ਇੱਕ ਕਨਾਲ ਜ਼ਮੀਨ ਦਾ ਝਗੜਾ: ਚਚੇਰੇ ਭਰਾ ਤੇ ਉਸ ਦੇ ਦੋਸਤ ਦਾ ‘ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ’

ਵੀਡੀਓ ਕੈਪਸ਼ਨ, ਸ਼ਰੀਕੇਬਾਜ਼ੀ ਨੇ ਉਜਾੜੇ ਪਰਿਵਾਰ, ਕਈ ਰਾਊਂਡ ਹੋਏ ਫਾਇਰ, ਪੂਰਾ ਮਾਮਲਾ
ਇੱਕ ਕਨਾਲ ਜ਼ਮੀਨ ਦਾ ਝਗੜਾ: ਚਚੇਰੇ ਭਰਾ ਤੇ ਉਸ ਦੇ ਦੋਸਤ ਦਾ ‘ਕਤਲ ਕਰਨ ਮਗਰੋਂ ਕੀਤੀ ਖੁਦਕੁਸ਼ੀ’
ਗੁਰਸ਼ਰਨ ਸਿੰਘ, ਗੁਰਸ਼ਾਂਤ ਸਿੰਘ ਤੇ ਭੋਲਾ ਸਿੰਘ
ਤਸਵੀਰ ਕੈਪਸ਼ਨ, ਗੁਰਸ਼ਰਨ ਸਿੰਘ, ਗੁਰਸ਼ਾਂਤ ਸਿੰਘ ਤੇ ਭੋਲਾ ਸਿੰਘ (ਖੱਬੇ ਤੋਂ ਸੱਜੇ)
ਪ੍ਰਕਾਸ਼ਿਤ

“ਸਾਡਾ ਮੇਰੇ ਭਰਾ ਨਾਲ ਇੱਕ ਕਨਾਲ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਅਤੇ ਮੇਰਾ ਪੁੱਤਰ ਡਿਪਰੈਸ਼ਨ ਵਿੱਚ ਸੀ।” ਇਹ ਸ਼ਬਦ ਸਨ ਮੁਲਜ਼ਮ ਗੁਰਸ਼ਰਨ ਸਿੰਘ ਦੇ ਪਿਤਾ ਹਰਿੰਦਰ ਸਿੰਘ ਦੇ ਹਨ।

ਗੁਰਸ਼ਰਨ ਸਿੰਘ ’ਤੇ ਇਲਜ਼ਾਮ ਹੈ ਕਿ ਉਸ ਨੇ ਆਪਣੇ ਚਚੇਰੇ ਭਰਾ ਤੇ ਉਸ ਦੇ ਦੋਸਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਬਠਿੰਡਾ ਦੇ ਕਸਬੇ ਫੂਲ ਦੇ ਉਪ ਪੁਲਿਸ ਕਪਤਾਨ ਮੋਹਿਤ ਅਗਰਵਾਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 50 ਸਾਲਾ ਗੁਰਸ਼ਰਨ ਸਿੰਘ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠਾ ਗੁਰੂਕਾ ਵਿੱਚ ਆਪਣੇ ਚਚੇਰੇ ਭਰਾ ਗੁਰਸ਼ਾਂਤ ਸਿੰਘ ਅਤੇ ਉਸ ਦੇ ਦੋਸਤ ਭੋਲਾ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ।

ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਗੁਰਸ਼ਰਨ ਸਿੰਘ ਨੇ ਵੀ ਆਪਣੇ ਘਰ 'ਚ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪਿੰਡ ਵਿੱਚ ਗੁਰਸ਼ਰਨ ਸਿੰਘ ਅਤੇ ਗੁਰਸ਼ਾਂਤ ਸਿੰਘ ਦੇ ਘਰ ਇੱਕੋ ਗਲੀ ਆਹਮੋ-ਸਾਹਮਣੇ ਹਨ।

ਮੋਹਿਤ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਗੁਰਸ਼ਾਂਤ ਆਪਣੇ ਚਾਚਾ ਮਨਿੰਦਰ ਸਿੰਘ ਦੇ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਉਨ੍ਹਾਂ ਦੇ ਘਰ ਗਏ ਸਨ।

ਮੋਹਿਤ ਅਗਰਵਾਲ ਨੇ ਦੱਸਿਆ ਕਿ ਜਦੋਂ ਪੁਲਿਸ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਉਸ ਸਮੇਂ ਵੀ ਗੁਰਸ਼ਰਨ ਸਿੰਘ ਆਪਣੇ ਘਰ ਦੀ ਪਹਿਲੀ ਮੰਜ਼ਿਲ ਤੋਂ ਆਪਣੀ ਰਾਈਫਲ ਨਾਲ ਸ਼ਰੇਆਮ ਗੋਲੀਆਂ ਚਲਾ ਰਿਹਾ ਸੀ|

ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਸਨੂੰ ਘੇਰ ਲਿਆ ਸੀ ਅਤੇ ਜਦੋਂ ਹੀ ਪੁਲਿਸ ਘਰ ਦੇ ਅੰਦਰ ਦਾਖਲ ਹੋਈ ਤਾਂ ਉਸ ਨੇ ਆਪਣੀ ਰਾਈਫਲ ਨਾਲ ਹੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।

ਅਗਰਵਾਲ ਮੁਤਾਬਕ ਮੁੱਢਲੇ ਤੌਰ ਦੋਵਾਂ ਪਰਿਵਾਰਾਂ ਦੀ ਲੰਬੇ ਸਮੇਂ ਤੋਂ ਆਪਸੀ ਲਾਗਡਾਟ ਚਲ ਰਹੀ ਸੀ।

ਚਸ਼ਮਦੀਦ ਕੀ ਕਹਿੰਦੇ ਹਨ

ਘਟਨਾ ਤੋਂ ਬਾਅਦ ਸਾਰੇ ਪਿੰਡ ਦੇ ਲੋਕ ਗੁਰਸ਼ਾਂਤ ਅਤੇ ਗੁਰਸ਼ਰਨ ਦੇ ਘਰਾਂ ਅੱਗੇ ਇਕੱਠੇ ਹੋਏ ਖੜੇ ਸਨ ਤੇ ਡੂੰਘੇ ਸਦਮੇ ਵਿੱਚ ਸਨ ।

ਪਿੰਡ ਕੋਠਾ ਗੁਰੂਕਾ ਦੇ ਰਘਬੀਰ ਸਿੰਘ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿ ਉਹ ਗੁਰਸ਼ਾਂਤ ਸਿੰਘ ਦੇ ਨਾਲ ਗੇਟ ਦੀ ਸਫਾਈ ਕਰ ਰਿਹਾ ਸੀ ਕਿ ਅਚਾਨਕ ਗੁਰਸ਼ਰਨ ਸਿੰਘ ਨੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਗੁਰਸ਼ਾਂਤ ਸਿੰਘ ਦੀ ਲੱਤ ਵਿੱਚ ਲੱਗੀ।

“ਅਸੀਂ ਉਸ ਨੂੰ ਘਸੀਟ ਕੇ ਘਰ ਦੇ ਅੰਦਰ ਲੈ ਗਏ।”

ਉਨ੍ਹਾਂ ਅੱਗੇ ਦੱਸਿਆ, “ਬਾਅਦ 'ਚ ਜਦੋਂ ਅਸੀਂ ਗੁਰਸ਼ਾਂਤ ਨੂੰ ਦੂਜੇ ਦਰਵਾਜ਼ੇ ਤੋਂ ਐਂਬੂਲੈਂਸ ਵੱਲ ਲਿਜਾ ਰਹੇ ਸੀ ਤਾਂ ਗੁਰਸ਼ਰਨ ਨੇ ਗਲੀ 'ਚ ਗੁਰਸ਼ਾਂਤ 'ਤੇ ਫਿਰ ਫਾਇਰ ਕਰ ਦਿੱਤੇ। ਇਸ ਤੋਂ ਇਲਾਵਾ ਗੁਰਸ਼ਾਂਤ ਨੂੰ ਬਚਾਉਣ ਗਏ ਭੋਲਾ ਸਿੰਘ ਨੂੰ ਵੀ ਗੋਲੀ ਲੱਗ ਗਈ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।”

ਉਨ੍ਹਾਂ ਮੁਤਾਬਕ ਗੁਰਸ਼ਰਨ ਸਿੰਘ ਨੇ ਸਵੇਰੇ 8 ਵਜੇ ਗੋਲੀਬਾਰੀ ਸ਼ੁਰੂ ਕੀਤੀ ਅਤੇ 9 ਵਜੇ ਪੁਲਿਸ ਦੇ ਆਉਣ ਤੱਕ ਗੋਲੀਬਾਰੀ ਜਾਰੀ ਰਹੀ।

ਗੁਰਸ਼ਾਂਤ ਸਿੰਘ ਦੇ ਗੁਆਂਢੀ ਲਖਬੀਰ ਸਿੰਘ ਨੇ ਦੱਸਿਆ ਕਿ ਜਦੋਂ ਅਸੀਂ ਗੁਰਸ਼ਾਂਤ ਸਿੰਘ ਅਤੇ ਭੋਲਾ ਸਿੰਘ ਨੂੰ ਬਚਾਉਣ ਗਏ ਤਾਂ ਗੁਰਸ਼ਰਨ ਸਿੰਘ ਨੇ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ।

ਉਨ੍ਹਾਂ ਦੱਸਿਆ ਕਿ ਬਠਿੰਡਾ ਪੁਲਿਸ ਨੇ ਆ ਕੇ ਉਨ੍ਹਾਂ ਨੂੰ ਕਵਰ ਫਾਇਰ ਦਿੱਤਾ, ਉਦੋਂ ਹੀ ਉਹ ਗੁਰਸ਼ਾਂਤ ਸਿੰਘ ਨੂੰ ਐਂਬੂਲੈਂਸ ਵਿੱਚ ਲੈ ਕੇ ਜਾ ਸਕੇ।

ਪਿੰਡ ਵਾਸੀਆਂ ਮੁਤਾਬਕ ਗੁਰਸ਼ਰਨ ਸਿੰਘ ਅਤੇ ਗੁਰਸ਼ਾਂਤ ਸਿੰਘ ਪਿੰਡ ਦੇ ਤਕੜੇ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਸਨ, ਜਿਨ੍ਹਾਂ ਕੋਲ ਜ਼ਮੀਨ ਵੀ ਕਾਫ਼ੀ ਹੈ।

ਗੁਰਸ਼ਰਨ ਸਿੰਘ ਦੇ ਪਿਤਾ ਨੇ ਦਾਅਵਾ ਕੀਤਾ ਕਿ, “ਮੇਰਾ ਬੇਟਾ ਮਾਨਸਿਕ ਰੋਗ ਤੋਂ ਪੀੜਤ ਸੀ।”

ਹਰਿੰਦਰ ਸਿੰਘ ਨੇ ਦੱਸਿਆ, “ਸਾਡਾ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਉਸ ਨੇ ਕਿਹਾ ਕਿ ਮੈਂ ਗੁਰਸ਼ਰਨ ਨੂੰ ਰਾਈਫਲ ਬਾਰੇ ਪੁੱਛਿਆ ਸੀ, ਪਰ ਉਸ ਨੇ ਜਵਾਬ ਦਿੱਤਾ ਸੀ ਕਿ ਇਹ ਥਾਣੇ ਵਿਚ ਪਈ ਹੈ।”

ਡੀਐੱਸਪੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਖ਼ਿਲਾਫ਼ ਥਾਣਾ ਦਿਆਲਪੁਰਾ ਵਿਖੇ ਕਤਲ, ਇਰਾਦਾ ਕਤਲ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)