ਭਾਰਤ-ਪਾਕ ਵੰਡ: ‘ਜੇ ਇਨ੍ਹਾਂ ਬਜ਼ੁਰਗਾਂ ਨੂੰ ਨਾ ਸੁਣਿਆ ਤਾਂ ਕਿਵੇਂ ਪਤਾ ਲੱਗੇਗਾ ਕਿ ਪੰਜਾਬੀ ਕਿੰਨੀਆਂ ਤਕਲੀਫ਼ਾਂ ’ਚੋਂ ਨਿਕਲੇ ਸੀ’

- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
- ਪ੍ਰਕਾਸ਼ਿਤ
‘‘ਤੁਸੀਂ ਆ ਜੋ, ਪਾਸ ਬਣਾ ਕੇ… ਆਜੋ, ਸਾਨੂੰ ਫੋਨ ਕਰ ਦਿਓ। ਅਸੀਂ ਤੁਹਾਨੂੰ ਲੈਣ ਆ ਜਾਵਾਂਗੇ। ਵਾਜਾ ਵਜਾਵਾਂਗੇ, ਫੁੱਲ ਲਾਵਾਂਗੇ ਕਾਰ ਉੱਤੇ... ਤੁਸੀਂ ਆਵੋ, ਭੰਗੜਾ ਪਾਵਾਂਗੇ।’’
ਜ਼ਿੰਦਗੀ ਦੇ ਆਖਰ਼ੀ ਸਮੇਂ ਫੋਨ ਉੱਤੇ ਵੀਡੀਓ ਕਾਲ ਦੌਰਾਨ ਬਜ਼ੁਰਗ ਮਾਈ ਦੇ ਮੂੰਹੋ ਨਿਕਲਦੇ ਹੋਏ ਸ਼ਬਦਾਂ ਨੂੰ ਸੁਣ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ।
ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ, ਕਿਉਂਕਿ ਇਹ ਸ਼ਬਦ ਕਹਿਣ ਅਤੇ ਸੁਣਨ ਨੂੰ ਕਈ ਦਹਾਕੇ ਲੱਗੇ ਸਨ। ਸਿਰਫ਼ ਸਮਾਂ ਹੀ ਨਹੀਂ ਬੀਤਿਆ ਸੀ, ਉਮਰ ਵੀ ਬਚਪਨ ਤੋਂ ਬੁਢਾਪੇ ਵਿੱਚ ਬਦਲ ਗਈ ਸੀ।
ਫੋਨ ਉੱਤੇ ਗੱਲ ਕਰਨ ਵਾਲੀਆਂ ਦੋ ਬਜ਼ੁਰਗ ਬੀਬੀਆਂ ਪੰਜਾਬ ਦੇ ਹੁਸ਼ਿਆਰਪੁਰ ਦੇ ਜੱਸੜ ਸਟੇਸ਼ਨ ਦੀਆਂ ਸਨ, ਜੋ 1947 ਦੀ ਵੰਡ ਦੌਰਾਨ ਵਿੱਛੜ ਗਈਆਂ ਸਨ ਅਤੇ ਸੱਤ ਦਹਾਕਿਆਂ ਤੋਂ ਬਾਅਦ ਇਨ੍ਹਾਂ ਦੀ ਮਿਲਣੀ, ਫੋਨ ਉੱਤੇ ਹੀ ਸੰਭਵ ਹੋਈ ਸੀ।
ਇੱਕ ਭਾਰਤੀ ਪੰਜਾਬ ਦੇ ਹੁਸ਼ਿਆਰਪੁਰ ਵਿੱਚ ਬੈਠੀ ਸੀ ਅਤੇ ਦੂਜੀ ਪਾਕਿਸਤਾਨ ਵਿਚਲੇ ਆਪਣੇ ਘਰ ਵਿੱਚ।
ਇਸ ਦ੍ਰਿਸ਼ ਦੀ ਕਹਾਣੀ ਕੋਈ ਫਿਲਮੀ ਜਾਂ ਕਾਲਪਨਿਕ ਨਹੀਂ, ਅਸਲ ਹੈ। ਇਹ ਵੰਡ ਦਾ ਇਤਿਹਾਸ ਹੈ, ਜੋ ਭਾਰਤ ਤੇ ਪਾਕਿਸਤਾਨ ਦੇ ਬਣਨ ਸਮੇਂ ਪੰਜਾਬੀਆਂ ਨੇ 1947 ਵਿੱਚ ਆਪਣੇ ਪਿੰਡੇ ਉੱਤੇ ਹੰਢਾਇਆ ਹੈ।
ਉਹ ਦਰਦ ਜਿਸ ਦੇ ਜਖ਼ਮ ਅੱਜ ਵੀ ਅੱਲ੍ਹੇ ਹਨ ਅਤੇ ਜ਼ਿੰਦਗੀ ਦੇ ਬਚੇ-ਖੁਚੇ ਦਿਨਾਂ ਦੌਰਾਨ ਜਨਮ-ਭੋਂਇ ਦੇਖਣ ਦੀ ਤਮੰਨਾ ਪੂਰੀ ਹੋਣ ਦੀ ਉਡੀਕ ਹੈ।

15 ਅਗਸਤ 1947 ਨੂੰ ਜਦੋਂ ਭਾਰਤੀ ਉੱਪ ਮਹਾਦੀਂਪ ਅੰਗਰੇਜ਼ ਹਕੂਮਤ ਦੀ 100 ਸਾਲ ਦੀ ਗੁਲਾਮੀਂ ਤੋਂ ਅਜ਼ਾਦ ਹੋਇਆ ਤਾਂ ਇਹ ਭਾਰਤ ਅਤੇ ਪਾਕਿਸਤਾਨ ਦੋ ਮੁਲਕਾਂ ਵਿੱਚ ਵੰਡਿਆ ਗਿਆ।
ਪਾਕਿਸਤਾਨ ਵਾਲੇ ਪਾਸਿਓਂ ਹਿੰਦੂ ਅਤੇ ਸਿੱਖਾਂ ਦਾ ਉਜਾੜਾ ਹੋਇਆ ਅਤੇ ਭਾਰਤ ਤੋਂ ਮੁਸਲਮਾਨਾਂ ਦਾ, ਪੰਜਾਬ ਤੇ ਬੰਗਾਲ ਮੁੱਖ ਤੌਰ ਉੱਤੇ ਵੰਡੇ ਗਏ।
ਇਸ ਵੰਡ ਦੌਰਾਨ ਹੋਏ ਦੰਗਿਆਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਲੁੱਟ-ਖਸੁੱਟ ਦਾ ਸ਼ਿਕਾਰ ਹੋਏ ਇਨ੍ਹਾਂ ਲੋਕਾਂ ਨੂੰ ਘਰ-ਬਾਰ ਛੱਡ ਕੇ ਭੱਜਣਾ ਪਿਆ।
ਇਸ ਲਈ ਇਹ ਕਹਾਣੀ ਸਿਰਫ਼ ਭਾਰਤ ਅਤੇ ਪਾਕਿਸਤਾਨ ਵਿੱਚ ਵੰਡੀਆਂ ਗਈਆਂ ਦੋ ਸਹੇਲੀਆਂ ਦੀ ਨਹੀਂ ਹੈ, ਉਨ੍ਹਾਂ ਵਰਗੇ ਬਹੁਤ ਸਾਰੇ ਲੋਕਾਂ ਦੀ ਹੈ, ਜਿਨ੍ਹਾਂ ਵਿੱਚ ਕੁਝ ਤਾਂ ਮੁੜ ਵਤਨੀਂ ਜਾਣ ਦੀ ਹਸਰਤ ਲੈ ਕੇ ਦੁਨੀਆਂ ਨੂੰ ਅਲਵਿਦਾ ਆਖ ਗਏ, ਪਰ ਦੋਵਾਂ ਪਾਸੇ ਅਜੇ ਵੀ ਕੁਝ ਜ਼ਿੰਦਾ ਬੈਠੇ ਹਨ।
ਜਿਨ੍ਹਾਂ ਨੂੰ ਮਿਲਾਉਣ ਅਤੇ ਜਿੰਨ੍ਹਾਂ ਦੀਆਂ ਯਾਦਾਂ ਨੂੰ ਲੱਭ ਕੇ ਉਨ੍ਹਾਂ ਨੂੰ ਸੰਜੋਣ ਦਾ ਕੰਮ ਕਰ ਰਹੇ ਹਨ ਹੁਸ਼ਿਆਰਪੁਰ ਦੇ ਅਧਿਆਪਕ ਸਾਂਵਲ ਧਾਮੀ।

ਵਿੱਛੜਿਆਂ ਨੂੰ ਮਿਲਾਉਣ ਦਾ ਉੱਦਮ
ਸਾਂਵਲ ਧਾਮੀ ਅਸਲ ਵਿੱਚ 1947 ਦੀ ਭਾਰਤ -ਪਾਕਿਸਤਾਨ ਵੰਡ ਨਾਲ ਜੁੜੇ ਲੋਕਾਂ ਦੀਆਂ ਯਾਦਾਂ ਨੂੰ ਵੀਡੀਓ ਵਿੱਚ ਕੈਦ ਕਰਦੇ ਹਨ ਅਤੇ ਫਿਰ ਆਪਣੇ ਯੂ ਟਿਊਬ ਚੈਨਲ ਉੱਤੇ ਇਹਨਾਂ ਨੂੰ ਰਿਲੀਜ਼ ਕਰਦੇ ਹਨ।
ਸਾਂਵਲ ਧਾਮੀ ਕਹਿੰਦੇ ਹਨ, "ਮੈਂ 1947 ਦੀ ਵੰਡ ਤਾਂ ਨਹੀਂ ਦੇਖੀ, ਪਰ ਵਿੱਛੜੇ ਹੋਏ ਲੋਕ ਜ਼ਰੂਰ ਦੇਖੇ ਹਨ, ਉਸ ਨਜ਼ਰ ਦੇ ਦੀਦਾਰ ਕੀਤੇ ਹਨ, ਜਿਸ ਨਾਲ ਇਹਨਾਂ ਲੋਕਾਂ ਨੇ ਆਖ਼ਰੀ ਵਾਰ ਆਪਣਾ ਘਰ, ਪਿੰਡ ਅਤੇ ਬੇਲੀਆਂ ਨੂੰ ਦੇਖਿਆ ਸੀ।"
ਪੇਸ਼ੇ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਅਧਿਆਪਕ ਸਾਂਵਲ ਧਾਮੀ ਦਾ ਅਸਲ ਨਾਮ ਚਰਨ ਪੁਸ਼ਪਿੰਦਰ ਸਿੰਘ ਹੈ ਅਤੇ 1947 ਦੀ ਵੰਡ ਦੀਆਂ ਉਹ ਕਰੀਬ 1100 ਵੀਡੀਓ ਬਣਾ ਕੇ ਸੰਤਾਲੀ ਦੇ ਦਰਦ ਨੂੰ ਸੰਭਾਲੀ ਬੈਠੇ ਹਨ।

ਸਾਂਵਲ ਧਾਮੀ ਆਖਦੇ ਹਨ ਕਿ ਆਪਣੇ ਮਿਸ਼ਨ ਰਾਹੀਂ ਉਹ ਪੰਜਾਬ ਦੇ ਉਨ੍ਹਾਂ ਪਿੰਡਾਂ ਵਿੱਚ ਜਾਂਦੇ ਹਨ ਜਿੱਥੋਂ ਲੋਕ ਉੱਜੜ ਕੇ ਪਾਕਿਸਤਾਨ ਚਲੇ ਗਏ।
ਉਹ ਇਹਨਾਂ ਪਿੰਡਾਂ ਦੇ ਉਨ੍ਹਾਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਹਨ ਹੈ ਜਿੰਨਾ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਨੂੰ ਦੇਖਿਆ ਹੈ।

ਕਿਵੇਂ ਹੋਈ ਸ਼ੁਰੂਆਤ
ਸਾਂਵਲ ਧਾਮੀ ਦਾ ਜੱਦੀ ਪਿੰਡ ਸਿੰਗਰੀਵਾਲਾ ਹੈ, ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪੈਂਦਾ ਹੈ। ਇਸ ਜ਼ਿਲ੍ਹੇ ਵਿੱਚੋਂ ਵੱਡੀ ਗਿਣਤੀ ਵਿੱਚ ਮੁਸਲਿਮ ਆਬਾਦੀ 1947 ਦੀ ਵੰਡ ਸਮੇਂ ਪਾਕਿਸਤਾਨ ਚਲੀ ਗਈ ਸੀ।
ਸਾਂਵਲ ਧਾਮੀ ਦੱਸਦੇ ਹਨ, "ਬਚਪਨ ਵਿੱਚ ਸਾਡੇ ਬਜ਼ੁਰਗ ਵੰਡ ਦੀਆਂ ਅਕਸਰ ਗੱਲਾਂ ਕਰਦੇ ਸਨ ਇਸ ਕਰ ਕੇ ਇਸ ਚੀਜ਼ ਦਾ ਮੇਰੇ ਉੱਤੇ ਕਾਫ਼ੀ ਪ੍ਰਭਾਵ ਸੀ।"
"ਨੌਕਰੀ ਮਿਲਣ ਤੋਂ ਬਾਅਦ ਮੈਨੂੰ ਲੱਗਿਆ ਉਹ ਲੋਕ ਕੌਣ ਸਨ, ਜਿੰਨਾਂ ਦੀਆਂ ਗੱਲਾਂ ਅਕਸਰ ਸਾਡੇ ਬਜ਼ੁਰਗ ਕਰਦੇ ਹਨ।"


- ਸਾਂਵਲ ਧਾਮੀ ਪੇਸ਼ੇ ਤੋਂ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿੱਚ ਅਧਿਆਪਕ ਹਨ।
- ਉਨ੍ਹਾਂ ਦਾ ਅਸਲ ਨਾਮ ਚਰਨ ਪੁਸ਼ਪਿੰਦਰ ਸਿੰਘ ਹੈ।
- ਧਾਮੀ 1947 ਦੀ ਵੰਡ ਦੀਆਂ ਕਰੀਬ 1100 ਵੀਡੀਓ ਬਣਾ ਕੇ ਸੰਤਾਲੀ ਦੇ ਦਰਦ ਨੂੰ ਸੰਭਾਲੀ ਬੈਠੇ ਹਨ।
- ਧਾਮੀ ਪਿੰਡਾਂ ਦੇ ਉਨ੍ਹਾਂ ਬਜ਼ੁਰਗਾਂ ਨਾਲ ਗੱਲਾਂ ਕਰਦੇ ਹਨ ਹੈ ਜਿੰਨਾ ਨੇ 1947 ਦੀ ਭਾਰਤ-ਪਾਕਿਸਤਾਨ ਵੰਡ ਨੂੰ ਦੇਖਿਆ ਹੈ।
- ਹੌਲੀ ਹੌਲੀ ਉਨ੍ਹਾਂ ਨੇ ਮੋਬਾਈਲ ਕੈਮਰੇ ਰਾਹੀ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਜਿਨ੍ਹਾਂ ਨੂੰ ਬਾਅਦ ਵਿੱਚ ਉਨ੍ਹਾਂ ਨੇ ਯੂ ਟਿਊਬ ਚੈਨਲ ਉੱਤੇ ਅੱਪਲੋਡ ਕਰ ਦਿੱਤਾ।

ਫਿਰ ਉਨ੍ਹਾਂ ਆਸ ਪਾਸ ਦੇ ਪਿੰਡਾਂ ਵਿੱਚ ਜਾ ਕੇ ਬਜ਼ੁਰਗਾਂ ਨਾਲ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ ਅਤੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ।
ਇਸ ਤੋਂ ਬਾਅਦ ਹੌਲੀ ਹੌਲੀ ਉਨ੍ਹਾਂ ਮੋਬਾਈਲ ਕੈਮਰੇ ਰਾਹੀਂ ਉਨ੍ਹਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ ਅਤੇ ਇਸ ਨੂੰ ਯੂ ਟਿਊਬ ਚੈਨਲ ਉੱਤੇ ਅੱਪਲੋਡ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਵੀਡੀਓ ਨੂੰ ਪਾਕਿਸਤਾਨ ਵਿੱਚ ਦੇਖਿਆ ਜਾਣ ਲੱਗਿਆ ਤਾਂ ਲੋਕ ਕੰਮੈਂਟ ਕਰਨ ਲੱਗੇ। ਪਾਕਿਸਤਾਨ ਤੋਂ ਲੋਕ ਉਨ੍ਹਾਂ ਨੂੰ ਆਪਣੇ ਜੱਦੀ ਪਿੰਡਾਂ ਦੀ ਵੀਡੀਓ ਬਣਾਉਣ ਦੀ ਅਪੀਲ ਕਰਦੇ ਹਨ।
ਉਹ ਫਿਰ ਉਥੇ ਜਾ ਕੇ ਵੀਡੀਓ ਬਣਾਉਂਦੇ ਹਨ ਅਤੇ ਬਜ਼ੁਰਗਾਂ ਨਾਲ ਗੱਲਾਂ ਕਰਦੇ ਹਨ।
ਸਾਂਵਲ ਧਾਮੀ ਕਰੀਬ 20 ਸਾਲਾਂ ਤੋਂ 1947 ਦੀ ਭਾਰਤ ਪਾਕਿਸਤਾਨ ਵੰਡ ਨਾਲ ਸਬੰਧਿਤ ਲੋਕਾਂ ਦੀਆਂ ਯਾਦਾਂ ਨੂੰ ਇਕੱਠਿਆਂ ਕਰ ਰਹੇ ਹਨ।
ਇਸ ਕੰਮ ਵਿੱਚ ਸਾਂਵਲ ਦੀ ਕੋਈ ਟੀਮ ਨਹੀਂ ਹੈ ਬਲਕਿ ਮੋਬਾਈਲ ਦੇ ਰਾਹੀਂ ਉਹ ਸਾਰਾ ਕੰਮ ਛੁੱਟੀ ਵਾਲੇ ਦਿਨ ਖ਼ੁਦ ਹੀ ਕਰਦੇ ਹਨ।

75 ਸਾਲਾ ਬਾਅਦ ਦੋ ਵਿੱਛੜੀਆਂ ਸਹੇਲੀਆਂ ਦਾ ਮੇਲ
ਸੰਤਾਲੀ ਦੀ ਤਕਸੀਮ ਦੇ ਦੁਖਾਂਤ ਦੀਆਂ ਯਾਦਾਂ ਨੂੰ ਰਿਕਾਰਡ ਕਰਨ ਦਾ ਇੱਕ ਕਿੱਸਾ ਸੁਣਦਿਆਂ ਸਾਂਵਲ ਧਾਮੀ ਦੱਸਦੇ ਹਨ ਕਿ ਉਨ੍ਹਾਂ ਦੀ ਇੱਕ ਵੀਡੀਓ ਨੇ ਕਿਵੇਂ 75 ਸਾਲਾ ਤੋਂ ਵਿੱਛੜੀਆਂ ਦੋ ਬਜ਼ੁਰਗ ਸਹੇਲੀਆਂ ਦਾ ਮੇਲ ਕਰਵਾਇਆ।
ਸਾਂਵਲ ਧਾਮੀ ਦੱਸਦੇ ਹਨ, "2019 ਵਿੱਚ ਹੁਸ਼ਿਆਰਪੁਰ ਨੇੜਲੇ ਇੱਕ ਪਿੰਡ ਦੀ ਇੱਕ ਬਜ਼ੁਰਗ ਮਹਿਲਾਂ ਜੋਗਿੰਦਰ ਕੌਰ ਥਿੰਦ ਦੀ ਕਹਾਣੀ ਰਿਕਾਰਡ ਕੀਤੀ ਸੀ। ਇਸ ਵਿੱਚ ਉਹ ਆਪਣੀ ਬਚਪਨ ਦੀ ਮੁਸਲਿਮ ਸਹੇਲੀ ਦਾ ਜ਼ਿਕਰ ਕਰਦੇ ਹਨ।"
ਇਸ ਤੋਂ ਬਾਅਦ ਪਾਕਿਸਤਾਨ ਦੇ ਸ਼ਹਿਰ ਸਿਆਲਕੋਟ ਤੋਂ ਮੈਨੂੰ ਸੁਨੇਹਾ ਮਿਲਿਆ ਕਿ ਜਿਸ ਮਹਿਲਾ ਦੀ ਗੱਲ ਜੋਗਿੰਦਰ ਕੌਰ ਥਿੰਦ ਗੱਲ ਕਰ ਰਹੇ ਹਨ, ਉਹ ਜਿਊਂਦੀ ਹੈ।"

ਇਸ ਤੋਂ ਬਾਅਦ ਜੋਗਿੰਦਰ ਕੌਰ ਥਿੰਦ ਦੀ ਸੰਤਾਲੀ ਸਮੇਂ ਵਿੱਛੜੀ ਸਹੇਲੀ ਦੀ ਜਦੋਂ ਵੀਡੀਓ ਕਾਲ ਰਾਹੀਂ ਗੱਲ ਕਰਵਾਈ ਗਈ ਤਾਂ ਇਹਨਾਂ ਦੀ ਗੱਲ ਸੁਣਨ ਵਾਲੀ ਸੀ।
ਦੋਵੇਂ ਸਹੇਲੀਆਂ ਨੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਸੰਤਾਲੀ ਦੀ ਵੰਡ ਨੂੰ ਭੁੱਲਾ ਦਿੱਤਾ। ਗੱਲਬਾਤ ਦੌਰਾਨ ਦੋਵੇਂ ਬਚਪਨ ਦੀਆਂ ਖੇਡਾਂ ਅਤੇ ਸ਼ਰਾਰਤਾਂ ਨੂੰ ਯਾਦ ਕਰ ਕੇ ਖ਼ੁਸ਼ ਹੁੰਦੀਆਂ ਹਨ।
ਇਸ ਤੋਂ ਬਾਅਦ ਫਿਰ ਉਨ੍ਹਾਂ ਦੋਵਾਂ ਨੇ ਵੀਡੀਓ ਕਾਲ ਉੱਤੇ ਕਿੱਕਲੀ ਪਾਈ। ਵੀਡੀਓ ਕਾਲ ਖ਼ਤਮ ਹੋਣ ਤੋਂ ਬਾਅਦ ਦੋਵੇਂ ਸਹੇਲੀਆਂ ਦੀ ਵਿਦਾਇਗੀ ਵਾਲੀਆਂ ਗੱਲਾਂ ਵੀ ਸੁਣਨ ਵਾਲੀਆਂ ਸਨ।
ਸਾਂਵਲ ਧਾਮੀ ਨੇ ਦੱਸਿਆ ਕਿ ਇਸ ਤਰ੍ਹਾਂ ਜਦੋਂ ਕੋਈ ਮਿਲਦਾ ਹੈ ਤਾਂ ਉੇਨ੍ਹਾਂ ਨੂੰ ਬਹੁਤ ਸਕੂਨ ਦਿੰਦਾ ਹੈ।

ਗ਼ਮ ਅਤੇ ਖ਼ੁਸ਼ੀ
ਸਾਂਵਲ ਧਾਮੀ ਆਖਦੇ ਹਨ, "ਮੈਂ ਕੋਸ਼ਿਸ਼ ਕਰ ਰਿਹਾ ਹਾਂ ਕਿ ਭਾਰਤ-ਪਾਕਿਸਤਾਨ ਵੰਡ ਨਾਲ ਸਬੰਧਿਤ ਸਮੱਗਰੀ ਨੂੰ ਸੰਭਾਲਿਆ ਜਾਵੇ ਪਰ ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵਕਤ ਨਾਲ ਵੰਡ ਦੀਆਂ ਨਿਸ਼ਾਨੀਆਂ ਵੀ ਖ਼ਤਮ ਹੁੰਦੀਆਂ ਜਾ ਰਹੀਆਂ ਹਨ।"
"ਵੰਡ ਨਾਲ ਸਬੰਧਿਤ ਬਹੁਤ ਸਾਰੇ ਬਜ਼ੁਰਗ ਹੁਣ ਹੌਲੀ-ਹੌਲੀ ਇਸ ਜਹਾਨ ਤੋਂ ਰੁਖ਼ਸਤ ਹੋ ਗਏ ਹਨ, ਪਰ ਫਿਰ ਉਹ ਕੋਸ਼ਿਸ਼ ਕਰਦੇ ਹਨ ਕਿ ਉਨ੍ਹਾਂ ਨਿਸ਼ਾਨੀਆਂ ਨੂੰ ਲੱਭਿਆ ਜਾਵੇ ਜਿਨ੍ਹਾਂ ਦਾ ਸਬੰਧ ਉਸ ਸਮੇਂ ਨਾਲ ਹੋਵੇ।"
ਉਨ੍ਹਾਂ ਦੱਸਿਆ ਕਿ ਜਿਨ੍ਹਾਂ 1100 ਬਜ਼ੁਰਗਾਂ ਦੀਆਂ ਗੱਲਾਂ ਨੂੰ ਉਨ੍ਹਾਂ ਨੇ ਰਿਕਾਰਡ ਕੀਤਾ ਹੈ, ਉਨ੍ਹਾਂ ਵਿੱਚ ਕਰੀਬ 700 ਤਾਂ ਇਸ ਦੁਨੀਆ ਤੋਂ ਹੁਣ ਤੁਰ ਗਏ ਹਨ।
1947 ਦੀ ਵੰਡ ਦੇ ਇੰਨੇ ਸਾਲ ਬਾਅਦ ਬਜ਼ੁਰਗਾਂ ਦੇ ਪੁਰਾਣੇ ਜ਼ਖ਼ਮਾਂ ਨੂੰ ਕੁਰੇਦਣ ਦੇ ਤਜ਼ਰਬਿਆਂ ਬਾਰੇ ਬੋਲਦਿਆਂ ਹੋਇਆਂ ਸਾਂਵਲ ਧਾਮੀ ਦੱਸਦੇ ਹਨ ਕਿ ਉਸ ਸਮੇਂ ਬਹੁਤ ਕੁਝ ਹੋਇਆ ਸੀ।

ਕੁਝ ਬਜ਼ੁਰਗ ਤਾਂ ਇਸ ਮੁੱਦੇ ਉੱਤੇ ਗੱਲ ਹੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੁਰਾਣੀਆਂ ਗੱਲਾਂ ਨੂੰ ਫਿਰ ਤੋਂ ਚੇਤੇ ਕੀਤਾ ਜਾਵੇ।
ਉਨ੍ਹਾਂ ਆਖਿਆ ਕਿ ਕੁਝ ਬਜ਼ੁਰਗ ਬਹੁਤ ਖੁਸ਼ ਹੁੰਦੇ ਹਨ ਕਿ 1947 ਦੇ ਇੰਨੇ ਸਾਲਾਂ ਬਾਅਦ ਕੋਈ ਵਿਅਕਤੀ ਉਨ੍ਹਾਂ ਦੀ ਸਾਰ ਲੈਣ ਲਈ ਆਇਆ ਹੈ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਵਿੱਚ ਬੈਠੇ ਲੋਕ ਜਦੋਂ ਆਪਣੇ ਪਿੰਡ ਦੀਆਂ ਗੱਲਾਂ ਅਤੇ ਪੁਰਾਣੀਆਂ ਨਿਸ਼ਾਨੀਆਂ ਨੂੰ ਵੀਡੀਓ ਰਾਹੀਂ ਦੇਖਦੇ ਹਨ ਤਾਂ ਉਹ ਬਹੁਤ ਖ਼ੁਸ਼ ਹੁੰਦੇ ਹਨ।
ਉਹ ਕਹਿੰਦੇ ਹਨ, "ਸਰਹੱਦ ਪਾਰ ਤੋਂ ਆਏ ਸੁਨੇਹਿਆਂ ਵਿੱਚ ਕੁਝ ਬਜ਼ੁਰਗਾਂ ਨੇ ਤਾਂ ਇਹ ਵੀ ਆਖਿਆ ਕਿ ਦੁਨੀਆਂ ਛੱਡਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਪਿੰਡ ਦੇ ਦੀਦਾਰ ਵੀਡੀਓ ਰਾਹੀਂ ਕਰਨ ਦਾ ਮੌਕਾ ਮਿਲ ਗਿਆ।"
"ਜੇਕਰ ਇਹਨਾਂ ਬਜ਼ੁਰਗਾਂ ਨੂੰ ਰਿਕਾਰਡ ਨਾ ਕੀਤਾ ਗਿਆ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਕਿਵੇਂ ਪਤਾ ਲੱਗੇਗਾ ਕਿ ਪੰਜਾਬੀ ਕਿੰਨੀਆਂ ਤਕਲੀਫ਼ਾਂ ਵਿਚੋਂ ਗੁਜ਼ਰੇ ਹਨ।"












