ਬਰਨਾਲਾ: ਪੁਲਿਸ ਹੌਲਦਾਰ ਦੇ ਕਤਲ ਕੇਸ ਵਿੱਚ ਗ੍ਰਿਫ਼ਤਾਰ 4 ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਠੀਕਰੀਵਾਲਾ ’ਚ ਹੋਇਆ ਇਕੱਠ

ਤਸਵੀਰ ਸਰੋਤ, Navkiran Singh/BBC
- ਲੇਖਕ, ਨਵਕਿਰਨ ਸਿੰਘ
- ਰੋਲ, ਬੀਬੀਸੀ ਸਹਿਯੋਗੀ
- ਪ੍ਰਕਾਸ਼ਿਤ
ਬਰਨਾਲਾ ਸ਼ਹਿਰ ਵਿੱਚ 22 ਅਕਤੂਬਰ ਨੂੰ ਦੇਰ ਰਾਤ ਪੁਲਿਸ ਮੁਲਾਜ਼ਮ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ।
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ਿਲ੍ਹਾ ਬਰਨਾਲਾ ਦੇ ਹੀ ਵੱਖ-ਵੱਖ ਚਾਰ ਪਿੰਡਾਂ ਨਾਲ ਸਬੰਧਿਤ ਕੌਮਾਂਤਰੀ ਪੱਧਰ ਦੇ 4 ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਚਾਰੇ ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਸ਼ਨੀਵਾਰ, 04 ਨਵੰਬਰ ਨੂੰ ਠੀਕਰੀਵਾਲਾ ਵਿਖੇ ਕਬੱਡੀ ਫੈਡਰੇਸ਼ਨਾਂ, ਕਬੱਡੀ ਖਿਡਾਰੀਆਂ, ਕੁਮੈਂਟੇਟਰਾਂ ਤੇ ਪੰਚਾਇਤਾਂ ਦਾ ਇਕੱਠ ਹੋਇਆ। ਇਕੱਠ ਵਲੋਂ ਖਿਡਾਰੀਆਂ ਲਈ ਇਨਸਾਫ਼ ਦੀ ਮੰਗ ਕੀਤੀ ਗਈ।
ਮਲਿਕ ਨੇ ਦੱਸਿਆ ਸੀ,“ਦਰਸ਼ਨ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਜਾਇਆ ਗਿਆ ਸੀ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।”

ਤਸਵੀਰ ਸਰੋਤ, DGP Punjab Police
ਕਿਵੇਂ ਵਾਪਰੀ ਘਟਨਾ
ਬਰਨਾਲਾ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾ ਸ਼ਹਿਰ ਦੇ ‘25 ਏਕੜ’ ਨਾਮ ਦੀ ਕਲੋਨੀ ਵਿੱਚ ਵਾਪਰੀ, ਜਿੱਥੇ ਇੱਕ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਮਾਲਕ ਦਰਮਿਆਨ ਬਿੱਲ ਨੂੰ ਲੈ ਕੇ ਪਹਿਲਾਂ ਬਹਿਸ ਹੋਈ, ਜੋ ਝਗੜੇ ਦਾ ਰੂਪ ਧਾਰਨ ਕਰ ਗਈ ਸੀ।
ਝਗੜੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਝਗੜਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਖਿਡਾਰੀ ਪੁਲਿਸ ਨਾਲ ਹੀ ਹੱਥੋਪਾਈ ਹੋਣ ਲੱਗੇ।
“ਇਸ ਦੌਰਾਨ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਗਿਆ।”
ਉਨ੍ਹਾਂ ਦੱਸਿਆ, “ਇਸ ਮਾਮਲੇ ਵਿੱਚ ਚਾਰ ਕੌਮਾਂਤਰੀ ਪੱਧਰ ’ਤੇ ਖੇਡ ਚੁੱਕੇ ਨੌਜਵਾਨ ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਅਜੇ ਤੱਕ ਕਿਸੇ ਦਾ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਹੈ।”

ਤਸਵੀਰ ਸਰੋਤ, Navkiran Singh/BBC
ਹੈੱਡ ਕਾਂਸਟੇਬਲ ਦਰਸ਼ਨ ਸਿੰਘ
ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਬਰਨਾਲਾ ਜਿਲ੍ਹੇ ਦੇ ਕਸਬਾ ਧਨੌਲਾ ਦੇ ਵਾਸੀ ਸਨ।
ਦਰਸ਼ਨ ਸਿੰਘ ਦਾ ਪਰਿਵਾਰ ਆਰਥਿਕ ਤੌਰ ’ਤੇ ਉਨ੍ਹਾਂ ’ਤੇ ਹੀ ਨਿਰਭਰ ਸੀ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਮੁਤਾਬਕ ਦਰਸ਼ਨ ਸਿੰਘ ਇੱਕ ਬਹੁਤ ਇਮਾਨਦਾਰ ਅਤੇ ਮਿਹਨਤੀ ਪੁਲਿਸ ਮੁਲਾਜਮ ਸਨ।

ਦਰਸ਼ਨ ਸਿੰਘ ਦੀ ਧੀ ਮਨਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਮਨਪ੍ਰੀਤ ਕੌਰ ਨੇ ਦੱਸਿਆ ਕਿ,“ਮੇਰੇ ਪਿਤਾ ਲਈ ਉਨ੍ਹਾਂ ਦੀ ਡਿਊਟੀ ਘਰ ਤੋਂ ਵੀ ਪਹਿਲਾਂ ਸੀ। ਉਨ੍ਹਾਂ ਤੋਂ ਬਾਅਦ ਸਾਡੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਕੋਈ ਨਹੀਂ ਬਚਿਆ।”
“ਮੇਰਾ ਭਰਾ ਛੋਟਾ ਹੈ। ਸਾਨੂੰ ਨਹੀਂ ਪਤਾ ਕਿ ਆਪਣਾ ਦੁੱਖ ਕਿਸ ਅੱਗੇ ਬਿਆਨ ਕਰੀਏ।”

ਤਸਵੀਰ ਸਰੋਤ, Navkiran Singh/BBC
ਪਰਮਜੀਤ ਸਿੰਘ ਪੰਮਾ
ਪਰਮਜੀਤ ਸਿੰਘ ਪੰਮਾ ਬਰਨਾਲਾ ਜਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦਾ ਜੰਮਪਲ ਹੈ। ਪੰਮਾ ਨੂੰ ਧਨੌਲਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਬਰਨਾਲਾ ਮਲਿਕ ਨੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਪੰਮਾ ਨੇ ਪੁਲਿਸ ਦੇ ਵਾਹਨ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਗ਼ੈਰ-ਕਾਨੂੰਨੀ ਹਥਿਆਰ ਨਾਲ ਹਮਲਾ ਵੀ ਕੀਤਾ।
ਉਨ੍ਹਾਂ ਦੱਸਿਆ ਕਿ,“ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਨ੍ਹਾਂ ਦੇ ਪੈਰ ਵਿੱਚ ਇੱਕ ਗੋਲੀ ਲੱਗੀ। ਗ੍ਰਿਫ਼ਤਾਰੀ ਤੋਂ ਬਾਅਦ ਪੰਮਾ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।”
“ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।”

ਤਸਵੀਰ ਸਰੋਤ, Navkiran Singh/BBC
ਪੰਮਾ ਦੀ ਪੰਜਾਬ ਦੇ ਪੇਂਡੂ ਕਬੱਡੀ ਟੂਰਨਾਮੈਂਟਾਂ ਵਿੱਚ ਕਰੀਬ ਇੱਕ ਦਹਾਕੇ ਤੋਂ ਰੇਡਰ ਵਜੋਂ ਚੜ੍ਹਤ ਰਹੀ ਹੈ।
ਉਹ ਕਨੇਡਾ, ਇੰਗਲੈਂਡ ਸਮੇਤ ਕਈ ਮੁਲਕਾਂ ਵਿੱਚ ਰੇਡਰ ਵਜੋਂ ਖੇਡ ਚੁੱਕੇ ਹਨ।
ਪਰਮਜੀਤ ਸਿੰਘ ਪੰਮਾ ਇਸ ਸਮੇਂ ਸਿਹਤ ਵਿਭਾਗ ਪੰਜਾਬ ਵਿੱਚ ਸੇਵਾਵਾਂ ਨਿਭਾ ਰਹੇ ਹਨ।

ਤਸਵੀਰ ਸਰੋਤ, Navkiran Singh/BBC
ਜਗਰਾਜ ਸਿੰਘ ਰਾਜਾ
ਜਗਰਾਜ ਸਿੰਘ ਰਾਜਾ ਪਿੰਡ ਰਾਏਸਰ ਦਾ ਰਹਿਣ ਵਾਲਾ ਹੈ।
ਉਹ ਕਬੱਡੀ ਦਾ ਨਾਮਵਰ ਖਿਡਾਰੀ ਹੈ ਇਲਾਕੇ ਵਿੱਚ ਆਪਣੀ ਖੇਡ ਦੇ ਨਾਲ-ਨਾਲ ਟੂਰਨਾਮੈਂਟ ਕਰਵਾਉਣ ਲਈ ਪਹਿਚਾਣਿਆਂ ਜਾਦਾਂ ਹੈ।
ਪਿਛਲੇ ਹਫਤੇ ਹੀ ਉਸਦੀ ਪਹਿਲਕਦਮੀ ਨਾਲ ਪਿੰਡ ਰਾਏਸਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ।
ਕਿਸਾਨ ਪਰਿਵਾਰ ਨਾਲ ਸਬੰਧਤ ਰਾਜਾ ਰਾਏਸਰ ਇਸ ਸਮੇਂ ਖੇਤੀਬਾੜੀ ਦਾ ਕੰਮ ਕਰਦਾ ਸੀ।

ਤਸਵੀਰ ਸਰੋਤ, Navkiran Singh/BBC
ਗੁਰਮੀਤ ਸਿੰਘ ਮੀਤਾ
ਗੁਰਮੀਤ ਸਿੰਘ ਮੀਤਾ ਪਿੰਡ ਚੀਮਾ ਨਾਲ ਸਬੰਧਤ ਹਨ।
ਚੀਮਾ-ਜੋਧਪੁਰ ਦੀ ਕਬੱਡੀ ਟੀਮ ਮਾਲਵੇ ਦੀਆਂ ਮਸ਼ਹੂਰ ਕਬੱਡੀ ਟੀਮਾਂ ਵਿੱਚੋਂ ਇੱਕ ਰਹੀ ਹੈ।
ਗੁਰਮੀਤ ਸਿੰਘ ਮੀਤਾ ਇੱਕ ਚੰਗਾ ਖਿਡਾਰੀ ਹੋਣ ਦੇ ਨਾਲ-ਨਾਲ ਇਲਾਕੇ ਵਿੱਚ ਖੇਡ-ਪ੍ਰਮੋਟਰ ਵਜੋਂ ਵੀ ਜਾਣੇ ਜਾਂਦੇ ਹਨ।
ਗੁਰਮੀਤ ਸਿੰਘ ਮੀਤਾ ਆਪਣੇ ਪਿੰਡ ਦੇ ਨੰਬਰਦਾਰ ਵੀ ਹੈ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਸਮੇਂ ਦਿੱਲੀ ਮੋਰਚੇ ਵਿੱਚ ਵੀ ਸਰਗਰਮ ਰਿਹਾ ਸੀ।
ਪਿੰਡ ਵਾਲਿਆਂ ਵਿੱਚ ਉਨ੍ਹਾਂ ਦਾ ਅਕਸ ਇੱਕ ਮਿਹਨਤੀ ਅਤੇ ਹਮਦਰਦ ਕਿਸਾਨ ਵਾਲਾ ਹੈ।

ਤਸਵੀਰ ਸਰੋਤ, Navkiran Singh/BBC
ਵਜ਼ੀਰ ਸਿੰਘ ਵਜ਼ੀਰਾ
ਵਜ਼ੀਰ ਸਿੰਘ ਪਿੰਡ ਅਮਲਾ ਸਿੰਘ ਵਾਲਾ ਦੇ ਰਹਿਣ ਵਾਲੇ ਹਨ।
ਕਬੱਡੀ ਦੇ ਗਰਾਊਂਡਾਂ ਵਿੱਚ ਉਨ੍ਹਾਂ ਨੂੰ ਵਜ਼ੀਰਾ ਅਮਲੇਵਾਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਵਜ਼ੀਰ ਸਿੰਘ ਵੀ ਕਈ ਕੌਮਾਂਤਰੀ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।

ਤਸਵੀਰ ਸਰੋਤ, Navkiran Singh/BBC
ਕਬੱਡੀ ਖਿਡਾਰੀਆਂ ਦੇ ਪੱਖ ਵਿੱਚ ਇਕੱਠ
ਇਸ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਚਾਰੇ ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਸ਼ਨੀਵਾਰ ਨੂੰ ਠੀਕਰੀਵਾਲਾ ਵਿਖੇ ਕਬੱਡੀ ਫੈਡਰੇਸ਼ਨਾਂ, ਕਬੱਡੀ ਖਿਡਾਰੀਆਂ, ਕੁਮੈਂਟੇਟਰਾਂ ਤੇ ਪੰਚਾਇਤਾਂ ਦਾ ਇਕੱਠ ਹੋਇਆ।
ਕਬੱਡੀ ਖਿਡਾਰੀਆਂ ਦੇ ਹੱਕ ਵਿੱਚ ਆਏ ਹਜ਼ੂਮ ਨੇ ਦਾਅਵਾ ਕੀਤਾ ਕਿ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦਾ ਅਕਸ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਉਹ ਗ਼ਲਤ ਹੈ। ਇਸ ਦੇ ਨਾਲ ਹੀ ਮੰਚ ਤੋਂ ਪੁਲਿਸ ਮੁਲਾਜਮ ਦੇ ਕਤਲ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਅਤੇ ਖਿਡਾਰੀਆਂ ’ਤੇ ਲਗਾਈਆਂ ਕੁਝ ਧਰਾਵਾਂ ਹਟਾਉਣ ਦੀ ਵੀ ਮੰਗ ਕੀਤੀ ਗਈ।
ਗ੍ਰਿਫਤਾਰ ਕੀਤੇ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਦੇ ਭਰਾ ਹਰਬੰਸ ਸਿੰਘ ਬੰਸਾ ਨੇ ਕਿਹਾ ਕਿ ਮ੍ਰਿਤਕ ਪੁਲਿਸ ਮੁਲਾਜ਼ਮ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਦਿਲੋਂ ਹਮਦਰਦੀ ਹੈ।
ਪਿੰਡ ਠੀਕਰੀਵਾਲਾ ਦੇ ਸਰਪੰਚ ਕਿਰਨਜੀਤ ਸਿੰਘ ਤੇ ਰਾਏਸਰ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ, “ਪੰਮਾ ਸਮੇਤ ਸਾਰੇ ਖਿਡਾਰੀਆਂ ਦਾ ਕੋਈ ਵੀ ਅਪਰਾਧਿਕ ਪਿਛੋਕੜ ਨਹੀਂ ਹੈ, ਇਨ੍ਹਾਂ ਖਿਡਾਰੀਆਂ ਨੇ ਪਿੰਡਾਂ ਦੇ ਸੈਂਕੜੈ ਨੌਜਵਾਨਾਂ ਨੂੰ ਖੇਡਾਂ ਵਾਲੇ ਪਾਸੇ ਤੋਰਿਆ ਹੈ। ਇਸ ਲਈ ਸਰਕਾਰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਏ।”
ਪੰਜਾਬ ਕਬੱਡੀ ਅਕੈਡਮੀ ਤੋਂ ਪਹੁੰਚੇ ਕਬੱਡੀ ਕੋਚ ਮੱਖਣ ਸਿੰਘ ਨੇ ਦਾਅਵਾ ਕੀਤਾ ਕਿ ਇਹ ਘਟਨਾ ਇੱਕ ਹਾਦਸਾ ਹੈ ਅਤੇ ਇਸਨੂੰ ਹਾਦਸਾ ਮੰਨ ਕੇ ਹੀ ਖਿਡਾਰੀਆਂ ਖ਼ਿਲਾਫ਼ ਧਰਾਵਾਂ ਲਾਉਣੀਆਂ ਚਾਹੀਦੀਆਂ ਸਨ।

ਤਸਵੀਰ ਸਰੋਤ, Navkiran Singh/BBC
ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਨੂੰ ਮੰਦਭਾਗੀ ਦੱਸਿਆ ਹੈ, ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਟਵੀਟ ਕੀਤਾ ਹੈ।
ਮਾਨ ਨੇ ਲਿਖਿਆ,“ਬਰਨਾਲਾ ’ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਤੇ ਪੁਲਿਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।”
“ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ ਹੈ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ ਐੱਚਡੀਐੱਫ਼ਸੀ ਬੈਂਕ ਵੱਲੋਂ ਵੀ 1 ਕਰੋੜ ਰੁਪਏ ਸਹਾਇਤਾ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ।”
ਬਹਾਦਰ ਪੁਲਸ ਕਰਮੀ ਦੇ ਜਜ਼ਬੇ ਨੂੰ ਦਿਲੋਂ ਸਲਾਮ।”












