You’re viewing a text-only version of this website that uses less data. View the main version of the website including all images and videos.
ਮਾਲ ਵਿੱਚ ਲੋਕਾਂ ਨੂੰ ਚਾਕੂਆਂ ਨਾਲ ਮਾਰਨ ਵਾਲੇ ਨੂੰ ਕਿਵੇਂ ਮਹਿਲਾ ਪੁਲਿਸ ਨੇ ਗੋਲੀ ਮਾਰ ਮੁਕਾਇਆ
- ਲੇਖਕ, ਜੇ ਸੈਵੇਜ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
ਆਸਟ੍ਰੇਲੀਆਈ ਪੁਲਿਸ ਨੇ ਸਿਡਨੀ ਦੇ ਇੱਕ ਸ਼ਾਪਿੰਗ ਮਾਲ ਵਿੱਚ ਚਾਕੂ ਨਾਲ ਹਮਲਾ ਕਰਨ ਵਾਲੇ ਵਿਅਕਤੀ ਦੀ ਪਛਾਣ ਕਰ ਲਈ ਹੈ।
ਇਸ ਹਮਲੇ ਵਿੱਚ ਛੇ ਲੋਕ ਮਾਰੇ ਗਏ ਸਨ। ਹਮਲਾਵਰ ਦੀ ਬਾਅਦ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਸ਼ਨੀਵਾਰ ਨੂੰ, 40 ਸਾਲਾ ਜੋਏਲ ਕਾਉਚੀ ਨੇ ਭੀੜ-ਭੜੱਕੇ ਵਾਲੇ ਵੈਸਟਫੀਲਡ ਬੌਂਡੀ ਜੰਕਸ਼ਨ ਸ਼ਾਪਿੰਗ ਸੈਂਟਰ ਵਿੱਚ ਇੱਕ ਵੱਡੇ ਚਾਕੂ ਨਾਲ ਲੋਕਾਂ 'ਤੇ ਹਮਲਾ ਕੀਤਾ ਸੀ।
ਇਸ ਹਮਲੇ ਵਿੱਚ ਪੰਜ ਔਰਤਾਂ ਅਤੇ ਇੱਕ ਆਦਮੀ ਦੀ ਮੌਤ ਹੋ ਗਈ ਸੀ। ਇਸ ਹਾਦਸੇ 'ਚ ਇੱਕ ਬੱਚੇ ਸਣੇ ਕਈ ਲੋਕ ਜ਼ਖਮੀ ਹੋ ਗਏ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਹਮਲਾ ਕਾਉਚੀ ਦੀ ‘ਮਾਨਸਿਕ ਸਿਹਤ’ ਨਾਲ ਜੁੜਿਆ ਹੋਇਆ ਹੋ ਸਕਦਾ ਹੈ।
ਇੱਕ ਸਵਾਲ ਇਹ ਵੀ ਖੜ੍ਹਾ ਹੋਇਆ ਹੈ ਕਿ ਕੀ ਕਾਉਚੀ ਆਪਣੇ ਹਮਲੇ ਵਿੱਚ ਸਿਰਫ਼ ਔਰਤਾਂ ਨੂੰ ਹੀ ਨਿਸ਼ਾਨਾ ਬਣਾ ਰਿਹਾ ਸੀ?
ਐਤਵਾਰ ਨੂੰ ਇਸ ਸਵਾਲ ਦੇ ਜਵਾਬ ਵਿੱਚ ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਕੈਰੇਨ ਵੌਬ ਨੇ ਪੱਤਰਕਾਰਾਂ ਨੂੰ ਦੱਸਿਆ ਕਿ, “ਇਸ ਪੱਖ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ।"
ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਚਾਕੂ ਦੇ ਹਮਲੇ ਨੂੰ ‘ਅੱਤਵਾਦੀ ਹਮਲਾ’ ਨਹੀਂ ਕਹਿਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲੇ ਕਿਸੇ ‘ਖ਼ਾਸ ਵਿਚਾਰਧਾਰਾ’ ਤੋਂ ਪ੍ਰੇਰਿਤ ਨਹੀਂ ਲਗਦੇ।
ਮਾਨਸਿਕ ਸਮੱਸਿਆ ਨਾਲ ਜੂਝ ਰਿਹਾ ਸੀ ਹਮਲਾਵਰ
ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਕਾਉਚੀ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ, ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਜੱਦੀ ਸ਼ਹਿਰ ਕੁਈਨਜ਼ਲੈਂਡ ਵਿੱਚ ਨਾ ਤਾਂ ਕਦੇ ਕਿਸੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਾ ਹੀ ਕਦੇ ਉਨ੍ਹਾਂ ਖ਼ਿਲਾਫ਼ ਕੋਈ ਇਲਜ਼ਾਮ ਲੱਗਿਆ ਹੈ।
ਕੁਈਨਜ਼ਲੈਂਡ ਪੁਲਿਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਕਾਉਚੀ ਦੇ ਪਰਿਵਾਰ ਨੇ ਉਸ ਦੀਆਂ ਗਤੀਵਿਧੀਆਂ ਨੂੰ ‘ਭਿਆਨਕ’ ਦੱਸਦਿਆਂ ਕਿਹਾ ਹੈ ਕਿ ਉਹ ਕਿਸ਼ੋਰ ਅਵਸਥਾ ਕਰੀਬ 17 ਸਾਲ ਦੀ ਉਮਰ ਤੋਂ ਹੀ ਮਾਨਸਿਕ ਸਮੱਸਿਆਵਾਂ ਨਾਲ ਜੂਝ ਰਿਹਾ ਸੀ।
ਕਾਉਚੀ ਦੇ ਪਰਿਵਾਰ ਦਾ ਕਹਿਣਾ ਹੈ, "ਸਿਡਨੀ ਵਿੱਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ।"
"ਅਸੀਂ ਪੀੜਤ ਪਰਿਵਾਰਾਂ ਲਈ ਹਮਦਰਦੀ ਰੱਖਦੇ ਹਾਂ। ਜੋਏਲ ਨੇ ਜੋ ਕੀਤਾ ਉਹ ਅਸਲੋਂ ਬਹੁਤ ਭਿਆਨਕ ਸੀ ਅਤੇ ਅਸੀਂ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਿਰ ਹੋਇਆ ਕੀ।"
ਪਰਿਵਾਰ ਨੇ ਕਿਹਾ ਹੈ ਕਿ ਉਹ ਪੁਲਿਸ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦਾ ਉਸ ਅਫ਼ਸਰ ਨਾਲ ਵੀ ਕੋਈ ਗਿਲ਼ਾ-ਸ਼ਿਕਵਾ ਨਹੀਂ ਹੈ ਜਿਸਨੇ ਕਾਉਚੀ ਉੱਤੇ ਗੋਲੀ ਚਲਾਈ ਸੀ।
ਪਰਿਵਾਰ ਨੇ ਗੋਲੀ ਮਾਰਨ ਵਾਲੀ ਅਫ਼ਸਰ ਲਈ ਕਿਹਾ, "ਉਹ ਸਿਰਫ ਲੋਕਾਂ ਨੂੰ ਬਚਾਉਣ ਲਈ ਆਪਣਾ ਕੰਮ ਕਰ ਰਹੀ ਸੀ ਅਤੇ ਸਾਨੂੰ ਆਸ ਹੈ ਕਿ ਉਹ ਜਲਦ ਠੀਕ ਹੋ ਜਾਵੇਗੀ।"
ਨਿਊ ਸਾਊਥ ਵੇਲਜ਼ ਪੁਲਿਸ ਨੇ ਕਿਹਾ ਕਿ ਕਾਉਚੀ ਦੇ ਛੋਟੇ ਜਿਹੇ ਸਟੋਰੇਜ ਯੂਨਿਟ ਦੀ ਮੁੱਢਲੀ ਜਾਂਚ ਤੋਂ ਵੀ ਹਮਲੇ ਦੇ ਸੰਭਾਵਿਤ ਮਕਸਦ ਦਾ ਪਤਾ ਨਹੀਂ ਲੱਗ ਸਕਿਆ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਜੇ ਵੀ ਪੀੜਤ ਪਰਿਵਾਰਾਂ ਨੂੰ ਸੂਚਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਵਿੱਚੋਂ ਦੋ ਦਾ ਆਸਟ੍ਰੇਲੀਆ ਵਿੱਚ ਕੋਈ ਰਿਸ਼ਤੇਦਾਰ ਵੀ ਨਹੀਂ ਹੈ।
ਆਪਣੀ ਜਾਨ ਗੁਆ ਬੱਚੇ ਨੂੰ ਬਚਾਉਣ ਵਾਲੀ ਮਾਂ
ਇਸ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਐਸ਼ਲੇ ਗੁੱਡ ਵੀ ਸ਼ਾਮਲ ਹਨ। ਜਦੋਂ ਹਮਲਾ ਹੋਇਆ ਉਹ ਆਪਣੀ ਬੱਚੀ ਨਾਲ ਸਨ।
ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਚਾਕੂ ਦੇ ਹਮਲੇ ਤੋਂ ਤੁਰੰਤ ਬਾਅਦ ਐਸ਼ਲੇ ਗੁੱਡ ਨੇ ਆਪਣੀ ਛੋਟੀ ਬੱਚੀ ਨੂੰ ਰਾਹਗੀਰਾਂ ਦੇ ਹਵਾਲੇ ਕਰ ਦਿੱਤਾ।
ਇੱਕ ਵਿਅਕਤੀ ਨੇ ਨਾਇਨ ਨਿਊਜ਼ ਨੂੰ ਦੱਸਿਆ, "ਬੱਚੇ ਦੀ ਮਾਂ ਨੂੰ ਚਾਕੂ ਮਾਰਿਆ ਗਿਆ ਸੀ ਅਤੇ ਉਹ ਮੇਰੇ ਵੱਲ ਆਈ ਅਤੇ ਉਸ ਨੇ ਬੱਚੇ ਨੂੰ ਮੇਰੇ ਵੱਲ ਸੁੱਟ ਦਿੱਤਾ। ਮੈਂ ਬੱਚੇ ਨੂੰ ਚੁੱਕ ਲਿਆ ਤੇ ਉੱਥੇ ਖੜ੍ਹਾ ਹੋ ਗਿਆ ਸੀ।"
ਉਸ ਨੇ ਦੱਸਿਆ ਕਿ,“ਜਦੋਂ ਮੈਂ ਬੱਚੀ ਵੱਲ ਦੇਖਿਆ ਤਾਂ ਉਸ ਦੀ ਹਾਲਤ ਬਹੁਤ ਖ਼ਰਾਬ ਸੀ। ਜ਼ਮੀਨ ’ਤੇ ਖ਼ੂਨ ਸੀ ਉਹ ਖ਼ੁਦ ਖ਼ੂਨ ਨਾਲ ਲੱਥ-ਪੱਥ ਸੀ। ਮੈਂ ਬਸ ਆਸ ਕਰ ਰਿਹਾ ਸੀ ਕਿ ਬੱਚੀ ਠੀਕ ਹੋਵੇ।”
ਬੱਚੀ ਨੂੰ ਬਚਾਉਣ ਵਾਲੇ ਵਿਅਕਤੀ ਦਾ ਭਰਾ ਉਸ ਸਮੇਂ ਮਾਲ ਵਿੱਚ ਮੌਜੂਦ ਸੀ। ਉਸ ਨੇ ਦੱਸਿਆ ਕਿ ਜਦੋਂ ਹਮਲਾ ਹੋਇਆ ਤਾਂ ਉਹ ਦੋਵੇਂ ਭਰਾ ਮਦਦ ਲਈ ਤਿਆਰ ਹੋ ਗਏ ਸਨ।
ਜਿਵੇਂ ਹੀ ਹਮਲੇ ਦੀ ਸ਼ਿਕਾਰ ਔਰਤ ਨੇ ਬੱਚੀ ਨੂੰ ਉਨ੍ਹਾਂ ਵੱਲ ਸੁੱਟਿਆ ਉਹ ਉਸ ਨੂੰ ਸੁਰੱਖਿਅਤ ਥਾਂ ’ਤੇ ਲੈ ਗਏ।
ਸਿਹਤ ਮੰਤਰੀ ਰਿਆਨ ਪਾਰਕ ਨੇ ਏਬੀਸੀ ਨਿਊਜ਼ ਨੂੰ ਦੱਸਿਆ, "ਨੌਂ ਮਹੀਨੇ ਦੀ ਬੱਚੀ ਦਾ ਰਾਤੋ-ਰਾਤ ਆਪ੍ਰੇਸ਼ਨ ਹੋਇਆ ਅਤੇ ਉਹ ਆਈਸੀਯੂ ਵਿੱਚ ਗੰਭੀਰ ਹਾਲਤ ਵਿੱਚ ਹੈ।"
ਉਨ੍ਹਾਂ ਕਿਹਾ, "ਸਾਨੂੰ ਲੱਗਦਾ ਹੈ ਕਿ ਬੱਚੀ ਠੀਕ ਹੋ ਜਾਵੇਗੀ ਪਰ ਅਜੇ ਲੰਮਾ ਸਫ਼ਰ ਤੈਅ ਕਰਨਾ ਹੈ।"
ਐਸ਼ਲੇ ਦੇ ਪਰਿਵਾਰ ਨੇ ਬੱਚੇ ਅਤੇ ਐਸ਼ਲੇ ਨੂੰ ਮਿਲ ਰਹੇ ਪਿਆਰ ਲਈ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ।
ਹਮਲਾਵਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ
ਇਸ ਹਮਲੇ ਵਿੱਚ ਮਰਨ ਵਾਲਿਆਂ ਵਿੱਚ ਪੰਜ ਔਰਤਾਂ ਅਤੇ ਇੱਕ ਵਿਅਕਤੀ ਸ਼ਾਮਲ ਹਨ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਕੈਰਨ ਵੈਬ ਨੇ ਆਸਟ੍ਰੇਲੀਆ ਦੇ ਏਬੀਸੀ ਨਿਊਜ਼ ਨੂੰ ਦੱਸਿਆ ਕਿ ਇਹ ਬਿਲਕੁਲ ਸਪੱਸ਼ਟ ਹੈ ਕਿ ਹਮਲਾਵਰ ਔਰਤਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਕਮਿਸ਼ਨਰ ਕੈਰਨ ਵੈਬ ਨੇ ਕਿਹਾ, "ਵੀਡੀਓ ਤੋਂ ਵੀ ਇਹ ਸਾਫ਼ ਹੁੰਦਾ ਹੈ ਕਿ ਹਮਲਾਵਰ ਦਾ ਧਿਆਨ ਔਰਤਾਂ ’ਤੇ ਕੇਂਦਰਿਤ ਸੀ।"
"ਮੈਨੂੰ ਇਸ ਬਾਰੇ ਸਪੱਸ਼ਟ ਪਤਾ ਹੈ ਅਤੇ ਜਾਂਚਕਰਤਾਵਾਂ ਨੂੰ ਵੀ ਹਮਲਾਵਰ ਨੇ ਔਰਤਾਂ 'ਤੇ ਧਿਆਨ ਕੇਂਦਰਿਤ ਕੀਤਾ ਅਤੇ ਮਰਦਾਂ ਨੂੰ ਹਮਲੇ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ।”
"ਸਾਨੂੰ ਨਹੀਂ ਪਤਾ ਕਿ ਉਸ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਅਤੇ ਇਸ ਲਈ ਹੁਣ ਇਹ ਅਹਿਮ ਹੈ ਕਿ ਜਾਂਚਕਰਤਾ ਉਨ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਜੋ ਉਸ ਨੂੰ ਜਾਣਦੇ ਹਨ।"
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਸੋਮਵਾਰ ਨੂੰ ਟ੍ਰਿਪਲ ਐੱਮ ਰੇਡੀਓ ਨੂੰ ਦੱਸਿਆ ਕਿ,“ 30 ਸਾਲਾ ਸੁਰੱਖਿਆ ਗਾਰਡ ਫਰਾਜ਼ ਤਾਹਿਰ ਵੀ ਇਸ ਹਮਲੇ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਦੌਰਾਨ ਮਾਰਿਆ ਗਿਆ ਹੈ। ਉਹ ਇੱਕ ਸ਼ਰਨਾਰਥੀ ਸੀ ਜੋ ਸਿਰਫ ਥੋੜ੍ਹੇ ਸਮੇਂ ਲਈ ਆਸਟਰੇਲੀਆ ਵਿੱਚ ਰਹਿ ਰਿਹਾ ਸੀ।”
ਹਮਲੇ ਵਿੱਚ ਮਾਰੇ ਗਏ ਲੋਕ
ਹਮਲੇ ਦਾ ਇੱਕ ਹੋਰ ਸ਼ਿਕਾਰ ਫ਼ਰਾਜ਼ ਤਾਹਿਰ ਹੈ, ਆਸਟ੍ਰੇਲੀਆ ਦੇ ਅਹਿਮਦੀਆ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਦੇ ਸਨ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਕਰੀਬ ਇੱਕ ਸਾਲ ਪਹਿਲਾਂ ਹੀ ਆਸਟ੍ਰੇਲੀਆ ਵਿੱਚ ਸ਼ਰਨ ਲਈ ਸੀ।
ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਾਹਿਰ ਇੱਕ ਸੁਰੱਖਿਆ ਗਾਰਡ ਸੀ ਅਤੇ ਸਥਾਨਕ ਭਾਈਚਾਰੇ ਦੇ ਇੱਕ ਸਨਮਾਨਯੋਗ ਮੈਂਬਰ ਵਜੋਂ ਜਾਣਿਆ ਜਾਂਦਾ ਸੀ।
ਹਮਲੇ 'ਚ 25 ਸਾਲਾ ਡਾਨ ਸਿੰਗਲਟਨ ਦੀ ਵੀ ਮੌਤ ਹੋ ਗਈ। ਉਹ ਵ੍ਹਾਈਟ ਫੌਕਸ ਬੁਟੀਕ ਵਿੱਚ ਕੰਮ ਕਰਦੀ ਸੀ।
ਕੰਪਨੀ ਨੇ ਕਿਹਾ, “ਅਸੀਂ ਉਸਦੇ (ਸਿੰਗਲਟਨ) ਜਾਣ ਤੋਂ ਬਹੁਤ ਸਦਮੇ ਵਿੱਚ ਹਾਂ।
“ਉਹ ਇੱਕ ਪਿਆਰੀ ਤੇ ਨੇਕਦਿਲ ਇਨਸਾਨ ਸੀ, ਜਿਸ ਨੇ ਹਾਲੇ ਆਪਣੀ ਜ਼ਿੰਦਗੀ ਦੇਖਣੀ ਸੀ। ਉਹ ਅਸਲ ਵਿੱਚ ਸ਼ਾਨਦਾਰ ਸ਼ਖਸੀਅਤ ਦੀ ਮਾਲਕ ਸੀ।"
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)