ਆਦਿਪੁਰਸ਼: ਫਿਲਮ ਦੇ ਕਿਹੜੇ ਸੰਵਾਦਾਂ ’ਤੇ ਛਿੜੀ ਜੰਗ ਜਿਸ ਨੂੰ ਹੁਣ ਸੋਧਿਆ ਜਾਵੇਗਾ, ਕਿਸ ਮਸ਼ਹੂਰ ਲੇਖਕ ਨੇ ਲਿਖੇ ਸਨ ਇਹ ਡਾਇਲਾਗ

ਆਦਿਪੁਰਸ਼

ਤਸਵੀਰ ਸਰੋਤ, COMMUNIQUE PR

    • ਲੇਖਕ, ਸੁਪ੍ਰੀਆ ਸੋਗਲੇ
    • ਰੋਲ, ਮੁੰਬਈ ਤੋਂ ਬੀਬੀਸੀ ਹਿੰਦੀ ਲਈ
  • ਪ੍ਰਕਾਸ਼ਿਤ

ਫਿਲਮ 'ਆਦਿਪੁਰਸ਼' ਸ਼ੁੱਕਰਵਾਰ (16 ਜੂਨ) ਨੂੰ ਸਿਨੇਮਾਘਰਾਂ 'ਚ ਪਹੁੰਚ ਗਈ ਹੈ ਅਤੇ ਫਿਲਮ ਨਾਲ ਜੁੜੇ ਲੋਕਾਂ ਨੇ ਪਹਿਲੇ ਦਿਨ ਹੀ ਰਿਕਾਰਡ ਤੋੜ ਕਮਾਈ ਕਰਨ ਦਾ ਦਾਅਵਾ ਕੀਤਾ ਹੈ।

ਪਰ ਰਿਲੀਜ਼ ਦੇ ਨਾਲ ਹੀ ਇਹ ਫਿਲਮ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਨਿਸ਼ਾਨੇ 'ਤੇ ਹੈ।

ਫਿਲਮ ਦੇ ਸੰਵਾਦਾਂ ਨੂੰ ਲੈ ਕੇ ਕਈ ਲੋਕ ਇਤਰਾਜ਼ ਅਤੇ ਗੁੱਸਾ ਜ਼ਾਹਿਰ ਕਰ ਰਹੇ ਹਨ। ਇਨ੍ਹਾਂ ਵਿੱਚ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਸਮੇਤ ਕਈ ਸਿਆਸਤਦਾਨ ਵੀ ਸ਼ਾਮਲ ਹਨ।

ਲੋਕਾਂ ਦਾ ਸਭ ਤੋਂ ਵੱਡਾ ਇਤਰਾਜ਼ ਲੰਕਾ ਸਾੜਨ ਤੋਂ ਪਹਿਲਾਂ ਹਨੂੰਮਾਨ ਦੇ ਕਿਰਦਾਰ ਦੇ ਸੰਵਾਦ ਨੂੰ ਲੈ ਕੇ ਹੈ, ਜਿਸ ਵਿੱਚ ਉਹ ਕਹਿੰਦੇ ਹਨ- "ਕਪੜਾ ਤੇਰੇ ਬਾਪ ਕਾ, ਤੇਲ ਤੇਰੇ ਬਾਪ ਕਾ, ਆਗ ਭੀ ਤੇਰੇ ਬਾਪ ਕੀ ਔਰ ਜਲੇਗੀ ਭੀ ਤੇਰੇ ਬਾਪ ਕੀ।"

ਫਿਲਮ ਦੇ ਕੁਝ ਹੋਰ ਸੰਵਾਦ ਵੀ ਕਾਫੀ ਚਰਚਾ 'ਚ ਹਨ।

ਇੱਕ ਦ੍ਰਿਸ਼ ਵਿੱਚ, ਰਾਵਣ ਦਾ ਇੱਕ ਰਾਕਸ਼ ਹਨੂੰਮਾਨ ਨੂੰ ਕਹਿੰਦਾ ਹੈ- "ਯੇ ਤੇਰੀ ਬੁਆ ਕਾ ਬਗੀਚਾ ਹੈ ਕਿ ਹਵਾ ਖਾਨੇ ਚਲਾ ਆਇਆ..."

ਆਦਿਪੁਰਸ਼

ਤਸਵੀਰ ਸਰੋਤ, COMMUNIQUE PR

ਦੂਜੇ ਪਾਸੇ ਜਦੋਂ ਅੰਗਦ ਰਾਣਵ ਨੂੰ ਲਲਕਾਰਦੇ ਹੋਏ ਕਹਿੰਦੇ ਹਨ- ''ਰਘੁਪਤੀ ਰਾਘਵ, ਰਾਜਾ ਰਾਮ ਬੋਲ ਔਰ ਅਪਨੀ ਜਾਨ ਬਚਾ ਲੈ ਵਰਨਾ ਆਜ ਖੜ੍ਹਾ ਹੈ, ਕਲ ਲੇਟਾ ਹੁਆ ਮਿਲੇਗਾ...''

ਫਿਲਮ 'ਚ ਵਰਤੀ ਗਈ ਭਾਸ਼ਾ ਨੂੰ 'ਅਸ਼ਲੀਲ ਅਤੇ ਅਪਮਾਨਜਨਕ' ਦੱਸਦੇ ਹੋਏ ਦਰਸ਼ਕ ਆਪਣੀਆਂ ਸ਼ਿਕਾਇਤਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਰਹੇ ਹਨ।

ਇੱਕ ਯੂਜ਼ਰ ਨੇ ਇਸਦੀ ਤੁਲਨਾ ਫਿਲਮ ਆਰਆਰਆਰ ਨਾਲ ਕੀਤੀ ਤੇ ਉਸ ਦਾ ਰਾਮ ਚੰਦਰ ਜੀ ਵਾਲਾ ਇੱਕ ਦ੍ਰਿਸ਼ ਸ਼ੇਅਰ ਕਰਦਿਆਂ ਲਿਖਿਆ, "ਆਰਆਰਆਰ ਦਾ ਇਹ ਕੁਝ ਮਿੰਟਾਂ ਦਾ ਸੀਨ ਪੂਰੀ ਆਦਿਪੁਰਸ਼ ਨਾਲੋਂ ਕਈ ਗੁਣਾ ਵਧੀਆ ਹੈ..."

ਇੱਕ ਹੋਰ ਯੂਜ਼ਰ ਨੇ ਲਿਖਿਆ, "ਮੈਂ ਆਦਿਪੁਰਸ਼ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਹਨ ਕਿਉਂਕਿ ਮੈਂ ਆਪਣੀ ਧੀ ਨੂੰ ਗਲਤ ਰਾਮਾਇਣ ਨਹੀਂ ਪੜ੍ਹਾਉਣਾ ਚਾਹੁੰਦੀ।"

ਰਕਸ਼ਿਤਾ ਨਾਗਰ ਨੇ ਲਿਖਿਆ, ''ਬਾਲੀਵੁੱਡ, ਹੁਣ ਬਹੁਤ ਹੋ ਗਿਆ।''

ਕੀ ਕਿਹਾ ਮਨੋਜ ਮੁੰਤਸ਼ਿਰ ਨੇ?

ਮਨੋਜ ਮੁੰਤਸ਼ਿਰ

ਤਸਵੀਰ ਸਰੋਤ, MANOJ MUNTASHIR

ਪਰ ਵਿਵਾਦਾਂ ਤੋਂ ਬਾਅਦ ਮਨੋਜ ਮੁੰਤਸ਼ਿਰ ਨੇ ਟਵੀਟ ਕਰਦਿਆਂ ਕਿਹਾ, “ਰਾਮਕਥਾ ਤੋਂ ਪਹਿਲਾ ਪਾਠ ਜੇਕਰ ਕੋਈ ਸਿੱਖ ਸਕਦਾ ਹੈ, ਉਹ ਹੈ ਹਰ ਕਿਸੇ ਦੀ ਭਾਵਨਾ ਦਾ ਸਨਮਾਨ ਕਰਨਾ। ਸਹੀ ਜਾਂ ਗਲਤ, ਸਮੇਂ ਦੇ ਅਨੁਸਾਰ ਬਦਲ ਜਾਂਦਾ ਹੈ, ਪਰ ਭਾਵਨਾ ਰਹਿ ਜਾਂਦੀ ਹੈ। ”

“ਆਦਿਪੁਰੁਸ਼ ’ਚ 4000 ਤੋਂ ਵੀ ਜਿਆਦਾ ਸੰਵਾਦ ਮੈਂ ਲਿਖੇ ਹਨ, 5 ਕੁ ਸੰਵਾਦਾਂ ’ਤੇ ਕੁਝ ਲੋਕਾਂ ਦੀ ਭਾਵਨਾ ਆਹਤ ਹੋਈ ਹੈ। ਮੇਰੇ ਲਈ ਤੁਹਾਡੀਆਂ ਭਾਵਨਾਵਾਂ ਤੋਂ ਵੱਧ ਕੁਝ ਵੀ ਨਹੀਂ।”

“ਮੈਂ ਆਪਣੇ ਸੰਵਾਦਾਂ ਦੇ ਪੱਖ ’ਚ ਅਣਗਿਣਤ ਤਰਕ ਦੇ ਸਕਦਾ ਹਾਂ, ਪਰ ਇਸ ਨਾਲ ਤੁਹਾਡਾ ਦਰਦ ਘੱਟ ਨਹੀਂ ਹੋਵੇਗਾ।”

“ਮੈਂ ਅਤੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਨੇ ਫੈਸਲਾ ਲਿਆ ਹੈ ਕਿ ਕੁਝ ਸੰਵਾਦ ਜਿਸ ਤੋਂ ਤੁਸੀਂ ਆਹਤ ਮਹਿਸੂਸ ਕਰ ਰਹੇ ਹੋ, ਉਸ ’ਚ ਅਸੀਂ ਸੋਧ ਕਰਾਂਗੇ ਅਤੇ ਇਸ ਹਫ਼ਤੇ ਹੀ ਫਿਲਮ ’ਚ ਸ਼ਾਮਿਲ ਕੀਤਾ ਜਾਵੇਗਾ।”

ਮਨੋਜ ਮੁੰਤਸ਼ਿਰ

ਤਸਵੀਰ ਸਰੋਤ, twitter

ਹਾਲਾਂਕਿ ਇੱਕ ਪਾਸੇ ਜਦੋਂ ਲੋਕ ਲੇਖਕ ਮਨੋਜ ਮੁੰਤਸ਼ਿਰ ਦੇ ਲਿਖੇ ਸੰਵਾਦਾਂ 'ਤੇ ਸਵਾਲ ਚੁੱਕ ਰਹੇ ਹਨ ਅਤੇ ਦੂਜੇ ਪਾਸੇ ਮਨੋਜ ਮੁੰਤਸ਼ਿਰ ਵੱਖ-ਵੱਖ ਮੀਡੀਆ ਚੈਨਲਾਂ 'ਤੇ ਆਪਣੀ ਗੱਲ ਰੱਖ ਰਹੇ ਹਨ।

ਮਨੋਜ ਮੁੰਤਸ਼ਿਰ, ਮਰਿਯਾਦਾ ਪੁਰਸ਼ੋਤਮ ਰਾਮ ਅਤੇ ਸੀਤਾ ਦੇ ਡਾਇਲਾਗ ਸੁਣਾ ਰਹੇ ਹਨ ਅਤੇ ਕਹਿ ਰਹੇ ਹਨ ਕਿ “ਕੀ ਇਹ ਡਾਇਲਾਗ ਫਿਲਮ ਵਿੱਚ ਨਹੀਂ ਹਨ? ਕੁਝ ਲੋਕ ਅਜਿਹੇ ਹਨ ਜੋ ਫਿਲਮ ਨੂੰ ਅੱਜ ਤੋਂ ਨਹੀਂ ਸਗੋਂ ਪਹਿਲੇ ਦਿਨ ਤੋਂ ਹੀ ਨਿਸ਼ਾਨਾ ਬਣਾ ਰਹੇ ਹਨ। ਅਸੀਂ ਫਿਲਮ ਨੂੰ ਸ਼ੁੱਧਤਾ ਦੇ ਪੈਮਾਨੇ 'ਤੇ ਕਦੇ ਨਹੀਂ ਵੇਚਿਆ।''

''ਅਸੀਂ ਅੱਜ ਤੱਕ ਇਹ ਨਹੀਂ ਕਿਹਾ ਕਿ ਅਸੀਂ ਅਜਿਹੀ ਫਿਲਮ ਬਣਾ ਰਹੇ ਹਾਂ ਜੋ ਪ੍ਰਮਾਣਿਕ ਤੌਰ 'ਤੇ ਉਸੇ ਭਾਸ਼ਾ ਦੀ ਵਰਤੋਂ ਕਰ ਰਹੀ ਹੈ ਜੋ ਵਾਲਮੀਕਿ ਦੁਆਰਾ ਲਿਖੀ ਗਈ ਸੀ। ਜੇ ਮੈਂ ਸ਼ੁੱਧਤਾ 'ਤੇ ਜਾਣਾ ਸੀ ਤਾਂ ਮੈਂ ਆਪਣੀ ਗਲਤੀ ਸਵੀਕਾਰ ਕਰਦਾ ਹਾਂ ਕਿਉਂਕਿ ਫਿਰ ਮੈਂ ਸੰਸਕ੍ਰਿਤ ਵਿੱਚ ਲਿਖਣਾ ਸੀ ਅਤੇ ਫਿਰ ਮੈਂ ਇਸ ਨੂੰ ਲਿਖਦਾ ਹੀ ਨਹੀਂ ਕਿਉਂਕਿ ਮੈਨੂੰ ਸੰਸਕ੍ਰਿਤ ਲਿਖਣੀ ਨਹੀਂ ਆਉਂਦੀ।''

ਫਿਲਮ ਦੀ ਪਹਿਲੇ ਦਿਨ 140 ਕਰੋੜ ਦੀ ਕਮਾਈ ਤੋਂ ਬਾਅਦ, ਮਨੋਜ ਨੇ ਇੱਕ ਟਵੀਟ ਵਿੱਚ ਕਿਹਾ, "ਧੰਨਵਾਦ ਮੇਰੇ ਦੇਸ਼! ਜੈ ਸ਼੍ਰੀ ਰਾਮ!''

ਖ਼ਬਰ ਏਜੰਸੀ ਪੀਟੀਆਈ ਮੁਤਾਬਕ, ਪ੍ਰੋਡਕਸ਼ਨ ਕੰਪਨੀ ਟੀ-ਸੀਰੀਜ਼ ਨੇ ਦੱਸਿਆ ਕਿ ਆਦਿਪੁਰਸ਼ ਹਿੰਦੀ ਵਿੱਚ ਬਣੀ ਕਿਸੇ ਵੀ ਫਿਲਮ ਦੇ ਮੁਕਾਬਲੇ ਦੇਸ਼ ਵਿੱਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।

ਲਾਈਨ

ਪਹਿਲਾਂ ਵੀ ਵਿਵਾਦਾਂ 'ਚ ਘਿਰ ਚੁੱਕੇ ਹਨ ਮਨੋਜ ਮੁੰਤਸ਼ਿਰ

ਮਨੋਜ ਮੁੰਤਸ਼ਿਰ

ਤਸਵੀਰ ਸਰੋਤ, MANOJ MUNTASHIR

ਸਾਲ 2021 ਵਿੱਚ, ਮਨੋਜ ਮੁੰਤਸ਼ਿਰ ਨੇ ਆਪਣੇ ਸੋਸ਼ਲ ਮੀਡੀਆ 'ਤੇ ''ਤੁਸੀਂ ਕਿਸ ਦੀ ਔਲਾਦ ਹੋ?" ਨਾਮ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਦੇਸ਼ ਨੂੰ 'ਬ੍ਰੇਨਵਾਸ਼ ਦਾ ਸ਼ਿਕਾਰ' ਦੱਸਿਆ ਅਤੇ ਸੜਕਾਂ ਦੇ ਨਾਮ ਅਕਬਰ, ਹੁਮਾਯੂੰ ਅਤੇ ਜਹਾਂਗੀਰ ਦੇ ਨਾਂ 'ਤੇ ਰੱਖੇ ਜਾਣ 'ਤੇ ਸਵਾਲ ਚੁੱਕੇ।

ਉਸ ਦੀ ਵੀਡੀਓ 'ਤੇ ਤਿੱਖੀਆਂ ਪ੍ਰਤੀਕਿਰਿਆਵਾਂ ਆਈਆਂ ਸਨ ਜਿਸ ਵਿਚ ਰਿਚਾ ਚੱਢਾ ਵਰਗੇ ਕਲਾਕਾਰਾਂ ਨੇ ਉਨ੍ਹਾਂ 'ਤੇ 'ਨਫ਼ਰਤ ਦਾ ਬੀਜ ਬੀਜਣ' ਦਾ ਇਲਜ਼ਾਮ ਲਗਾਇਆ ਸੀ।

ਮਨੋਜ ਮੁੰਤਸ਼ਿਰ 'ਤੇ ਵੀ ਸਾਹਿਤਕ ਚੋਰੀ ਦੇ ਇਲਜ਼ਾਮ ਵੀ ਲੱਗੇ ਹਨ। ਅਕਸ਼ੈ ਕੁਮਾਰ ਦੀ ਫਿਲਮ 'ਕੇਸਰੀ' ਦਾ ਗੀਤ "ਤੇਰੀ ਮਿੱਟੀ" 'ਤੇ ਇਲਜ਼ਾਮ ਲਗਾਇਆ ਗਿਆ ਸੀ ਕਿ ਇਹ ਗੀਤ ਲੋਕ ਗਾਇਕਾ ਗੀਤਾ ਰਬਰੀ ਦਾ ਹੈ। ਸੋਸ਼ਲ ਮੀਡੀਆ 'ਤੇ ਇਸ ਦੀ ਚਰਚਾ ਹੋਈ।

ਮਨੋਜ ਨੇ ਕਿਤਾਬ ਲਿਖੀ ਤਾਂ ਵੀ ਉਸ 'ਤੇ 'ਸਾਹਿਤਕ ਚੋਰੀ' ਦਾ ਇਲਜ਼ਾਮ ਲੱਗਿਆ। ਸਾਹਿਤਕ ਚੋਰੀ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਮਨੋਜ ਮੁੰਤਸ਼ਿਰ ਨੇ ਇੱਕ ਵੀਡੀਓ ਜਾਰੀ ਕੀਤੀ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਹਰ ਰਚਨਾ 100 ਪ੍ਰਤੀਸ਼ਤ ਓਰਿਜਨਲ ਨਹੀਂ ਹੈ। ਉਨ੍ਹਾਂ ਦਾ ਹਰ ਗੀਤ ਜ਼ਰੂਰ ਕਿਤੇ ਨਾ ਕਿਤੇ ਤੋਂ ਪ੍ਰੇਰਿਤ ਹੈ।

ਮਨੋਜ ਦਾ ਕਹਿਣਾ ਸੀ ਕਿ ਰਾਸ਼ਟਰਵਾਦੀ ਹੋਣ ਕਾਰਨ ਉਨ੍ਹਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।

ਇਸ ਦੇ ਨਾਲ ਹੀ, ਉਨ੍ਹਾਂ ਨੇ 'ਤੇਰੀ ਮਿੱਟੀ' ਗੀਤ ਲਈ ਐਵਾਰਡ ਨਾ ਮਿਲਣ 'ਤੇ ਵੀ ਨਿਰਾਸ਼ਾ ਜ਼ਾਹਿਰ ਕੀਤੀ ਸੀ।

ਲਾਈਨ

ਆਦਿਪੁਰਸ਼ ਨਾਲ ਜੁੜੇ ਵਿਵਾਦ

  • ਸੀਤਾ ਦਾ ਜਨਮ ਭਾਰਤ ਵਿੱਚ ਹੋਇਆ ਸੀ ਇਸ ’ਤੇ ਨੇਪਾਲ ਨੇ ਇਤਰਾਜ਼ ਦਰਜ ਕਰਵਾਇਆ ਹੈ
  • ਹਨੂੰਮਾਨ ਵਲੋਂ ਵਰਤੀ ਗਈ ਭਾਸ਼ਾ ਦਾ ਵੀ ਅਲੋਚਣਾ ਹੋ ਰਹੀ ਹੈ, ਅਲੋਚਕ ਇਸ ਨੂੰ ਭੱਦਰ ਲਫ਼ਜ਼ਾਂ ਦੀ ਵਰਤੋਂ ਦੱਸਦੇ ਹਨ
  • ਦਰਸ਼ਕ ਫ਼ਿਲਮ ਦੀ ਤੁਲਣਾ 80 ਦੇ ਦਹਾਕੇ ਵਿੱਚ ਪ੍ਰਸਾਰਿਤ ਹੋਏ ਲੜ੍ਹੀਵਾਰ ਰਮਾਇਣ ਨਾਲ ਕਰ ਰਹੇ ਹਨ
  • ਫ਼ਿਲਮ ਵਿੱਚ ਐਨੀਮੇਸ਼ਨ ਵੀ ਵਰਤੋਂ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੋ ਰਹੇ ਹਨ
ਲਾਈਨ

ਕੌਣ ਹਨ ਮਨੋਜ ਮੁੰਤਸ਼ਿਰ?

ਮਨੋਜ ਮੁੰਤਸ਼ਿਰ

ਤਸਵੀਰ ਸਰੋਤ, MANOJ MUNTASHIR

ਮਨੋਜ ਮੁੰਤਸ਼ਿਰ ਸ਼ੁਕਲਾ ਦਾ ਜਨਮ 27 ਫਰਵਰੀ 1976 ਨੂੰ ਗੌਰੀਗੰਜ, ਅਮੇਠੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ।

ਉਨ੍ਹਾਂ ਦੇ ਪਿਤਾ ਇੱਕ ਕਿਸਾਨ ਅਤੇ ਮਾਤਾ ਇੱਕ ਅਧਿਆਪਕਾ ਸਨ। ਉਨ੍ਹਾਂ ਦੀ ਪਤਨੀ ਨੀਲਮ ਮੁੰਤਸ਼ਿਰ ਵੀ ਲੇਖਿਕਾ ਹਨ ਅਤੇ ਦੋਵਾਂ ਦਾ ਇੱਕ ਪੁੱਤਰ ਹੈ।

ਉਨ੍ਹਾਂ ਦਾ ਅਸਲੀ ਨਾਮ ਮਨੋਜ ਸ਼ੁਕਲਾ ਹੈ ਅਤੇ ਮੁੰਤਸ਼ਿਰ ਉਨ੍ਹਾਂ ਦਾ ਕਲਮੀ ਨਾਮ ਹੈ। ਛੋਟੀ ਉਮਰ ਤੋਂ ਹੀ ਉਨ੍ਹਾਂ ਨੂੰ ਕਵਿਤਾਵਾਂ ਲਿਖਣ ਦਾ ਸ਼ੌਕ ਸੀ।

ਇੱਕ ਮੀਡੀਆ ਅਦਾਰੇ ਨਾਲ ਗੱਲਬਾਤ ਕਰਦੇ ਹੋਏ ਮਨੋਜ ਨੇ ਦੱਸਿਆ ਸੀ ਕਿ ਸਕੂਲ ਦੌਰਾਨ ਉਹ ਆਪਣੇ ਲਈ ਉਪਨਾਮ ਲੱਭ ਰਹੇ ਸਨ। ਇੱਕ ਸ਼ਾਮ ਜਦੋਂ ਉਹ ਅਮੇਠੀ ਦੀਆਂ ਗਲ਼ੀਆਂ ਵਿੱਚੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਟੀ ਸਟਾਲ ਦੇ ਰੇਡੀਓ 'ਤੇ ਇੱਕ ਗੀਤ ਸੁਣਿਆ, "ਮੁੰਤਸ਼ਿਰ ਹਮ ਹੈਂ ਤੋ ਰੁਕਸਾਰ ਪਰ ਸ਼ਬਨਮ ਕਿਓਂ ਹੈ, ਆਈਨੇ ਟੂਟਤੇ ਰਹਿਤੇ ਹੈਂ ਤੁਮਹੇ ਗਮ ਕਿਓਂ ਹੈ"।

ਮਨੋਜ ਅਨੁਸਾਰ, ਉਸਨੂੰ ਮੁੰਤਸ਼ਿਰ ਨਾਮ ਨਾਲ ਪਿਆਰ ਹੋ ਗਿਆ ਅਤੇ ਇਹ ਉਨ੍ਹਾਂ ਦਾ ਕਲਮ ਨਾਮ ਬਣ ਗਿਆ।

ਬਚਪਨ ਤੋਂ ਹੀ ਕਵਿਤਾਵਾਂ ਲਿਖਣ ਵਾਲੇ ਮਨੋਜ ਨੂੰ ਉਨ੍ਹਾਂ ਦੇ ਦੋਸਤ ਮੁਸ਼ਾਇਰੇ ਵਿੱਚ ਲੈ ਗਏ ਅਤੇ ਉੱਥੇ ਉਨ੍ਹਾਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ।

ਮਨੋਜ ਮੁੰਤਸ਼ਿਰ ਅਨੁਸਾਰ, ਜਦੋਂ ਉਹ ਮਿਡਲ ਕਲਾਸ ਵਿੱਚ ਹੀ ਪੜ੍ਹ ਰਹੇ ਸਨ ਤਾਂ ਉਹ ਮਿਰਜ਼ਾ ਗਾਲਿਬ ਦੀ ਕਿਤਾਬ "ਦੀਵਾਨ-ਏ-ਗ਼ਾਲਿਬ" ਦੇ ਸੰਪਰਕ ਵਿੱਚ ਆਏ।

ਉਨ੍ਹਾਂ ਨੂੰ ਉਰਦੂ ਨਹੀਂ ਆਉਂਦੀ ਸੀ, ਇਸ ਲਈ ਉਸ ਨੂੰ ਕਿਤਾਬ ਪੜ੍ਹਨ ਵਿੱਚ ਮੁਸ਼ਕਿਲ ਆ ਰਹੀ ਸੀ।

ਕਵਿਤਾਵਾਂ ਲਿਖਣ ਲਈ ਉਨ੍ਹਾਂ ਉਰਦੂ ਸਿੱਖਣੀ ਸੀ, ਇਸ ਲਈ ਉਹ ਆਪਣੇ ਘਰ ਨੇੜੇ ਮਸਜਿਦ ਵਿੱਚੋਂ ਦੋ ਰੁਪਏ ਦੀ ਇੱਕ ਉਰਦੂ ਕਿਤਾਬ ਲੈ ਕੇ ਆਏ।

ਮਨੋਜ ਮੁੰਤਸ਼ਿਰ ਮੁਤਾਬਕ, ਇਲਾਹਾਬਾਦ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ 1999 'ਚ ਮੁੰਬਈ ਆ ਗਏ।

ਆਦਿਪੁਰਸ਼

ਤਸਵੀਰ ਸਰੋਤ, COMMUNIQUE PR

ਉਹ ਦੱਸਦੇ ਹਨ ਕਿ ਉਦੋਂ ਉਨ੍ਹਾਂ ਦੀ ਜੇਬ੍ਹ ਵਿੱਚ ਸਿਰਫ਼ 700 ਰੁਪਏ ਸਨ। ਜਦੋਂ ਉਨ੍ਹਾਂ ਨੇ ਆਪਣੇ ਪਿਤਾ ਤੋਂ ਮੁੰਬਈ ਜਾਣ ਲਈ 300 ਰੁਪਏ ਮੰਗੇ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ 700 ਰੁਪਏ ਦੇ ਦਿੱਤੇ, ਵਾਪਸੀ ਦੇ ਕਿਰਾਏ ਦੇ ਨਾਲ।

ਮੁੰਬਈ ਆਉਣ ਤੋਂ ਪਹਿਲਾਂ, ਉਹ 1997 ਵਿੱਚ ਇਲਾਹਾਬਾਦ (ਹੁਣ ਪ੍ਰਯਾਗਰਾਜ) ਵਿੱਚ ਆਲ ਇੰਡੀਆ ਰੇਡੀਓ ਵਿੱਚ 135 ਰੁਪਏ ਦੀ ਤਨਖਾਹ 'ਤੇ ਕੰਮ ਕਰਦੇ ਸਨ।

ਮੁੰਬਈ ਆ ਕੇ ਉਨ੍ਹਾਂ ਨੇ ਅਨੂਪ ਜਲੋਟਾ ਲਈ ਭਜਨ ਲਿਖੇ, ਜਿਸ ਲਈ ਉਨ੍ਹਾਂ ਨੂੰ 3000 ਰੁਪਏ ਮਿਲੇ।

2005 ਵਿੱਚ ਉਨ੍ਹਾਂ ਦੇ ਕੰਮ ਨੂੰ ਦੇਖਦੇ ਹੋਏ ਸਟਾਰ ਚੈਨਲ ਨੇ ਉਨ੍ਹਾਂ ਨੂੰ ਕੌਨ ਬਣੇਗਾ ਕਰੋੜਪਤੀ ਲਈ ਇੱਕ ਗੀਤ ਲਿਖਣ ਲਈ ਕਿਹਾ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਟੀਵੀ 'ਤੇ ਐਂਟਰੀ ਕੀਤੀ।

ਫਿਲਮਾਂ ਵਿੱਚ, ਉਨ੍ਹਾਂ ਨੇ 2005 ਵਿੱਚ ਇੱਕ ਫਿਲਮ ਲਈ ਚਾਰ ਗੀਤ ਲਿਖੇ।

ਉਨ੍ਹਾਂ ਨੂੰ 2014 ਵਿੱਚ ਪ੍ਰਸਿੱਧੀ ਉਸ ਵੇਲੇ ਪ੍ਰਸਿੱਧੀ ਮਿਲੀ, ਜਦੋਂ ਉਨ੍ਹਾਂ ਨੇ ਸ਼੍ਰੇਆ ਘੋਸ਼ਾਲ ਦੀ ਗ਼ਜ਼ਲ ਐਲਬਮ ਹਮਨਸ਼ੀਨ ਲਈ ਗੀਤ ਲਿਖੇ।

2014 ਦੀ ਫਿਲਮ 'ਏਕ ਵਿਲੇਨ' ਦੇ ਗੀਤ "ਗਲੀਆਂ" ਨੇ ਉਨ੍ਹਾਂ ਨੂੰ ਨਵੀਂ ਸਫਲਤਾ ਦਿੱਤੀ। ਗਲੀਆਂ ਗੀਤ ਲਈ ਉਨ੍ਹਾਂ ਨੂੰ ਕਈ ਐਵਾਰਡ ਵੀ ਮਿਲੇ।

ਇੱਕ ਗੀਤਕਾਰ ਦੇ ਰੂਪ ਵਿੱਚ, ਉਨ੍ਹਾਂ ਨੇ ਕਈ ਵੱਡੀਆਂ ਫ਼ਿਲਮਾਂ ਲਈ ਗੀਤ ਲਿਖੇ, ਜਿਨ੍ਹਾਂ ਵਿੱਚ ਬਾਹੂਬਲੀ (ਹਿੰਦੀ), ਪੀਕੇ, ਬੇਬੀ, ਕਪੂਰ ਐਂਡ ਸੰਨਜ਼, ਰੁਸਤਮ, ਐਮਐਸ ਧੋਨੀ - ਦਿ ਅਨਟੋਲਡ ਸਟੋਰੀ, ਕਾਬਿਲ, ਹਾਫ ਗਰਲਫ੍ਰੈਂਡ, ਅਯਾਰੀ, ਕਬੀਰ ਸਿੰਘ, ਰਾਮ ਸੇਤੂ, ਮਿਸ਼ਨ ਮਜਨੂੰ ਸਮੇਤ ਕਈ ਨਾਮ ਸ਼ਾਮਲ ਹਨ।

ਮਨੋਜ ਮੁੰਤਸ਼ਿਰ ਦੇ ਪ੍ਰਸਿੱਧ ਗੀਤਾਂ ਵਿੱਚ ਕਬੀਰ ਸਿੰਘ ਦਾ "ਕਿਸੇ ਹੁਆ", ਕੇਸਰੀ ਦਾ "ਤੇਰੀ ਮਿੱਟੀ", ਹਾਫ ਗਰਲਫ੍ਰੈਂਡ ਦਾ "ਫਿਰ ਭੀ ਤੁਮਕੋ ਚਾਹੂੰਗਾ", ਰੁਸਤਮ ਦਾ "ਤੇਰੇ ਸੰਗ ਯਾਰਾ" ਸ਼ਾਮਲ ਹਨ।

ਉਨ੍ਹਾਂ ਨੇ ਬਾਹੂਬਲੀ ਭਾਗ 1 ਲਈ ਹਿੰਦੀ ਸਕ੍ਰਿਪਟ ਅਤੇ ਸੰਵਾਦ ਲਿਖ ਕੇ ਇੱਕ ਲੇਖਕ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।

2019 ਵਿੱਚ, ਉਨ੍ਹਾਂ ਦੀ ਪਹਿਲੀ ਕਿਤਾਬ 'ਮੇਰੀ ਫਿਤਰਤ ਹੈ ਮਸਤਾਨਾ' ਪ੍ਰਕਾਸ਼ਿਤ ਹੋਈ ਸੀ। 2022 ਵਿੱਚ, ਉਨ੍ਹਾਂ ਨੂੰ ਫਿਲਮ ਸਾਇਨਾ ਦੇ ਗੀਤ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)