ਹਰਿਆਣਾ ਦੀ ਰੈਲੀ 'ਚ ਇਸ ਕਾਰਨ ਨਹੀਂ ਪਹੁੰਚ ਸਕੇ ਅਮਿਤ ਸ਼ਾਹ, ਸੂਬੇ ਭਰ 'ਚ ਸਰਪੰਚਾਂ ਦਾ ਵਿਰੋਧ

    • ਲੇਖਕ, ਸਤ ਸਿੰਘ
    • ਰੋਲ, ਬੀਬੀਸੀ ਸਹਿਯੋਗੀ
  • ਪ੍ਰਕਾਸ਼ਿਤ

ਹਰਿਆਣਾ ਦੇ ਸੋਨੀਪਤ ਵਿੱਚ ਪੈਂਦੇ ਗੋਹਾਨਾ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਪੁਲਿਸ ਨੇ ਕੁਝ ਸਰਪੰਚਾਂ ਅਤੇ ਕਿਸਾਨ ਆਗੂਆਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ।

ਹਾਲਾਂਕਿ ਖ਼ਰਾਬ ਮੌਸਮ ਕਾਰਨ ਗ੍ਰਹਿ ਮੰਤਰੀ ਰੈਲੀ ਵਿੱਚ ਨਹੀਂ ਪਹੁੰਚ ਸਕੇ, ਉਨ੍ਹਾਂ ਦਾ ਭਾਸ਼ਣ ਲੋਕਾਂ ਨੂੰ ਫੋਨ ਰਾਹੀਂ ਸੀਐੱਮ ਮਨੋਹਰ ਲਾਲ ਨੇ ਸੁਣਾਇਆ।

ਸੂਬੇ ਦੇ ਸਰਪੰਚਾਂ ਨੇ ਅਮਿਤ ਸ਼ਾਹ ਦੀ ਐਤਵਾਰ ਨੂੰ ਹੋਣ ਵਾਲੀ ਰੈਲੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ।

ਗ੍ਰਹਿ ਮੰਤਰੀ ਦੀ ਰੈਲੀ ਦੇ ਰਸਤਿਆਂ ਉੱਤੇ ਕਰੜੀ ਸੁਰੱਖਿਆ ਸੀ, ਇਲਾਕੇ ਵਿੱਚ ਭਾਰੀ ਪੁਲਿਸ ਬਲ ਤੈਨਾਤ ਕੀਤਾ ਗਿਆ ਸੀ।

ਪੁਲਿਸ ਵੱਲੋਂ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਨਵੀਨ ਜੈਹਿੰਦ ਨੂੰ ਵੀ ਸ਼ਨੀਵਾਰ ਰਾਤ ਨੂੰ ਹੀ ਰੋਹਤਕ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ।

ਨਵੀਨ ਜੈਹਿੰਦ ਨੇ ਵੀ ਇਸ ਰੈਲੀ ਦਾ ਵਿਰੋਧ ਕਰਨ ਦੀ ਗੱਲ ਆਖੀ ਸੀ। ਅਮਿਤ ਸ਼ਾਹ ਦੀ ਰੈਲੀ ਨੂੰ ਦੇਖਦੇ ਹੋਏ ਸੋਨੀਪਤ ਵਿੱਚ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ।

ਸਰਪੰਚਾਂ ਦਾ ਵਿਰੋਧ ਕਿਉਂ?

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰੈਲੀ ਦਾ ਵਿਰੋਧ ਕਰ ਰਹੇ ਸਰਪੰਚ ਅਸਲ ਵਿੱਚ ਸੂਬੇ ਵਿੱਚ ਈ-ਟੈਂਡਰਿੰਗ ਦੇ ਖਿਲਾਫ਼ ਹਨ।

ਹਰਿਆਣਾ ਸਰਕਾਰ ਨੇ ਹਾਲ ਹੀ ਵਿੱਚ ਈ-ਟੈਂਡਰਿੰਗ ਪ੍ਰਣਾਲੀ ਲਾਗੂ ਕੀਤੀ ਹੈ।

ਇਸ ਨਵੀਂ ਪ੍ਰਣਾਲੀ ਤਹਿਤ ਪਿੰਡ ਵਿੱਚ ਵਿਕਾਸ ਦਾ ਜੋ ਵੀ ਕੰਮ ਦੋ ਲੱਖ ਰੁਪਏ ਤੋਂ ਉਪਰ ਹੋਵੇਗਾ, ਉਹ ਈ-ਟੈਂਡਰਿੰਗ ਰਾਹੀਂ ਹੀ ਹੋਵੇਗਾ।

ਹਾਲਾਂਕਿ ਇਸ ਤੋਂ ਪਹਿਲਾਂ 50 ਲੱਖ ਰੁਪਏ ਤੱਕ ਦਾ ਕੰਮ ਸਰਪੰਚ ਆਪਣੇ ਆਪ ਕਰਵਾ ਸਕਦਾ ਸੀ। ਇਸ ਲਈ ਆਨ ਲਾਈਨ ਟੈਂਡਰਿੰਗ ਦੀ ਲੋੜ ਨਹੀਂ ਹੁੰਦੀ ਸੀ।

ਨਵੇਂ ਚੁਣੇ ਗਏ ਸਰਪੰਚਾਂ ਦਾ ਕਹਿਣਾ ਹੈ ਕਿ ਈ-ਟੈਂਡਰਿੰਗ ਨਾਲ ਵਿਕਾਸ ਕਾਰਜ ਰੁਕ ਜਾਣਗੇ ਅਤੇ ਇਸ ਨਾਲ ਉਹਨਾਂ ਨੂੰ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।

ਵਿਰੋਧ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਸਰਪੰਚ ਅਜਿਹੇ ਹਨ ਜੋ ਇਸ ਈ-ਟੈਂਡਰਿੰਗ ਨੂੰ ਜਾਣਦੇ ਨਹੀਂ ਹਨ।

ਇਹ ਸਰਪੰਚ ਮੰਗ ਕਰ ਰਹੇ ਹਨ ਕਿ ਪਹਿਲਾਂ ਵਾਲੀ ਪ੍ਰਣਾਲੀ ਨੂੰ ਹੀ ਲਾਗੂ ਰੱਖਿਆ ਜਾਵੇ। ਉਹ ਈ-ਟੈਂਡਰਿੰਗ ਪ੍ਰਣਾਲੀ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ।

ਰੋਡ ਜਾਮ

ਆਪਣੀਆਂ ਮੰਗਾਂ ਨੂੰ ਲੈ ਕੇ ਸਰਪੰਚਾਂ ਨੇ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ’ਤੇ ਰੋਡ ਜਾਮ ਕਰਨ ਦਾ ਐਲਾਨ ਕੀਤਾ ਸੀ।

ਫਤਿਹਾਬਾਦ ਦੇ ਭੱਟੂ ਇਲਾਕੇ ਵਿੱਚ ਸਰਪੰਚਾਂ ਨੇ ਸੜਕ ਜਾਮ ਕਰ ਦਿੱਤੀ।

ਇਸ ਮੌਕੇ ਸਰਪੰਚਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਹਿਸਾਰ ਵਿੱਚ ਪ੍ਰਦਰਸ਼ਨਕਾਰੀ ਵੱਲੋਂ ਮਆਡ ਅਤੇ ਲਾਂਧਡੀ ਸੜਕਾਂ ਦੇ ਟੋਲ ਉੱਤੇ ਲੋਕਾਂ ਨੂੰ ਬਗੈਰ ਪਰਚੀ ਦੇ ਲੰਘਣ ਦਿੱਤਾ ਗਿਆ।

ਟੋਲ ਪਲਾਜੇ ਉਪਰ ਕਰਮਚਾਰੀਆਂ ਤੋਂ ਫਾਸਟ ਟੈਂਗ ਮਸ਼ੀਨਾਂ ਬੰਦ ਕਰਵਾ ਦਿੱਤੀਆਂ ਗਈਆਂ ਸਨ।

ਸਿਰਸਾ ਵਿੱਚ ਵੀ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਸੜਕਾਂ ਉੱਤੇ ਸਨ ਅਤੇ ਰੋਡ ਜਾਮ ਕੀਤੇ।

(ਬੀਬੀਸੀ ਪੰਜਾਬੀ ਨਾਲ FACEBOOKINSTAGRAMTWITTERਅਤੇ YouTube 'ਤੇ ਜੁੜੋ।)