ਸਕੂਲ ਦੀ 85 ਸਾਲ ਪੁਰਾਣੀ ਇੱਕ ਫੋਟੋ ਕਾਰਨ ਬੁਢਾਪੇ ਵਿੱਚ ਇੰਝ ਮਿਲੇ ਬਚਪਨ ਦੇ ਦੋ ਸਾਥੀ

    • ਲੇਖਕ, ਜਿਆਨਕਾਰਲੋ ਰਿਨਾਲਡੀ
    • ਰੋਲ, ਬੀਬੀਸੀ ਸਕਾਟਲੈਂਡ ਨਿਊਜ਼
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 6 ਮਿੰਟ

ਇੱਕ ਪੁਰਾਣੀ ਸਕੂਲ ਦੀ ਫੋਟੋ ਦੀ ਬਦੌਲਤ ਬਚਪਨ ਦੇ ਦੋ ਸਾਥੀ 85 ਸਾਲਾਂ ਦੇ ਲੰਮੇ ਸਮੇਂ ਮਗਰੋਂ ਇੱਕ-ਦੂਜੇ ਨੂੰ ਮਿਲੇ।

ਜਿਮ ਡਗਲ ਅਤੇ ਬੈਟੀ ਡੇਵਿਡਸਨ (ਨੀ ਡਗਲ) 1930 ਦੇ ਦਹਾਕੇ ਵਿੱਚ ਸਕਾਟਿਸ਼ ਬਾਰਡਰਜ਼ ਵਿੱਚ ਆਈਮਾਊਥ ਵਿੱਚ ਇਕੱਠੇ ਸਕੂਲ ਜਾਂਦੇ ਹੁੰਦੇ ਸਨ।

ਲਗਭਗ 1939 ਵਿੱਚ ਜਿਮ ਦਾ ਪਰਿਵਾਰ ਉਸ ਥਾਂ ਤੋਂ ਚਲਾ ਅਤੇ ਉਨ੍ਹਾਂ ਦੋਵੇਂ ਸਾਥੀ ਇੱਕ-ਦੂਜੇ ਤੋਂ ਦੂਰ ਹੋ ਗਏ। ਉਨ੍ਹਾਂ ਵਿਚਕਾਰ ਕੋਈ ਸੰਪਰਕ ਨਹੀਂ ਰਿਹਾ।

ਪਰ ਜਿਮ ਦੇ ਪੁੱਤਰ ਅਲਿਸਟੇਅਰ ਨੇ 1936 ਦੀ ਆਪਣੇ ਪਿਤਾ ਦੀ ਇੱਕ ਕਲਾਸ ਦੀ ਫੋਟੋ ਦੇ ਸਾਰੇ ਮੈਂਬਰਾਂ ਨੂੰ ਭਾਲਣ ਦਾ ਯਤਨ ਕੀਤਾ ਅਤੇ ਇਸੇ ਯਤਨ ਸਕਦਾ ਜਿਮ ਮੁੜ ਇੰਨੇ ਸਾਲਾਂ ਬਾਅਦ ਬੈਟੀ ਨੂੰ ਮਿਲ ਪਾਏ।

ਇਹ ਪੁਰਾਣੇ ਦੋਸਤ ਹਾਲ ਹੀ ਵਿੱਚ ਉੱਤਰੀ ਯੌਰਕਸ਼ਾਇਰ ਵਿੱਚ ਦੁਬਾਰਾ ਮਿਲੇ। ਜਿਸ ਬਾਰੇ ਅਲਿਸਟੇਅਰ ਕਹਿੰਦੇ ਹਨ: "ਜੇ ਇਸਨੂੰ ਇੱਕ ਜਾਦੂਈ ਪਲ ਵੀ ਕਹੀਏ ਤਾਂ ਵੀ ਇਹ ਬਹੁਤ ਘੱਟ ਹੋਵੇਗਾ।"

ਬਚਪਨ ਦੇ ਸਾਥੀ

ਜਿਮ ਇਸ ਸਮੇਂ 96 ਸਾਲ ਦੇ ਹਨ ਅਤੇ ਹੁਣ ਏਸੇਕਸ ਦੇ ਰੇਨ ਵਿੱਚ ਰਹਿੰਦੇ ਹਨ - ਪਰ ਉਨ੍ਹਾਂ ਦਾ ਜਨਮ 1928 ਵਿੱਚ ਆਈਮਾਊਥ ਵਿੱਚ ਹੋਇਆ ਸੀ।

ਦਰਅਸਲ, ਉਨ੍ਹਾਂ ਦੇ ਪੁੱਤਰ ਆਪਣੇ ਪਰਿਵਾਰਕ ਵੰਸ਼ ਦੀ ਖੋਜ ਕਰ ਰਹੇ ਸਨ ਜਦੋਂ ਉਨ੍ਹਾਂ ਨੂੰ 1936 ਵਿੱਚ ਆਈਮਾਊਥ ਪ੍ਰਾਇਮਰੀ ਸਕੂਲ ਵਿੱਚ ਲਈ ਗਈ ਇੱਕ ਕਲਾਸ ਫੋਟੋ ਬਾਰੇ ਪਤਾ ਲੱਗਿਆ।

ਉਸ ਵੇਲੇ ਜਿਮ ਸ਼ਾਇਦ ਅੱਠ ਕੁ ਸਾਲ ਦੇ ਸਨ। ਇਸ ਫੋਟੋ ਵਿੱਚ ਕੁੱਲ 32 ਬੱਚੇ ਹਨ - ਬੈਟੀ ਸਮੇਤ।

ਫਿਰ ਕੁਝ ਸਾਲਾਂ ਬਾਅਦ ਜਿਮ ਉਸ ਸ਼ਹਿਰ ਨੂੰ ਛੱਡ ਗਏ। ਐਸੈਕਸ ਦੇ ਇੱਕ ਫੌਜੀ ਕੈਂਪ ਵਿੱਚ ਭਰਤੀ ਹੋਣ ਅਤੇ ਆਪਣੀ ਪਤਨੀ, ਆਇਰਿਸ ਗਿਬਸ ਨੂੰ ਮਿਲਣ ਤੋਂ ਬਾਅਦ ਉਹ ਕਦੇ ਵਾਪਸ ਆਪਣੇ ਬਚਪਨ ਵਾਲੇ ਸ਼ਹਿਰ ਨਹੀਂ ਗਏ।

ਇਸ ਦੌਰਾਨ, ਬੈਟੀ ਲਗਭਗ 1950 ਤੱਕ ਆਈਮਾਊਥ ਵਿੱਚ ਹੀ ਰਹੇ। ਫਿਰ ਉਨ੍ਹਾਂ ਦੀ ਮੁਲਾਕਾਤ ਆਪਣੇ ਪਤੀ ਅਲਫ੍ਰੇਡ "ਆਈਵਰ" ਡੇਵਿਡਸਨ ਨਾਲ ਹੋਈ ਅਤੇ ਉਹ ਪਹਿਲਾਂ ਟਵੀਡਮਾਊਥ ਅਤੇ ਫਿਰ ਉੱਤਰੀ ਯੌਰਕਸ਼ਾਇਰ ਚਲੇ ਗਏ, ਜਿੱਥੇ ਉਹ ਅਜੇ ਵੀ ਨੌਰਥਲਰਟਨ ਦੇ ਨੇੜੇ ਰਹਿੰਦੇ ਹਨ।

ਜਿਮ ਦੇ ਜ਼ਿਆਦਾਤਰ ਸਾਥੀ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ

ਅਲਿਸਟੇਅਰ ਨੇ ਦੱਸਿਆ ਕਿ ਉਹ ਪਿਛਲੇ ਸਾਲ ਜਦੋਂ ਉਹ ਆਈਮਾਊਥ ਗੇੜਾ ਮਾਰਨ ਗਏ ਤਾਂ ਇਸ ਸਕੂਲੀ ਫੋਟੋ ਨੇ ਉਨ੍ਹਾਂ ਨੂੰ ਬਹੁਤ ਖਿੱਚ ਪਾਈ।

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਦੀ ਯਾਦਦਾਸ਼ਤ ਕਮਾਲ ਦੀ ਹੈ ਅਤੇ ਇਸਦੀ ਮਦਦ ਨਾਲ ਹੀ ਉਹ ਇਹ ਪਤਾ ਲਗਾਉਣ ਨਿਕਲ ਪਏ ਕਿ ਉਨ੍ਹਾਂ ਦੇ ਪਿਤਾ ਦੇ ਹੋਰ ਸਾਥੀ ਹੁਣ ਇਸ ਉਮਰ ਵਿੱਚ ਕਿੱਥੇ ਅਤੇ ਕਿਵੇਂ ਸਨ।

ਅਲਿਸਟੇਅਰ ਨੇ ਪਾਇਆ ਕਿ ਉਹ ਦੁਨੀਆਂ ਭਰ ਵਿੱਚ ਚਲੇ ਗਏ ਸਨ - ਕੁਝ ਆਸਟ੍ਰੇਲੀਆ, ਕੈਨੇਡਾ ਅਤੇ ਨਿਊਜ਼ੀਲੈਂਡ ਸਮੇਤ ਹੋਰ ਦੇਸ਼ਾਂ 'ਚ ਸਨ - ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਸਨ।

ਤਸਵੀਰ ਵਿੱਚ ਜਿਸ ਪਹਿਲੇ ਜੀਵਤ ਵਿਅਕਤੀ ਨੂੰ ਉਹ ਲੱਭ ਸਕੇ, ਉਹ ਸਨ ਮਾਰਗਰੇਟ ਮੈਕਕੌਲੀ (ਨੀ ਡੱਗੀ), ਜੋ ਅਜੇ ਵੀ ਆਈਮਾਊਥ ਖੇਤਰ ਵਿੱਚ ਰਹਿੰਦੇ ਹਨ।

ਅਜਿਹੀ ਦੂਜੀ ਵਿਅਕਤੀ ਸਨ - ਬੈਟੀ, ਜੋ ਕਿ ਹੁਣ 96 ਸਾਲਾਂ ਦੇ ਹਨ।

90 ਸਾਲ ਬਾਅਦ ਪੁਨਰ-ਮਿਲਨ

ਅਲਿਸਟੇਅਰ ਨੇ ਕਿਹਾ, "ਮੈਂ ਪੂਰੀ ਤਰ੍ਹਾਂ ਯਕੀਨ ਨਹੀਂ ਕਰ ਸਕਿਆ ਹਾਲਾਂਕਿ ਮੈਨੂੰ ਲਗਭਗ ਯਕੀਨ ਸੀ ਕਿ ਮੈਂ ਕੁਝ ਸਾਲ ਪਹਿਲਾਂ ਤੱਕ ਉਨ੍ਹਾਂ ਦੇ ਉੱਤਰੀ ਯੌਰਕਸ਼ਾਇਰ ਵਿੱਚ ਹੋਣ ਤੱਕ ਦਾ ਪਤਾ ਲਗਾ ਲਿਆ ਸੀ।''

"ਮੈਂ ਨਿਰਾਸ਼ ਸੀ ਪਰ ਇੱਕ ਆਖਰੀ ਕੋਸ਼ਿਸ਼ ਕਰਦੇ ਹੋਏ ਮੈਂ ਆਈਮਾਊਥ ਪਾਸਟ ਫੇਸਬੁੱਕ ਗਰੁੱਪ 'ਤੇ ਇਸ ਫੋਟੋ ਦੀ ਇੱਕ ਕਾਪੀ ਪੋਸਟ ਕਰ ਦਿੱਤੀ ਅਤੇ ਪੁੱਛਿਆ ਕਿ ਕੀ ਕੋਈ ਮਦਦ ਕਰ ਸਕਦਾ ਹੈ।''

"ਇੱਕ ਘੰਟੇ ਦੇ ਅੰਦਰ, ਬੈਟੀ ਦੀ ਭਤੀਜੀ ਮੌਰੀਨ ਸਟੀਵਨਸਨ ਨੇ ਪੋਸਟ ਕੀਤਾ ਅਤੇ ਕਿਹਾ- 'ਇਹ ਮੇਰੇ ਆਂਟੀ ਬੈਟੀ ਹਨ ਅਤੇ, ਹਾਂ, ਉਹ ਜ਼ਿੰਦਾ ਅਤੇ ਠੀਕ ਹਨ ਅਤੇ ਉੱਤਰੀ ਯੌਰਕਸ਼ਾਇਰ ਵਿੱਚ ਹਨ'।"

"ਮੈਂ ਬੈਟੀ ਨੂੰ ਲਿਖਿਆ ਅਤੇ ਜਿਵੇਂ ਹੀ ਉਨ੍ਹਾਂ ਨੂੰ ਪੱਤਰ ਮਿਲਿਆ, ਉਨ੍ਹਾਂ ਨੇ ਮੈਨੂੰ ਫ਼ੋਨ ਕੀਤਾ।"

ਅਲਿਸਟੇਅਰ ਨੇ ਕਿਹਾ, "ਇੰਨਾ ਹੀ ਨਹੀਂ, ਫਿਰ ਉਨ੍ਹਾਂ ਨੇ ਮੈਨੂੰ ਇੱਕ ਫੋਟੋ ਭੇਜੀ, ਜੋ ਉਨ੍ਹਾਂ ਕੋਲ ਸੀ। ਇਸ ਤਸਵੀਰ ਵਿੱਚ ਮੇਰੇ ਪਿਤਾ, ਬੈਟੀ ਅਤੇ ਉਨ੍ਹਾਂ ਦੀ ਭੈਣ ਵਿਲਹੇਲਮੀਨਾ (ਏਲਮਾ) ਸਨ ਅਤੇ ਇਹ ਲਗਭਗ 1936 ਵਿੱਚ ਖਿੱਚੀ ਗਈ ਸੀ।

"ਉਨ੍ਹਾਂ ਨੇ ਇੱਕ-ਦੂਜੇ ਦੇ ਮੋਢੇ 'ਤੇ ਬਾਹਾਂ ਰੱਖੀਆਂ ਹੋਈਆਂ ਹਨ ਅਤੇ ਮੇਰੇ ਪਿਤਾ ਬਹੁਤ ਖੁਸ਼ ਨਜ਼ਰ ਆ ਰਹੇ ਹਨ।"

ਇੰਨੇ ਸਾਲ ਪਹਿਲਾਂ ਸ਼ੁਰੂ ਹੋਈ ਇਹ ਕਹਾਣੀ, ਉਸ ਫੋਟੋ ਦੇ ਖਿੱਚਣ ਤੋਂ ਲਗਭਗ 90 ਸਾਲ ਬਾਅਦ ਪੁਨਰ-ਮਿਲਨ ਨਾਲ ਖਤਮ ਹੋਈ।

ਦੇਖਣ ਲਾਇਕ ਪਲ

ਅਲਿਸਟੇਅਰ ਨੇ ਦੱਸਿਆ, "ਸਾਡੇ ਜਾਣ ਤੋਂ ਪਹਿਲਾਂ, ਉਨ੍ਹਾਂ ਨੇ ਉਸ ਫੋਟੋ ਵਾਲਾ ਪੋਜ਼ ਦੁਬਾਰਾ ਦਿੱਤਾ ਜੋ ਉਨ੍ਹਾਂ ਨੇ ਇੰਨੇ ਸਾਲਾਂ ਤੱਕ ਸੰਭਾਲ ਕੇ ਰੱਖੀ ਸੀ ਅਤੇ ਇਸ ਵਾਰ ਵੀ ਉਹ ਓਨੇ ਹੀ ਖੁਸ਼ ਅਤੇ ਸਹਿਜ ਦਿਖਾਈ ਦੇ ਰਹੇ ਸਨ ਜਿੰਨੇ ਉਹ ਬਚਪਨ ਦੀ ਉਸ ਤਸਵੀਰ 'ਚ ਸਨ।''

"ਇਹ ਦੇਖਣ ਲਾਇਕ ਪਲ ਸੀ।''

"ਆਖਰਕਾਰ, 32 ਵਿੱਚੋਂ ਸਿਰਫ਼ ਤਿੰਨ ਬਚੇ ਹਨ- ਮਾਰਗਰੇਟ, ਮੇਰੇ ਪਿਤਾ ਅਤੇ ਬੈਟੀ।

"ਜਿਵੇਂ ਕਿ ਮੇਰੇ ਪਿਤਾ ਨੇ ਕਿਹਾ - ਉਹ ਬੈਟੀ ਨੂੰ ਮਿਲਣਾ ਕਿਸਮਤ ਵਾਲੀ ਗੱਲ ਹੈ।"

ਉਸ ਦੀਆਂ ਅੱਖਾਂ ਵਿੱਚ ਅਜੇ ਵੀ ਉਹ ਚਮਕ ਹੈ

ਜਿਮ ਇਸ ਪੁਨਰ-ਮਿਲਨ ਨੂੰ "ਸ਼ਾਨਦਾਰ" ਕਹਿੰਦੇ ਹਨ ਅਤੇ ਇਸ ਦੇ ਲਈ ਆਪਣੇ ਬੇਟੇ ਦੀ ਖੋਜ ਦਾ ਵੀ ਧੰਨਵਾਦ ਕਰਦੇ ਹਨ। ਉਨ੍ਹਾਂ ਨੂੰ ਬੈਟੀ ਚੰਗੀ ਤਰ੍ਹਾਂ ਯਾਦ ਹੈ।

ਉਨ੍ਹਾਂ ਦਿਨਾਂ ਨੂੰ ਯਾਦ ਕਰਦਿਆਂ ਜਿਮ ਦੱਸਦੇ ਹਨ, "ਅਸੀਂ ਆਈਮਾਊਥ ਵਿੱਚ ਸੜਕ ਦੇ ਉਲਟ ਪਾਸੇ ਰਹਿੰਦੇ ਸੀ।''

"ਇਸ ਦੇ ਬਿਲਕੁਲ ਪਰਲੇ ਪਾਸੇ ਇੱਕ ਬੇਕਰ ਦੀ ਦੁਕਾਨ ਸੀ ਅਤੇ ਬੈਟੀ ਇਸਦੇ ਪਿੱਛੇ ਰਹਿੰਦੀ ਸੀ।''

"ਅਸੀਂ ਇਕੱਠੇ ਸਕੂਲ ਜਾਂਦੇ ਸੀ, ਇਕੱਠੇ ਖੇਡਦੇ ਸੀ - ਸਭ ਕੁਝ।''

"ਇਹ ਕੁਝ ਅਜਿਹਾ ਹੈ ਕਿ ਉਹ ਆਖਰੀ ਖੜ੍ਹੀ ਹੈ ਅਤੇ ਮੈਂ ਵੀ ਹਾਂ।

"ਇਹ ਸੱਚਮੁੱਚ ਬਹੁਤ ਸ਼ਾਨਦਾਰ ਹੈ।"

ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਦਿੱਕਤ ਨਹੀਂ ਹੋਈ ਕਿ ਇੱਕ ਵਾਰ ਫਿਰ ਬੈਟੀ ਨੂੰ ਮਿਲਣ ਲਈ ਉਨ੍ਹਾਂ ਨੂੰ ਖਾਸ ਤੌਰ 'ਤੇ ਉੱਤਰ ਵੱਲ ਯਾਤਰਾ ਕਰਨੀ ਪਈ।

ਜਿਮ ਨੇ ਕਿਹਾ, "ਇਹ ਬਹੁਤ ਵਧੀਆ ਸੀ, ਇਹ ਸੱਚਮੁੱਚ ਸੀ।''

"ਇਹ ਕੁਝ ਦਿਨ ਥਕਾ ਦੇਣ ਵਾਲੇ ਸਨ ਪਰ ਅਜਿਹਾ ਕਰਨਾ ਚੰਗਾ ਰਿਹਾ।''

"ਉਹ ਸ਼ਾਨਦਾਰ ਸੀ - ਉਸ ਦੀਆਂ ਅੱਖਾਂ ਵਿੱਚ ਅਜੇ ਵੀ ਉਹ ਚਮਕ ਹੈ ਅਤੇ ਗੋਰੇ ਵਾਲਾਂ ਦਾ ਇੱਕ ਛੋਹ ਹੈ ਜਿਸ ਨਾਲ ਮੈਂ ਉਸਨੂੰ ਯਾਦ ਕਰਦਾ ਹਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)