆਂ ਨੂੰ ਲਾਭ ਹੋਵੇਗਾ।
ਪ੍ਰਧਾਨ ਮੰਤਰੀ ਨੇ ਅੰਮ੍ਰਿਤਸਰ (ਛੇਹਰਟਾ)-ਵਾਰਾਨਸੀ ਰੇਲ ਸੇਵਾ ਨੂੰ ਵੀ ਹਰੀ ਝੰਡੀ ਦਿਖਾਈ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਚਾਰ ਮਾਰਗੀ ਗ੍ਰੀਨਫੀਲਡ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ ਦੇ 30.9 ਕਿਲੋਮੀਟਰ ਲੰਬੇ ਪੈਕੇਜ-6 ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਵੱਲੋਂ 25.2 ਕਿਲੋਮੀਟਰ ਲੰਬੇ ਛੇ ਮਾਰਗੀ ਗ੍ਰੀਨਫੀਲਡ ਦੱਖਣੀ ਲੁਧਿਆਣਾ ਬਾਈਪਾਸ ਦੇ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ ਗਿਆ। ਇਹ ਪ੍ਰੋਜੈਕਟ ਲੁਧਿਆਣਾ ਅਤੇ ਬਠਿੰਡਾ ਵਿਚਕਾਰ ਯਾਤਰਾ ਦੀ ਦੂਰੀ ਅਤੇ ਸਮੇਂ ਨੂੰ ਘਟਾਏਗਾ।
ਪੀਐੱਮ ਮੋਦੀ ਦਾ ਜਲੰਧਰ ਦੌਰਾ ਪੰਜਾਬ ਭਾਜਪਾ ਲਈ ਕਿਉਂ ਹੈ ਮਹੱਤਵਪੂਰਨ

ਤਸਵੀਰ ਸਰੋਤ, Pal Singh Nauli/BBC
ਪ੍ਰਧਾਨ ਮੰਤਰੀ ਦਾ ਇਹ ਦੌਰਾ ਉਸ ਸਮੇਂ ਹੋਇਆ ਹੈ, ਜਦੋਂ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਹੀ ਬਾਕੀ ਹਨ। ਅਜਿਹੇ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਜਲੰਧਰ ਫੇਰੀ ਨੂੰ ਸਿਆਸੀ ਤੌਰ 'ਤੇ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਕਰੀਬ ਪੰਜ ਮਹੀਨੇ ਬਾਅਦ ਪ੍ਰਧਾਨ ਮੰਤਰੀ ਦੇ ਦੂਜੀ ਵਾਰ ਜਲੰਧਰ ਦੌਰੇ ਨੂੰ ਰਾਜਨੀਤਕ ਵਿਸ਼ਲੇਸ਼ਕ 'ਚੋਣ ਗਣਿਤ' ਨਾਲ ਜੋੜ ਕੇ ਦੇਖ ਰਹੇ ਹਨ। ਇਸ ਗਣਿਤ ਨੂੰ ਸਮਝਣ ਲਈ ਦੁਆਬਾ ਦੀ ਰਾਜਨੀਤੀ ਨੂੰ ਸਮਝਣਾ ਜ਼ਰੂਰੀ ਹੈ।
ਪੰਜਾਬ ਦੇ ਦੋ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਵਿਚਕਾਰ ਪੈਂਦੇ ਇਲਾਕੇ ਨੂੰ ਦੁਆਬਾ ਕਿਹਾ ਜਾਂਦਾ ਹੈ ਅਤੇ ਇਸ ਖੇਤਰ ਦੀ ਆਪਣੀ ਸਿਆਸੀ ਪਛਾਣ ਹੈ। ਇਸ ਇਲਾਕੇ ਨੂੰ ਪੰਜਾਬ ਦੀ ਐੱਨਆਰਆਈ ਪੱਟੀ ਵੀ ਕਿਹਾ ਜਾਂਦਾ ਹੈ।
ਦੁਆਬਾ ਖੇਤਰ ਵਿੱਚ 23 ਵਿਧਾਨ ਸਭਾ ਸੀਟਾਂ ਹਨ। ਅਜਿਹੇ ਵਿੱਚ ਜਲੰਧਰ ਸਿਰਫ਼ ਇੱਕ ਸ਼ਹਿਰ ਨਹੀਂ, ਸਗੋਂ ਦੁਆਬਾ ਖੇਤਰ ਦੀ ਰਾਜਨੀਤੀ ਦਾ ਧੁਰਾ ਵੀ ਹੈ।
2011 ਦੀ ਜਨਗਣਨਾ ਮੁਤਾਬਕ ਸੂਬੇ ਦੀ ਕੁੱਲ 31.9 ਫ਼ੀਸਦੀ ਅਨੁਸੂਚਿਤ ਜਾਤੀ ਆਬਾਦੀ ਦਾ ਵੱਡਾ ਹਿੱਸਾ ਇਸੇ ਖੇਤਰ ਵਿੱਚ ਰਹਿੰਦਾ ਹੈ। ਕਈ ਵਿਧਾਨ ਸਭਾ ਸੀਟਾਂ 'ਤੇ ਦਲਿਤ ਭਾਈਚਾਰੇ ਦੇ ਵੋਟਰ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਹੀ ਕਾਰਨ ਹੈ ਕਿ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੁਣ ਭਾਜਪਾ ਆਪਣਾ ਧਿਆਨ ਦੁਆਬਾ ਖੇਤਰ ਦੀ ਰਾਜਨੀਤੀ 'ਤੇ ਕੇਂਦਰਿਤ ਕਰ ਰਹੀਆਂ ਹਨ।
ਯਾਦ ਰਹੇ ਕਿ ਇਸ ਸਾਲ 1 ਫਰਵਰੀ ਨੂੰ ਵੀ ਪ੍ਰਧਾਨ ਮੰਤਰੀ ਦੁਆਬਾ ਦੀ ਧਰਤੀ ਜਲੰਧਰ ਆਏ ਸਨ। ਇਸ ਦੌਰਾਨ ਉਨ੍ਹਾਂ ਗੁਰੂ ਰਵਿਦਾਸ ਜਯੰਤੀ ਮੌਕੇ ਜਲੰਧਰ ਨੇੜੇ ਡੇਰਾ ਸੱਚਖੰਡ ਬੱਲਾਂ ਦਾ ਦੌਰਾ ਕੀਤਾ ਸੀ।
ਪੰਜਾਬ ਦੇ ਦੁਆਬਾ ਖੇਤਰ ਵਿੱਚ ਸਥਿਤ ਡੇਰਾ ਸੱਚਖੰਡ ਬੱਲਾਂ ਰਵਿਦਾਸੀਆ ਭਾਈਚਾਰੇ ਦਾ ਇੱਕ ਪ੍ਰਮੁੱਖ ਕੇਂਦਰ ਹੈ। ਇਸ ਖੇਤਰ ਵਿੱਚ ਦਲਿਤ ਭਾਈਚਾਰੇ ਦੀ ਵੱਡੀ ਗਿਣਤੀ ਹੋਣ ਕਾਰਨ ਡੇਰੇ ਦਾ ਦੁਆਬੇ ਵਿੱਚ ਅਹਿਮ ਪ੍ਰਭਾਵ ਹੈ।
ਇਸ ਦੌਰਾਨ ਉਨ੍ਹਾਂ ਆਦਮਪੁਰ ਹਵਾਈ ਅੱਡੇ ਦਾ ਨਾਮ 'ਗੁਰੂ ਰਵਿਦਾਸ' ਰੱਖਣ ਦੇ ਨਾਲ-ਨਾਲ 'ਹਲਵਾਰਾ ਹਵਾਈ ਅੱਡੇ' ਦੇ ਨਵੇਂ ਟਰਮੀਨਲ ਦਾ ਉਦਘਾਟਨ ਵੀ ਕੀਤਾ ਸੀ।
ਇਸ ਤੋਂ ਇਲਾਵਾ ਇਸ ਸਾਲ ਜੂਨ ਮਹੀਨੇ ਵਿੱਚ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਭਾਰਤ ਸਰਕਾਰ ਵੱਲੋਂ 'ਪਦਮ ਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਕੀ ਭਾਜਪਾ ਦੀ ਟੇਕ ਪੰਜਾਬ ਦੇ ਦਲਿਤ ਭਾਈਚਾਰੇ ਦੇ ਵੋਟ ਬੈਂਕ 'ਤੇ?

ਰਾਜਨੀਤਕ ਮਾਹਿਰਾਂ ਮੁਤਾਬਕ, ਪਹਿਲਾਂ ਫਰਵਰੀ ਵਿੱਚ ਡੇਰਾ ਸੱਚਖੰਡ ਬੱਲਾਂ ਵਿਖੇ ਪ੍ਰਧਾਨ ਮੰਤਰੀ ਦਾ ਆਉਣਾ, ਫਿਰ ਡੇਰਾ ਬੱਲਾਂ ਮੁਖੀ ਸੰਤ ਨਿਰੰਜਨ ਦਾਸ ਨੂੰ 'ਪਦਮ ਸ਼੍ਰੀ' ਪੁਰਸਕਾਰ ਨਾਲ ਸਨਮਾਨਿਤ ਕਰਨਾ ਅਤੇ ਹੁਣ ਜਲੰਧਰ ਵਿੱਚ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਪ੍ਰੋਜੈਕਟ ਦਾ ਉਦਘਾਟਨ ਅਤੇ ਰੈਲੀ ਕਰਨਾ ਦਰਸਾਉਂਦਾ ਹੈ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਦੁਆਬਾ ਨੂੰ ਲਾਂਚ ਪੈਡ ਵਜੋਂ ਦੇਖ ਰਹੀ ਹੈ।
ਰਾਜਨੀਤਕ ਮਾਹਰ ਡਾਕਟਰ ਖ਼ਾਲਿਦ ਮੁਹੰਮਦ ਮੁਤਾਬਕ ਭਾਜਪਾ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਉਹ ਸਿਰਫ਼ ਸ਼ਹਿਰੀ ਜਾਂ ਰਵਾਇਤੀ ਵੋਟ ਬੈਂਕ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ, ਸਗੋਂ ਪੰਜਾਬ ਦੇ ਨਵੇਂ ਸਮਾਜਿਕ ਸਮੀਕਰਨਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਪ੍ਰਧਾਨ ਮੰਤਰੀ ਦਾ ਦੂਜੀ ਵਾਰ ਜਲੰਧਰ ਆਉਣਾ ਇਸ ਦੀ ਇੱਕ ਉਦਾਹਰਨ ਹੈ।
ਪ੍ਰੋਫੈਸਰ ਖਾਲਿਦ ਮੁਤਾਬਕ ਭਾਜਪਾ ਵੋਟਾਂ ਲਈ ਸਾਰੇ ਡੇਰਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਇਨ੍ਹਾਂ ਦੇ ਸਹਾਰੇ ਆਪਣਾ ਸਮਾਜਿਕ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਭਾਜਪਾ ਦੀ ਕੋਸ਼ਿਸ਼ ਸ਼ਹਿਰੀ ਹਿੰਦੂ ਭਾਈਚਾਰੇ ਤੋਂ 'ਹਿੰਦੂਤਵ' ਦੇ ਨਾਮ 'ਤੇ ਵੋਟਾਂ ਲੈਣ ਦੀ ਹੈ, ਜਦਕਿ ਦਲਿਤ ਭਾਈਚਾਰੇ ਤੱਕ ਪਹੁੰਚ ਲਈ ਵਿਕਾਸ ਅਤੇ ਡੇਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ।
ਉਨ੍ਹਾਂ ਮੁਤਾਬਕ ਦੁਆਬਾ ਖੇਤਰ ਵਿੱਚ ਡੇਰਾ ਬੱਲਾਂ ਦਾ ਵੱਡਾ ਪ੍ਰਭਾਵ ਹੈ। ਇਸ ਕਰਕੇ ਫਰਵਰੀ ਮਹੀਨੇ ਵਿੱਚ ਪ੍ਰਧਾਨ ਮੰਤਰੀ ਉੱਥੇ ਗਏ ਅਤੇ ਫਿਰ ਡੇਰਾ ਮੁਖੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਸ ਦਾ ਸਿੱਧਾ ਮਤਲਬ ਹੈ ਕਿ ਭਾਜਪਾ ਦੁਆਬਾ ਦੀ ਦਲਿਤ ਰਾਜਨੀਤੀ ਵਿੱਚ ਆਪਣੀ ਪਹੁੰਚ ਬਣਾਉਣਾ ਚਾਹੁੰਦੀ ਹੈ।

ਦਲਿਤ ਭਾਈਚਾਰੇ ਉੱਤੇ ਖੋਜ ਕਰਨ ਵਾਲੇ ਅਤੇ ਚੰਡੀਗੜ੍ਹ ਸਥਿਤ ਇੰਸਟੀਚਿਊਟ ਫਾਰ ਡਿਵੈਲਪਮੈਂਟ ਐਂਡ ਕਮਿਊਨੀਕੇਸ਼ਨ (ਆਈਡੀਸੀ) ਦੇ ਪ੍ਰੋਫੈਸਰ ਡਾਕਟਰ ਰੌਣਕੀ ਰਾਮ ਮੁਤਾਬਕ ਜਲੰਧਰ ਪੰਜਾਬ ਦੀ ਦਲਿਤ ਆਬਾਦੀ ਦਾ ਧੁਰਾ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੁਆਬਾ ਖੇਤਰ ਵਿੱਚ ਮਾਝਾ ਅਤੇ ਮਾਲਵਾ ਦੇ ਮੁਕਾਬਲੇ ਦਲਿਤ ਭਾਈਚਾਰੇ ਦੀ ਆਬਾਦੀ ਕਾਫ਼ੀ ਜ਼ਿਆਦਾ ਹੈ। ਇਸ ਕਰਕੇ ਸਮਾਜਿਕ ਅਤੇ ਧਾਰਮਿਕ ਤੌਰ 'ਤੇ ਕਈ ਗਤੀਵਿਧੀਆਂ ਦਾ ਇਹ ਸ਼ਹਿਰ ਪੁਰਾਣੇ ਸਮੇਂ ਤੋਂ ਕੇਂਦਰ ਰਿਹਾ ਹੈ।
ਇਨ੍ਹਾਂ ਵਿੱਚ 2003 ਦਾ ਤੱਲ੍ਹਣ ਕਾਂਡ ਅਤੇ 2009 ਵਿੱਚ ਆਸਟਰੀਆ ਦੇ ਵਿਆਨਾ ਸਥਿਤ ਇੱਕ ਗੁਰਦੁਆਰੇ ਵਿੱਚ ਡੇਰਾ ਸੱਚਖੰਡ ਬੱਲਾਂ (ਜਲੰਧਰ) ਦੇ ਮੁਖੀ ਸੰਤ ਨਿਰੰਜਨ ਦਾਸ ਅਤੇ ਉਨ੍ਹਾਂ ਦੇ ਸਹਿਯੋਗੀ ਸੰਤ ਰਾਮਾਨੰਦ 'ਤੇ ਹੋਏ ਹਥਿਆਰਬੰਦ ਹਮਲੇ ਤੋਂ ਬਾਅਦ ਭੜਕੀ ਹਿੰਸਾ ਪ੍ਰਮੁੱਖ ਘਟਨਾਵਾਂ ਹਨ।
ਇਸ ਕਰਕੇ ਰਾਜਨੀਤਕ ਪਾਰਟੀਆਂ ਦੀ ਨਜ਼ਰ ਖ਼ਾਸ ਤੌਰ 'ਤੇ ਦੁਆਬਾ ਖੇਤਰ ਦੇ ਇਸ ਸ਼ਹਿਰ 'ਤੇ ਰਹਿੰਦੀ ਹੈ।
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਰਾਜਨੀਤਕ ਵਿਭਾਗ ਦੀ ਪ੍ਰੋਫੈਸਰ ਡਾਕਟਰ ਨਵਜੋਤ ਕੌਰ ਮੁਤਾਬਕ ਭਾਜਪਾ ਵਿਕਾਸ, ਡੇਰਾ ਸੰਪਰਕ ਅਤੇ ਦਲਿਤ ਵੋਟ ਬੈਂਕ ਦੇ ਸਹਾਰੇ ਪੰਜਾਬ ਵਿੱਚ ਆਪਣਾ ਸਮਾਜਿਕ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਸਿਆਸੀ ਵਿਸ਼ਲੇਸ਼ਕ ਪ੍ਰੋਫੈਸਰ (ਡਾ.) ਹਰਜੇਸ਼ਵਰ ਪਾਲ ਸਿੰਘ ਦਾ ਕਹਿਣਾ ਹੈ ਕਿ ਭਾਜਪਾ ਨੂੰ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲਈ ਸਿਰਫ਼ ਸ਼ਹਿਰੀ ਜਾਂ ਰਵਾਇਤੀ ਵੋਟ ਬੈਂਕ 'ਤੇ ਨਿਰਭਰ ਨਹੀਂ ਰਹਿਣਾ ਪਵੇਗਾ, ਸਗੋਂ ਹੋਰ ਭਾਈਚਾਰਿਆਂ ਤੱਕ ਵੀ ਪਹੁੰਚ ਬਣਾਉਣੀ ਪਵੇਗੀ ਅਤੇ ਇਸ ਲਈ ਉਹ ਲਗਾਤਾਰ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਮੁਤਾਬਕ ਸ਼ਹਿਰਾਂ ਦੇ ਨਾਲ-ਨਾਲ ਪੇਂਡੂ ਖੇਤਰਾਂ ਵਿੱਚ ਪੈਰ ਜਮਾਉਣ ਲਈ ਭਾਜਪਾ ਨੇ ਪਾਰਟੀ ਪ੍ਰਧਾਨ ਜੱਟ ਸਿੱਖ ਭਾਈਚਾਰੇ ਵਿੱਚੋਂ ਬਣਾਇਆ ਹੈ। ਇਸੇ ਤਰ੍ਹਾਂ ਦਲਿਤ ਭਾਈਚਾਰੇ ਤੱਕ ਪਹੁੰਚ ਬਣਾਉਣ ਲਈ ਡੇਰਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ, ਜਿਸ ਵਿੱਚ ਡੇਰਾ ਬੱਲਾਂ ਪ੍ਰਮੁੱਖ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ ਰਹਿਣਾ ਚਾਹੁੰਦੀ, ਸਗੋਂ ਪੰਜਾਬ ਦੇ ਨਵੇਂ ਸਮਾਜਿਕ ਸਮੀਕਰਨਾਂ ਵਿੱਚ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਨ੍ਹਾਂ ਸਮੀਕਰਨਾਂ ਵਿੱਚ ਦੁਆਬਾ ਖੇਤਰ ਦਾ ਡੇਰਾ ਬੱਲਾਂ, ਮਾਝਾ ਖੇਤਰ ਦਾ ਡੇਰਾ ਬਿਆਸ ਅਤੇ ਮਾਲਵਾ ਖੇਤਰ ਦਾ ਡੇਰਾ ਸਿਰਸਾ ਸ਼ਾਮਲ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ


















